ਸੂਲ ਸੁਰਾਹੀ ਦਾ ਨਾਰੀ ਲੇਖਕ ਵਿਸ਼ੇਸ਼ ਅੰਕ ਰਿਲੀਜ਼.......... ਪੁਸਤਕ ਰਿਲੀਜ਼

ਨੰਗਲ ਵਿਖੇ ਸੋਮਵਾਰ ਸ਼ਾਮ ਨੂੰ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਡਾ. ਸੰਜੀਵ ਗੌਤਮ ਦੇ ਨਿਵਾਸ ਸਥਾਨ ਤੇ ਇੱਕ ਸਾਹਿੱਤਕ ਇੱਕਤਰਤਾ ਕੀਤੀ ਗਈ ਇਸ ਸਮਾਰੋਹ ਦੇ ਮੁੱਖ ਆਕਰਸ਼ਣ ਪੰਜਾਬੀ ਤ੍ਰੈਮਾਸਕ ਸੂਲ-ਸੁਰਾਹੀ ਦੇ ਨਾਰੀ-ਲੇਖਕ ਵਿਸ਼ੇਸ਼ ਅੰਕ ਦੀ ਘੁੰਡ ਚੁਕਾਈ ਸੀ । ਸਮਾਗਮ ਦੇ ਮੁੱਖ ਮਹਿਮਾਨ ਲੰਦਨ ਤੋਂ ਛਪਣ ਵਾਲੇ ਪੰਜਾਬੀ ਮੈਗਜੀਨ ਪੰਜਾਬ ਮੇਲ ਇੰਟਰਨੈਸ਼ਨਲ ਦੇ ਸੰਪਾਦਕ ਤੇ ਸੰਚਾਲਕ ਸ੍ਰ. ਗੁਰਦੀਪ ਸਿੰਘ ਸੰਧੂ ਸਨ । ਇਲਾਕੇ ਦੇ ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀ ਸੱਜਣਾਂ ਦੀ ਭਰਵੀਂ ਹਾਜਰੀ ਵਿੱਚ ਡਾਕਟਰ ਗੁਲਜਾਰ ਸਿੰਘ ਕੰਗ ਨੇ ਸੂਲ-ਸੁਰਾਹੀ ਵਿੱਚ ਛਪੀਆਂ ਰਚਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿੱਚ ਲਗਭਗ 36 ਨਾਰੀ ਲੇਖਕਾਵਾਂ ਦੀਆਂ 64 ਰਚਨਾਵਾਂ ਛਾਪੀਆਂ ਗਈਆਂ ਹਨ । ਕੁੱਲ 56 ਸਫਿਆਂ ਦੇ ਇਸ ਪਰਚੇ ਵਿੱਚ ਪੰਜਾਬ ਤੋਂ ਇਲਾਵਾ ਹਿਮਾਚਲ, ਹਰਿਆਣਾ ਤੇ ਦਿੱਲੀ ਆਦਿ ਤੋਂ ਵੀ ਪੰਜਾਬੀ ਲਿਖਾਰਨਾ ਦੀਆਂ ਮਿਆਰੀ ਰਚਨਾਵਾਂ ਨੂੰ ਸ੍ਰ. ਬਲਬੀਰ ਸਿੰਘ ਸੈਣੀ ਤੇ ਬੀਬੀ ਗੁਰਚਰਨ ਕੌਰ ਕੋਚਰ ਨੇ ਸਾਂਝੇ ਤੌਰ ਤੇ ਸੰਪਾਦਿਤ ਕੀਤਾ ਹੈ । ਇਸ ਤੋਂ ਇਲਾਵਾ ਸਾਹਿਤਕ ਸਰਗਰਮੀਆਂ ਤੇ ਨਵੀਆਂ ਪੁਸਤਕਾਂ ਬਾਰੇ ਵੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ । ਪਰਚੇ ਦੇ ਸੰਪਾਦਕ ਬਲਬੀਰ ਸੈਣੀ, ਅੱਖਰ ਚੇਤਨਾ ਮੰਚ ਦੇ ਸਰਪਰਸਤ ਸ੍ਰੀ ਰਾਕੇਸ਼ ਨਈਅਰ ਤੇ ਡਾ. ਸੰਜੀਵ ਗੌਤਮ ਨੇ ਸ. ਗੁਰਦੀਪ ਸਿੰਘ ਸੰਧੂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ । ਇਸ ਤੋਂ ਇਲਾਵਾ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵੱਲੋਂ ਉੱਘੀ ਲੇਖਕਾ ਸ੍ਰੀਮਤੀ ਨਿਰਮਲਾ ਕਪਿਲਾ ਤੇ ਵਾਤਾਵਰਣ ਪ੍ਰੇਮੀ ਸੰਸਥਾ ਜਾਗਰਿਤੀ ਕਲੱਬ ਦੇ ਨਿਰਦੇਸ਼ਕ ਪ੍ਰਭਾਤ ਭੱਟੀ ਨੂੰ ਵੀ ਸਨਮਾਨਤ ਕੀਤਾ ਗਿਆ ।
ਇਸ ਦੌਰਾਨ ਇੱਕ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਅੱਖਰ ਚੇਤਨਾ ਮੰਚ ਦੇ ਪ੍ਰਧਾਨ ਦਵਿੰਦਰ ਸ਼ਰਮਾ, ਸਕੱਤਰ ਰਾਕੇਸ਼ ਵਰਮਾ, ਹਰੀ ਚੰਦ ਸ਼ਰਮਾ, ਨਿਰਮਲਾ ਕਪਿਲਾ, ਡਾ. ਸੰਜੀਵ ਗੌਤਮ, ਅਮਰਜੀਤ ਬੇਦਾਗ ਤੇ ਅਸ਼ੋਕ ਰਾਹੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਤੇ ਸੁਨੀਲ ਡੋਗਰਾ ਨੇ ਸ਼ਿਵ ਬਟਾਲਵੀ ਦੀ ਗਜ਼ਲ ਗਾਈ । ਸ੍ਰ. ਗੁਰਦੀਪ ਸਿੰਘ ਸੰਧੂ ਨੇ ਲੰਡਨ ਵੱਸਦੇ ਪੰਜਾਬੀਆਂ ਤੇ ਜਾਣ ਦੇ ਇੱਛੁਕ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ੳੱਥੇ ਮੰਦੀ ਦਾ ਦੌਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰ ਪੰਜਾਬੀ ਲੋਕ ਆਪਣੀ ਮਿਹਨਤ ਸਦਕਾ ਉੱਥੇ ਕਈ ਉੱਚ ਮੁਕਾਮ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੱਤਰਕਾਰ ਗੁਰਪ੍ਰੀਤ ਗਰੇਵਾਲ, ਰਾਕੇਸ਼ ਸੈਣੀ, ਪ੍ਰੀਤਮ ਬਰਾਰੀ, ਸੁਰਜੀਤ ਢੇਰ, ਇੰਜੀ. ਕੇ.ਕੇ. ਸੂਦ, ਰੰਗਕਰਮੀ ਫੁਲਵੰਤ ਮਨੋਚਾ, ਟੋਨੀ ਸਹਿਗਲ, ਅਨੁਜ ਠਾਕੁਰ, ਪ੍ਰੋ. ਜੀ.ਐਸ. ਚੱਠਾ, ਚਿੱਤਰਕਾਰ ਦੇਸ਼ ਰੰਜਨ ਸ਼ਰਮਾਂ, ਰਘੁਵੰਸ਼ ਮਲਹੋਤਰਾ, ਕੇ.ਕੇ.ਖੋਸਲਾ ਆਦਿ ਹਾਜ਼ਰ ਸਨ । ਮੰਚ ਸੰਚਾਲਕ ਗੁਰਪ੍ਰੀਤ ਗਰੇਵਾਲ ਸਨ । ਸ੍ਰ. ਬਲਬੀਰ ਸੈਣੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ।


No comments:

Post a Comment