ਦੋਹਾਂ ਮੁਲਕਾਂ ਦੇ ਪੰਜਾਬੀ ਸੁਹਿਰਦ ਹਨ- ਡਾ ਜ਼ਾਹਿਦ.......... ਰੂ ਬ ਰੂ / ਗੁਰਨਾਮ ਗਿੱਲ

ਲੰਡਨ : ਯੂਨੀਵਰਸਿਟੀ ਆਫ ਪੰਜਾਬ, ਲਾਹੌਰ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋ ਡਾ ਇਸਮਤਉੱਲਾ ਜ਼ਾਹਿਦ ਦੀ ਇੰਗਲੈਂਡ ਫੇਰੀ ਦੌਰਾਨ ਉਹਨਾਂ ਨੂੰ ਪੰਜਾਬੀ ਪਿਆਰਿਆਂ ਦੇ ਰੂਬਰੂ ਕਰਵਾਇਆ ਗਿਆ । ਇਸ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਬੰਦੋਬਸਤ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਲੰਡਨ ਵੱਲੋਂ ਪੰਜਾਬੀ ਸੈਂਟਰ, ਲੇਅ ਸਟਰੀਟ ਵਿਖੇ ਕੀਤਾ ਗਿਆ ।

ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਜ਼ਾਹਿਦ ਤੋਂ ਇਲਾਵਾ ਡਾ ਫ਼ਕੀਰ ਮੁਹੰਮਦ ਭੱਟੀ, ਗੁਰਨਾਮ ਗਿੱਲ ਤੇ ਬਲਬੀਰ ਸਿੰਘ ਕੰਵਲ ਸ਼ਾਮਿਲ ਹੋਏ । ਸ਼ੁਰੂ ਵਿੱਚ ਡਾ ਭੱਟੀ ਨੇ ਮਹਿਮਾਨ ਵਿਦਵਾਨ ਨਾਲ਼ ਤੁਆਰਫ਼ ਕਰਾਉਂਦਿਆਂ ਕਿਹਾ ਕਿ ਉਹ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਸਿਰਤੋੜ ਯਤਨ ਕਰਨ ਵਾਲ਼ੇ ਚੁਨਿੰਦਾ ਵਿਦਵਾਨਾਂ ’ਚੋਂ ਇੱਕ ਹਨ । ਉਹਨਾਂ ਨੇ ਪੰਜਾਬੀ ਆਲੋਚਨਾ ਦੀਆਂ ਬਾਰਾਂ ਪੁਸਤਕਾਂ ਤੋਂ ਇਲਾਵਾ ਸੌ ਤੋਂ ਵੱਧ ਖੋਜ ਲੇਖ ਲਿਖੇ ਹਨ ਜਿਨ੍ਹਾਂ ਨੇ ਪਾਕਿ ਦੇ ਅਕਾਦਮਿਕ ਹਲਕਿਆਂ ’ਚ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦੁਆਇਆ ਹੈ । ਡਾ ਇਸਮਤਉੱਲਾ ਜ਼ਾਹਿਦ ਨੇ ਆਪਣੇ ਭਾਸ਼ਨ ’ਚ ਚੜ੍ਹਦੇ ਤੇ ਲਹਿੰਦੇ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ । ਉਹਨਾਂ ਨੇ ਲੇਖਕਾਂ ਵਰਗੇ ਚੇਤੰਨ ਵਰਗ ਨੂੰ ਇਸ ਪਾਸੇ ਗੰਭੀਰ ਹੋਣ ਲਈ ਕਿਹਾ । ਉਹਨਾਂ ਕਿਹਾ ਕਿ ਇੱਕ ਲੇਖਕ ਦੀ ਦ੍ਰਿਸ਼ਟੀ ਵਿਸ਼ਾਲ ਹੋਣੀ ਚਾਹੀਦੀ ਹੈ । ਸਿਆਸਤ ਇੱਕ ਵੱਖਰਾ ਮਸਲਾ ਹੈ ਪਰ ਦੋਹਾਂ ਮੁਲਕਾਂ ਦੇ ਪੰਜਾਬੀ ਸੁਹਿਰਦ ਹਨ । ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ । ਇਸ ਦੌਰਾਨ ਬਲਬੀਰ ਸਿੰਘ ਕੰਵਲ ਦੀ ਖੋਜ ਪੁਸਤਕ ‘ ਪੰਜਾਬ ਦੇ ਪ੍ਰਸਿੱਧ ਰਾਗੀ-ਰਬਾਬੀ ( 1604 ਤੋਂ 2004 )’ ਜਾਰੀ ਕੀਤੀ ਗਈ ।ਸਭਾ ਵੱਲੋਂ ਡਾ ਜ਼ਾਹਿਦ ਤੇ ਡਾ ਭੱਟੀ ਨੂੰ ਮਾਣ ਪੱਤਰ ਭੇਂਟ ਕੀਤੇ ਗਏ ।
ਦੂਸਰੇ ਦੌਰ ‘ਚ ਹੋਏ ਮੁਸ਼ਾਇਰੇ ਦੀ ਸ਼ੁਰੂਆਤ ਡਾ ਇਸਮਤਉੱਲਾ ਜ਼ਾਹਿਦ ਦੀ ਗ਼ਜ਼ਲ ਨਾਲ ਹੋਈ-‘ਗ਼ਰਜ਼ਾਂ ਦੀ ਦੋਸਤੀ ਤੋਂ ਮੈਂ ਤਨ ਮਨ ਵੀ ਵਾਰਿਆ, ਫਿਰ ਵੀ ਮੈਂ ਖੇਡ ਪਿਆਰ ਦੀ ਹਰ ਵਾਰ ਹਾਰਿਆ ।’ ਪ੍ਰਸਿੱਧ ਸ਼ਾਇਰ ਅਮਜਦ ਮਿਰਜ਼ਾ ਮੁਖ਼ਾਤਿਬ ਹੋਏ- ‘ਤੇਰੀ-ਮੇਰੀ ਸਾਂਝੀ ਗੱਲ ਸੀ, ਸਾਂਝੇ ਜਿ਼ਮੀਂ ਅਸਮਾਨ ।’ ਬਲਬੀਰ ਸਿੰਘ ਕੰਵਲ ਤੇ ਡਾ ਜਾਰਜ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ । ਅਸ਼ਫ਼ਾਕ ਹੁਸੈਨ ਨੇ ਉਰਦੂ ਗ਼ਜ਼ਲਾਂ ਨਾਲ ਸਮਾ ਬੰਨ੍ਹਿਆਂ- ‘ਹੈ ਮੇਰੀ ਆਂਖ ਮੇਂ ਸੁਰਖ਼ੀ ਤੋ ਜਾਨ ਲੇ ਜਾਨਾ, ਕਿ ਤੇਰੇ ਅਕ਼ਸ ਕੀ ਰੰਗਤ ਝਲਕ ਗਈ ਹੋਗੀ ।’ ਮੁਹੰਮਦ ਹਨੀਫ਼ ਉਰਫ਼ ਸਾਈਂ ਜੀ ਨੇ ਸੂਫ਼ੀਆਨਾ ਕ਼ਲਾਮ ਨਾਲ ਮਾਹੌਲ ਨੂੰ ਰੰਗਤ ਦਿੱਤੀ । ਗੁਰਨਾਮ ਗਿੱਲ ਤੇ ਰਾਜਿੰਦਰਜੀਤ ਨਵੀਆਂ ਗ਼ਜ਼ਲਾਂ ਨਾਲ ਪੇਸ਼ ਹੋਏ । ਮਹਿਬੂਬ ਅਹਿਮਦ ਮਹਿਬੂਬ ਤੇ ਅਯੂਬ ਔਲੀਆ ਨੇ ਆਪੋ-ਆਪਣੇ ਰੰਗ ਪੇਸ਼ ਕੀਤੇ । ਇੰਦਰ ਸਿੰਘ ਜੰਮੂ (ਸਾਬਕਾ ਮੇਅਰ ), ਜਗਦੇਵ ਸਿੰਘ ਪੁਰੇਵਾਲ, ਮਹਿੰਦਰ ਸਿੰਘ, ਗੁਰਚਰਨ ਸਿੰਘ , ਜਸਵੰਤ ਸਿੰਘ ਛੋਕਰ, ਸੁਰਜੀਤ ਸਿੰਘ ਤੇ ਕਾਮਰਾਨ ਭੱਟੀ ਨੇ ਵੀ ਹਾਜ਼ਰੀ ਲੁਆਈ । ਸਮੁੱਚੇ ਸਮਾਗਮ ਨੂੰ ਰਾਜਿੰਦਰਜੀਤ ਨੇ ਸੰਚਾਲਿਤ ਕੀਤਾ । 

***

No comments:

Post a Comment