ਕਵਿਤਾ ,ਗਜ਼ਲ ਤੇ ਗੀਤਾਂ ਦਾ ਸੰਗ੍ਰਿਹ “ਦਿਲ ਦਾ ਦਰਪਣ”......... ਰੀਵਿਊ / ਮੁਹਿੰਦਰ ਸਿੰਘ ਘੱਗ

ਡਾਕਟਰ ਦਵਿੰਦਰ ਦਿਲਰੂਪ
ਫ਼ਸਟਵਰਡ ਪਬਲੀਕੇਸ਼ਨਜ਼
ਪੰਨੇ 96, ਕਵਿਤਾ ਗਜ਼ਲ ਤੇ ਗੀਤ 85

2004 ਵਿਚ ਦਵਿੰਦਰ ਦਿਲਰੂਪ ਨੇ “ ਦਿਲ ਦਾ ਦਰਪਣ “ ਕਾਵ ਸੰਗ੍ਰਿਹ ਨਾਲ ਪੰਜਾਬੀ ਪੁਸਤਕ ਜਗਤ ਨਾਲ ਸਾਂਝ ਪਾਈ ਸੀ। 2008 ਵਿਚ ਛਪਿਆ ਉਸ ਦਾ ਦੂਜਾ ਕਾਵ ਸੰਗ੍ਰਿਹ “ ਚਾਨਣ ਦਾ ਟਿੱਕਾ “ ਇਸ ਗੱਲ ਦੀ ਗਵਾਹੀ ਹੈ ਕਿ ਉਹ ਰਵਾਨਗੀ ਵਿਚ ਹੈ, ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦਵਿੰਦਰ ਦਿਲਰੂਪ ਕੁਝ ਹੋਰ ਪੁਸਤਕਾਂ ਨਾਲ ਇਸ ਸਾਂਝ ਨੂੰ ਹੋਰ ਪਕੇਰਿਆਂ ਕਰੇਗੀ।

