ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਵਿਖੇ ਘੱਲੂ ਘਾਰਾ ਦਿਵਸ਼ ਮਨਾਇਆ ਗਿਆ.......... ਧਾਰਮਿਕ ਸਮਾਗਮ / ਅਮਰਜੀਤ ਸਿੰਘ ਸਿੱਧੂ

 

ਹਮਬਰਗ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਨੇ 1984 ਦੇ ਅਤੇ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਤੇ ਸਰਧਾ ਦੇ ਫੁੱਲ ਭੇਂਟ ਕਰਨ ਲਈ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ 10 ਜੂਨ ਨੂੰ ਪ੍ਰਕਾਸ਼ ਕਰਵਾਏ। ਜਿਹਨਾਂ ਦੇ ਭੋਗ 12 ਜੂਨ ਨੂੰ ਪਾਏ ਗਏ। ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿੱਚ ਗੁਰੂ ਘਰ ਦੇ ਹੈਡ ਗਰੰਥੀ ਭਾਈ ਮਨਦੀਪ ਸਿੰਘ ਜੀ ਅਤੇ ਪੰਜਾਬ ਤੋਂ ਆਏ ਹੋਏ ਮਹਾਨ ਕੀਰਤਨੀਏ ਪ੍ਰਿੰਸੀਪਲ ਭਾਈ ਹਰਭਜਨ ਸਿੰਘ ਪਟਿਆਲੇ ਵਾਲੇ ਅਤੇ ਉਹਨਾਂ ਦੇ ਸਾਥੀ ਭਾਈ ਅਵਤਾਰ ਸਿੰਘ ਜੀ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਉਹਨਾਂ ਉਪਰੰਤ ਇੱਕ 13 ਸਾਲਾ ਬੱਚੀ ਸਮਨਦੀਪ ਕੌਰ ਨੇ ਸ਼ਹੀਦਾਂ ਪ੍ਰਤੀ ਬੋਲਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਸ ਉਪਰੰਤ ਯੌਰਪ ਦੇ ਸਭ ਤੋਂ ਪੁਰਾਣੇ ਪੱਤਰਕਾਰ ਤੇ ਲੇਖਕ ਸ: ਬਸੰਤ ਸਿੰਘ ਜੀ ਰਾਮੂੰਵਾਲੀਆ ਜੀ ਨੇ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਤੇ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਜਿਥੇ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਉਹਨਾਂ ਨੇ ਸਿੱਖਾਂ ਨੂੰ ਸ਼ਹੀਦ ਕਰਨ ਦੇ ਕਾਰਨਾਂ ਤੇ ਵੀ ਚਾਨਣਾ ਪਾਇਆ । ਜਿਹਨਾਂ ਕਰਕੇ ਸਿੱਖ ਕੌਮ ਨੂੰ ਬਿਨਾਂ ਵਜ੍ਹਾ ਬਦਨਾਮ ਕਰਕੇ ਉਹਨਾਂ ਤੇ ਝੂਠੇ ਕੇਸ ਦਰਜ ਕਰਕੇ ਕਿਵੇਂ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ ਜਾਂ ਸਾਲਾਂ ਬੱਧੀ ਜੇਲ੍ਹਾਂ ਵਿੱਚ ਬੰਦ ਕਰਕੇ ਮੌਤ ਤੋਂ ਵੀ ਭੈੜੀ ਜਿੰਦਗੀ ਜਿਉਣ ਲਈ ਮਜਬੂਰ ਕੀਤਾ ਜਾਦਾ ਹੈ। ਜਿਸ ਦੀਆਂ ਤਾਜ਼ਾ ਮਿਸਾਲਾਂ ਸਾਡੇ ਸਾਹਮਣੇ ਹਨ ਕਿ ਕਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ 1994 ਵਿੱਚ ਜਰਮਨ ਤੋ ਡਿਪੋਰਟ ਹੋਣ ਤੇ ਦਿੱਲੀ ਤੋਂ ਫੜ ਕੇ ਤਿਹਾੜ ਜੇਲ੍ਹ ਵਿੱਚ ਬੰਦ ਕੀਤਾ ਤੇ ਬਿਨਾਂ ਸਬੂਤਾਂ, ਗਵਾਹਾਂ ਦੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ, ਜੋ ਗੈਰ ਸੰਵਿਧਾਨਿਕ ਹੈ। ਜਿਸ ਦੇ ਰੋਸ ਵਜੋਂ ਦੁਨੀਆਂ ਭਰ ਦੇ ਸਿੱਖ ਸਰਕਾਰ ਦੇ ਖਿਲਾਫ ਮੁਜ਼ਾਹਰੇ ਕਰਨ ਲਈ ਮਜਬੂਰ ਹੋਏ ਨੇ। ਉਹਨਾਂ ਕਿਹਾ ਕਿ ਜਰਮਨ ਦੀ ਰਾਜਧਾਨੀ ਬਰਲਨ ਵਿਖੇ ਜਰਮਨ ਦੇ ਸਮੂਹ ਸਿੱਖਾਂ ਨੇ 20 ਜੂਨ ਨੂੰ ਪ੍ਰੋਫੈਸਰ ਭੁੱਲਰ ਨੂੰ ਰਿਹਾਅ ਕਰਵਾਉਣ ਲਈ ਇੰਡੀਅਨ ਅੰਬੈਸੀ ਅੱਗੇ 2 ਵਜੇ 4 ਵਜੇ ਤੱਕ ਰੋਸ ਧਰਨਾ ਦੇ ਕੇ ਕੌਂਸਲਰ ਨੂੰ ਮੈਮੋਰੰਡਮ ਦਿੱਤਾ ਜਾਵੇਗਾ ਅਤੇ ਜਰਮਨ ਦੀ ਫੌਰਨ ਮਨਿਸਰਟੀ ਨੂੰ ਵੀ ਭੁੱਲਰ ਦੀ ਰਿਹਾਈ ਲਈ ਦਖ਼ਲ ਦੇਣ ਲਈ ਮੈਮੋਰੰਡਮ ਦਿੱਤਾ ਜਾਵੇਗਾ। ਸ: ਰਾਮੂੰਵਾਲੀਆ ਨੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਕਿ 20 ਜੂਨ ਸੋਮਵਾਰ ਨੂੰ ਆਪਾਂ ਵੱਡੀ ਗਿਣਤੀ ਵਿੱਚ ਬਰਲੀਨ ਇੰਡੀਅਨ ਅੰਬੈਸੀ ਮੂਹਰੇ ਪਹੁੰਚ ਕੇ ਸ: ਭੁੱਲਰ ਦੇ ਹੱਕ ਵਿੱਚ ਇਕੱਤਰ ਹੋਈਏ। ਉਹਨਾਂ ਤੋਂ ਮਗਰੋਂ ਗੁਰੂ ਘਰ ਦੇ ਮੁੱਖ ਸੇਵਾਦਾਰ ਸ: ਭੁਪਿੰਦਰ ਸਿੰਘ ਚੀਮਾ ਜੀ ਨੇ ਸਮੂਹ ਸੰਗਤਾਂ ਦਾ ਸ਼ਹੀਦਾਂ ਦੀ ਯਾਦ ਮਨਾਉਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਖਾਲਸਾ ਜੀ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਮੂਹ ਸਿੱਖ ਆਪਸੀ ਰੰਜਸ਼ਾਂ ਨੂੰ ਭੁੱਲ ਕੇ ਇੱਕ ਪਲੇਟਫਾਰਮ ਤੇ ਇਕੱਤਰ ਹੋਈਏ। ਸਾਡੀ ਆਪਸੀ ਖਿਚੋਤਾਣ ਦੇ ਕਰਕੇ ਸਿੱਖ ਕੌਮ ਨੂੰ ਹਰ ਰੋਜ਼ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸੇ ਕਰਕੇ ਸਾਨੂੰ ਸਾਡੇ ਹੱਕਾਂ ਦੇਣ ਦੀ ਬਜਾਏ ਸਾਨੂੰ ਫਾਂਸੀਆਂ, ਗੋਲੀਆਂ, ਡਾਂਗਾ ਤੇ ਜੇਲ੍ਹਾਂ ਦਿੱਤੀਆਂ ਜਾਦੀਆਂ ਹਨ। ਸਾਡੀ ਦਸਤਾਰ ਨੂੰ ਰੋਲਿਆ ਜਾਂਦਾ ਹੈ। ਸ: ਚੀਮਾ ਨੇ ਸਮੂਹ ਸੰਗਤ ਨੂੰ 20 ਜੂਨ ਨੂੰ ਬਰਲੀਨ ਮੁਜ਼ਾਹਰੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ। ਅੰਤ ਵਿੱਚ ਉਹਨਾਂ ਨੂੰ ਭਾਈ ਸਤਿੰਦਰਜੀਤ ਸਿੰਘ ਲੌਗੀਆ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ, ਜਿਹੜੇ ਦਿਨ ਰਾਤ ਗੁਰੂਘਰ ਦੀ ਸੇਵਾ ਕਰਦੇ ਹਨ । ਜੋ ਗੁਰਪੁਰਬਾਂ ਤੇ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਪ੍ਰਬੰਧਕਾਂ ਦਾ ਪੂਰਾ ਸਾਥ ਦਿੰਦੇ ਹਨ। ਅੰਤ ਵਿੱਚ ਸ: ਭੁਪਿੰਦਰ ਸਿੰਘ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਤੇ ਸੇਵਾਦਾਰਾਂ ਨੂੰ ਜੀ ਆਇਆਂ ਆਖਿਆ ਤੇ ਦੱਸਿਆ ਕਿ 24,25 ਤੇ 26 ਜੂਨ ਨੂੰ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾਵੇਗਾ । ਅਰਦਾਸ ਉਪਰੰਤ ਦੇਗ ਵਰਤਾਈ ਗਈ ਤੇ ਗੁਰੂ ਕੇ ਲੰਗਰ ਅਟਟ ਵਰਤਾਏ ਗਏ। ਪ੍ਰੈਸ ਨੂੰ ਇਹ ਜਾਣਕਾਰੀ ਸ: ਸਤਿੰਦਰਜੀਤ ਸਿੰਘ ਲੌਗੀਆ ਤੇ ਭਾਈ ਭੁਪਿੰਦਰ ਸਿੰਘ ਚੀਮਾ ਨੇ ਦਿੱਤੀ। 

****

No comments:

Post a Comment