ਐਡੀਲੇਡ ਵਿਖੇ ਗਿਆਨੀ ਸੰਤ ਸਿੰਘ ਪਾਰਸ ਦੇ ਢਾਡੀ ਜਥੇ ਨੇ ਕੀਤਾ ਸੰਗਤਾਂ ਨੂੰ ਨਿਹਾਲ……… ਧਾਰਮਿਕ ਸਮਾਗਮ / ਕਰਨ ਬਰਾੜ

ਐਡੀਲੇਡ : ਗੁਰਦੁਆਰਾ ਸਰਬੱਤ ਖਾਲਸਾ ਪ੍ਰਾਸਪੈਕਟ, ਐਡੀਲੇਡ ਵਿਖੇ ਪ੍ਰਸਿੱਧ ਢਾਡੀ ਗਿਆਨੀ ਸੰਤ ਸਿੰਘ ਪਾਰਸ ਦੇ ਜਥੇ ਵਲੋਂ 26 ਤੋਂ 29 ਜੁਲਾਈ ਤੱਕ ਗੁਰੂ ਇਤਿਹਾਸ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਉਹਨਾਂ ਦੀਆਂ ਢਾਡੀ ਵਾਰਾਂ ਸੁਨਣ ਲਈ ਦੂਰੋਂ ਨੇੜਿਓਂ ਐਡੀਲੇਡ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਗੁਰੂਦੁਵਾਰਾ ਸਾਹਿਬ ਪਹੁੰਚੀਆਂ।ਸੰਤ ਸਿੰਘ ਪਾਰਸ ਦੇ ਢਾਡੀ ਜਥੇ ਨੇ ਗੁਰੂ ਇਤਿਹਾਸ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੀਆਂ ਗੱਲਾਂ ਬਾਰੇ ਚਾਨਣਾ ਪਾਉਂਦੇ ਹੋਏ ਸਿੱਖ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਉਹਨਾਂ ਦੁਆਰਾ ਸੁਣਾਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਕੇ ਨੂੰ ਸੰਗਤਾਂ ਨੇ ਬੜੇ ਭਾਵੁਕ ਮਨ ਤੇ ਸ਼ਰਧਾ ਭਾਵਨਾ ਨਾਲ ਸੁਣਿਆ। ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੁੜਣ ਅਤੇ ਨਸ਼ਿਆਂ ਤੋਂ ਰਹਿਤ ਰਹਿਣ ਲਈ ਪ੍ਰੇਰਿਆ।ਜਿੱਥੇ ਉਹਨਾਂ ਆਸਟ੍ਰੇਲੀਆ ਰਹਿੰਦੀਆਂ ਸਿੱਖ ਸੰਗਤਾਂ ਦਾ ਗੁਰੂ ਘਰ ਨਾਲ ਪਿਆਰ ਦੇਖ ਕੇ ਖੁਸ਼ੀ ਜ਼ਾਹਿਰ ਕੀਤੀ ਕਿ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖੀ ਦੀ ਸ਼ਾਨ ਬਰਕਰਾਰ ਰੱਖੀ ਹੈ, ਓਥੇ ਪੰਜਾਬ ਵਿੱਚ ਰਹਿੰਦੇ ਨੌਜਵਾਨਾਂ ਦੁਆਰਾ ਕੀਤੇ ਜਾਂਦੇ ਨਸ਼ੇ ਤੇ ਗੁਰੂ ਘਰ ਨਾਲੋਂ ਟੁੱਟਣ ਦਾ ਦੁਖ ਜ਼ਾਹਿਰ ਕੀਤਾ। 

ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਲੋਕ ਅਰਪਣ........... ਪੁਸਤਕ ਰਿਲੀਜ਼

ਅੱਜ ਦੀਆਂ ਕਰੂੰਬਲਾਂ ਕੱਲ ਦੇ ਰੁੱਖ ਹਨ ਅਤੇ ਇਹਨਾ ਰੁੱਖਾਂ ਦੀਆਂ ਛਾਵਾਂ ਸਾਡਾ ਭਵਿੱਖੀ ਆਸਰਾ ਹੋਣਗੀਆਂ।  ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ (ਰਜਿ:), ਤਰਨ ਤਾਰਨ ਦੇ ਸਰਗਰਮ ਮੈਂਬਰ ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਯੂਥ ਹੋਸਟਲ, ਤਰਨ ਤਾਰਨ ਵਿਖੇ ਜਗਤ ਪ੍ਰਸਿੱਧ ਸਾਹਿਤਕਾਰ ਡਾ:ਜੋਗਿੰਦਰ ਸਿੰਘ ਕੈਰੋਂ ਜੀ ਵੱਲੋਂ ਲੋਕ ਅਰਪਣ ਕੀਤਾ ਗਿਆ।  ਡਾ:ਜੋਗਿੰਦਰ ਸਿੰਘ ਕੈਰੋਂ ਜੀ ਨੇ ਇਸ ਸਾਹਿਤਕ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਿ਼ਰਕਤ ਕੀਤੀ।  ਪੰਜਾਬੀ ਸਾਹਿਤ ਦੀ ਫੁੱਲਵਾੜੀ ਅੰਦਰ ਮਹਿਕ ਰੂਪੀ ਫੁੱਲ ਬਣਨ ਦੀ ਇੱਛਾ ਨਾਲ ਆਪਣੇ ਪਲੇਠੇ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਦੀ ਘੁੰਡ ਚੁਕਾਈ ਰਸਮ ਵਿੱਚ ਪੰਜਾਬੀ ਸਾਹਿਤ ਨਾਲ ਜੁੜੀਆਂ ਸ਼ਖਸੀਅਤਾਂ ਵੱਲੋਂ ਭਰਵੀ ਗਿਣਤੀ ਵਿੱਚ ਸਮੂਲੀਅਤ ਕੀਤੀ ਗਈ।  ਪ੍ਰਧਾਨਗੀ ਮੰਡਲ ਵਿੱਚ ਜੁਗਿੰਦਰ ਸਿੰਘ ਫੁੱਲ, ਨਰੇਸ਼ ਕੋਹਲੀ, ਐਡਵੋਕੇਟ ਇਕਬਾਲ ਸਿੰਘ, ਰਘਬੀਰ ਸਿੰਘ ਤੀਰ, ਬਲਬੀਰ ਸਿੰਘ ਭੈਲ, ਕੁਲਦੀਪ ਸਿੰਘ ਅਰਸ਼ੀ ਅਤੇ ਜਸਬੀਰ ਸਿੰਘ ਝਬਾਲ ਸ਼ਾਮਿਲ ਹੋਏ। ਜੁਗਿੰਦਰ ਸਿੰਘ ਫੁੱਲ ਜੀ ਨੇ ਇਸ ਕਾਵਿ ਸੰਗ੍ਰਹਿ ਬਾਰੇ ਬੋਲਦੇ ਹੋਏ ਕਿਹਾ “ਉਜਾੜ ਪਈਆਂ ਰਾਹਾਂ” ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਆਰਥਿਕ ਤੰਗੀਆਂ ਅਤੇ ਗੁਰਬਤ ਦਾ ਅਹਿਸਾਸ ਇਸ ਸਿਰਜਨਾ ਦੀਆਂ ਬਹੁ ਸੰਖਿਅਕ ਕਵਿਤਾਵਾਂ ਵਿੱਚੋਂ ਪ੍ਰਗਟ ਹੋ ਰਿਹਾ ਹੈ।