ਡਾਕਟਰ ਦਵਿੰਦਰ ਇਕ ਵਿਗਿਆਨੀ ਹੈ। ਡਿਗਰੀ ਹਾਸਲ ਕਰਨ ਉਪਰੰਤ ਪੀ. ਏ. ਯੂ. ਵਿਚ ਅਧਿਆਪਕਾ ਹੈ। ਵਿਦਿਆਰਥੀ ਜੀਵਨ ਵਿਚ ਖੁਦ ਖੋਜ ਪਤ੍ਰ ਲਿਖਦੀ ਸੀ ਹੁਣ ਅਧਿਆਪਕਾ ਦੇ ਰੂਪ ਵਿਚ ਹਰ ਰੋਜ਼ ਆਪਣੇ ਵਿਦਿਆਰਥੀਆਂ ਦੇ ਖੋਜ ਪਤ੍ਰ ਵਾਚਦੀ ਹੈ। ਸਾਇਂਸ ਦੇ ਰੁਖੇ ਮਜ਼ਮੂਨ ਨਾਲ ਦਿਨ ਰਾਤ ਦਾ ਵਾਸਤਾ ਹੋਣ ਦੇ ਨਾਲ ਨਾਲ ਕਵਿਤਾ ਵਰਗੀ ਸੂਖਮ ਕਲਾ ਨੂੰ ਛੋਹਿਆ ਹੈ ਵਧਾਈ ਦੀ ਪਾਤਰ ਹੈ।
ਦਵਿੰਦਰ ਦਿਲਰੂਪ ਦੀ ਪਲੇਠੀ ਪੁਸਤਕ “ਦਿਲ ਦਾ ਦਰਪਣ” ਦਾ ਕਵਰ ਮੋਸਮ ਖ਼ਜ਼ਾਂ ਦਾ ਦ੍ਰਿਸ਼ ਪੇਸ਼ ਕਰਦਾ ਹੈ ੇ ਹਰਿਆਵਲ ਦੀ ਅਣਹੋਂਦ ਕਾਰਨ ਹਰ ਪਾਸੇ ਉਦਾਸੀ ਹੀ ਉੁਦਾਸੀ ਹੈ। ਪਸ਼ੂ ਪੰਛੀ ਬਨਸਪਤ ਸਭ ਮੋਸਮ ਬਹਾਰ ਦੀ ਉਡੀਕ ਵਿਚ ਹਨ ਜਿਸਦਾ ਸਮਾਂ ਨਿਸਚਤ ਹੈ। ਬਹਾਰ ਆਉਣ ਤੇ ਚਹਿਲ ਪਹਿਲ ਹੋ ਜਾਂਦੀ ਹੈ। ਬਨਸਪਤ ਖਿੜ ਉਠਦੀ ਹੈ ਪਰਿੰਦ ਵਲੋਂ ਚੀਂ ਚੀਂ ਚਾਂ ਚਾਂ ਦਾ ਰਾਗ ਅਤੇ ਚਰਿੰਦ ਦੀ ਉਛਲ ਕੂਦ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹਨਾਂ ਦੀ ਉਡੀਕ ਦਾ ਸਵਾਮੀ ਪ੍ਰਗਟ ਹੋ ਗਿਆ ਹੈ। । ਦਵਿੰਦਰ ਦਿਲਰੂਪ ਦੀਆਂ ਕਵਿਤਾਵਾਂ ਵਿਚ ਵੀ ਉਦਾਸੀ ਦੀ ਝਲਕ ਹੈ ਵਸਲ ਦੀ ਤੜਪ ਹੈ ਓਪਰੀ ਅਖ ਨਾਲ ਦੇਖਿਆਂ ਇਸ ਸੰਗ੍ਰਿਹ ਦੀਆਂ ਬਹੁਤੀਆਂ ਕਵਿਤਾਵਾਂ ਭਾਵੇਂ ਪਿਆਰ ਕਵਿਤਾਵਾਂ ਲਗਦੀਆਂ ਹਨ ਇਸ਼ਕ ਮਜਾਜੀ ਦੀ ਗੱਲ ਕਰਦੀਆਂ ਲਗਦੀਆਂ ਹਨ ਜਿਸ ਦੀ ਮੰਜ਼ਲ ਇਸ਼ਕ ਹਲਾਲੀ (ਦੋ ਪਿਆਰ ਕਰਨ ਵਾਲਿਆਂ ਨੂੰ ਜਦ ਸਮਾਜ ਕਬੂਲ ਲਵੇ) ਤਕ ਮਹਿਦੂਦ ਹੁੰਦਾ ਹੈ ਪਰ ਫਿਰ ਵੀ
ਕਿਸੇ ਕਵਿਤਾ ਵਿਚ ਦਿਵਿੰਦਰ ਦਿਲਰੂਪ ਨੇ ਇਸ਼ਕ ਮਜ਼ਾਜੀ ਨੂੰ ਇਸ਼ਕ ਹਲਾਲੀ ਤਕ ਲਿਜਾਣ ਦੀ ਗੱਲ ਨਹੀ ਕਹੀ ਦਰ ਅਸਲ ਇਸ ਕਾਵ ਸੰਗ੍ਰਿਹ ਦੀਆਂ ਕਵਿਤਾਂਵਾਂ ਤਾਂ ਭਗਤ ਜਨਾਂ ਦੇ ਰਬ ਨਾਲ ਇਕ ਪਾਸੜੇ ਪਿਆਰ ਦੀ ਝਲਕ ਪੇਸ਼ ਕਰਦੀਆਂ ਹਨ, ਕਿਦਾਂ ਭਗਤ ਸਾਰੀ ਉਮਰ ਉਸ ਅਣਡਿਠ ਸ਼ਕਤੀ “ਰਬ” ਦੀ ਇਕ ਝਲਕ ਲਈ ਤਰਸਦੇ ਹਨ। ਦਵਿੰਦਰ ਨੇ ਹਿਜਰ ਅਤੇ ਵਸਲ ਦੇ ਵਿਚਕਾਰ ਵਾਲੇ ਲਮੇ ਸਮੇਂ ਦੀ ਤਾਂਘ ਨੂੰ ਪਰਭਾਵਸ਼ਾਲੀ ਭਾਸ਼ਾ ਵਿਚ ਬਿਆਨ ਕਰਨ ਦਾ ਯਤਨ ਕੀਤਾ ਹੈ । ਬਹਾਰ ਦੀ ਖੁਸ਼ਹਾਲੀ ਦੀ ਲਮੀ ਉਡੀਕ ਕਾਰਨ ਪੱਤਝੜ ਦੀ ਉਦਾਸੀ ਹਾਵੀ ਹੋਣ ਕਾਰਨ ਕੁਝ ਸਿ਼ਕਵੇ ਕੁਝ ਸ਼ਕਾਇਤਾਂ ਭਾਰੂ ਨਜ਼ਰ ਆੳਂਦੀਆਂ ਹਨ। ਇਕ ਪਾੱਸੇ ਬਿਰਹੌਂ ਦੀ ਤੜਪ ਸਤਾ ਰਹੀ ਹੁੰਦੀ ਹੈ ਦੂਸਰੇ ਪਾਸੇ ਮਾਇਆ ਵਿਚ ਖਚਤ ਜਗਤ ਦੇ ਮੇਹਣੇ ਤਾਹਨੇ।
ਜਿੱਧਰ ਨਜ਼ਰ ਮਾਰਾਂ ਹੈ ਉੁਦਾਸ ਰਾਹਾਂ
ਚਾਰੇ ਪਾਸੇ ਉਦਾਸੀਆਂ ਛਾਈਆਂ ਨੇ
ਨਜ਼ਰ ਆਉਂਦਾ ਨਾ ਉਹ ਮੈਂ ਭਾਲ ਥੱਕੀ
ਨਜ਼ਰ ਆਊਂਦੀਆਂ ਬੱਸ ਪਰਛਾਈਆਂ
------
ਕੁਝ ਮੈਂ ਖੁਦ ਨੂੰ ਮਾਰ ਲਿਆ
ਤੇ ਕੁਝ ਮੇਰੀ ਤਨਹਾਈ ਨੇ

ਕੁਝ ਤਾਂ ਰੱਬ ਦੇ ਕਹਿਰ ਨੇ ਯਾਰਾ
ਤੇ ਕੁਝ ਤੇਰੀ ਜੁਦਾਈ ਨੇ

ਕੁਝ ਤਾਂ ਮੇਰੇ ਹੰਝੂਆਂ ਨੇ 
ਤੇ ਬਾਕੀ ਜਗ-ਹਸਾਈ ਨੇ
-----
ਕਦੇ ਬਖਸ਼ਦਾ ਹੈਂ ਤੂੰ ਫੁਲ ਬਣ ਕੇ ਖੇੜੇ
ਕਦੇ ਬਣ ਕੇ ਕੰਡਾ ਤੂਂ ਦਿਲ ਚੀਰ ਜਾਮੈ
ਕਦੇ ਬਣ ਕੇ ਦੀਪਕ ਤੂੰ ਚੀਰੇਂ ਹਨ੍ਹੇਰੇ
ਕਦੇ ਲਾਟ ਉਸ ਦੀ ਵਿਚ ਮੈਨੂੰ ਜਲਾਵੇਂ
ਕਦੇ ਮੇਰੇ ਅੰਗ ਸੰਗ ਵਸੇਂ ਰੱਬ ਵਾਂਗੂੰ
ਕਦੇ ਮੇਰੇ ਨੈਣਾ ਤੋਂ ਉਹਲੇ ਹੋ ਜਾਵੈਂ
ਕਦੇ ਮਿਠੀ ਵਾ ਬਣ ਕੇ ਮੈਨੂੰ ਪਲੋਸੇਂ
ਕਦੇ ਬਣ ਕੇ ਝਖੜ ਤੂੰ ਮੈਨੂੰ ਰੁਲਾਵੇਂ
ਕਦੇ ਮੇਰੇ ਦਿਲ ਦੀ ਨ ਇਕ ਬਾਤ ਬੁੱਝੇਂ
ਕਦੇ ਇਸ ਦਿਲ ਦਾ ਤੂੰ ਦਰਪਣ ਕਹਾਵੇਂ
ਗੁਰਬਾਣੀ ਤੋਂ ਕੁਝ ਉਧਾਰਨਾ ਦੇਣ ਤੋਂ ਪਹਿਲਾਂ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਹਾਂ ਕਿ ਮੇਂ ਦਿਵਿੰਦਰ ਦੀ ਲਿਖਤ ਦਾ ਗੁਰਬਾਣੀ ਨਾਲ ਮੁਕਾਬਲਾ ਨਹੀਂ ਕਰ ਰਿਹਾ ਵਸਲ ਦੀ ਉਡੀਕ ਵਿਚ ਜੋ ਭਗਤਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਅਤੇ ਜੋ ਇਕ ਲੇਖਕਾ ਨੇ ਲਿਖਿਆ ਹੈ ਉਸ ਦਾ ਅੰਤਰ ਸਮਝ ਆ ਸਕੇ। 
ਬਾਬਾ ਫਰੀਦ ਜੀ ਦਾ ਸਲੋਕ ਹਿਜਰ ਅਤੇ ਵਸਲ ਦੇ ਵਿਚਕਾਰਲੇ ਸਮੇਂ ਨੂੰ ਕਿਨੀ ਸੁੰਦਰਤਾ ਨਾਲ ਬਿਆਨ ਕਰਦਾ ਹੈ।

ਫਰੀਦਾ ਤਨੁ ਸੁਕਾ ਪਿੰਜਰ ਥੀਆ ਤਲੀਆਂ ਖੂੰਡਹਿ ਕਾਗ॥
ਅਜੈ ਸੂ ਰਬੁ ਨ ਬਾਹੁੜਿਓ ਦੇਖ ਬੰਦੇ ਦੇ ਭਾਗ॥

ਕਬੀਰ ਸਾਹਿਬ ਦੀ ਮੰਗ ਦੀਦਾਰ ਦੀ ਭੁਖ ਹੈ ਨ ਕਿ ਖਾਣ ਪੀਣ ਦੀ
ਭੂਖੇ ਭਗਤ ਨਾ ਕੀਜੇ ਯਿਹ ਮਾਲਾ ਅਪਨੀ ਲੀਜੇ

ਭਗਤ ਨਾਮ ਦੇਵ ਜੀ ਦੀ ਪੁਕਾਰ 
ਮੋਏ ਹੋਏ ਜੀਊ ਮੁਕਤਿ ਦੇਹਗੇ ਮੁਕਤਿ ਨ ਜਾਨੇ ਕੋਇਲਾ॥
ਏ ਪੰਡੀਆ ਮੋਕਉ ਢੰਢ ਕਹਤ ਤੇਰੀ ਪੈਜ ਪਿਡੰਊਡੀ ਹੋਇਲਾ॥
ਹੇ ਪ੍ਰਭੂ ਮਰੇ ਹੋਏ ਨੂੰ ਮੁਕਤੀ ਮਿਲੀ ਤਾਂ ਕਿਸ ਕੰਮ 
ਜੇ ਹੁਣ ਨਾ ਪ੍ਰਗਟ ਹੋਇਓਂ ਤਾਂ ਤੇਰੀ ਹੀ ਬਦਨਾਮੀ ਹੋਵਿਗੀ

ਇਸ਼ਕ ਹਕੀਕੀ ਵਾਲੇ ਇਕ ਆਸ ਦੇ ਸਹਾਰੇ ਸਾਰਾ ਜੀਵਨ ਬਤੀਤ ਕਰ ਦਿੰਦੇ ਹਨ
ਬਾਬਾ ਫਰੀਦ ਜੀ ਦਾ ਅਗਲਾ ਸ਼ਲੋਕ ਹਕੀਕੀ ਇਸ਼ਕ ਦੀ ਇੰਤਹਾ ਹੈ।
ਕਾਗਾ ਕਰਗ ਢਢੋਰਿਆ ਸਗਲਾ ਖਾਇਆ ਮਾਸੁ॥
ਏ ਦੁਇ ਨੈਨਾ ਮਤ ਛੁਹਊ ਪਿਰ ਦੇਖਨ ਕੀ ਆਸ॥ 

ਭਗਤ ਰਵਿਦਾਸਜੀ ਦੀ ਬੇਨਤੀ ਹੈ
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥

ਉਡੀਕ ਅਤੇ ਮਿਲਣ ਦੀ ਆਸ ਬਾਰੇ ਦਵਿੰਦਰ ਦਿਲਰੂਪ “ਇਕ ਆਸ “ਕਵਿਤਾ ਵਿਚ ਲਿਖਦੀ ਹੈ।
ਅੰਦਰ ਨ੍ਹੇਰ ਮੇਰੇ,ਬਾਹਰ ਨ੍ਹੇਰ ਮੇਰੇ
ਫਿਰ ਵੀ ਰੌਸ਼ਨੀ ਦੀ ਹਾਲੇ ਆਸ ਮੈਨੂੰ
ਉਸਦੀ ਦੀਦ ਖ਼ਾਤਿਰ ਹੀ ਮੈਂ ਜੀ ਰਹੀ ਹਾਂ
ਜਿਸਦੇ ਮਿਲਣ ਦੀ ਬਹੁਤ ਹੈ ਪਿਆਸ ਮੈਨੂੰ
------
ਕਰ ਰਹੀ ਬੇਸਬਰੀ ਨਾਲ ਮੈਂ ਹਰ ਘੜੀ ਉਸਦਾ ਇੰਤਜ਼ਾਰ
ਗੁਰਬਾਣੀ ਦਾ ਫੁਰਮਾਨ ਹੈ 
ਹਓਂ ਤੁਮਰੀ ਕਰਊਂ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੋ

ਜਦ ਮੇਹਰ ਹੋ ਜਾਏ ਤਾਂ ਅਗੱਮੀ ਸ਼ਕਤੀ ਦੇ ਦਿਆਲ ਹੁੰਦਿਆ ਹੀ ਅੰਦਰੋ ਇਕ ਹੂਕ ਉਠਦੀ ਹੈ ਤਾਂ ਬੰਦਾ ਪੁਕਾਰ ਉਠਦਾ ਹੈ।
“ ਜਿਧਰ ਦੇਖਤਾ ਹੂੰ ਉਧਰ ਤੂ ਹੀ ਤੂ ਹੈ “
ਗੁਰਬਾਣੀ ਦਾ ਫੁਰਮਾਨ ਹੈ “ ਖਾਲਕ ਖਲਕ ਖਲਕ ਮੇ ਖਾਲਕ ਰਵ ਰਿਹਾ ਸਭ ਥਾਈਂ “

ਦਵਿੰਦਰ ਦਿਲਰੂਪ ਨੇ ਵੀ ਆਪਣੇ ਮਨ ਅੰਦਰ ਆਪਣੇ ਪਿਆਰੇ ਦਾ ਜੋ ਅਕਸ ਤਿਆਰ ਕੀਤਾ ਹੈ ਉਸ ਦੀ ਝਲਕ ਉਸਦੀ ਕਵਿਤਾ ਚੋਂ ਦੇਖੀ ਜਾ ਸਕਦੀ ਹੈ।

ਕੀ ਕਹਾਂ ਮੈਂ ਉਸ ਨੂੰ 
ਉਹ ਫੁਲ ਵੀ ਹੈ ਜੋਤ ਵੀ

ਪਿਆਰ ਦਾ ਨਗਮਾਂ ਵੀ ਹੈ 
ਤੇ ਦਰਦ ਭਰੀ ਸੋਚ ਵੀ

ਲ਼ਾਵੇ ਮਰਹਮ ਪਿਆਰ ਦੀ
ਮਾਰੇ ਬਿਰ੍ਹੋਂ ਦੀ ਨੋਕ ਵੀ

ਸਮਝੋ ਤਾਂ ਜੀਵਨ ਹੈ ਦਿਲ
ਨਾ ਸਮਝੀਏ ਤਾਂ ਮੌਤ ਵੀ

ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਸ ਦਾ ਪਿਆਰ , ਅਤੇ ਦੀਦ ਦੀ ਤੜਪ ਕਿਸੇ ਅਗੱਮੀ ਤਾਕਤ ਲਈ ਹੈ। ਜਿਸ ਦਾ ਐਹਸਾਸ ਦਵਿੰਦਰ ਗੁਰਬਾਣੀ ਦੇ ਫੁਰਮਾਨ “
“ ਘਟ ਘਟ ਮੇਂ ਹਰ ਜੂ ਵਸੇ ਸੰਨਤਨ ਕਹੇਂ ਪੁਕਾਰ “ ਦੇ ਅਨੁਸਾਰ ਕੁਦਰਤ ਰਾਣੀ ਵਿਚ ਕਰਨ ਲੱਗ ਪਈ ਹੈ। 
ਸੰਜੋਗ ਅਤੇ ਵਿਯੋਗ , ਮੇਲ ਤੇ ਵਿਛੋੜਾ ਇਕ ਵਿਚ ਅੰਤਾਂ ਦੀ ਖੁਸ਼ੀ ਅਤੇ ਦੂਸਰੇ ਵਿਚ ਅੰਤਾਂ ਦਾ ਦੁਖ। ਜੁਦਾਈ ਦੇ ਦੁਖ ਨੂੰ ਧੰਨੀ ਰਾਮ ਚਾਤ੍ਰਕ ਬਿਆਨ ਕਰਦਾ ਲਿਖਦਾ ਹੈ।
ਰੁੜ੍ਹਦੇ ਜਾਣ ਪਤ੍ਰ ਗੋਤੇ ਖਾਣ ਪਥਰ ਉਠ ਦੀ ਚੀਕ ਜਦ ਮੇਰੀ ਦੁਹਾਈ ਦੀ ਏ। ਬੇ ਜੁ਼ਬਾਨ ਪੰਛੀ ਵੀ ਕੁਰਲਾਟ ਪਾ ਪਾ ਆਖਣ ਡਾਡ੍ਹੀ ਮੁਸੀਬਤ ਜੁਦਾਈ ਦੀ ਏ।
ਭਗਤ ਜਨ ਜਦ ਉਸ ਦੈ ਭਾਣੇ ਵਿਚ ਆ ਜਾਂਦੇ ਹਨ ਤਾਂ ਆਪਣਾ ਆਪ ਸੱਮਰਪਣ ਕਰਦੇ ਹੋਏ 
ੳਾਖਦੇ ਹਨ। ਜਿਓਂ ਭਾਵੈ ਤਾਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਭਾਬਾ ਨਾਨਕ ਦਾ ਸ਼ਬਦ “ ਦੁਖ ਸੁਖ ਦੋਵੇਂ ਕਪੜੇ ਇਹ ਜਗ ਪੈਹਨਣ ਹਾਰ “
ਉਹਨਾ ਦਾਂ ਸਹਾਰਾ ਬਣਜਾਂਦਾ ਹੈ।
ਸਭੇ ਇਛਾਂ ਪੂਰੀਆਂ ਜੇ ਸਤਗੁਰ ਨਦਰ ਕਰੇ ਦੇ ਫੁਰਮਾਨ ਮੁਤਾਬਕ ਜਦ ਉਸਦੀ ਮੇਹਰ ਹੋ ਜਾਏ ਤਾਂ ਆਤਮਾਂ ਨਿਹਾਲ ਨਿਹਾਲ ਹੋ ਜਾਂਦੀ ਹੈ।
ਦਵਿੰਦਰ ਦੀਦ ਹੋਣ ਤੇ ਹੋਈ ਖੁਸ਼ੀ ਨੂੰ ਪ੍ਰਗਟ ਕਰਦੀ ਆਖਦੀ ਹੈ।
ਠੰਢ ਪੈ ਗਈ ਅੱਖੀਆਂ ਤਰਸੀਆਂ ਨੁੰ 
ਜਦੋਂ ਆ ਕੇ ਤੂੰ ਦੀਦਾਰ ਦਿੱਤਾ।
ਭੁਲ ਗਈ ਮੈਂ ਦੁਨੀਆਂ ਦੇ ਦੁੱਖ ਸਾਰੇ
ਤੜਪੀ ਰੂਹ ਨੂੰ ਇੰਝ ਕਰਾਰ ਦਿਤਾ।

ਕਬੀਰ ਜੀ ਦਾ ਸਲੋਕ ਹੈ
ਕਬੀਰ ਮਨੁ ਨਿਰਮਲ ਭਇਆ ਜੈਸਾ ਗੰਗਾ ਨੀਰ॥
ਪਾਛੇ ਲਾਗੇ ਹਰ ਫਿਰੈ, ਕਹਿਤ ਕਬੀਰ ਕਬੀਰ

