ਇਕਬਾਲ ਅਰਪਨ ਦੇ ਲਗਾਏ ਬੋਹੜ ਪੰਜਾਬੀ ਲਿਖਾਰੀ ਸਭਾ ਦੀ ਛੱਤਰ ਛਾਇਆ ਥੱਲੇ ਕੈਲਗਰੀ ਦੇ ਲਿਖਾਰੀਆਂ ਦੀ ਮਿਲਣੀ ਇੰਝ ਰਹੀ.......... ਮਾਸਿਕ ਸਮਾਗਮ / ਤਰਲੋਚਨ ਸੈਂਬੀ :
ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਸਾਹਿਤਕ ਭੁੱਖ ਪੂਰੀ ਕਰਨ ਲਈ ਪੂਰੇ ਕੈਨੇਡਾ ਭਰ ਵਿੱਚ ਵੱਖ-ਵੱਖ ਸਭਾ ਸੁਸਾਇਟੀਆਂ ਆਪਣੇ-ਆਪਣੇ ਪੱਧਰ ਤੇ ਪੂਰਾ ਯੋਗਦਾਨ ਪਾ ਰਹੀਆਂ ਹਨ । ਉੱਤਰੀ ਅਮਰੀਕਾ ਦੀਆਂ ਇੰਨਾ ਸਭਾਵਾਂ ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਨਾਂ ਪੂਰੇ ਜਲੌਅ ਨਾਲ ਚਮਕ ਰਿਹਾ ਹੈ । ਪੰਜਾਬੀ ਲਿਖਾਰੀ ਸਭਾ ਉਭਰਦੇ ਪੰਜਾਬੀ ਲੇਖਕਾਂ ਦਾ ਮਾਰਗ ਦਰਸ਼ਨ ਕਰਦੀ ਹੈ ਅਤੇ ਸਥਾਪਿਤ ਲੇਖਕਾਂ ਦਾ ਬਣਦਾ ਸਨਮਾਨ ਕਰਦੀ ਹੈ । ਇਸ ਲੜੀ ਵਿੱਚ ਹਰ ਮਹੀਨੇ ਦੇ ਤੀਸਰੇ ਐਤਵਾਰ ਮੀਟਿਂਗ ਕੀਤੀ ਜਾਂਦੀ ਹੈ , ਅਤੇ ਸਤੰਬਰ ਮਹੀਨੇ ਦੀ ਮੀਟਿੰਗ 19 ਤਾਰੀਕ ਦਿਨ ਐਤਵਾਰ ਨੂੰ ਬਾਅਦ ਦੁਪਿਹਰ ਦੋ ਵਜੇ ਕੋਸੋ ਦੇ ਦਫਤਰ ਵਿੱਚ ਸ਼ੁਰੂ ਹੋਈ । ਹਲਕੀ-ਹਲਕੀ ਬਰਸਾਤ ਦੀ ਰਿਮ-ਝਿਮ ਵਿੱਚ ਵੀ ਮੈਂਬਰਾਂ ਦੀ ਭਰਪੂਰ ਹਾਜ਼ਰੀ ਰਹੀ । ਜਨਰਲ ਸਕੱਤਰ ਤਰਲੋਚਨ ਸੈਂਬੀ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆ ਪ੍ਰਧਾਨ ਗੁਰਬਚਨ ਸਿੰਘ ਬਰਾੜ ਅਤੇ ਪ੍ਰਸਿੱਧ ਚਿੱਤਰਕਾਰ ਜਨਾਬ ਹਰਪ੍ਰਕਾਸ਼ ਸਿੰਘ ਜਨਾਗਲ ਹੋਰਾਂ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ । ਰਚਨਾਂਵਾਂ ਦੀ ਛਹਿਬਰ ਵਿੱਚ ਸਭ ਤੋਂ ਪਹਿਲਾਂ ਬਲਵੀਰ ‘ਗੋਰਾ ਰਕਬੇ ਵਾਲਾ’ ਨੇ ਆਪਣੀ ਪੰਜਾਬ ਫੇਰੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਆਪਣੀ ਆਉਣ ਵਾਲੀ ਗੀਤਾਂ ਦੀ ਸੀ ਡੀ ‘ ਖਰੀਆਂ-ਖਰੀਆਂ’ ਜੋ ਕਿ ਬਹੁਤ ਜਲਦੀ ਰੀਲੀਜ਼ ਹੋਣ ਜਾ ਰਹੀ ਹੈ, ਵਿੱਚੋਂ ਦੋ ਗੀਤ ਸਾਂਝੇ ਕੀਤੇ । ਬੁਲੰਦ ਅਵਾਜ ਅਤੇ ਕਲਮ ਦੇ ਜਾਦੂ ਨੇ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਉਤਸ਼ਾਹਿਤ ਕੀਤਾ । ਹਰਮਿੰਦਰ ਕੌਰ ਢਿੱਲੋਂ ਨੇ ਆਪਣੀ ਮਧੁਰ ਅਤੇ ਸੁਰੀਲੀ ਅਵਾਜ ਵਿੱਚ ‘ਸਾਨੂੰ ਵੀ ਲੈ ਚੱਲ ਨਾਲ ਢੋਲ ਸਿਪਾਹੀਆ ਵੇ’ ਵਰਗੇ ਟੱਪੇ ਸੁਣਾਕੇ ਵਾਹ-ਵਾਹ ਖੱਟੀ । ਹਰਬੰਸ ਬੁੱਟਰ ਨੇ ਆਪਣੀ ਨਵੀ ਲਿਖੀ ਕਵਿਤਾ ‘ਖੁੱਦਗਰਜੀ ਵਿੱਚ ਬਣਦੇ ਰਿਸਤੇ,ਜਾਂਦੇ ਬਦਲ ਸਮੇ ਦੇ ਨਾਲ’ਸੁਣਾਕੇ ਤਾੜੀਆ ਹਾਸਲ ਕੀਤੀਆਂ । ਸਭਾ ਦੇ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਆਪਣੀ ਨਵੀ ਗ਼ਜ਼ਲ ਪੇਸ਼ ਕੀਤੀ । ਉਪਰੰਤ ਮੈਡੀਸਨਹੈਟ ਤੋਂ ਵਿਸੇਸ ਤੌਰ ਤੇ ਹਰ ਮਹੀਨੇ ਪਹੁੰਚਣ ਵਾਲੇ ਪ੍ਰਸਿੱਧ ਕਹਾਣੀਕਾਰ ਅਤੇ ਕਵੀ ਜ਼ੋਰਾਵਰ ਸਿੰਘ ਬਾਂਸਲ ਨੇ ਆਪਣੀਆਂ ਦੋ ਨਜ਼ਮਾਂ ਨਾਲ ਸਰੋਤਿਆਂ ਨਾਲ ਸਾਂਝ ਪਾਈ । ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਪ੍ਰੋੜ ਕਿਰਤਾਂ ਨਾਲ ਵੱਖਰੀ ਪਛਾਣ ਬਣਾ ਚੁੱਕੀ ਲੇਖਿਕਾ ਗੁਰਚਰਨ ਕੌਰ ਥਿੰਦ ਨੇ ‘ਭਗਤ ਸਿੰਘ ਦੇ ਵਾਰਸੋ’ ਨਜ਼ਮ ਸੁਣਾਕੇ ਸਰੋਤਿਆਂ ਦੀ ਸੋਚ ਨੂੰ ਹਲੂਣਿਆਂ । ਸਭਾ ਦੇ ਸਭ ਤੋਂ ਛੋਟੀ ਉਮਰ ਅਤੇ ਵੱਡੀ ਸੋਚ ਦੇ ਮਾਲਿਕ ਦੇ ਅਵਨਿੰਦਰ ਨੂਰ ਨੇ ਆਪਣੀ ਕਵਿਤਾ ਸੁਣਾਕੇ ਸਰੋਤਿਆਂ ਤੋਂ ਸ਼ਾਬਾਸ਼ ਲਈ । ਚਾਹ ਅਤੇ ਮਠਿਆਈ ਦੀ ਬਰੇਕ ਤੋਂ ਬਾਅਦ ਤਰਲੋਚਨ ਸੈਂਬੀ ਨੇ ਭੋਲਾ ਸਿੰਘ ਚੌਹਾਨ ਦੇ ਸਾਥ ਨਾਲ ਆਪਣੀ ਕੜਕਵੀਂ ਅਵਾਜ਼ ਵਿੱਚ ‘ਸਿੱਖਾਂ ਦੇ ਸਿਦਕ ਦੀਆਂ , ਲਿਖੀਆਂ ਨਾਲ ਖੂਨ ਦੇ ਲੜੀਆਂ’ਕਵੀਸ਼ਰੀ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ । ਸੁਰਜੀਤ ਸਿੰਘ ਸ਼ੀਤਲ ‘ਪੰਨੂੰ’ ਜੋ ਕਿ ਸਵਰਗਵਾਸੀ ਸੋਹਣ ਸਿੰਘ ‘ਸ਼ੀਤਲ’ ਦੇ ਸਪੁੱਤਰ ਹਨ ਨੇ ਆਪਣੀਆਂ ਰੁਬਾਈਆਂ ਅਤੇ ਗ਼ਜ਼ਲ ਬੜੇ ਭਾਵਪੂਰਤ ਅੰਦਾਜ਼ ਵਿੱਚ ਪੇਸ਼ ਕੀਤੇ । ਉਹਨਾਂ ਨੇ ਆਪਣੀਆਂ ਦੋ ਕਿਤਾਬਾਂ ‘ਦਿਲ ਦੀ ਮੌਜ਼’ ਅਤੇ ‘ਦਿਲ ਦੇ ਵਹਿਣ’ ਕਰਮਵਾਰ ਗੁਰਬਚਨ ਬਰਾੜ,ਹਰਬੰਸ ਬੁੱਟਰ, ਤਰਲੋਚਨ ਸੈਂਬੀ, ਅਤੇ ਭੋਲਾ ਸਿੰਘ ਚੌਹਾਨ ਨੂੰ ਭੇ਼ਟ ਕਰਕੇ ਇਹਨਾਂ ਦਾ ਮਾਣ ਵਧਾਇਆ ਅਤੇ ਹਾਰਦਿਕ ਧੰਨਵਾਦ ਹਾਸਿਲ ਕੀਤਾ । ਇਸ ਤੋਂ ਬਾਅਦ ਰੇਡੀਓ ਸਬਰੰਗ ਨਾਲ ਕੁੱਲਵਕਤੀ ਅਨਾਉਂਸਰ ਦੇ ਤੌਰ ਤੇ ਕੰਮ ਕਰਦੇ ਨੋਜਵਾਨ ਅਮਨ ‘ਪਰਿਹਾਰ’ ਨੇ ਕੁਝ ਸ਼ਬਦਾਂ ਨਾਲ ਆਪਣੀ ਹਾਜ਼ਰੀ ਲਵਾਈ । ‘ ਸੰਦਲ ਪ੍ਰੋਡਕਸ਼ਨ’ ਦੇ ਮਾਲਕ ਅਤੇ ਨਿਰਮਾਤਾ ਪਰਮਜੀਤ ‘ਸੰਦਲ’ ਨੇ ਵਧੀਆ ਚੁਟਕਲੇ ਸੁਣਾ ਕੇ ਹਾਜ਼ਰੀਨ ਦੇ ਢਿੱਡੀਂ ਪੀੜਾਂ ਪੁਆ ਦਿੱਤੀਆਂ । ਪੰਜਾਬੀ ਲਿਖਾਰੀ ਸਭਾ ਦੇ ਖਜਾਨਚੀ ਬਲਜਿੰਦਰ ‘ਸੰਘਾ’ ਬਿੱਟੂ ਨੇ ਸੰਦਲ ਪ੍ਰੋਡਕਸ਼ਨ ਦੀ ਨਵੀਂ ਫਿਲਮ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਰੀਲੀਜ਼ ਕੀਤੀ ਜਾਵੇਗੀ ਵਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਾਰਿਆਂ ਨੂੰ ਇਹ ਫਿਲਮ ਦੇਖਣ ਦੀ ਬੇਨਤੀ ਵੀ ਕੀਤੀ । ਗੁਰਬਚਨ ਬਰਾੜ ਨੇ ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ 16 ਅਕਤੂਬਰ 2010 ਨੂੰ ਹੋ ਰਹੇ ਨਾਟਕਾਂ ਵਾਰੇ ਜਾਣਕਾਰੀ ਦਿੱਤੀ ਜਿਹੜੇ ਸੇਅਟ ਦੇ ਔਰਫੀਅਸ ਥੀਏਟਰ ਵਿੱਚ ਹੋ ਰਹੇ ਹਨ । ਨਾਲ ਹੀ ਆਪਣੀ ਖੁਬਸੂਰਤ ਗ਼ਜ਼ਲ ‘ਮੁਹੱਬਤ ਦੇ ਪਲਾਂ ਨੂੰ ਯਾਦ ਕਰਕੇ , ਕਦੇ ਨਾਂ ਬੈਠਿਆ ਕਰ ਅੱਖ ਭਰਕੇ’ ਸੁਣਾਈ । ਉਪਰੋਕਤ ਮੈਬਰਾਂ ਤੋਂ ਇਲਾਵਾ ਮੀਟਿੰਗ ਵਿੱਚ ਜਸਵੀਰ ਸਿੰਘ ਸਹੋਤਾ,ਮਾ: ਭਜਨ ਸਿੰਘ ਗਿੱਲ, ਪ੍ਰੋ: ਮਨਜੀਤ ਸਿੰਘ ਸਿੱਧੂ, ਜਨਾਬ ਜਸਵੰਤ ਸਿੰਘ ਗਿੱਲ, ਚੰਦ ਸਿੰਘ ਸਦਿਓੜਾ, ਅਵਤਾਰ ਸਿੰਘ ਮੁੰਜਲ, ਹਰੀਪਾਲ, ਪ੍ਰਿਸੀਪਲ ਸਤਪਾਲ ਕੌਸ਼ਲ, ਇੰਦਰ ਮੋਹਨ ਅਰੋੜਾ, ਦਵਿੰਦਰ ਸਿੰਘ ਮਲਹਾਂਸ, ਪਵਨਦੀਪ ਕੌਰ ਬਾਂਸਲ, ਰਾਜਪਾਲ ਸਿੰਘ ਗਰਚਾ, ਹਰਜਿੰਦਰ ਸਿੰਘ ਢਿੱਲੋਂ, ਜੁਗਰਾਜ ਸਿੰਘ ਗਿੱਲ, ਨਛੱਤਰ ਸਿੰਘ ਆਦੀਵਾਲ, ਬਲਵੀਰ ਸਿੰਘ ਕਲਿਆਣੀ, ਬੂਟਾ ਸਿੰਘ ਰੀਹਲ, ਹੈਪੀ ਮਾਨ (ਪ੍ਰਧਾਨ ਕੋਸੋ), ਗੁਰਲਾਲ ਸਿੰਘ ਰੁਪਾਲੋਂ਼, ਰਾਜਕਿਰਨ ਰੁਪਾਲੋ਼ਂ, ਗੁਰਮੀਤ ਭੱਟੀ, ਪੈਰੀ ਮਾਹਲ, ਡਾ: ਪ੍ਰਮਜੀਤ ਸਿੰਘ ਬਾਠ, ਵੀ ਸਾ਼ਮਲ ਸਨ । ਅੰਤ ਵਿੱਚ ਗੁਰਬਚਨ ਬਰਾੜ ਨੇ ਆਏ ਹੋਏ ਸਾਰੇ ਸਰੋਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਨੂੰ ਵੀ ਭਰਪੂਰ ਸਹਿਯੋਗ ਦੀ ਜਾਚਨਾ ਕੀਤੀ । ਸਭਾ ਦੀ ਅਗਲੇ ਮਹੀਨੇ ਦੀ ਇੱਕਤਰਤਾ 17 ਅਕਤੂਬਰ 2010 ਦਿਨ ਐਤਵਾਰ ਨੂੰ ਬਾਅਦ ਦੁਪਿਹਰ ਦੋ ਵਜੇ ਹੋਵੇਗੀ । ਵਧੇਰੇ ਜਾਣਕਾਰੀ ਲਈ ਗੁਰਬਚਨ ਬਰਾੜ ਨੂੰ 403-470-2628 , ਜਾਂ ਤਰਲੋਚਨ ਸੈਂਬੀ ਨੂੰ 403-650-3759 ਤੇ ਫੋਨ ਕਰ ਸਕਦੇ ਹੋ । 

ਦਸਵੇਂ ਬਾਬਾ ਫ਼ਰੀਦ ਵਿਰਾਸਤੀ ਮੇਲੇ 'ਚ ਪ੍ਰਸਿੱਧ ਕਵੀ ਪ੍ਰੋ: ਬਰਜਿੰਦਰ ਚੌਹਾਨ ਤੇ ਕੋਹਾਰਵਾਲਾ ਦਾ ਸਨਮਾਨ......... ਸਨਮਾਨ ਸਮਾਰੋਹ / ਪਰਮਿੰਦਰ ਸਿੰਘ ਤੱਗੜ (ਡਾ.)


ਬਾਬਾ ਫ਼ਰੀਦ ਵਿਰਾਸਤੀ ਮੇਲੇ ਦੇ ਦੂਜੇ ਦਿਨ ਲਿਟਰੇਰੀ ਫ਼ੋਰਮ ਵੱਲੋਂ ਆਯੋਜਤ ਕੀਤੇ ਕਵੀ ਦਰਬਾਰ ਵਿਚ ਸਿਰਮੌਰ ਗ਼ਜ਼ਲਗੋ ਪ੍ਰੋ. ਬਰਜਿੰਦਰ ਚੌਹਾਨ ਨੂੰ ਸ਼ੇਖ਼ ਫ਼ਰੀਦ ਸਾਹਿਤਕ ਪੁਰਸਕਾਰ ਅਤੇ ਹਰਮਿੰਦਰ ਕੋਹਾਰਵਾਲਾ ਨੂੰ ਚੰਦ ਸਿੰਘ ਚਾਹਲ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਤ ਕੀਤਾ ਗਿਆ। ਲਿਟਰੇਰੀ ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਪੁਰਸਕਾਰਾਂ ਦਾ ਐਲਾਨ ਕੀਤਾ। ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਅਤੇ ਨਵਰਾਹੀ ਘੁਗਿਆਣਵੀ ਨੇ ਸਨਮਾਨਤ ਹੋਏ ਸ਼ਾਇਰਾਂ ਦੇ ਸਨਮਾਨ ਪੱਤਰ ਪੜ੍ਹੇ। ਸਨਮਾਨ ਪ੍ਰਦਾਨ ਕਰਨ ਦੀ ਰਸਮ ਸ਼ਾਇਰ ਡਾ: ਸੁਰਜੀਤ ਪਾਤਰ, ਡਾ. ਐਸ ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਡਾ ਐਸ ਐਸ ਗਿੱਲ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਅਦਾ ਕੀਤੀ।
ਫ਼ਰੀਦਕੋਟ ਵਿਖੇ ਮਨਾਏ ਜਾ ਰਹੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਪਹਿਲੇ ਦਿਨ ਬੀਤੀ ਰਾਤ ਪੰਜਾਬ ਐਂਡ ਸਿੰਧ ਬੈਂਕ ਅਤੇ ਪੰਜਾਬ ਖੇਤੀਬਾੜੀ ਡਿਵੈਲਪਮੈਂਟ ਬੈਂਕ ਦੇ ਵਿਤੀ ਸਹਿਯੋਗ ਨਾਲ ਕੀਤੇ ਜਾ ਰਹੇ ਨੈਸ਼ਨਲ ਪੰਜਾਬੀ ਡਰਾਮਾ ਫੈਸਟੀਵਲ’ ਦੀ ਸ਼ੁਰੂਆਤ ਸਥਾਨਕ ਸਰਕਟ ਹਾਊਸ ਦੇ ਵਿਸ਼ਾਲ ਵਿਹੜੇ ਵਿਚ ਹੋਈ ਜਿਸ ਦੀ ਪ੍ਰਧਾਨਗੀ ਸ੍ਰੀ ਹੁਸਨ ਲਾਲ ਆਈ ਏ ਐਸ ਡਾਇਰੈਕਟਰ ਸੱਭਿਆਚਾਰਕ ਮਾਮਲੇ ਪੰਜਾਬ ਨੇ ਕੀਤੀ। ਉਚੇਚੇ ਤੌਰ ਤੇ ਪੁੱਜੇ ਸ੍ਰੀਮਤੀ ਹੁਸਨ ਲਾਲ ਤੋਂ ਇਲਾਵਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਐੱਸ. ਕਰੁਣਾ ਰਾਜੂਸ੍ਰੀ ਮੋਹਨ ਲਾਲ ਵਧੀਕ ਡਿਪਟੀ ਕਮਿਸ਼ਨਰਗੁਰਦਿਆਲ ਸਿੰਘ ਸਕੱਤਰ ਰੈਡ ਕਰਾਸਗੁਰਮੀਤ ਸਿੰਘ ਢੀਂਡਸਾ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਅਤੇ ਗੁਰਮੀਤ ਸਿੰਘ ਬਰਾੜ ਜਨਰਲ ਮੈਨੇਜਰ ਪੰਜਾਬ ਅਤੇ ਹੋਰਨਾਂ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਾਟ ਪ੍ਰੇਮੀ ਹਾਜ਼ਰ ਸਨ। ਇਸ ਨਾਟ ਉਤਸਵ ਦੀ ਸ਼ੁਰੂਆਤ ਸ੍ਰੀ ਹੁਸਨ ਲਾਲ ਨੇ ਰਸਮੀ ਤੌਰ ਤੇ ਦੀਪ ਰੋਸ਼ਨ ਕਰਕੇ ਕੀਤੀ।  ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਆਗਮਨ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਜ਼ਿਲੇ ਨਾਲ  ਉਨ੍ਹਾਂ ਦਾ ਖਾਸ ਲਗਾਓ ਹੈ ਕਿਉਂਕਿ ਇਸ ਜ਼ਿਲੇ ਦੇ ਲੋਕ ਅਤੇ ਖਾਸ ਤੌਰ ਤੇ ਜ਼ਿਲਾ ਅਧਿਕਾਰੀ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਪੱਖੋਂ ਪ੍ਰਸ਼ੰਸਾ ਦੇ ਪਾਤਰ ਹਨ। ਪੰਜ ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿਚ ਤਿੰਨ ਜ਼ਿਲਿਆਂ ਨੂੰ ਚੁਣਿਆ ਗਿਆ ਜਿਸ ਵਿਚੋਂ ਇਹ ਜ਼ਿਲਾ ਇਕ ਨੰਬਰ ਤੇ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਸੱਭਿਆਚਾਰਕ ਮਾਮਲੇ ਅਤੇ ਟੂਰਿਜ਼ਮ ਵਿਕਾਸ ਦੇ ਪ੍ਰਾਜੈਕਟ ਉਸਾਰੇ ਜਾਣਗੇ। ਐਂਗਲੋ ਸਿੱਖ ਥਾਵਾਂ ਦੀ ਪਹਿਚਾਣ ਕਰਕੇ ਉੱਥੇ ਵੱਡੀ ਪੱਧਰ ਤੇ ਅਜਾਇਬ ਘਰਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਇਹ ਪ੍ਰਾਜੈਕਟ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਵੀ ਲਾਏ ਜਾਣਗੇ। ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਐਸ. ਕਰੁਣਾ ਰਾਜੂ ਨੇ ਸ੍ਰੀ ਹੁਸਨ ਲਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਗਲੇ ਸਾਲ ਤੋਂ ਆਗਮਨ ਪੁਰਬ ਦੇ ਜ਼ਸ਼ਨਾਂ ਚ ਖਾਸ ਤੌਰ ਤੇ ਪ੍ਰਵਾਸੀ ਭਾਰਤੀਆਂ ਦੀ ਸ਼ਿਰਕਤ ਵੀ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸ੍ਰੀ ਹੁਸਨ ਲਾਲ ਨੂੰ ਇਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤੇ ਜਾਣ ਤੋਂ ਇਲਾਵਾ ਜ਼ੋਨਲ ਮੈਨੇਜਰ ਅਤੇ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਬੀਤੀ ਰਾਤ ਦਾ ਗੇਮ’, ‘ਕਿਓ ਮਾਂ ਕਰਨੀ ਐਂ ਭਰੂਣ ਹੱਤਿਆ’ ਅਤੇ ਸਾਹਾਂ ਦੀ ਘੁਟਨ’ ਤਿੰਨ ਡਰਾਮਿਆਂ ਦਾ ਸਫ਼ਲ ਪ੍ਰਦਰਸ਼ਨ ਕੀਤਾ ਗਿਆ ਜਿਸ ਦਾ ਦਰਸ਼ਕਾਂ ਨੇ ਦੇਰ ਰਾਤ ਤੱਕ ਆਨੰਦ ਮਾਣਿਆ।
ਬਾਬਾ ਫ਼ਰੀਦ ਵਿਰਾਸਤੀ ਮੇਲੇ ਵਿਚ ਅਮਰ ਆਸ਼ਰਮ ਵਿਖੇ ਕਰਵਾਏ ਗਏ ਤਰਕਸ਼ੀਲ ਨਾਟਕ ਮੇਲੇ ਨੇ ਹਜ਼ਾਰਾਂ ਦਰਸ਼ਕਾਂ ਨੂੰ ਪੂਰਾ ਦਿਨ ਕੀਲੀ ਰੱਖਿਆ। ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਫ਼ਰੀਦਕੋਟ ਵੱਲੋਂ ਕਰਵਾਏ ਗਏ ਇਸ ਨਾਟਕ ਮੇਲੇ ਵਿਚ ਲੋਕ ਕਲਾ ਮੰਚ ਮੁੱਲਾਂਪੁਰਕਲਪਨਾ ਚਾਵਲਾ ਸੈਂਟਰਸਾਦਿਕਜਾਦੂਗਰ ਸੁਖਦੇਵ ਮਲੂਕਪੁਰੀਮਾਲਵਾ ਹੇਕ ਗਰੁੱਪ ਲਹਿਰਾਗਾਗਾ ਅਤੇ ਜੋਤਿਸ਼ ਵਿੱਦਿਆ ਦੀ ਮੁਹਾਰਤ ਰੱਖਣ ਵਾਲੇ ਤਰਕਸ਼ੀਲ ਆਗੂ ਸੁਰਜੀਤ ਦੋਧਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਦਰਸ਼ਕਾਂ ਸਾਹਮਣੇ ਆਪਣੀਆਂ ਜਾਣਕਾਰੀ ਭਰਪੂਰ ਵੰਨਗੀਆਂ ਪੇਸ਼ ਕੀਤੀਆਂ। ਲੋਕ ਕਲਾ ਮੰਚ ਮੁੱਲਾਂਪੁਰ ਨੇ ਆਪਣੇ ਨਾਟਕ ਇੱਕੋ ਰਾਹ ਸਵਲੜਾ’ ਅਤੇ ਕੋਰਿਓਗ੍ਰਾਫੀ ਮਾਂ ਧਰਤੀ ਏ ਤੇਰੀ ਗੋਦ ਨੂੰ’ ਪੇਸ਼ ਕਰਕੇ ਦਰਸ਼ਕਾਂ ਨੂੰ ਇਨਕਲਾਬੀ ਸੁਨੇਹਾ ਦਿੱਤਾ ਅਤੇ ਲੁੱਟੇ ਜਾ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਕ ਮੁੱਠ ਹੋਣ ਦਾ ਸੱਦਾ ਦਿੱਤਾ। ਕਲਪਨਾ ਚਾਵਲਾ ਆਰਟ ਸੈਂਟਰ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਧਮ ਸਿੰਘ ਦੀ ਬਹਾਦਰੀ ਬਾਰੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਸੁਖਦੇਵ ਮਲੂਕਪੁਰੀ ਨੇ ਦਰਸ਼ਕਾਂ ਨੂੰ ਹੈਰਾਨੀ ਜਣਕ ਜਾਦੂ ਦੇ ਟ੍ਰਿਕ ਕਰਕੇ ਦਿਖਾਏ। ਫ਼ਰੀਦਕੋਟ ਇਕਾਈ ਵੱਲੋਂ ਅੱਖਾਂ ਦੇ ਮਾਹਰ ਡਾਕਟਰ ਆਨੰਦਡਾ: ਹਿਨਾਡਾ: ਗੁਰਪਾਲ ਅਤੇ ਜਿਹੜੇ ਵਿਅਕਤੀਆਂ ਨੇ ਸ਼ਰੀਰ ਅਤੇ ਅੱਖਾਂ ਦਾਨ ਕੀਤੇ ਹਨ  ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਤਰਕਸ਼ੀਲ ਸਹਿਤ ਅਤੇ ਵਿਗਿਆਨਕ ਵਿਚਾਰਾਂ ਵਾਲੀ ਇਕ ਵਿਸ਼ਾਲ ਪ੍ਰਦਰਸ਼ਨੀ ਵੀ ਲਾਈ ਗਈ ਜਿਸ ਤੇ ਹਜ਼ਾਰਾਂ ਪਾਠਕਾਂ ਅਤੇ ਦਰਸ਼ਕਾਂ ਨੇ ਆਪਣੀ ਹਾਜ਼ਰੀ ਲਾਈ। ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਅਵਤਾਰ ਗੋਂਦਾਰਾਤਰਕਸ਼ੀਲ ਮੈਂਬਰ ਨਿਰਮਲ ਪਟਵਾਰੀਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਰਿੰਦਰ ਕੁਮਾਰ ਗੁਪਤਾਅਡਵਾਂਸ ਇੰਸਟੀਚਿਊਟ ਦੇ ਮਾਲਕ ਸੁਰਿੰਦਰ ਪੁਰੀ ਆਦਿ ਵੀ ਹਾਜ਼ਰ ਸਨ।

ਦਸਵੇਂ ਸ਼ੇਖ਼ ਫ਼ਰੀਦ ਕਵੀ ਦਰਬਾਰ ਮੌਕੇ ਜੁੜੇ ਪੰਜਾਬੀ ਕਵੀਆਂ ਵੱਲੋਂ ਪੰਜਾਬੀ ਦੇ ਮੋਢੀ ਕਵੀ ਸ਼ੇਖ਼ ਫ਼ਰੀਦ ਨੂੰ ਖ਼ਿਰਾਜੇ ਅਕੀਦਤ ਪੇਸ਼......... ਪਰਮਿੰਦਰ ਸਿੰਘ ਤੱਗੜ (ਡਾ.) / ਸੱਭਿਆਚਾਰਕ ਸਮਾਗਮ


ਬਾਬਾ ਫ਼ਰੀਦ ਵਿਰਾਸਤੀ ਮੇਲੇ ਵਿਚ ਮੇਲਿਆਂ ਦੇ ਹੋਰ ਰੰਗਾਂ ਦੇ ਨਾਲ਼ ਨਾਲ਼ ਸਾਹਿਤ ਰੰਗ ਦਾ ਜਲਵਾ ਬਿਖ਼ੇਰਨ ਲਈ ਲਿਟਰੇਰੀ ਕਲੱਬ ਫ਼ਰੀਦਕੋਟ ਵੱਲੋਂ ਸਥਾਨਕ ਪ੍ਰਸ਼ਾਸਨ ਅਤੇ ਬਾਬਾ ਫ਼ਰੀਦ ਆਗ਼ਮਨ ਪੁਰਬ ਕਮੇਟੀ ਦੇ ਸਹਿਯੋਗ ਨਾਲ਼ ਇਕ ਦਿਲਕਸ਼ ਕਵੀ ਦਰਬਾਰ ਅਮਰ ਆਸ਼ਰਮ ਵਿਖੇ ਕਰਵਾਇਆ ਗਿਆ। ਪੰਜਾਬੀ ਦੇ ਮੋਢੀ ਕਵੀ ਬਾਬਾ ਸ਼ੇਖ਼ ਫ਼ਰੀਦ ਦੀ ਜੀ ਪਵਿੱਤਰ ਯਾਦ ਨੂੰ ਸਮਰਪਿਤ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸਨ ਡਾ. ਐਸ. ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਪ੍ਰਧਾਨਗੀ ਕੀਤੀ ਪੰਜਾਬੀ ਦੇ ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਨੇ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਸਨ- ਬਾਬਾ ਫ਼ਰੀਦ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ-ਕੁਲਪਤੀ ਡਾ. ਐਸ. ਐਸ. ਗਿੱਲ ਅਤੇ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ। ‘ਜੀ ਆਇਆਂ ਨੂੰ’ ਕਹਿਣ ਦੀ ਰਸਮ ਸੁਨੀਲ ਚੰਦਿਆਣਵੀ ਪ੍ਰਧਾਨ ਲਿਟਰੇਰੀ ਕਲੱਬ ਵੱਲੋਂ ਨਿਭਾਈ ਗਈ। ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਕਵਿਤਾ ਦੇ ਜਾਣੇ-ਪਛਾਣੇ ਹਸਤਾਖ਼ਰ ਹਰਮੀਤ ਵਿਦਿਆਰਥੀ ਵੱਲੋਂ ਕਾਵਿਕ ਅੰਦਾਜ਼ ਵਿਚ ਕੀਤਾ ਗਿਆ। ਸਭ ਤੋਂ ਪਹਿਲਾਂ ਵਾਰੀ ਦਿੱਤੀ ਗਈ ਲੁਧਿਆਣਿਉਂ ਆਏ ਚਰਚਿਤ ਸ਼ਾਇਰ ਤਰੈਲੋਚਨ ਲੋਚੀ ਨੂੰ,ਜਿਸ ਨੇ ਆਪਣੇ ਸੁਰਮਈ ਅੰਦਾਜ਼ ਵਿਚ ਧੀਆਂ ਦੇ ਮਹੱਤਵ ਅਤੇ ਚਿੰਤਾ ਦੀ ਨਿਸ਼ਾਨਦੇਹੀ ਕਰਦੀਆਂ ਰਚਨਾਵਾਂ ਨਾਲ਼ ਆਪਣੀ ਹਾਜ਼ਰੀ ਲਵਾਈ-


ਅੱਧੀ ਰਾਤੀਂ ਕੋਈ ਉਠਿਆ, ਉੱਠਿਆ ਕੂਕਾ ਮਾਰ
ਜਾਂ ਤਾਂ ਓਸ ਦੇ ਵਿਹੜੇ ਧੀਆਂ, ਜਾਂ ਕੋਈ ਰੂਹ ’ਤੇ ਭਾਰ
ਸਾਜਾਂ ਦੀ ਤੌਹੀਨ ਦੇਖ ਕੇ ਹੁੰਦਾ ਬਹੁਤ ਖ਼ੁਆਰ
ਮੇਰੇ ਅੰਦਰ ਨਿੱਤ ਹੀ ਰੋਂਦਾ ਰੁੜਦਾ ਇਕ ਫ਼ਨਕਾਰ

ਫ਼ਿਰ ਵਾਰੀ ਆਈ ਰੋਪੜ ਤੋਂ ਆਏ ਡਾ. ਸ਼ਮਸ਼ੇਰ ਮੋਹੀ ਦੀ ਜਿਸ ਨੇ ਵਾਤਾਵਰਣ ਮੁਤੱਲਕ ਆਪਣੀ ਗੱਲ ਕੁਝ ਇੰਜ ਕਹੀ-

ਖ਼ਤਾ ਕੀਤੀ ਮੈਂ ਘਰ ਦੇ ਬਿਰਖ਼ ਤੋਂ ਪੰਛੀ ਉਡਾ ਕੇ
ਉਦਾਸੀ ਬਹਿ ਗਈ ਘਰ ਦੀ ਹਰ ਨੁੱਕਰ ’ਚ ਆਕੇ

ਫ਼ਿਰੋਜ਼ਪੁਰੀਏ ਡਾ. ਜਸਪਾਲ ਘਈ ਦਾ ਸ਼ਹੀਦ ਭਗਤ ਸਿੰਘ ਦੀ ਸੋਚ ਵਿਹਾਰਕ ਤੌਰ ’ਤੇ ਅਪਨਾਉਣ ਦਾ ਸੁਨੇਹਾ ਦਿੰਦੀ ਰਚਨਾ ਦੇ ਬੋਲ ਸਨ-

ਸ਼ੀਸ਼ੇ ਦਾ ਇਹ ਤਨ ਲੈ ਕੇ ਪੱਥਰ ਸੰਗ ਟਕਰਾਏਂਗਾ
ਕਾਰ ਦੇ ਪਿੱਛੇ ਫ਼ੋਟੋ ਲਾ ਕੇ ਭਗਤ ਸਿੰਘ ਬਣ ਜਾਏਂਗਾ!

