ਪ੍ਰੀਤ ਹਰਪਾਲ ਤੇ ਦਿਲਜੀਤ ਦੋਸਾਂਝ ਦੀ ਪਹਿਲੀ ਕਾਮਯਾਬ ਸੰਗੀਤਕ ਐਡੀਲੇਡ ਫ਼ੇਰੀ


ਐਡੀਲੇਡ (ਰਿਪੋਰਟ – ਪੰਜਾਬੀ ਪ੍ਰੈਸ ਕਲੱਬ ਆਫ ਸਾਊਥ ਆਸਟ੍ਰੇਲੀਆ) : ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ‘ਚ ਪੰਜਾਬ ਦੇ ਕਲਾਕਾਰਾਂ ਦਾ ਜਮਾਵੜਾ ਲੱਗਾ ਹੋਇਆ ਹੈ । ਜਿਵੇਂ ਕਿ ਪਹਿਲਾਂ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ‘ਚ ਕਲਾਕਾਰ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਜਾਇਆ ਕਰਦੇ ਸਨ, ਉਸੇ ਤਰ੍ਹਾਂ ਅੱਜਕੱਲ ਆਸਟ੍ਰੇਲੀਆ ਨੂੰ ਪੰਜਾਬੀ ਗਾਇਕਾਂ ਨੇ ਆਪਣੀ ਕਰਮਭੂਮੀ ਬਣਾਇਆ ਹੋਇਆ ਹੈ । ਬਹੁਤ ਸਾਰੇ ਸਥਾਪਿਤ ਗਾਇਕਾਂ ਤੋਂ ਇਲਾਵਾ ਕੋਈ ਨਾ ਕੋਈ ਨਵਾਂ ਕਲਾਕਾਰ ਕਰੀਬ ਹਰ ਮਹੀਨੇ ਆਪਣੀ ਜ਼ੋਰ ਅਜ਼ਮਾਇਸ਼ ਲਈ ਆਸਟ੍ਰੇਲੀਆ ਦੀ ਫ਼ੇਰੀ ਲਗਾ ਰਿਹਾ ਹੈ । ਜਿੱਥੇ ਕਿ ਪਹਿਲਾਂ ਗਾਇਕ ਮੈਲਬੌਰਨ, ਸਿਡਨੀ ਤੇ ਔਕਲੈਂਡ (ਨਿਊਜ਼ੀਲੈਂਡ) ਤੋਂ ਹੀ ਵਾਪਸ ਹੋ ਜਾਇਆ ਕਰਦੇ ਸਨ, ਹੁਣ ਹਰ ਕੋਈ ਐਡੀਲੇਡ ਦੀ ਰਾਹ ਵੀ ਪਕੜ ਰਿਹਾ ਹੈ । ਐਡੀਲੇਡ ‘ਚ ਪੰਜਾਬੀਆਂ ਦੀ ਵਸੋਂ ਕੋਈ ਬਹੁਤੀ ਪੁਰਾਣੀ ਨਹੀਂ ਤੇ ਜਿ਼ਆਦਾਤਰ ਵਿਦਿਆਰਥੀ ਤਬਕਾ ਹੀ ਹੈ ਪਰ ਫਿਰ ਵੀ ਇੱਥੇ ਹੋ ਰਹੇ ਸੰਗੀਤਕ ਸ਼ੋਅ ਕਰੀਬ ਹਿੱਟ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪਿਛਲੇ ਦਿਨੀਂ ਨਵੇਂ ਗਾਇਕ ਕਲਾਕਾਰ “ਲੌਕਅਪ” ਫੇਮ ਪ੍ਰੀਤ ਹਰਪਾਲ ਤੇ “ਪੰਗਾ” ਫੇਮ ਦਿਲਜੀਤ ਦੋਸਾਂਝ ਨੇ ਵੀ ਆਪਣੀ ਹਾਜ਼ਰੀ ਲਗਵਾਈ । “ਡਾਂਸਿੰਗ ਸਟਾਰ” ਪ੍ਰੀਤ ਹਰਪਾਲ ਤੇ “ਡੀ.