ਭਗਤ ਰਵਿਦਾਸ ਜੀ ਅਨਭਵ ਹੋਏ ਤੇ ਆਖਦੇ ਹਨ
ਤੋ ਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ॥
ਕਨ ਕਟਕ ਜਲ ਤਰੰਗ ਜੈਸਾ॥
ਕਈ ਦਫਾ ਪੜ੍ਹਨ ਉਪਰੰਤ ਅਤੇ ਗਿਆਨੀ ਚਰਨਜੀਤ ਸਿੰਘ ਜੀ ਮੋਰਿੰਡਾ ਦੀ ਸਹਾਇਤਾ ਨਾਲ ਜੋ ਸਮਝ ਪਈ ਉਹ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਗਿਆਨੀ ਜੀ ਦੇ ਵਿਚਾਰ ਅਨੁਸਾਰ
ਮਰਦ ਲੇਖਕ ਅਤੇ ਇਸਤ੍ਰੀ ਲੇਖਕ ਦੀ ਲਿਖਤ ਨੂੰ ਨਾਪਣ ਲਈ ਦੋ ਵਖਰੇ ਮੀਟਰ ਵਰਤੇ ਜਾਂਦੇ ਹਨ।
ਮਸਾਲ ਦੇ ਤੌਰ ਤੇ ਭਾਈ ਵੀਰ ਸਿੰਘ ਦੀ ਕਵਿਤਾ।
ਆਪੇ ਨੀ ਅਜ ਰਾਤ ਸਜਣ ਨੇ ਸਾਨੂੰ ਫੜ ਘੁਟ ਰਖਿਆ
ਵਸਲ ਮਾਹੀ ਦਾ ਛੋਹ ਮਾਹੀ ਦਾ ਅਜ ਅਸਾਂ ਨੇ ਚਖਿਆ।
ਇਸ਼ਕ ਹਕੀਕੀ ਗਿਣੀ ਜਾਵੇਗੀ ਪਰ ਜੇ 
ਇਹੋ ਕਵਿਤਾ ਜੇ ਕੋਈ ਕਵਿਤ੍ਰੀ ਲਿਖੇਗੀ ਤਾਂ ਕਈ ਮਨਚਲੇ ਐਵੇਂੇ ਮੁਛਾ ਨੂੰ ਤਾਅ ਦੇਈ ਜਾਣਗੇ।
ਗਿਆਨੀ ਜੀ ਆਖਣ ਲਗੇ 
ਦਵਿੰਦਰ ਨੇ ਕਵਿਤਾਵਾਂ ਵਿਚ ਕੋਈ ਲੇਪਾ ਪੋਚੀ ਨਹੀ ਂਕੀਤੀ ਆਪ ਮੁਹਾਰੇ ਉਮਡੀਆਂ ਤਰੰਗਾ ਨੂੰ ਹੀ ਕਲਮ ਬੰਦ ਕੀਤਾ ਹੈ। ਦਵਿੰਦਰ ਕੋਲ ਕਾਵ ਕਲਾ ਹੈ ਸ਼ਬਦ ਹਨ ਅਗਰ ਗੁਰਬਾਣੀ ਦੇ ਫੁਰਮਾਨ “ਨਾਨਕ ਆਸ਼ਕ ਗਾਂਢੀਐ ਸਦ ਹੀ ਰਹੇ ਸਮਾਏ।” ਮਨਦਿਆਂ ਕਿਤੇ ਅਧਿਆਤਮਕ ਪਖ ਨੂੰ ਉਜਾਗਰ ਕਰਨ ਲਗ ਜਾਵੇ ਤਾ “ ਹਰ ਹਰ ਜਨ ਦੋਇ ਏਕ ਹੈਂ ਬਿਬਿ ਬਿਚਾਰ ਕਛੂ ਨਾਹਿ॥ “ ਦੀ ਉਪਾਧੀ ਹਾਸਲ ਕਰ ਸਕਦੀ ਹੈ। 
***

No comments:

Post a Comment