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ..........ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਤੇ ਜਨਾਬ ਸਬ੍ਹਾ ਸ਼ੇਖ ਹੋਰਾਂ ਦੀ ਪ੍ਰਧਾਨਗੀ ਵਿੱਚ ਅੱਜ ਦੀ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ। ਸਕੱਤਰ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹ ਕੇ ਸੁਣਾਈ, ਜੋ ਕਿ ਸਭਾ ਵਲੋਂ ਪ੍ਰਵਾਨ ਕੀਤੀ ਗਈ।
ਪ੍ਰੋ। ਸ਼ਮਸ਼ੇਰ ਸਿੰਘ ਸੰਧੂ ਹੋਰਾਂ ਪੰਜਾਬੀ ਗ਼ਜ਼ਲਗੋ ਅਜਾਇਬ ਚਿੱਤਰਕਾਰ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਸਾਂਝਿਆਂ ਕਰਦਿਆਂ ਉਹਨਾਂ ਦੇ ਸਾਹਿਤਕ ਜੀਵਨ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਸਭਾ ਵਲੋਂ 1 ਮਿੰਟ ਦਾ ਮੌਨ ਰਖਕੇ ਅਜਾਇਬ ਚਿੱਤਰਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਅਪਣੀ ਇਸ ਗ਼ਜ਼ਲ ਨਾਲ ਅੱਜ ਦਾ ਸਾਹਿਤਕ ਦੌਰ ਸ਼ੁਰੂ ਕੀਤਾ :

'ਵੇਖੋ  ਦਰਸ  ਤਿਹਾਈਆਂ   ਅਖੀਆਂ
ਛਮ ਛਮ ਛਹਿਬਰ ਲਾਈਆਂ ਅਖੀਆਂ।
ਸਦਕੇ    ਜਾਵਾਂ    ਦਿਲਬਰ    ਤੇਰੇ
ਨਾਲ ਜਿਦ੍ਹੇ  ਮੈਂ  ਲਾਈਆਂ  ਅਖੀਆਂ।
ਬੰਦਾ    ਬੰਦੇ   ਦਾ    ਕਿਉ   ਵੈਰੀ
ਤਕ ਤਕ ਨੇ  ਸ਼ਰਮਾਈਆਂ  ਅਖੀਆਂ'।

ਸਹੀ ਸ਼ਬਦ ਉਚਾਰਣ ਤੇ ਹੋਈ ਚਰਚਾ ਅਤੇ ਸੁਰੀਤਮ ਰਾਏ ਨੂੰ ਚਿੱਤਰ ਭੇਂਟ.......... ਮਾਸਿਕ ਇਕੱਤਰਤਾ / ਬਲਜਿੰਦਰ ਸੰਘਾ

ਬ੍ਰਹਮਪ੍ਰਕਾਸ਼ ਲੁੱਡੂ ਗਦਰੀ ਬਾਬਿਆਂ ਦੇ ਮੇਲੇ ਦਾ ਸੱਦਾ ਪੱਤਰ ਸਭਾ ਨੂੰ ਦੇਣ ਵਿਸ਼ੇਸ਼ ਤੌਰ ਤੇ ਪੁੱਜੇ

ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਸਾਹਿਤਕ ਇਕੱਤਰਤਾ ਕੋਸੋ ਹਾਲ ਕੈਲਗਰੀ ਵਿਚ ਹੋਈ । ਸਭਾ ਦੇ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆ ਪ੍ਰਧਾਨ  ਮਹਿੰਦਰਪਾਲ ਸਿੰਘ ਪਾਲ, ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਅਤੇ ਪ੍ਰਸਿੱਧ ਸਖ਼ਸ਼ੀਅਤ ਸੁਰੀਤਮ ਰਾਏ (ਪੰਜਾਬੀ ਲਿੰਕ) ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸਤੋਂ ਬਾਅਦ ਬਲਜਿੰਦਰ ਸੰਘਾ ਨੇ ਸਦੀਵੀ ਵਿਛੋੜਾ ਦੇ ਗਈਆਂ ਮਹਾਨ ਹਸਤੀਆਂ, ਲੋਕ ਗਾਇਕ ਕਰਨੈਲ ਗਿੱਲ, ਕਾਮਰੇਡ ਸੁਰਜੀਤ ਗਿੱਲ, ਆਜਿੲਬ ਚਿੱਤਰਕਾਰ ਅਤੇ ਬਹੁਪੱਖੀ ਸ਼ਖਸ਼ੀਅਤ ਦਾਰਾ ਸਿੰਘ ਬਾਰੇ ਦੱਸਿਆ ਅਤੇ ਸਭਾ ਵੱਲੋ ਸ਼ੋਕ ਮਤੇ ਪਾਏ ਗਏ। ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਅਜਾਇਬ ਚਿੱਤਰਕਾਰ ਅਤੇ ਦਾਰਾ ਸਿੰਘ ਬਾਰੇ ਆਪਣੇ ਵਿਚਾਰ ਸਾਝੇ ਕੀਤੇ। ਕਹਾਣੀਕਾਰ ਜ਼ੋਵਰਾਵਰ ਬਾਂਸਲ ਨੇ ਕਰਨੈਲ ਗਿੱਲ ਦੇ ਜੀਵਨ ਬਾਰੇ ਦੱਸਿਆ । ਪ੍ਰੋ ਮਨਜੀਤ ਸਿੰਘ ਸਿੱਧੂ ਨੇ ਕਾਮਰੇਡ ਸੁਰਜੀਤ ਗਿੱਲ ਬਾਰੇ ਦੱਸਿਆ। ਬਲਵੀਰ ਗੋਰੇ ਨੇ ਸਾਹਿਤਕ ਪ੍ਰੋਗਾਰਮ ਦੀ ਸ਼ੁਰੂਆਤ ਤਰਕਪੂਰਨ ਗੀਤ ਨਾਲ ਕੀਤੀ, ਹਰਮਿੰਦਰ ਕੌਰ ਢਿਲੋਂ ਨੇ ਪੰਜਾਬੀ ਬੋਲੀ ਨਾਲ ਸਬੰਧਤ ਗੀਤ ‘ਤੇਰੇ ਨਾਲ ਗੂਹੜਾ-ਗੂਹੜਾ ਪਿਆਰ ਸੋਹਣੀਏ’ ਸੁਰੀਲੀ ਅਵਾਜ਼ ਵਿਚ ਪੇਸ਼ ਕੀਤਾ। ਇਸ ਤੋਂ ਬਾਅਦ ਗੁਰਬਚਨ ਬਰਾੜ ਨੇ ਪੰਜਾਬੀ ਬੋਲੀ ਦੇ ਸਹੀ ਸ਼ਬਦ ਉਚਾਰਣ ਤੇ ਆਪਣਾ ਭਾਵਪੂਰਤ ਲੇਖ ਪੜ੍ਹਦੇ ਹੋਏ ਕਿਹਾ ਕਿ ਪੰਜਾਬੀ ਬੋਲੀ 14 ਕਰੋੜ ਲੋਕਾਂ ਦੀ ਬੋਲੀ ਹੈ,ਹੋਰਾਂ ਭਾਸ਼ਾਵਾਂ ਦੇ ਸਾਢੇ ਤਿੰਨ ਲੱਖ ਸ਼ਬਦ ਇਸ ਵਿਚ ਸਮਾਅ ਚੁੱਕੇ ਹਨ। ਇਸ ਤਰ੍ਹਾਂ ਇਸ ਬੋਲੀ ਦੇ ਖ਼ਤਮ ਹੋਣ ਦਾ ਕੋਈ ਖਤਰਾ ਨਹੀਂ। ਹੋਰ ਬਹੁਤ ਵਿਚਾਰ ਦਿੰਦੇ ਹੋਏ ਉਹਨਾਂ ਕਿਹਾ ਕਿ ਹਰੇਕ ਮਨੁੱਖ ਦਾ ਆਪਣਾ-ਆਪਣਾ ਸ਼ਬਦ ਉਚਾਰਣ ਢੰਗ ਹੁੰਦਾ ਹੈ ਜੋ ਸਹੀ ਸ਼ਬਦ ਉਚਾਰਣ ਨੂੰ ਪ੍ਰਭਾਵਿਤ ਕਰਦਾ ਹੈ। ਮਹਿੰਦਰਪਾਲ ਸਿੰਘ ਪਾਲ ਅਤੇ ਕੁਲਬੀਰ ਸ਼ੇਰਗਿੱਲ ਨੇ ਕੁਝ ਸਵਾਲ ਕੀਤੇ ਜਿਹਨਾਂ ਦੇ ਗੁਰਬਚਨ ਬਰਾੜ ਨੇ ਜਵਾਬ ਦਿੱਤੇ।

ਗੁਰਦੁਆਰਾ ਸਿੰਘ ਸਭਾ ਡੀਕੋਟਾ (ਫਰਿਜਨੋ) ਵਿਖੇ ਧਰਮ ਪ੍ਰਚਾਰ ਅਤੇ ਗੁਰਮਤਿ ਸਟਾਲ ……… ਧਾਰਮਿਕ ਸਮਾਗਮ / ਅਵਤਾਰ ਸਿੰਘ ਮਿਸ਼ਨਰੀ

ਬੀਤੇ ਹਫਤੇ ਗੁਰਦੁਆਰਾ ਸਿੰਘ ਸਭਾ ਡੀਕੋਟਾ ਰੋਡ (ਫਰਿਜਨੋ) ਦੇ ਪ੍ਰਬੰਧਕਾਂ, ਸੰਗਤਾਂ ਅਤੇ ਗ੍ਰੰਥੀਆਂ ਦੇ ਸਹਿਯੋਗ ਨਾਲ, “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ .ਐੱਸ .ਏ .ਵੱਲੋਂ ਗੁਰਬਾਣੀ ਦੀ ਕਥਾ ਵਿਆਖਿਆ ਕੀਤੀ ਅਤੇ ਧਰਮ ਪੁਸਤਕਾਂ ਦਾ ਸਟਾਲ ਲਾਇਆ ਗਿਆ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਮੁੱਖ ਗ੍ਰੰਥੀ ਅਤੇ ਰਾਗੀ ਭਾਈ ਜਸਵੰਤ ਸਿੰਘ ਜੀ, ਸੰਗਤ ਚੋਂ ਇੱਕ ਬੱਚੀ ਸੀਰਤ ਕੌਰ ਅਤੇ ਡਾ . ਮਨਜੀਤ ਸਿੰਘ ਪਟਿਆਲਾ ਨੇ ਵੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਇਹ ਸਾਰਾ ਪ੍ਰੋਗਰਾਮ ਗੁਰੂ ਹਰਿਗੋਬਿੰਦ ਸਾਹਿਬ ਸੰਗੀਤ ਅਤੇ ਭੰਗੜਾ ਅਕੈਡਮੀ ਸੰਸਥਾ ਵੱਲੋਂ ਬੱਚਿਆਂ ਦੇ ਗੁਰਮਤਿ ਸਿਖਲਾਈ ਕੈਂਪ ਦੀ ਖੁਸ਼ੀ ਵਿੱਚ ਕੀਤਾ ਗਿਆ ਇਸ ਗੁਰਦੁਆਰੇ ਵਿਖੇ ਭਾਈ ਜਸਵੰਤ ਸਿੰਘ ਬਠਿੰਡੇ ਵਾਲੇ ਮੁੱਖ ਗ੍ਰੰਥੀ ਅਤੇ ਰਾਗੀ ਦੀ ਸੇਵਾ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਸੰਗੀਤ ਵਿਦਿਆ ਵੀ ਰਾਗਾਂ ਵਿੱਚ ਸਿਖਾ ਰਹੇ ਹਨ ਅਤੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਹੁੰਦਾ ਹੈ ਪ੍ਰਸਿੱਧ ਕਥਾਵਾਚਕ, ਰਾਗੀ ਅਤੇ ਪ੍ਰਚਾਰਕ ਵੀ ਹਾਜਰੀਆਂ ਭਰਦੇ ਹਨ

ਆਸਟ੍ਰੇਲੀਆ ਸਰਕਾਰ ਨੂੰ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਬਾਰੇ ਹਾਲੇ ਹੋਰ ਵਿਚਾਰ ਕਰਨ ਦੀ ਲੋੜ - ਡਾਕਟਰ ਹਰਪਾਲ ਸਿੰਘ ਪੰਨੂੰ……… ਵਿਚਾਰ-ਗੋਸ਼ਟੀ / ਜੌਲੀ ਗਰਗ