ਜੇ. ਕਿੰਗ” ਦਿਲਜੀਤ ਦੋਸਾਂਝ ਨੇ ਗਾਇਕੀ ਦੇ ਨਾਲ਼ ਨਾਲ਼ ਭੰਗੜਾ ਪਾਉਂਦਿਆਂ ਕੱਲਿਆਂ ਹੀ ਸਾਰੀ ਸਟੇਜ ਸਾਂਭ ਲਈ । ਦੋਹੇਂ ਕਲਾਕਾਰਾਂ ਦੇ ਭੰਗੜੇ ਤੇ ਗੀਤਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਉਠਾਇਆ ਤੇ ਰੱਜ ਰੱਜ ਭੰਗੜੇ ਪਾਏ । ਇਸ ਸ਼ੋਅ ‘ਚ ਜਵਾਨ ਮੁੰਡੇ ਕੁੜੀਆਂ ਤੋਂ ਇਲਾਵਾ ਸਿਆਣੀ ਉਮਰ ਦੇ ਦਰਸ਼ਕਾਂ ਨੇ ਵੀ ਪਰਿਵਾਰ ਸਮੇਤ ਖੂਬ ਆਨੰਦ ਮਾਣਿਆ । 
ਸ਼ੋਅ ਦੀ ਸ਼ੁਰੂਆਤ ਪਹਿਲਾਂ ਪ੍ਰੀਤ ਹਰਪਾਲ ਨੇ ਆਪਣੇ ਬਹੁ ਚਰਚਿਤ ਗੀਤ “ਧੂੰਏਂ ਦੇ ਬਹਾਨੇ ਬਿੱਲੋ ਰੋਵੇਂਗੀ” ਨਾਲ਼ ਕੀਤੀ ਤੇ ਮੁੜ ਲੜੀਵਾਰ “ਮਾਪੇ ਕਹਿੰਦੇ ਜੱਜ ਬਣਨਾ”, “ਛੱਡੀਆਂ ਮੈਂ ਤੇਰੇ ਕਰਕੇ, ਮੈਨੂੰ ਸੱਤ ਕੁੜਮਾਈਆਂ ਆਈਆਂ”, “ਇੱਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ”, “ਬਾਹਾਂ ਗੋਰੀਆਂ ‘ਚ ਕੱਲੀ ਕੱਲੀ ਵੰਗ ਬੋਲਦੀ” ਆਦਿ ਨਾਲ਼ ਮਹਿਫਿ਼ਲ ਲੁੱਟ ਲਈ । ਲਗਾਤਾਰ ਡੇਢ ਘੰਟਾ ਪ੍ਰੀਤ ਹਰਪਾਲ ਨੇ ਇੱਕ ਤੋਂ ਬਾਦ ਇੱਕ ਗੀਤ ਭੰਗੜਾ ਪਾ ਕੇ਼ ਗਾਇਆ । ਜਿੱਥੇ ਪ੍ਰੀਤ ਹਰਪਾਲ ਇੱਕ ਪ੍ਰਪੱਕ ਗਾਇਕ ਹੈ, ਉੱਥੇ ਗੀਤਕਾਰੀ ਵਿਚ ਵੀ ਉਸ ਦਾ ਲੋਹਾ ਮੰਨਣ ਯੋਗ ਹੈ । ਉਸਤੋਂ ਬਾਅਦ ਦਿਲਜੀਤ ਦੋਸਾਂਝ ਨੇ ਭਰਪੂਰ ਫ਼ਰਮਾਇਸ਼ ‘ਤੇ “ਕਾਰਾਂ ‘ਚ ਸਪੀਕਰ ਜਦੋਂ ਵੱਜਦਾ” ਨਾਲ਼ ਇਸ ਸ਼ੋਅ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ । ਮੁੜ ਉਸਨੇ “ਕਾਲਜ ‘ਚ ਕੁੰਡੀਆਂ ਦੇ ਸਿੰਗ ਫਸ ਗਏ”, “ਟੀ.ਵੀ. ਚੁੱਲੇ ‘ਤੇ ਲਵਾ ਲਿਆ ਸ਼ੁਕੀਨ ਜੱਟੀ ਨੇ”, “ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ”, “ਪਹਿਲਾਂ ਬੋਲੀਦਾ ਨਹੀਂ, ਫਿਰ ਪਿੱਛੇ ਹਟੀਦਾ ਨਹੀਂ ਜੇ ਪੰਗਾ ਪੈ ਜਾਏ” ਆਦਿ ਨਾਲ਼ ਧੰਨ ਧੰਨ ਕਰਵਾ ਦਿੱਤੀ । ਸ਼ੋਅ ਦੇ ਆਖਿਰ ‘ਚ ਦਿਲਜੀਤ ਨੇ ਸਾਰੇ ਪੁਰਾਣੇ ਕਲਾਕਾਰਾਂ ਯਮਲਾ ਜੱਟ, ਸੁਰਿੰਦਰ ਛਿੰਦਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਆਦਿ ਦੇ ਗੀਤਾਂ ਦੀਆਂ ਲਾਈਨਾਂ ਸੁਣਾ ਕੇ, ਉਨ੍ਹਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ।
ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਦਿਲਜੀਤ ਦੋਸਾਂਝ ਨੇ ਦੱਸਿਆ ਕਿ ਨਵੰਬਰ ਤੱਕ ਉਸਦੀ ਪਹਿਲੀ ਫਿਲਮ “ਦ ਲਾਈਨ ਆਫ਼ ਪੰਜਾਬ” ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ‘ਚ ਦਿਲਜੀਤ ਨੇ ਸਰਦਾਰ ਦਾ ਕਿਰਦਾਰ ਨਿਭਾਇਆ ਹੈ ਤੇ ਉਸਦੇ ਨਾਲ਼ ਪੂਜਾ ਟੰਡਨ ਹੀਰੋਇਨ ਦੇ ਤੌਰ ‘ਤੇ ਕੰਮ ਕਰ ਰਹੀ ਹੈ । ਇਸ ਫਿਲਮ ਦੇ ਡਾਇਰੈਕਟਰ ਹਿੰਦੀ ਫਿਲਮਾਂ ‘ਚ ਝੰਡੇ ਗੱਡ ਚੁੱਕੇ ਗੁੱਡੂ ਧਨੋਆ ਹਨ । ਇਸ ਫਿਲਮ ਦੀ ਸ਼ੂਟਿੰਗ ਕਰੀਬ ਮੁਕੰਮਲ ਹੋ ਚੁੱਕੀ ਹੈ ।
ਇਸ ਸ਼ੋਅ ਦੇ ਦੌਰਾਨ “ਦ ਰਾਇਲ ਪੰਜਾਬੀਜ਼” ਭੰਗੜਾ ਗਰੁੱਪ ਵੱਲੋਂ ਭੰਗੜਾ ਵੀ ਪਾਇਆ ਗਿਆ, ਜੋ ਕਿ ਦਰਸ਼ਕਾਂ ਨੇ ਖੂਬ ਪਸੰਦ ਕੀਤਾ । ਜਿੱਥੇ ਇਹ ਸ਼ੋਅ ਗਾਇਕੀ ਪੱਖੋਂ ਸੰਪੂਰਣ ਸੀ, ਉੱਥੇ ਪ੍ਰੋਗਰਾਮ ਪ੍ਰਬੰਧ ਦੀਆਂ ਕੁਝ ਊਣਤਾਈਆਂ ਵੀ ਨਜ਼ਰ ਆਈਆਂ । ਕਿਸੇ ਵੀ ਕਲਾਕਾਰ ਦੀ ਸੁਚੱਜੀ ਜਾਣ ਪਹਿਚਾਣ ਕਰਵਾਉਣੀ ਉਸਦੀ ਕਾਮਯਾਬੀ ‘ਚ ਵੱਡਾ ਰੋਲ ਅਦਾ ਕਰਦੀ ਹੈ ਪਰ ਇੱਥੇ ਸਟੇਜ ਸਕੱਤਰ ਦੀ ਅਣਹੋਂਦ ਖੂਬ ਰੜਕ ਰਹੀ ਸੀ । ਸ਼ੋਅ ਆਪਣੇ ਸਮੇਂ ਨਾਲੋਂ ਬਹੁਤ ਲੇਟ ਸ਼ੁਰੂ ਹੋਇਆ । ਭਾਰਤ ‘ਚ ਲੇਟ ਪਹੁੰਚਣ ‘ਚ ਭਾਵੇਂ ਸ਼ਾਨ ਸਮਝੀ ਜਾਂਦੀ ਹੋਵੇ ਪਰ ਕਲਾਕਾਰਾਂ ਤੇ ਪ੍ਰਬੰਧਕਾਂ ਨੂੰ ਵਿਦੇਸ਼ਾਂ ‘ਚ ਸਮੇਂ ਦੀ ਕਦਰ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ । ਹਾਲਾਂਕਿ ਐਡੀਲੇਡ ਦਾ ਟਾਊਨ ਹਾਲ ਕੋਈ ਵੀ ਪ੍ਰੋਗਰਾਮ ਕਰਵਾਉਣ ਲਈ ਸਰਵੋਤਮ ਹਾਲਾਂ ‘ਚ ਗਿਣਿਆ ਜਾਂਦਾ ਹੈ ਪਰ ਕੁਝ ਦਰਸ਼ਕ ਕਾਫ਼ੀ ਜਿ਼ਆਦਾ ਗੂੰਜਦੀ ਆਵਾਜ਼ ਦੀ ਸਿ਼ਕਾਇਤ ਕਰਦੇ ਵੀ ਨਜ਼ਰ ਆਏ । ਭਾਵੇਂ ਪੰਜਾਬੀ ਮਾਹੌਲ ਅਨੁਸਾਰ ਲੜਾਈ ਦਾ ਤੜਕਾ ਵੀ ਲੱਗਿਆ । ਜੇਕਰ ਇਨ੍ਹਾਂ ਊਣਤਾਈਆਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਏ ਤਾਂ ਕੁੱਲ ਮਿਲਾ ਕੇ ਗਾਇਕ ਆਪਣੀ ਗਾਇਕੀ ਨਾਲ਼ ਮਾਹੌਲ ਬੰਨਣ ‘ਚ ਕਾਮਯਾਬ ਰਹੇ ਤੇ ਇਹ ਇੱਕ ਕਾਮਯਾਬ ਪ੍ਰੋਗਰਾਮ ਹੋ ਨਿੱਬੜਿਆ । ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਨਰਿੰਦਰ ਸਿੰਘ ਬੈਂਸ, ਗੁਰਿੰਦਰਜੀਤ ਸਿੰਘ, ਹੈਰੀ ਅਹੂਜਾ, ਸੌਰਭ ਗਾਂਧੀ, ਸੁਖਜੀਤ ਸਿੰਘ ਭਿੰਡਰ(ਸਾਬ), ਅਨੀਤ ਪਿੰਦਰ, ਸ਼ੈਰੀ, ਅਮਨ, ਹਰਮੀਤ ਘੁੰਮਣ, ਟੋਨੀ,ਸ਼ੇਰਾ ਮਾਨ ਤੇ ਥਾਂਦੀ ਪਰਿਵਾਰ ਦੇ ਸਿਰ ਜਾਂਦਾ ਹੈ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮਹਾਂਵੀਰ ਸਿੰਘ ਗਰੇਵਾਲ, ਸਿੱਪੀ ਗਰੇਵਾਲ, ਬਿੱਕਰ ਸਿੰਘ ਬਰਾੜ,ਪਿਰਤਪਾਲ ਸਿੰਘ ਗਿਲ, ਸੁਲੱਖਣ ਸਿੰਘ ਸਹੋਤਾ, ਉੱਘੇ ਲਿਖਾਰੀ ਮਿੰਟੂ ਬਰਾੜ (ਐਡੀਟਰ ਪੰਜਾਬੀ ਨਿਉਜ਼ ਆਨ ਲਾਇਨ,ਆਸਟ੍ਰੇਲੀਆ,ਸਬ ਐਡੀਟਰ ਦਾ ਪੰਜਾਬ), ਰਿਸ਼ੀ ਗੁਲਾਟੀ (ਐਡੀਟਰ ਸ਼ਬਦ ਸਾਂਝ), ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਸੁਮਿਤ ਟੰਡਨ ਤੇ ਪੱਤਰਕਾਰ ਜੌਲੀ ਗਰਗ ਹਾਜ਼ਰ ਸਨ । ਪ੍ਰੋਗਰਾਮ ਦੇ ਮੁੱਖ ਸਪਾਂਸਰ ਆਸਟ੍ਰੇਲੀਅਨ ਐਡੀਲੇਡ ਇੰਟਰਨੈਸ਼ਨਲ ਕਾਲਜ, ਗਾਂਧੀ ਰੈਸਟੋਰੈਂਟ ਤੇ ਗੌੜਾ ਟ੍ਰੈਵਲਰਜ਼ ਸਨ । 
***


No comments:

Post a Comment