ਜਸ਼ੀਨੇ ਪੁਸਤਕ ਵੰਨ-ਸੁਵੰਨ ਰੀਲੀਜ਼...........ਪੁਸਤਕ ਰਿਲੀਜ਼

ਪ੍ਰੋ. ਮਨਜੀਤ ਸਿੰਘ ਸਿੱਧੂ ਦੀ ਪੁਸਤਕ ‘ਵੰਨ-ਸੁਵੰਨ’ ਰੀਲੀਜ਼ ਕਰਨ ਦਾ ਜਸ਼ਨ ‘ਤੰਦੂਰੀ ਕਿੰਗ’ ਰੈਸਟੋਰੈਂਟ ਕੈਲਗਰੀ ਵਿਖੇ 1 ਅਗਸਤ 2007 ਨੂੰ ਮਨਾਇਆ ਗਿਆ। ਫੰਕਸ਼ਨ ਦਾ ਸਾਰਾ ਪ੍ਰਬੰਧ ‘ਇੰਡੋ-ਕਨੇਡੀਅਨ ਐਸੋਸੀਏਸ਼ਨ ਆਫ ਇਮੀਗ੍ਰੈਂਟ ਸੀਨੀਅਰਜ਼” ਵਲੋਂ ਕੀਤਾ ਗਿਆ ਸੀ। ਰੈਸਟੋਰੈਂਟ ਦੀ ਸਜਾਵਟ ਵੀ ਦੇਖਣ ਯੋਗ ਸੀ। ਇੱਕ ਟੇਬਲ ਤੇ ਚੀਫ਼ ਗੈਸਟ ਡਾ. ਸੁਰਜੀਤ ਪਾਤਰ, ਪੁਸਤਕ ਦੇ ਲੇਖਕ ਪ੍ਰੋ. ਮਨਜੀਤ ਸਿੰਘ ਸਿੱਧੂ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਸ਼ੋਤਮ ਭਾਰਦਵਾਜ ਸੁਸ਼ੋਭਤ ਸਨ। ਟੇਬਲ ਨੂੰ ਫੁੱਲਾਂ ਦੇ ਗੁਲਦਸਤਿਆਂ ਨਾਲ ਸਜਾਇਆ ਗਿਆ ਸੀ। ਕਿਸੇ ਵਿਆਹ ਸ਼ਾਦੀ ਵਰਗਾ ਮਾਹੌਲ ਸੀ। ਫੰਕਸ਼ਨ ਦੀਆਂ ਰਸਮਾਂ ਨਿਭਾਉਣ ਵਾਸਤੇ ਪ੍ਰੋਟੋਕੋਲ ਦਾ ਕੰਮ ਪ੍ਰਿੰਸੀਪਲ ਕੇ. ਸੀ. ਸ਼ਰਮਾ ਨੂੰ ਸੌਪਿਆ ਗਿਆ ਸੀ। ਜਦੋਂ ਪ੍ਰੋ. ਮਨਜੀਤ ਸਿੰਘ ਸਿੱਧੂ ਤੇ ਚੀਫ਼ ਗੈਸਟ ਡਾ. ਸੁਰਜੀਤ ਪਾਤਰ ਹਾਲ ਵਿੱਚ ਦਾਖਲ ਹੋਏ ਤਾਂ ਗੁਲਾਬ ਦੀਆਂ ਫੁੱਲ ਪੱਤੀਆਂ ਦੀ ਵਰਖਾ ਕੀਤੀ ਗਈ। ਮਾਸਟਰ ਆਫ ਸੈਰੇਮਨੀਜ਼ ਦੇ ਫਰਜ਼ ‘ਪਰਿਵਾਸ’ ਟੀ. ਵੀ. ਸ਼ੋਅ ਦੀ ਹੋਸਟ ਦੀਪ ਸ਼ਿਖਾ ਬਰਾੜ ਵਲੋਂ ਖੁਸ਼ ਅਸਲੂਬੀ ਨਾਲ ਨਿਭਾਏ ਗਏ।
ਹਾਜ਼ਰੀਨ ਵਿੱਚ ਹੋਰਨਾਂ ਤੋਂ ਬਿਨਾਂ ਤਿੰਨ ਸੁਕੈਡਰਨ ਲੀਡਰ ਹਰਗੁਰਜੀਤ ਮਿਨਹਾਸ, ਜੋਗਿੰਦਰ ਬੈਂਸ ਤੇ ਸ. ਸ. ਪਰਮਾਰ, ਦੋ ਮੇਜਰ ਨਾਹਰ ਸਿੰਘ ਜਵੰਦਾ ਤੇ ਸਰਬਣ ਸਿੰਘ ਮਾਂਗਟ, ਚਾਰ ਡਾਕਟਰੇਟ ਦੀਆਂ ਡਿਗਰੀਆਂ ਵਾਲੇ ਡੌਲੀ ਮਾਂਗਟ, ਹਰਭਜਨ ਸਿੰਘ, ਮਹਿੰਦਰ ਸਿੰਘ ਹੱਲਣ ਅਤੇ ਮੁਖ ਮਹਿਮਾਨ ਸੁਰਜੀਤ ਪਾਤਰ, ਹੋਰ ਉਂਚ ਸਿਵਲ ਅਧਿਕਾਰੀ, ਕੈਲਗਰੀ ਦੇ ਮਸ਼ਹੂਰ ਵਕੀਲ ਅਮਰਪ੍ਰੀਤ ਤੇ ਤਰਨਜੀਤ ਔਜਲਾ, ਗੁਰਦੀਪ ਢਿੱਲੋਂ (ਆਟੋ ਫਲੀਟ), ਕੇਸਰ ਸਿੰਘ ਨੀਰ, ਸੋਹਣ ਮਾਨ, ਇਕਬਾਲ ਖਾਂ, ਹਰੀਪਾਲ, ਕਾਮਰੇਡ ਅਜੀਤ ਸਿੰਘ, ਬਚਿੱਤਰ ਗਿੱਲ ਜ਼ੀਰੇ ਵਾਲੇ ਕਵੀਸ਼ਰ, ਇੰਡੋ ਕਨੇਡੀਅਨ ਐਸੋਸੀਏਸ਼ਨ ਦੇ ਮੈਂਬਰ ਜਗੀਰ ਸਿੰਘ ਘੁੰਮਣ, ਸੁਦਰਸ਼ਨ ਸੈਣੀ, ਦੇਵਿੰਦਰਪਾਲ ਸ਼ਰਮਾ, ਗਿਰਧਾਰੀ ਲਾਲ ਸ਼ਰਮਾ, ਨਛੱਤਰ ਢਿਲੋਂ, ਬਲਬੀਰ ਸਿੰਘ ਸੰਧੂ, ਬਲਦੇਵ ਕੰਗ, ਪ੍ਰਿੰਸੀਪਲ ਜੋਗਿੰਦਰ ਸਿੰਘ ਢਿੱਲੋਂ, ਬਲਵੰਤ ਸਿੰਘ ਗਿੱਲ ਅਤੇ ਸ੍ਰਮਤੀ ਗਿੱਲ, ਹਰਭਜਨ ਕੌਰ ਮਿਨਹਾਸ, ਕੁਲਦੀਪ ਘਟੌੜਾ, ਹਰਜੀਤ ਕੌਰ ਪਤਨੀ ਸਵ: ਇਕਬਾਲ ਅਰਪਨ, ਪ੍ਰੋਫੈਸਰ ਮਨਜੀਤ ਸਿੰਘ ਦੀ ਪਤਨੀ ਦਲਜੀਤ ਕੌਰ, ਨੂੰਹ ਦੇਵਿੰਦਰ, ਪੋਤੀ ਏਮੀ, ਜ਼ਿਲੇਹੁਮਾ ਰਾਣਾ, ਸ੍ਰੀਮਤੀ ਸੋਹਣ ਪ੍ਰਮਾਰ ਆਦਿ ਵੀ ਸਰੀਕਿ ਜਸ਼ਨ ਸਨ। ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੀ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ। ਸਤਨਾਮ ਢਾਹ ਸਕੱਤਰ ਕੋਸੋ, ਦਰਸ਼ਨ ਧਾਲੀਵਾਲ ਪ੍ਰਧਾਨ ਕੋਸੋ ਵੀ ਹਾਜ਼ਰ ਸਨ।
