ਧਰਮਸਾਲ ਕਰਤਾਰਪੁਰ ਸਾਧਸੰਗ ਸਚਖੰਡ ਵਸਾਇਆ……… ਮਨਜੀਤ ਸਿੰਘ ਔਜਲਾ ਐਮ.ਏ.ਬੀ.ਟੀ.

8 ਜਨਵਰੀ, ਦਿਨ ਐਤਵਾਰ, ਸਾਲ 2012 ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੱਖ ਇਮਾਰਤ ਦਾ ਨੀਂਹ ਪੱਥਰ ਸਿੱਖ ਧਰਮ ਵਿਚ ਚਲੀ ਆ ਰਹੀ ਪ੍ਰਥਾ ਅਤੇ 1699 ਦੀ ਵੈਸਾਖੀ ਵਾਲੇ ਦਿਨ ਦਸਮ ਪਿਤਾ ਵਲੋਂ ਖੰਡੇ ਦੀ ਪਹੁਲ ਰਾਹੀਂ ਤਿਆਰ ਬਰ ਤਿਆਰ ਕੀਤੇ ਪੰਜ ਪਿਆਰਿਆਂ, ਜਿਨ੍ਹਾਂ ਵਿਚ ਬਾਬਾ ਹਰੀ ਸਿੰਘ ਰੰਧਾਵਾ ਵਾਲੇ ਵੀ ਸਨ, ਦੁਆਰਾ ਰਖਿਆ ਗਿਆ। ਅੰਮ੍ਰਿਤ ਵੇਲੇ ਤੋਂ ਥੋੜ੍ਹੀ ਬਾਰਸ਼ ਦੇ ਬਾਵਜੂਦ ਵੀ ਸੰਗਤ ਵਿਚ ਬਹੁਤ ਉਤਸ਼ਾਹ ਸੀ।

ਯੂ. ਜੀ. ਸੀ. ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਸਬਾਲਟਰਨ, ਡਾਇਸਪੋਰਾ ਅਤੇ ਪੰਜਾਬੀ ਨਾਰੀ ਸਾਹਿਤ ਬਾਰੇ ਪੰਜ ਰੋਜ਼ਾ ਸੈਮੀਨਾਰ ਹੋਇਆ……… ਸੈਮੀਨਾਰ / ਡਾ. ਪਰਮਿੰਦਰ ਸਿੰਘ ਤੱਗੜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਿਤ ਯੂ. ਜੀ. ਸੀ. ਸੈਂਟਰ ਫ਼ਾਰ ਐਡਵਾਂਸ ਸਟੱਡੀਜ਼ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ਼ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਅਧਿਐਨ ਤੇ ਨਵੇਂ ਸਰੋਕਾਰ : ਸਬਾਲਟਰਨ ਅਤੇ ਡਾਇਸਪੋਰਾ ਦੇ ਹਵਾਲੇ ਨਾਲ’ ਅਤੇ ‘ਪੰਜਾਬੀ ਨਾਰੀ ਸਾਹਿਤ’ ਮੁੱਖ ਵਿਸ਼ਿਆਂ ਨੂੰ ਲੈ ਕੇ ਪੰਜ ਰੋਜ਼ਾ ਸੈਮੀਨਾਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਕਰਵਾਇਆ ਗਿਆ। ਜਿਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਭਾਸ਼ਾ ਦੇ ਮੁੱਦਈ ਡਾ. ਜਸਪਾਲ ਸਿੰਘ, ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪ੍ਰਸਿਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿਧ ਆਲੋਚਕ ਡਾ. ਜਗਬੀਰ ਸਿੰਘ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਦਿੱਲੀ ਯੂਨੀਵਰਸਿਟੀ ਸ਼ਾਮਲ ਸਨ। 

ਧੂਮ ਧਾਮ ਨਾਲ ਮਨਾਈ ਗਈ ਲੌਹੜੀ ਮੈਲਬੌਰਨ ਦੇ ਵਿਚ..........ਯੁੱਧਵੀਰ ਸਿੰਘ

ਕਲਗੀਧਰ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ  ਸਾਲ ਵੀ ਲੋਹੜੀ ਦਾ ਮੇਲਾ 21 ਜਨਵਰੀ ਸ਼ਨੀਵਾਰ ਸ਼ਾਮ ਨੂੰ ਹੈਂਪਟਨ ਪਾਰਕ ਦੇ ਆਰਥਰ ਵਰੇਨ ਹਾਲ ਵਿਚ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਰਾਕੇਸ਼ ਕਾਵੜਾ ਜੀ  ( ਡਿਪਟੀ ਕਾਂਸਲੇਟ ਜਨਰਲ ਮੈਲਬੌਰਨ ) ਤੇ ਵਿਸ਼ੇਸ ਮਹਿਮਾਨ ਵਜੋਂ ਕੁਲਵਿੰਦਰ ਸਿੰਘ ਗ੍ਰਿਫਥ ਅਤੇ ਮਨਜੀਤ ਸਿੰਘ ਔਜਲਾ ਜੀ ਸਨ । ਸਮਾਗਮ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਪੰਜਾਬੀ ਸਟੇਜ ਦੀ ਸ਼ਾਨ  ਮਨਿੰਦਰਜੀਤ ਸਿੰਘ ਬਰਾੜ ਨੇ ਆਪਣੇ ਬਾਕਮਾਲ ਸ਼ਾਇਰੀ ਨਾਲ ਕੀਤੀ । ਨਾਲ ਨਾਲ ਸਰੋਤਿਆਂ ਨੂੰ ਕਹਾਵਤਾਂ ਤੇ ਬੋਲੀਆਂ ਦੇ ਨਾਲ ਨਾਲ ਲੋਹੜੀ ਦੇ ਤਿਉਹਾਰ ਨਾਲ ਜੋੜੀ ਰੱਖਿਆ । ਸਭ ਤੋਂ ਪਹਿਲਾਂ 5 ਸਾਲ ਦੀ ਬੱਚੀ ਨੇ ਅਨੂਸ਼ਾ ਜੋਸ਼ੀ ਨੇ  ਬੱਚੇ ਮਨ ਕੇ ਸੱਚੇ ਗੀਤ ਪੇਸ਼ ਕੀਤਾ, ਫਿਰ ਰਾਣਾ ਐਨ ਜੈਡ ਨੇ ਧੀਆਂ  ਬਾਰੇ ਇਕ ਜਜ਼ਬਾਤੀ ਗੀਤ ਪੇਸ਼ ਕੀਤਾ ਇਸ ਤੋਂ ਬਾਦ  ਗੁਰਮੀਤ ਸਾਹਨੀ ਜੀ ਨੇ ਵੀ ਪੰਜਾਬੀ ਗੀਤ ਦੇ ਨਾਲ ਸਰੋਤਿਆਂ ਦਾ ਮਨ ਮੋਹ ਲਿਆ । ਇਸ ਦੇ ਨਾਲ ਦੇਸੀ ਬੁਆਇਜ਼ ਤੇ ਪੰਜਾਬੀ ਮੁੰਡਿਆਂ ਨੇ  ਡਾਂਸ ਕੀਤਾ । ਗਿੱਧਾ ਤੇ ਭੰਗੜਾ ਕਲਗੀਧਰ ਕਲੱਬ ਦੇ ਮੈਂਬਰਾਂ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ । ਸਮਾਗਮ ਦਾ ਮੁੱਖ ਆਕਰਸ਼ਣ  ਮੈਲਬੌਰਨ ਢੋਲ ਕੁਨੈਕਸ਼ਨ ਦੇ ਵੱਲੋਂ ਢੋਲ, ਢੋਲਕ, ਅਲਗੋਜੇ ਤੇ ਚਿਮਟੇ ਨਾਲ ਪੇਸ਼ ਕੀਤੀ ਗਈ ਜੁਗਲਬੰਦੀ ਸੀ, ਜਿਸ ਵਿਚ ਉਸਤਾਦ ਸੁਲਤਾਨ ਢਿੱਲੋਂ, ਗਿੰਨੀ ਸਾਗੂ, ਜੈਦੀਪ ਗੋਰਾਇਆ, ਸੰਨੀ ਦੱਤ, ਜਸਪਾਲ ਤੇ ਜਸਵਿੰਦਰ ਸੈਂਡੀ ਨੇ ਸਮਾਗਮ ਨੂੰ ਸਿਖਰ ਤੇ ਲਿਆ ਦਿੱਤਾ ।

ਯਾਦਗਾਰੀ ਰਿਹਾ ਪੰਜਾਬ ਯੂਨੀਵਰਸਿਟੀ ’ਚ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ’ ਸਬੰਧੀ ਰਾਸ਼ਟਰੀ ਸੈਮੀਨਾਰ.......... ਡਾ. ਪਰਮਿੰਦਰ ਸਿੰਘ ਤੱਗੜ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਈ. ਸੀ. ਐਸ. ਐਸ. ਆਰ ਹਾਲ ਵਿਖੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵੱਲੋਂ ‘ਸਿੱਖ ਸੰਦਰਭ ਵਿਚ ਔਰਤ ਤੇ ਦਲਿਤ ਦੀ ਪੇਸ਼ਕਾਰੀ : ਸਾਹਿਤ, ਇਤਿਹਾਸ ਅਤੇ ਸਮਾਜਕ ਪ੍ਰਵਚਨਾਂ ਦੇ ਪ੍ਰਸੰਗ ਵਿਚ’ ਮੁੱਖ ਥੀਮ ਨੂੰ ਲੈ ਕੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪੰਜਾਬ ਯੂਨੀਵਰਸਿਟੀ ਦੇ ਵਿਦਵਾਨਾਂ ਤੋਂ ਇਲਾਵਾ ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਜੰਮੂ ਯੂਨੀਵਰਸਿਟੀ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਤੋਂ ਇਲਾਵਾ ਚੰਡੀਗੜ੍ਹ, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਦਿੱਲੀ ਦੇ ਵਿਭਿੰਨ ਕਾਲਜਾਂ ਤੋਂ ਆਏ ਪ੍ਰਾਧਿਆਪਕਾਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ।