ਮੱਖਣ ਬਰਾੜ ਦਾ ਲੰਡਨ ‘ਚ ਸਨਮਾਨ.......... ਸਨਮਾਨ ਸਮਾਰੋਹ

ਪੰਜਾਬ ਪ੍ਰਤੀ ਗੀਤਾਂ ਰਾਹੀਂ ਦਿਲੋਂ ਹਾਅ ਦਾ ਨਾਅਰਾ ਮਾਰਦੈ ਮੱਖਣ ਬਰਾੜ: ਜੱਗੀ ਕੁੱਸਾ, ਖੁਰਮੀ


ਲੰਡਨ : ਪੰਜਾਬੀ ਗੀਤਕਾਰੀ ਵਿੱਚ ਪਾਕ-ਪਵਿੱਤਰ ਸੋਚ ਵਾਲੇ ਗੀਤਾਂ ਦੇ ਰਚੇਤਾ ਵਜੋਂ ਜਾਣੇ ਜਾਂਦੇ ਗੀਤਕਾਰ ਮੱਖਣ ਬਰਾੜ ਮੱਲ ਕੇ ਦਾ ਇੰਗਲੈਂਡ ਪਹੁੰਚਣ 'ਤੇ ਨਿੱਘਾ ਸੁਆਗਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਮੱਖਣ ਬਰਾੜ ਨੇ 'ਆਪਣਾ ਪੰਜਾਬ ਹੋਵੇ', 'ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ', 'ਚੋਰਾਂ ਦੇ ਵੱਸ ਪੈ ਕੇ ਭਾਰਤ ਮਾਂ ਕੁਰਲਾਉਂਦੀ ਆ' ਵਰਗੇ ਸ਼ਾਹਕਾਰ ਗੀਤ ਰਚੇ ਹਨ। ਉਹਨਾਂ ਨੂੰ ਜੀ ਆਇਆਂ ਕਹਿਣ ਹਿਤ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਇੱਕ ਅਦਬੀ ਮਹਿਫ਼ਲ ਦਾ ਆਯੋਜਨ ਕੀਤਾ ਗਿਆ, ਜਿਸ ਸਮੇਂ ਉੱਘੇ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਹਾਜ਼ਰੀਨ ਨਾਲ ਜਾਣ ਪਛਾਣ ਕਰਾਉਂਦਿਆਂ ਕਿਹਾ ਕਿ ਮੱਖਣ ਬਰਾੜ ਦੇ ਗੀਤ 'ਓਹ ਪੰਜਾਬੀ ਨਹੀਂ ਹੁੰਦਾ' ਵਾਂਗ ਜਿਸ ਪੰਜਾਬੀ ਨੂੰ ਅੱਜ ਮੱਖਣ ਬਰਾੜ ਦੇ ਨਾਂਅ ਤੋਂ ਵਾਕਫ਼ੀ ਨਹੀਂ, ਓਹ ਪੰਜਾਬੀ ਨਹੀਂ ਹੋਣਾ। ਮੱਖਣ ਬਰਾੜ ਨੇ ਜਿਸ ਜਿ਼ੰਦਾ-ਦਿਲੀ ਅਤੇ ਨਿੱਡਰਤਾ ਨਾਲ ਪੰਜਾਬ ਦੇ ਹਰ ਦਰਦ ਨੂੰ ਗੀਤਾਂ ਰਾਹੀਂ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ, ਉਹ ਗੱਲਾਂ ਨਾਵਲਾਂ ਰਾਹੀਂ ਵੀ ਕੀਤੀਆਂ ਜਾਣੀਆਂ ਮੁਸ਼ਕਿਲ ਲੱਗਦੀਆਂ ਹਨ। ਇਸ ਸਮੇਂ ਨੌਜਵਾਨ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਜਿੱਥੇ ਅੱਜ ਪੰਜਾਬ ਦੇ ਜੁਗਾੜ-ਲਾਊ ਗਾਇਕ ਅਤੇ ਗੀਤਕਾਰ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਮਾਸ਼ੂਕਾਂ ਬਣਾਉਣ ਦੇ ‘ਆਹਰ’ ‘ਚ ਰੁੱਝੇ ਹੋਏ ਹਨ, ਉਥੇ ਮੱਖਣ ਬਰਾੜ ਇਕ ਅਜਿਹਾ ਹਸਤਾਖ਼ਰ ਹੈ, ਜਿਸ ਨੇ ਸਿਰਫ਼ ਅਤੇ ਸਿਰਫ਼ ਜੇ ਕੁਝ ਲਿਖਿਆ ਹੈ, ਤਾਂ ਉਸ ਵਿਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੰਦਲੀ ਮਹਿਕ ਆਉਂਦੀ ਹੈ। ਇਸ ਸਾਦੇ, ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੁਲਾਰਿਆਂ ਨੇ ਇੰਗਲੈਂਡ ਦੀ ਯੂਨੀਵਰਸਿਟੀ ਵੱਲੋਂ ਪੰਜਾਬੀ ਸੱਭਿਆਚਾਰ ਦੇ ਸਰਵਣ ਪੁੱਤ ਗਾਇਕ ਗੁਰਦਾਸ ਮਾਨ ਨੂੰ ਡਾਕਟਰੇਟ ਦੀ ਉਪਾਧੀ ਨਾਲ ਨਿਵਾਜਣ ‘ਤੇ ਜਿੱਥੇ ਗੁਰਦਾਸ ਮਾਨ ਸਮੇਤ ਸਮੂਹ ਪੰਜਾਬੀਆਂ ਨੂੰ ਮੁਬਾਰਕਵਾਦ ਪੇਸ਼ ਕੀਤੀ, ਉਥੇ ਹੁਣ ਤੱਕ ਦੀਆਂ ਪੰਜਾਬ ਸਰਕਾਰਾਂ ਨੂੰ ਉਲਾਂਭਾ ਵੀ ਦਿੱਤਾ ਕਿ ਅਸੀਂ ਉਹਨਾਂ ਨੂੰ ਕਿਸੇ ਫ਼ਨਕਾਰ ਦੇ ਜਹਾਨੋਂ ਕੂਚ ਕਰਨ ਉਪਰੰਤ ਮੇਲੇ ਲਾਉਣ ਨਾਲੋਂ ਉਹਨਾਂ ਦਾ ਜਿਉਂਦੇ ਜੀਅ ਸਨਮਾਨ ਕਰਨ ਵੱਲ ਇਮਾਨਦਾਰੀ ਨਾਲ ਧਿਆਨ ਦੇਣ! ਇਸ ਤੋਂ ਇਲਾਵਾ ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ, ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ, ਹਰਪ੍ਰੀਤ ਰੱਲਾ ਸੰਗਰੂਰ, ਰਵੀ ਨੱਥੋਵਾਲ ਆਦਿ ਨੇ ਵੀ ਆਪਣੇ ਵੱਲੋਂ ਸ਼ਾਬਦਿਕ ਹਾਜ਼ਰੀ ਲਗਵਾਈ। ਧੰਨਵਾਦੀ ਸ਼ਬਦ ਬੋਲਦਿਆਂ ਮੱਖਣ ਬਰਾੜ ਨੇ ਸ਼ਾਇਰਾਨਾ ਅੰਦਾਜ਼ ਰਾਹੀਂ ਬੋਲਦਿਆਂ ਕਿਹਾ ਕਿ 'ਜਿਸ ਗੀਤ 'ਚੋਂ ਨੰਗੇਜ਼ ਦੀ ਝਲਕ ਆਉਂਦੀ, ਸਮਝ ਲੈਣਾ ਕਿ ਓਹ ਮੱਖਣ ਬਰਾੜ ਦਾ ਨਹੀਂ' ਉਹਨਾਂ ਵਾਅਦਾ ਕੀਤਾ ਕਿ ਫ਼ੋਕੀ ਸ਼ਹੁਰਤ ਖਾਤਰ ਓਹ ਆਪਣੇ ਰਾਹ ਤੋਂ ਭਟਕਣਗੇ ਨਹੀਂ, ਸਗੋਂ ਸੱਚ ਨੂੰ ਆਪਣੀ ਕਲਮ ਰਾਹੀਂ ਉਜਾਗਰ ਕਰਦੇ ਰਹਿਣਗੇ। ਇਸ ਸਮੇਂ ਜਿੱਥੇ ਉਹਨਾਂ ਨੂੰ ਡਾ: ਆਲਮ ਦੁਆਰਾ ਰਚਿਤ ਕਾਵਿ-ਸੰਗ੍ਰਹਿ ਦਾ ਸੈੱਟ ਭੇਂਟ ਕੀਤਾ ਗਿਆ ਓਥੇ ਮੱਖਣ ਬਰਾੜ ਦੀ ਸ਼ੇਅਰੋ ਸ਼ਾਇਰੀ 'ਤੇ ਆਧਾਰਿਤ ਬਣੀ ਵੀ.ਸੀ.ਡੀ. 'ਵਿਰਾਸਤ' ਵੀ ਰਿਲੀਜ਼ ਕੀਤੀ ਗਈ।



No comments:

Post a Comment