ਸਾਹਿਤ ਸਭਾ ਪ੍ਰਧਾਨ ਬੀਬੀ ਸੁਰਿੰਦਰ ਗੀਤ, ਪ੍ਰਿੰਸੀਪਲ ਸਤਪਾਲ ਕੌਸ਼ਲ, ਭਗਵੰਤ ਰੰਧਾਵਾ ਪਰਿਵਾਰ ਸਮੇਤ, ਪਰਮਿੰਦਰ ਗਰੇਵਾਲ ਜੈਨਰਲ ਸਕੱਤਰ ਸਾਹਿਤ ਸਭਾ, ਜਸਵੰਤ ਹਿੱਸੋਵਾਲ, ਸ੍ਰੀਮਤੀ ਗੁਰਚਰਨ ਕੌਰ, ਸਮਸ਼ੇਰ ਸਿੰਘ ਸੰਧੂ, ਪ੍ਰਧਾਨ ਰਾਈਟਰ ਫੋਰਮ ਆਦਿ ਵੀ ਉਪਸਥਤ ਸਨ। ਇਸ ਸਮਾਰੋਹ ਵਿੱਚ 70 ਦੇ ਲੱਗਭੱਗ ਕੈਲਗਰੀ ਦੇ ਪਤਵੰਤੇ ਲੇਖਕ, ਗ਼ਜਲਕਾਰ ਮੋਹਣ ਸਿੰਘ ਔਜਲਾ, ਨੀਰ ਤੇ ਸ਼ਮਸ਼ੇਰ ਸਿੰਘ ਸੰਧੂ ਵੀ ਮੌਜੂਦ ਸਨ।
ਸਭ ਤੋਂ ਪਹਿਲਾਂ ਦੀਪ ਸ਼ਿਖਾ ਬਰਾੜ ਨੇ ਸੁਰਜੀਤ ਪਾਤਰ ਨੂੰ ਜੀਆ ਆਇਆ ਆਖਿਆ ਅਤੇ ਉਨ੍ਹਾਂ ਦੀ ਪੰਜਾਬੀ ਸ਼ਾਇਰੀ ਵਿੱਚ ਨੁਮਾਇਆਂ ਯੋਗਦਾਨ ਦਾ ਜ਼ਿਕਰ ਕੀਤਾ।
ਸਮਾਗਮ ਦਾ ਆਰੰਭ ਸੁਰਿੰਦਰ ਗੀਤ ਦੀ ਖੂਬਸੂਰਤ ਗ਼ਜ਼ਲ ਨਾਲ ਹੋਇਆ ਜਿਹੜੀ ਉਨ੍ਹਾਂ ਤਰੰਨਮ ਵਿੱਚ ਪੇਸ਼ ਕੀਤੀ। ਉਸ ਤੋਂ ਉਪਰੰਤ ਡਾ. ਸੁਰਜੀਤ ਪਾਤਰ ਨੇ ਪੁਸਤਕ ‘ਵੰਨ-ਸੁਵੰਨ’ ਹਾਜ਼ਰੀਨ ਦੇ ਸਨਮੁਖ ਕੀਤੀ। ਸੁਰਜੀਤ ਪਾਤਰ ਨੇ ਕਿਹਾ ਕਿ ਮੈਂ 80 ਸਾਲਾ ਲੇਖਕ ਪ੍ਰੋ. ਮਨਜੀਤ ਸਿੰਘ ਤੋਂ ਪ੍ਰੇਰਣਾ ਲੈ ਰਿਹਾ ਹਾਂ ਉਹ ਇਸ ਉਮਰ ਵਿੱਚ ਵੀ ਦ੍ਰਿੜਤਾ ਨਾਲ ਲਿਖ ਰਹੇ ਹਨ। ਮੈਨੂੰ ਮਹਿਸੂਸ ਹੁੰਦਾ ਹੈ ਕਿ ਬੁਢਾਪਾ ਤਾਂ 80 ਸਾਲ ਤੋਂ ਵੀ ਸ਼ੁਰੂ ਨਹੀਂ ਹੁੰਦਾ। ਬੜੀ ਰੌਚਕਤਾ ਨਾਲ ਉਨ੍ਹਾਂ ਦੱਸਿਆ ਕਿ ਜਦੋਂ ਮੈਂ 40 ਸਾਲ ਦਾ ਹੋਇਆ ਤਾਂ ਮੈਂ ਸਮਝਦਾ ਸੀ ਕਿ ਬੁਢਾਪਾ 60 ਸਾਲ ਤੋਂ ਸ਼ੁਰੂ ਹੁੰਦਾ ਹੈ ਅਤੇ ਜਦੋਂ ਮੈਂ 60 ਸਾਲ ਦਾ ਹੋ ਗਿਆ ਹਾਂ ਕਿ ਤਾਂ ਮੈਂ ਸੋਚਿਆ ਬੁਢਾਪਾ 80 ਸਾਲ ਤੋਂ ਸ਼ੁਰੂ ਹੁੰਦਾ ਹੈ। ਪਰ ਪ੍ਰੋਫੈਸਰ ਮਨਜੀਤ ਸਿੰਘ ਦੀ ਉਦਾਹਰਣ ਤੋਂ ਤਾਂ ਮੈਂ ਇੰਝ ਮਹਿਸੂਸ ਕਰਦਾ ਹਾਂ ਕਿ ਬੁਢਾਪਾ ਤਾਂ ਜਿਵੇਂ ਆਉਂਦਾ ਹੀ ਨਾ ਹੋਵੇ ਕਿਉਂਕਿ ਉਹ ਤਾਂ ਅਜੇ ਵੀ ਸਿਰੜ ਨਾਲ ਪੱਤਰਕਾਰੀ ਕਰੀ ਜਾ ਰਹੇ ਹਨ ਅਤੇ ਲੇਖ ਲਿਖੀ ਜਾ ਰਹੇ ਹਨ।
ਮੈਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਇਸ ਉਂਤਮ ਪੁਸਤਕ ਦੀ ਰਚਨਾ ਬਾਰੇ ਵਧਾਈ ਦਿੰਦਾ ਹਾਂ ਅਤੇ ਸਰੋਤਿਆਂ ਨੂੰ ਇਸ ਪੁਸਤਕ ਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ। ਜਿਸ ਵਿੱਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਤੋਂ ਪ੍ਰਭਾਵਤ ਹੋ ਕੇ ਲੇਖ ਲਿਖੇ ਹਨ।
ਪ੍ਰੋਫੈਸਰ ਮਨਜੀਤ ਸਿੰਘ ਨੇ ਸੁਰਜੀਤ ਪਾਤਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਉਥੇ ਮੇਰੇ ਦੋਸਤਾਂ-ਸਾਥੀਆਂ ਵਲੋਂ ਮਿਲ ਰਿਹਾ ਸਨਮਾਨ ਮੈਨੂੰ ਨਿਰਮਾਣ ਵੀ ਬਣਾ ਰਿਹਾ ਹੈ।
ਕੁੱਲ 25-25 ਬੁਲਾਰੇ ਸਨ ਅਤੇ ਦੀਪ ਸ਼ਿਖਾ ਬੜੀ ਔਖ ਮਹਿਸੂਸ ਕਰ ਰਹੀ ਸੀ ਕਿ ਏਨੇ ਬੁਲਾਰਿਆਂ ਨੂੰ ਕਿਵੇਂ ਸੰਤੁਸ਼ਟ ਕੀਤਾ ਜਾਵੇ ਤੇ ਭੁਗਤਾਇਆ ਜਾਵੇ।
ਪੁਸਤਕ ਬਾਰੇ ਡਾ. ਹਰਿਭਜਨ ਸਿੰਘ ਢਿੱਲੋਂ, ਕੇਸਰ ਸਿੰਘ ਨੀਰ, ਸੋਹਣ ਮਾਨ, ਪ੍ਰਿੰਸੀਪਲ ਸਤਪਾਲ ਕੌਸ਼ਲ, ਡਾ. ਮਹਿੰਦਰ ਸਿੰਘ ਵਲੋਂ ਪਰਚੇ ਪੜ੍ਹੇ ਗਏ। ਭਗਵੰਤ ਸਿੰਘ ਰੰਧਾਵਾ ਨੇ ਪ੍ਰੋ. ਮਨਜੀਤ ਸਿੰਘ ਦੀਆਂ ਸਰਕਾਰੀ ਕਾਲਿਜ ਮੁਕਤਸਰ ਵੇਲੇ ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਉਸ ਸਮੇਂ ਉਨ੍ਹਾਂ ਦੇ ਕਿਰਦਾਰ ‘ਤੇ ਚਾਨਣਾ ਪਾਇਆ। ਸਭ ਤੋਂ ਲੰਮਾ ਭਾਸ਼ਣ ਬਚਿੱਤਰ ਗਿੱਲ ਦਾ ਅਤੇ ਪ੍ਰਿੰਸੀਪਲ ਕੇ. ਸੀ. ਸ਼ਰਮਾ ਦਾ ਸੀ। ਬਚਿੱਰਤ ਗਿੱਲ ਨੇ ਪ੍ਰੋ. ਮਨਜੀਤ ਸਿੰਘ ਦੇ ਜੀਵਨ ਬਾਰੇ, ਉਨ੍ਹਾਂ ਦੀ ਲੇਖਣੀ ਬਾਰੇ ਭਰਪੂਰ ਚਾਨਣਾ ਪਾਇਆ। ਜਸਵੰਤ ਸਿੰਘ ਗਿੱਲ ਨੇ ਵੀ ਪਿਛਲੇ ਪੰਜਾਹ ਸਾਲਾਂ ਦੀ ਪ੍ਰੋ. ਸਿੱਧੂ ਨਾਲ ਸਾਂਝ ਦਾ ਵੀ ਰੌਚਿਕ ਜ਼ਿਕਰ ਕੀਤਾ। ਕੇ. ਸੀ. ਸ਼ਰਮਾ ਨੇ ਵੀ ਮਨਜੀਤ ਸਿੱਧੂ ਦੀ ਪੁਸਤਕ ਵਿੱਚੋਂ ਕਈ ਟੂਕਾਂ ਦੇ ਕੇ ਪੁਸਤਕ ਦੀ ਤਾਰੀਫ਼ ਕੀਤੀ। ਹਰਗੁਰਜੀਤ ਮਿਨਹਾਸ ਨੇ ਵੀ ਪ੍ਰੋਫੈਸਰ ਮਨਜੀਤ ਸਿੰਘ ਨੂੰ ਆਪਣੀ ਪਲੇਠੀ ਪੁਸਤਕ ਰੀਲੀਜ਼ ਕਰਨ ‘ਤੇ ਵਧਾਈ ਦਿੱਤੀ।
ਬ੍ਰਹਮ ਪ੍ਰਕਾਸ਼ ਲੁੱਡੂ ਮੁੱਖ ਸੰਪਾਦਕ ‘ਦੇਸ ਪੰਜਾਬ ਟਾਇਮਜ਼’ ਨੇ ਪੰਜਾਬੀ ਸਟਾਰ ਦੇ ਸਮੇਂ ਤੋਂ ਹੀ ਉਸਨੂੰ ਪ੍ਰੋ. ਮਨਜੀਤ ਸਿੰਘ ਵਲੋਂ ਮਿਲ ਰਹੇ ਸਹਿਯੋਗ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਨਿਧੜਕ ਪੱਤਰਕਾਰੀ ਦੀ ਤਾਰੀਫ ਕੀਤੀ। ਪ੍ਰੋ. ਮਨਜੀਤ ਸਿੰਘ ਨੇ ਵੀ ਬ੍ਰਹਮ ਪ੍ਰਕਾਸ਼ ਦੇ ਮੈਗਜ਼ੀਨ ‘ਪੰਜਾਬੀ ਸਟਾਰ’ ਨੂੰ ਆਪਣੀ ਐਕਸਰਸਾਈਜ਼ ਬੁੱਕ ਵਜੋ ਵਰਤਣ ਲਈ ਸ਼ੁਕਰੀਆ ਅਦਾ ਕੀਤਾ ਅਤੇ ਸਮੇਂ ਸਮੇਂ ਛਪਦੇ ਰਹੇ ਪੰਜਾਬੀ ਸਟਾਰ, ਦੇਸ ਪੰਜਾਬ ਟਾਇਮਜ਼ ਤੇ ਹੋਰ ਪੰਜਾਬੀ ਅਖਬਾਰਾਂ ਵਿੱਚ ਛਪੇ ਲੇਖ ਹੀ ਪੁਸਤਕ ‘ਵੰਨ-ਸੁਵੰਨ’ ਵਿੱਚ ਇਕੱਤਰ ਕਰਕੇ ਛਪਾਏ ਗਏ ਹਨ। ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਦਾ ਕਰੈਡਿਟ ਮੈਨੂੰ ਇਕੱਲੇ ਨੂੰ ਹੀ ਨਹੀਂ ਜਾਂਦਾ ਸਗੋਂ ਉਨ੍ਹਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਜਾਂਦਾ ਹੈ ਜਿਨ੍ਹਾਂ ਨਾਲ ਮੈਂ ਹਰ ਲੇਖ ਲਿਖਣ ਪਿੱਛੋਂ ਚਰਚਾ, ਸਲਾਹ ਮਸ਼ਵਰਾ ਕਰਦਾ ਰਿਹਾ ਹਾਂ।
ਫੰਕਸ਼ਨ ਇਤਨਾ ਦਿਲਚਸਪ ਸੀ ਕਿ ਸੀਟਾਂ ਨਾ ਮਿਲਣ ਦੇ ਬਾਵਜੂਦ ਵੀ ਦੋ ਤਿੰਨ ਘੰਟੇ ਖੜ੍ਹੇ ਹੋ ਕੇ ਹੀ ਕਈ ਸ੍ਰੋਤੇ ਪ੍ਰੋਗਰਾਮ ਸੁਣਦੇ ਰਹੇ। ਚਾਹ ਪਾਣੀ ਦਾ ਵੀ ਖਿਆਲ ਨਾ ਆਇਆ ਅਤੇ ਚਾਹ ਠੰਡੀ ਹੋ ਗਈ ਸੀ।
ਅਮਨ ਬਰਾੜ ਨੇ ਸਾਰੇ ਪ੍ਰੋਗਰਾਮ ਦੀ ਵੀਡੀਓ ਵੀ ਤਿਆਰ ਕੀਤੀ ਜਿਸ ਚੋਂ ਕੁਝ ਕਲਿੱਪ ਆਪਣੇ ਪ੍ਰੋਗਰਾਮ ਟੀ. ਵੀ. ਸ਼ੋਅ ‘ਪਰਿਵਾਸ’ ਵਿੱਚ ਪੇਸ਼ ਕਰਨਗੇ। ਭਗਵੰਤ ਹੋਰਾਂ ਦੇ ਪੋਤਰੇ ਨਵੀ ਨੇ ਵੀ ਇਸ ਫੰਕਸ਼ਨ ਨੂੰ ਕੈਮਰਾ ਬੰਦ ਕਰਨ ਵਾਸਤੇ ਖੜ੍ਹੇ ਪੈਰ ਹੀ $1000 ਡਾਲਰ ਖਰਚ ਕਰਕੇ ਮੂਵੀ ਕੈਮਰਾ ਲਿਆ ਕੇ ਫੰਕਸ਼ਨ ਦੀ ਮੂਵੀ ਤਿਆਰ ਕੀਤੀ। ਹੋਰ ਵੀ ਪ੍ਰੋਗਰਾਮ ਦੀਆਂ ਤਸਵੀਰਾਂ ਖਿੱਚਣ ਲਈ ਕਈ ਆਪਣੇ ਆਪਣੇ ਕੈਮਰੇ ਲੈ ਕੇ ਆਏ ਹੋਏ ਸਨ। ਪ੍ਰੌਸਤਮ ਭਾਰਦਵਾਜ ਵਲੋਂ ਪ੍ਰਿੰਸੀਪਲ ਕੇ. ਸੀ. ਸ਼ਰਮਾ ਨੇ ਡਾ. ਸੁਰਜੀਤ ਪਾਤਰ, ਸੁਰਿੰਦਰ ਗੀਤ ਤੇ ਹੋਰ ਬੁਲਾਰਿਆਂ ਦਾ ਅਤੇ ਪਰਚੇ ਪੜ੍ਹਨ ਵਾਲੇ ਵਿਦਵਾਨਾਂ ਦਾ ਧੰਨਵਾਦ ਕੀਤਾ। ਸ੍ਰੋਤੇ ਕਹਿ ਰਹੇ ਸਨ ਕਿ ਅੱਜ ਦਾ ਪੁਸਤਕ ਰੀਲੀਜ਼ ਸਮਾਰੋਹ ਕੈਲਗਰੀ ਦੇ ਸਾਹਿਤਕ ਇਤਹਾਸ ਵਿੱਚ ਇੱਕ ਮੀਲ ਪੱਥਰ ਹੈ।

No comments:

Post a Comment