ਐਡੀਲੇਡ : ਬੀਤੇ ਦਿਨੀਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਸਾਊਥ ਆਸਟ੍ਰੇਲੀਆ ਸਰਕਾਰ ਦੇ ਮਹਿਕਮਾ-ਏ-ਮੈਨੂਫੈਕਚਰਿੰਗ, ਇਨਵੈਂਸ਼ਨ, ਟਰੇਡ, ਰੀਸੋਰਸਿਜ਼ ਅਤੇ ਐਨਰਜੀ ਦੇ ਡਿਪਟੀ ਚੀਫ਼ ਐਗਜ਼ਕਟਿਵ ਮਿਸਟਰ ‘ਲਾਂਸ ਵੋਰਲ’ ਅਤੇ ਸਾਊਥ ਆਸਟ੍ਰੇਲੀਆ ਸਰਕਾਰ ਦੇ ਭਾਰਤੀ ਮਾਮਲਿਆਂ ਦੇ ਵਿਸ਼ੇਸ਼ ਦੂਤ ਮਿਸਟਰ ‘ਬ੍ਰਾਇਨ ਹੇਸ’ ਨੇ ਉੱਘੇ ਸਿੱਖ ਵਿਦਵਾਨ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਪਿਛਲੇ ਵੀਹ ਸਾਲ ਤੋਂ ਧਾਰਮਿਕ ਸਿੱਖਿਆ ਵਿਭਾਗ ਦੇ ਮੁਖੀ ‘ਡਾਕਟਰ ਹਰਪਾਲ ਸਿੰਘ ਪੰਨੂੰ’ ਨਾਲ ਇਕ ਗ਼ੈਰ ਰਸਮੀ ਮੁਲਾਕਾਤ ਐਡੀਲੇਡ ਦੇ ਮਸ਼ਹੂਰ ਰੈਸਟੋਰੈਂਟ ‘ਚਾਰ ਮੀਨਾਰ’ ਵਿੱਚ ਪਾਲਮ ਮਨੇਸ਼ ਦੇ ਯਤਨਾਂ ਸਦਕਾ ਕੀਤੀ। ਇਸ ਮੌਕੇ ਤੇ ਦੋਹਾਂ ਮੁਲਕਾਂ ਦੇ ਕਈ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਹੋਇਆ। ਆਸਟ੍ਰੇਲਿਆਈ ਨੁਮਾਂਦਿਆਂ ਨੇ ਡਾਕਟਰ ਪੰਨੂੰ ਦੀਆਂ ਤਰਕ ਭਰਪੂਰ ਦਲੀਲਾਂ ਵਿਚ ਬਹੁਤ ਦਿਲਚਸਪੀ ਦਿਖਾਈ। ਡਾਕਟਰ ਪੰਨੂੰ ਵੱਲੋਂ ਲਿਖੇ ਦੁਨੀਆਂ ਭਰ ਦੀਆਂ ਮਹਾਨ ਸ਼ਖ਼ਸੀਅਤਾਂ ਉਤੇ ਰਿਸਰਚ ਭਰਪੂਰ ਲੇਖਾਂ ਬਾਰੇ ਵਿਸਤਾਰ ’ਚ ਚਰਚਾ ਕੀਤੀ ਗਈ।

ਕਾਵਿ ਪੁਸਤਕ “ਕੀਕਣ ਲਿਖਾਂ ਹਰਫ਼ ਨਵੇਂ” ਦਾ ਲੋਕ ਅਰਪਣ ਤੇ ਕਵੀ ਦਰਬਾਰ ਸੰਪੰਨ........... ਪੁਸਤਕ ਰਿਲੀਜ਼

ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ:) ਮੋਹਾਲੀ ਵੱਲੋਂ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਮੋਹਾਲੀ ਦੇ ਸਹਿਯੋਗ ਨਾਲ਼ ਕਾਵਿ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ ਉਕਤ ਸਕੂਲ ਦੇ ਖ਼ੂਬਸੂਰਤ ਆਡੀਟੋਰੀਅਮ ਵਿਚ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਸ੍ਰ. ਸੁਖਚੈਨ ਸਿੰਘ ਭੰਡਾਰੀ (ਡਾਇਰੈਕਟਰ, ਹਰਿਆਣਾ ਪੰਜਾਬੀ ਸਾਹਿਤ ਅਕੈਡਮੀ), ਉਸਤਾਦ ਗ਼ਜ਼ਲ ਗੋ ਸਰਦਾਰ ਪੰਛੀ ਅਤੇ ਮੈਡਮ ਕੁਲਵੰਤ ਕੌਰ (ਪ੍ਰਧਾਨ, ਪੈਰਾਗਾਨ ਐਜੂਕੇਸ਼ਨ ਸੁਸਾਇਟੀ) ਬਿਰਾਜਮਾਨ ਸਨ । ਜਦ ਕਿ ਸਿੱਖ ਪੰਥ ਦੀ ਉਘੀ ਹਸਤੀ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ (ਸਾਬਕਾ ਪ੍ਰਧਾਨ, ਸ੍ਰੋ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਤਸ਼ਰੀਫ਼ ਲਿਆਏ। ਸ਼੍ਰੀ ਸੱਤਪਾਲ ਸਿੰਘ ਨੂਰ (ਪ੍ਰਧਾਨ, ਪੰਜਾਬੀ ਕਵੀ ਮੰਡਲ ਚੰਡੀਗੜ੍ਹ) ਅਤੇ ਸ. ਪ੍ਰੀਤਮ ਸਿੰਘ ਭੱਲਾ (ਸਮਾਜ ਸੇਵੀ) ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ। ਮੰਚ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਨੇ ਹਾੜ੍ਹ ਸਾਵਣ ਮਹੀਨਿਆਂ ਦੀ ਮਹੱਤਤਾ ਦੱਸਦਿਆਂ ਮੰਚ ਦੀਆਂ ਗਤੀ ਵਿਧੀਆਂ ਦਾ ਜਿ਼ਕਰ ਕੀਤਾ ਤੇ ਸਵਾਗਤੀ ਸ਼ਬਦ ਆਖੇ। ਪ੍ਰਧਾਨਗੀ ਮੰਡਲ ਵੱਲੋਂ ਅਮਰਜੀਤ ਕੌਰ ‘ਹਿਰਦੇ‘ ਦੀ ਦੂਜੀ ਗ਼ਜ਼ਲ ਕਾਵਿ ਪੁਸਤਕ ‘ਕੀਕਣ ਲਿਖਾਂ ਹਰਫ਼ ਨਵੇਂ‘ ਲੋਕ ਅਰਪਣ ਕੀਤੇ ਜਾਣ ਉਪਰੰਤ ਇਸ ‘ਤੇ ਪਰਚਾ ਡਾ. ਅਵਤਾਰ ਸਿੰਘ ਪਤੰਗ ਨੇ ਬਹੁਤ ਵਿਦਵਤਾਪੂਰਨ ਪੇਸ਼ ਕਰਦਿਆਂ ‘ਹਿਰਦੇ‘ ਨੂੰ ਬਹੁਤ ਹੀ ਸੂਖ਼ਮਭਾਵੀ ਤੇ ਸੰਵੇਦਨਸ਼ੀਲ ਕਵਿੱਤਰੀ ਗਰਦਾਨਿਆ । ਪੁਸਤਕ ਬਾਰੇ ਚਰਚਾ ਵਿਚ ਸ੍ਰੋਮਣੀ ਕਵੀ ਡਾ. ਸੁਰਿੰਦਰ ਗਿੱਲ ਨੇ ਕਵਿੱਤਰੀ ਦੀ ਲੇਖਣੀ ਦੇ ਮੀਰੀ ਗੁਣ ਦਾ ਜਿ਼ਕਰ ਕੀਤਾ ਅਤੇ ਪ੍ਰੋ. ਮਨਮੋਹਨ ਸਿੰਘ ਦਾਊਂ ਨੇ ਪੁਸਤਕ ਬਾਰੇ ਨਿੱਗਰ ਵਿਚਾਰ ਪ੍ਰਗਟਾਏ ਅਤੇ ਕੁਝ ਸੁਚੱਜੇ ਸੁਝਾਅ ਵੀ ਕਵਿੱਤਰੀ ਨੂੰ ਦਿੱਤੇ। ਸੁਮਨ ਕੁਮਾਰੀ ਅਤੇ ਰੁਖ਼ਸਾਨਾ ਬੇਗ਼ਮ ਨੇ ‘ਹਿਰਦੇ‘ ਦੀ ਰਿਲੀਜ਼ ਹੋਈ ਪੁਸਤਕ ਵਿੱਚੋਂ ਆਪਣੀ ਬਹੁਤ ਹੀ ਸੁਰੀਲੀ ਅਵਾਜ਼ ਵਿਚ ਗ਼ਜ਼ਲਾਂ ਗਾ ਕੇ ਸਰੋਤਿਆਂ ਨੂੰ ਕੀਲ ਲਿਆ।

ਉੱਘੇ ਸਿੱਖ ਵਿਦਵਾਨ ਹਰਪਾਲ ਸਿੰਘ ਪੰਨੂੰ ਹੋਏ ਐਡੀਲੇਡ ਵਾਸੀਆਂ ਦੇ ਰੂ ਬ ਰੂ……… ਰੂ ਬ ਰੂ / ਕਰਨ ਬਰਾੜ

ਐਡੀਲੇਡ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਬੀਤੇ ਦਿਨੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਅਤੇ ਹਰਮਨ ਰੇਡੀਓ ਵੱਲੋਂ ਇੰਪੀਰੀਅਲ ਕਾਲਜ ਆਫ ਟ੍ਰੇਡਰਜ਼ ਵਿਖੇ ਉਘੇ ਸਿੱਖ ਵਿਦਵਾਨ, ਸਾਹਿਤਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਾਰਮਿਕ ਸਿੱਖਿਆ ਵਿਭਾਗ ਦੇ ਮੁਖੀ ਡਾਕਟਰ ਹਰਪਾਲ ਸਿੰਘ ਪੰਨੂੰ ਨੂੰ ਦਰਸ਼ਕਾਂ ਦੇ ਰੂ ਬ ਰੂ ਤੇ ਸਨਮਾਨਿਤ ਕੀਤਾ ਗਿਆ। ਤਕਰੀਬਨ ਚਾਰ ਘੰਟੇ ਚੱਲੇ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਡਾਕਟਰ ਹਰਪਾਲ ਸਿੰਘ ਪੰਨੂੰ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਇਥੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਰਿਸਰਚ ਭਰਪੂਰ ਲੇਖਣੀ ਨੂੰ ਸਲੂਟ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਐਸੋਸੀਏਸ਼ਨ ਦੇ ਖ਼ਜ਼ਾਨਚੀ ਬਖਸ਼ਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਉਪਰੰਤ ਲੋਕਲ ਸ਼ਾਇਰਾਂ ਅਤੇ ਫ਼ਨਕਾਰਾਂ ਨੇ ਆਪਣੀਆਂ ਨਜ਼ਮਾਂ ਤੇ ਗੀਤਾਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ, ਜਿੰਨਾ ਵਿੱਚ ਵੀਰ ਭੰਗੂ, ਸ਼ਿਵਦੀਪ, ਕਰਨ ਬਰਾੜ, ਦਿਲਪ੍ਰੀਤ ਗਿੱਲ ਅਤੇ ਰਮਨਦੀਪ ਕੌਰ ਆਦਿ ਸ਼ਾਮਿਲ ਸਨ। 

ਆਸਟ੍ਰੇਲੀਆ ‘ਚ ਗਰਚਾ ਨੂੰ ਚੁਣਿਆ ਗਿਆ ਲਾਇਨਜ਼ ਕਲੱਬ, ਵੂਲਗੂਲਗਾ ਦਾ ਪ੍ਰਧਾਨ........... ਸਨਮਾਨ ਸਮਾਰੋਹ / ਰਿਸ਼ੀ ਗੁਲਾਟੀ

ਵੂਲਗੂਲਗਾ : ਵਿਦੇਸ਼ੀਂ ਵੱਸਦੇ ਪੰਜਾਬੀਆਂ ਦੁਆਰਾ ਵੱਖ ਵੱਖ ਖੇਤਰਾਂ ‘ਚ ਮੱਲਾਂ ਮਾਰਨ ਦੀ ਲੜੀ ਨੂੰ ਕਾਇਮ ਰੱਖਦਿਆਂ ਜੁਗਿੰਦਰ ਸਿੰਘ ਗਰਚਾ ਨੇ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ ਦੇ ਕਸਬੇ ਵੂਲਗੂਲਗਾ ਦੇ ਲਾਇਨਜ਼ ਕਲੱਬ ਦਾ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ ਹੈ । ਲਾਇਨਜ਼ ਕਲੱਬ, ਵੂਲਗੂਲਗਾ ਦੁਆਰਾ ਆਯੋਜਿਤ ਮੀਟਿੰਗ ‘ਚ ਜਿਲ੍ਹਾ 201 ਐਨ-1 ਦੇ ਜਿਲ੍ਹਾ ਗਵਰਨਰ ਪੀਟਰ ਬਲੋਮ ਦੁਆਰਾ 71 ਦੇ ਕਰੀਬ ਮੈਂਬਰਾਂ ਤੇ ਮਹਿਮਾਨਾਂ ਦੀ ਹਾਜ਼ਰੀ ‘ਚ ਸ੍ਰ. ਗਰਚਾ ਨੂੰ ਇਹ ਜਿੰਮੇਵਾਰੀ ਸੌਂਪੀ ਗਈ । ਜੁਗਿੰਦਰ ਸਿੰਘ ਗਰਚਾ ਸੱਤਰਵਿਆਂ ਦੇ ਦੌਰ ਦੀ ਸ਼ੁਰੂਆਤ ‘ਚ ਪੰਜਾਬ ਦੇ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਗਰਚਾ ਤੋਂ ਆਸਟ੍ਰੇਲੀਆ ਆਏ ਤੇ ਕੁੱਲ 18 ਸਾਲ ਦੀ ਲਾਇਨਜ਼ ਕਲੱਬ ਦੀ ਸੇਵਾ ‘ਚੋਂ ਲਗਾਤਾਰ 13 ਸਾਲ ਡਾਇਰੈਕਟਰ ਤੇ 2 ਸਾਲ ਉਪ ਪ੍ਰਧਾਨ ਰਹਿਣ ਤੋਂ ਬਾਅਦ ਹੁਣ ਕਲੱਬ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ । ਕਿੱਤੇ ਵਜੋਂ ਉਹ ਖੇਤੀਬਾੜੀ ਨਾਲ਼ ਜੁੜੇ ਹੋਏ ਹਨ । ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਜਿ਼ਆਦਾ ਆਬਾਦੀ ਵਾਲੇ ਪ੍ਰਾਂਤ ਨਿਊ ਸਾਊਥ ਵੇਲਜ਼ ਦੇ ਅੱਜ ਤੱਕ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਨੇ ਅਜਿਹੇ ਸਨਮਾਨਯੋਗ ਅਹੁਦੇ ਦੀ ਵਾਗਡੋਰ ਸੰਭਾਲੀ ਹੈ । ਇਸ ਮੌਕੇ ‘ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ ਤੇ ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ ।

ਬਲਬੀਰ ਸੰਘੇੜਾ ਦਾ ਨਾਵਲ ਜਾਲ਼: ਔਰਤ ਦਾ ਆਪਣੀ ਹੋਂਦ ਨਾਲ਼ ਸੰਘਰਸ਼........... ਪੁਸਤਕ ਰੀਵਿਊ / ਰਵਿੰਦਰ ਸਿੰਘ (ਡਾ:), ਚੰਡੀਗੜ੍ਹ


ਕਨੇਡਾ ਵਿਚ ਪੰਜਾਬੀ ਪਰਵਾਸ ਦੀ ਕਹਾਣੀ ਵੀਹਵੀਂ ਸਦੀ ਦੇ ਅੰਤਲੇ ਦਹਾਕੇ ਤੋਂ ਆਰੰਭ ਹੋਈ. ਭਾਵੇਂ ਇਹ ਪਹਿਲੇ ਰੂਪ ਵਿਚ ਇਕ ਰਾਜਨੀਤਕ ਕਾਰਨ ਸੀ, ਪਰ ਬਾਦ ਵਿਚ ਇਕ ਆਰਥਿਕ ਮਸਲਾ ਬਣ ਕੇ ਰੂਬਰੂ ਹੋਇਆ. 1897 ਈ: ਨੂੰ ਲੰਡਨ ਵਿਚ ਮਲਕਾ ਵਿਕਟੋਰੀਆ ਦੀ ਤਾਜ਼ਪੋਸ਼ੀ ਦੀ ਡਾਇਮੰਡ ਜੁਬਲੀ ਮਨਾਉਣ ਹਿਤ ਸਿੱਖ ਰੈਜਮੈਂਟ ਨੂੰ ਵੀ ਸਲਾਮੀ ਲਈ ਬੁਲਾਵਾ ਭੇਜਿਆ ਗਿਆ ਅਤੇ ਵਾਪਸੀ ਕਨੇਡਾ, ਅਮਰੀਕਾ ਦੇਸ਼ਾਂ ਰਾਹੀਂ ਜਾਣ ਬੁਝ ਕੇ ਕਰਾਈ ਗਈ ਤਾਂਕਿ ਅੰਗਰੇਜ਼ੀ ਰਾਜ ਦੀਆਂ ਬਸਤੀਆਂ ਦਾ ਨਜ਼ਾਰਾ ਕਰਾਇਆ ਜਾ ਸਕੇ. ਇਸੇ ਦੌਰਾਨ ਕਈ ਫੌਜੀ ਇੱਥੇ ਹੀ ਰਹਿ ਗਏ ਅਤੇ ਕਮਾਈ ਦਾ ਸਾਧਨ ਲੱਭਣ ਲੱਗੇ. ਹੋਣ ਵਾਲੀ ਵੱਧ ਕਮਾਈ ਇਕ ਕਾਰਨ ਬਣ ਨਿੱਬੜੀ ਪੰਜਾਬੀਆਂ ਦੇ ਉੱਥੇ ਆਬਾਦ ਹੋਣ ਦਾ. ਇੰਝ ਕਨੇਡਾ ਦੀ ਧਰਤੀ ‘ਤੇ ਪੰਜਾਬੀ ਪਰਵਾਸ ਦਾ ਆਰੰਭ ਹੋਇਆ. ਵਰਤਮਾਨ ਸਮੇਂ ਸੰਸਾਰ ਦੇ ਹਰ ਦੇਸ਼, ਹਰ ਮਹਾਂਦੀਪ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਪਹੁੰਚ ਚੁੱਕੇ ਹਨ. ਇਕ ਅੰਦਾਜ਼ੇ ਅਨੁਸਾਰ ਪੂਰੇ ਸੰਸਾਰ ਵਿਚ ਪੰਜਾਬੀਆਂ ਦੀ ਗਿਣਤੀ ਸਵਾ ਗਿਆਰਾਂ ਕਰੋੜ ਤੱਕ ਪੁੱਜ ਚੁੱਕੀ ਹੈ. ਅਮਰੀਕਾ ਮਹਾਂਦੀਪ ਵਿਚ ਪੰਦਰਾਂ ਲੱਖ ਦੇ ਕਰੀਬ ਅਤੇ ਕਨੇਡਾ ਵਿਚ ਅੱਠ ਲੱਖ ਦੇ ਕਰੀਬ ਪੰਜਾਬੀ ਅਬਾਦ ਹੋ ਚੁੱਕੇ ਹਨ ਅਤੇ ਇਹ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ.
 

ਕੈਨੇਡੀਅਨ ਕਵੀ ਮੰਗਾ ਬਾਸੀ ਦੀ ਕਿਤਾਬ ‘ਧਰਤਿ ਕਰੇ ਅਰਜੋ਼ਈ’...........ਪੁਸਤਕ ਰੀਵਿਊ / ਬਲਜਿੰਦਰ ਸੰਘਾ


ਚਰਚਾ ਕਰਤਾ – ਬਲਜਿੰਦਰ ਸੰਘਾ
ਪ੍ਰਕਾਸ਼ਕ –ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ – 125 ਰੁਪਏ

ਕੈਨੇਡੀਅਨ ਕਵੀ ਮੰਗਾ ਬਾਸੀ ਦੋ ਦਹਾਕਿਆਂ ਤੋਂ ਵੱਧ ਸਮਾਂ ਇਸ ਦੇਸ਼ ਦੇ ਨਾਮ ਕਰ ਚੁੱਕਾ ਹੈ। ਹਰ ਇਕ ਪਰਵਾਸੀ ਮਨੁੱਖ ਦੇ ਅੰਦਰ ਇਕ ਯੁੱਧ ਹਮੇਸ਼ਾਂ ਚੱਲਦਾ ਰਹਿੰਦਾ ਹੈ ਜੋ ਕਦੇ ਉਸਨੂੰ ਜਨਮਭੂਮੀ ਨਾਲ ਖੜਾ ਕਰਦਾ ਹੈ ਤੇ ਕਦੇ ਉਸ ਦੇਸ ਦੇ ਨਾਲ ਜਿੱਥੇ ਉਹ ਆਪਣਾ ਦੇਸ ਛੱਡਕੇ ਰਹਿ ਰਿਹਾ ਹੈ। ਹਰ ਇੱਕ ਤਰ੍ਹਾਂ ਦੀ ਸੁੱਖ ਸਹੂਲਤ ਮਾਣਦੀ ਮਾਨਸਿਕਤਾ ਵੀ ਇਸ ਯੁੱਧ ਦਾ ਸਿ਼ਕਾਰ ਕਿਉਂ ਬਣੀ ਰਹਿੰਦੀ ਹੈ ਇਸਦਾ ਕਾਰਨ ਕੋਈ ਸਹੀ ਤਰ੍ਹਾਂ ਪ੍ਰਭਾਸਿ਼ਤ ਨਹੀਂ ਕਰ ਸਕਦਾ। ਮੰਗਾ ਬਾਸੀ ਦਾ ਕੈਨੇਡੀਅਨ ਕਾਵਿਕ ਸਫ਼ਰ ਵੀ ਇੱਥੋ ਹੀ ਸ਼ੁਰੂ ਹੁੰਦਾ ਹੈ। ਚਾਹੇ ਇਹ ਲਿਖਣਾ ਉਸਦੇ ਪੂਰੇ ਕਾਵਿਕ ਜੀਵਨ ਨਾਲ ਨਿਆ ਨਹੀਂ, ਕਿਉਕਿ ਉਸਦੀ ਕਵਿਤਾ ਤਾਂ ਹੁਣ ਤੱਕ ਸੰਸਾਰ ਪੱਧਰ ਤੇ ਹਰ ਤਰ੍ਹਾਂ ਦੇ ਮਸਲਿਆਂ ਵਿਚੋਂ ਗੁਜ਼ਰ ਚੁੱਕੀ ਹੈ ਪਰ ਇਹ ਸਭ ਮੈਂ ਉਹਨਾਂ ਦੀ ਪਹਿਲੀ ਪੁਸਤਕ ‘ਬਰਫ਼ ਦਾ ਮਾਰੂਥਲ’ ਪੜਦਿਆਂ ਮਹਿਸੂਸ ਕੀਤਾ ਸੀ। ਫਿਰ ਦੂਸਰੀ ਕਿਤਾਬ ‘ਵਿੱਚ ਪ੍ਰਦੇਸਾ ਦੇ’ ਅਤੇ ਫਿਰ ਬੋਲੀਆਂ ਦੀ ਕਿਤਾਬ ‘ਕੂੰਜਾਂ ਦੇ ਸਿਰਨਾਵੇਂ’ ਜਦੋਂ ਉਹ ਇਕ ਬੋਲੀ ਵਿਚ ਕਹਿੰਦਾ ਹੈ-

ਚੱਲੇ ਮਰਸਡੀ, ਹੰਬਰੀਂ ਹੂਟੇ
ਮਹਿਲ ਜਿਹਾ ਘਰ ਪਾਇਆ
ਮਨ ਦੇ ਬਾਗਾਂ ਤੇ
ਪਰ ਖੇੜਾ ਨਾ ਆਇਆ

“ਸੰਸਾਰ ਆਰਥਕ ਸੰਕਟ ਅਤੇ ਹੱਲ” ਵਿਸ਼ੇ ਤੇ ਕਨਵੈਨਸ਼ਨ……… ਵਿਚਾਰ ਚਰਚਾ / ਗੋਪਾਲ ਜੱਸਲ (ਪ੍ਰੋ.)

ਕੈਲਗਰੀ : ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ (ਰਜਿ:) ਵੱਲੋਂ “ਸੰਸਾਰ ਆਰਥਕ ਸੰਕਟ ਅਤੇ ਹੱਲ”  ਵਿਸ਼ੇ ਤੇ ਕੋਸੋ ਹਾਲ ਕੈਲਗਰੀ ਕਨੇਡਾ  ਕਨਵੈਨਸ਼ਨ ਕੀਤੀ ਗਈ। ਮੱਖ ਬੁਲਾਰੇ ਜੀਤਇੰਦਰਪਾਲ ਨੇ ਅਪਣੇ ਕੁੰਜੀਵਤ ਭਾਸ਼ਨ ਰਾਹੀਂ ਦੱਸਿਆ ਕਿ  2007 ਤੋਂ ਅਮਰੀਕਾ ਤੋਂ ਚੱਲਿਆ ਇਹ ਸੰਕਟ ਸਾਰੇ ਸੰਸਾਰ ਵਿੱਚ ਫੈਲ ਗਿਆ ਹੈ। ਯੂਰਪ ਦੇ ਦੇਸ਼ਾਂ ਦੀ ਆਰਥਿਕਤਾ ਬੁਰੀ ਤਰਾਂ ਲੜਖੜਾ ਗਈ ਹੈ। ਇਸਨੇ ਭਾਰਤ ਅਤੇ ਏਸ਼ੀਆ ਦੇ ਸਾਰੇ ਮੁਲਕਾਂ ਨੂੰ ਅਪਣੀ ਲਪੇਟ ਵਿੱਚ ਲੈ ਲਿਆ ਹੈ, ਤੇ ਕਿਹਾ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਇਸ  ਗੰਭੀਰ ਸੰਕਟ ਚੋਂ ਨਿਕਲਣ ਲਈ ਸੋਚਣਾ ਪਵੇਗਾ ।ਹੱਲ ਲੱਭਣ ਲਈ ਅੱਗੇ ਆਉਣਾ ਪਵੇਗਾ।

ਪ੍ਰਧਾਨ ਸੋਹਨ ਮਾਨ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਖਤਮ ਕਰਕੇ ਪਬਲਿਕ ਸੈਕਟਰ ਰਾਹੀਂ  ਹੀ ਦੁਨੀਆਂ ਨੂੰ ਆਰਥਕ ਸੰਕਟ ਦੀ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ। ਮਾਸਟਰ ਭਜਨ ਗਿੱਲ ਨੇ ਦੱਸਿਆ ਕਿ ਸੰਸਾਰ ਆਰਥਕ ਸੰਕਟ ਦਾ ਕਾਰਨ ਸਾਮਰਾਜੀ ਜੰਗਾਂ ਅਤੇ ਸੰਸਾਰ ਦੇ ਕੁਦਰਤੀ ਸਾਧਨਾਂ ਤੇ ਕਬਜਾ ਕਰਨ ਲਈ ਸੁਰੱਖਿਆ ਬਜਟ ਚ ਵਾਧਾ ਕਰਨਾ ਹੈ।ਪ੍ਰੋ. ਜੱਸਲ ਨੇ ਕਿਹਾ ਕਿ ਇਹ ਪ੍ਰਬੰਧ ਆਪਣੀਆਂ ਲੋਕਮਾਰੂ ਨੀਤੀਆਂ ਕਾਰਨ ਆਪ ਹੀ ਤਬਾਹ ਹੋ ਰਿਹਾ ਹੈ । ਉਹਨਾਂ ਕਿਹਾ ਕਿ 23 ਸਤੰਬਰ 2012 ਨੂੰ ਪਬਲਿਕ ਲਾਇਬ੍ਰੇਰੀ ਹਾਲ  ਡਾਊਨ ਟਾਊਨ ਨੇੜੇ ਟਾਉਨ ਹਾਲ ਵਿਖੇ ਹੋ ਰਹੇ “ਤੀਜੇ ਤਰਕਸ਼ੀਲ ਸਭਿਆਚਾਰਕ ਨਾਟਕ ਸਮਾਗਮ” ਚ  ਨਾਟਕਾਂ ਦੀ ਤਿਆਰੀ ਲਈ ਲੇਖਕ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾ (ਲੋਕ ਕਲਾ ਮੰਚ ਮੰਡੀ ਮੁਲਾਂਪੁਰ ਪੰਜਾਬ) ਉਚੇਚੇ ਤੌਰ ਤੇ ਪੁੱਜ ਰਹੇ ਹਨ। ਇਹ ਯਾਦਗਾਰੀ ਸਮਾਗਮ ਪੰਜਾਬੀ ਨਾਟਕ ਜਗਤ ਦੇ ਪਿਤਾਮਾ ਮਰਹੂਮ ਗੁਰਸ਼ਰਨ ਸਿੰਘ (ਭਾਅ ਜੀ) ਪਹਿਲੀ ਬਰਸੀ ਅਤੇ ਗਦਰ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ।

ਡਾ. ਰਾਬਿੰਦਰ ਮਸਰੂਰ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ……… ਵਿਦਾਇਗੀ ਸਮਾਰੋਹ / ਨਿਸ਼ਾਨ ਸਿੰਘ ਰਾਠੌਰ

ਕੁਰੂਕਸ਼ੇਤਰ : ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਅਤੇ ਪੰਜਾਬੀ ਸਾਹਿਤ ਖੇਤਰ ਦੇ ਪ੍ਰਸਿੱਧ ਸ਼ਾਇਰ ਡਾ. ਰਾਬਿੰਦਰ ਸਿੰਘ ਮਸਰੂਰ ਦੀ ਸੇਵਾਮੁਕਤੀ ਦੇ ਮੌਕੇ ਤੇ ਪੰਜਾਬੀ ਵਿਭਾਗ ਵਿਖੇ ਵਿਦਾਇਗੀ ਸਮਾਗਮ ਆਯੋਜਤ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰੋ. ਮਸਰੂਰ ਹੋਰਾਂ ਦਾ ਅਧਿਐਨ ਅਤੇ ਅਧਿਆਪਨ ਖੇਤਰ ਵਿਚ ਵੱਡਮੁਲਾ ਯੋਗਦਾਨ ਰਿਹਾ ਹੈ। ਉਨ੍ਹਾਂ ਆਪਣੇ ਅਧਿਆਪਨ ਖੇਤਰ ਦੀ ਸ਼ੁਰੂਆਤ ਇਸੇ ਪੰਜਾਬੀ ਵਿਭਾਗ ਤੋਂ ਹੀ ਕੀਤੀ ਸੀ। ਆਪਣੇ ਸਾਹਿਤਕ ਸਫ਼ਰ ਦੇ ਦੌਰਾਨ ਉਨ੍ਹਾਂ ਦੋ ਪੰਜਾਬੀ ਪੁਸਤਕਾਂ ‘ਪੀਲੇ ਪੱਤ ਕਚਨਾਰ ਦੇ’ ਅਤੇ ‘ਤੁਰਨਾ ਮੁਹਾਲ ਹੈ’ ਅਤੇ ਦੋ ਗ਼ਜ਼ਲ ਕੈਸਟਾਂ ‘ਨਾਮ ਖੁਮਾਰੀ ਨਾਨਕ’ ਅਤੇ ‘ਹੂਕ/ਹੇਕ’ ਪੰਜਾਬੀ ਸਾਹਿਤ ਅਤੇ ਸੰਗੀਤ ਖੇਤਰ ਦੇ ਪ੍ਰੇਮੀਆਂ ਦੀ ਝੋਲੀ ਵਿਚ ਪਾਈਆਂ ਹਨ। ਇਸ ਦੇ ਨਾਲ ਹੀ ਪ੍ਰੋ. ਮਸਰੂਰ ਨੇ ਦੇਸ਼ਾਂ-ਵਿਦੇਸ਼ਾਂ ਦੀਆਂ ਅਨੇਕ ਯਾਤਰਾਵਾਂ ਵੀ ਕੀਤੀਆਂ ਹਨ। ਆਲੋਚਨਾ ਖੇਤਰ ਵਿਚ ਉਨ੍ਹਾਂ ਦੇ ਅਨੇਕਾਂ ਹੀ ਖੋਜ-ਪੱਤਰ ਪ੍ਰਕਾਸ਼ਤ ਹੋਏ ਹਨ।