ਕਾਵਿਕ ਮਾਹੌਲ ਨੂੰ ਹੋਰ ਖ਼ੂਬਸੂਰਤ ਬਨਾਉਣ ਦੇ ਮਕਸਦ ਨਾਲ਼ ਹਰਮੀਤ ਵਿਦਿਆਰਥੀ ਨੇ ਅਜੋਕੀ ਪੰਜਾਬੀ ਕਵਿਤਾ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਲੈਣ ਵਾਲ਼ੀ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੂੰ ਮੰਚ ਵੱਲ ਆਉਣ ਦਾ ਸੱਦਾ ਦਿੱਤਾ। ਅੰਮ੍ਰਿਤ ਨੇ ਨਾਰੀ ਸੰਵਦਨਾ ਨਾਲ਼ ਲਬਰੇਜ਼ ਆਪਣੀਆਂ ਰਚਨਾਵਾਂ ਖ਼ੂਬਸੂਰਤ ਅਦਾ ਸਹਿਤ ਸਾਂਝੀਆਂ ਕੀਤੀਆਂ। ਨਾਭੇ ਤੋਂ ਆਏ ਇਕ ਚੰਗੇ ਸਾਹਿਤ ਉਤਸਵ ਪ੍ਰਬੰਧਕ ਵਜੋਂ ਜਾਣੇ ਜਾਂਦੇ ਅਤੇ ਵਿਲੱਖਣ ਕਾਵਿ ਸ਼ੈਲੀ ਦੀਆਂ ਰਚਨਾਵਾਂ ਕਹਿਣ ਵਾਲ਼ੇ ਸ਼ਾਇਰ ਦਰਸ਼ਨ ਬੁੱਟਰ ਨੇ ਆਪਣੀ ਕਵਿਤਾ ‘ਬਚਪਨ ਜੁਆਨੀ ਅਧਖੜ ਅਤੇ ਬੁਢਾਪਾ ਪੇਸ਼ ਕੀਤੀ ਅਤੇ ਆਪਣੀ ਨਵ ਪ੍ਰਕਾਸ਼ਤ ਪੁਸਤਕ ‘ਮਹਾਂ ਕੰਬਣੀ’ ਵਿਚੋਂ ਕਵਿਤਾਵਾਂ ਸੁਣਾਈਆਂ। ਰੋਪੜ ਤੋਂ ਆਏ ਇਕ ਹੋਰ ਸੰਜੀਦਾ ਤੇ ਨਿਵੇਕਲੀ ਰੰਗਤ ਦੀ ਗ਼ਜ਼ਲ ਕਹਿਣ ਵਾਲ਼ੇ ਸ਼ਾਇਰ ਜਸਵਿੰਦਰ ਨੇ ਆਪਣੇ ਆਸ਼ਾਵਾਦੀ ਸੁਰ ਸੰਗ ਆਪਣੇ ਕਲਾਮ ਦੀ ਸ਼ੁਰੂਆਤ ਕੀਤੀ-

ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ
ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ਼ ਛੱਡਾਂਗੇ

ਦਿੱਲੀ ਤੋਂ ਉਚੇਚੇ ਪੁੱਜੇ ਅਤੇ ਬਾਬਾ ਫ਼ਰੀਦ ਸਾਹਿਤ ਪੁਰਸਕਾਰ ਨਾਲ਼ ਸਨਮਾਨਤ ਸ਼ਾਇਰ ਪ੍ਰੋ. ਬਰਜਿੰਦਰ ਚੌਹਾਨ ਨੇ ਬੇਬਾਕ ਸ਼ੈਲੀ ’ਚ ਆਪਣੀਆਂ ਰਚਨਾਵਾਂ ਦੀ ਸ਼ੁਰੂਆਤ ਕਰਦਿਆਂ ਕਿਹਾ-

ਸ਼ਾਇਦ ਏਦਾਂ ਹੀ ਬਦਲੇ ਮੌਸਮ ਦਾ ਰੰਗ ਜ਼ਰਾ
ਨੰਗ-ਮੁਨੰਗੇ ਰੁੱਖਾਂ ਉੱਤੇ ਕੁਝ ਪੱਤੇ ਟੰਗ ਜ਼ਰਾ
ਉਹ ਮੈਨੂੰ ਇਸ ਕਰਕੇ ਹੀ ਬਾਗ਼ੀ ਨੇ ਸਮਝ ਰਹੇ
ਮੈਂ ਦਰਿਆ ਵਿਚ ਤੈਰਨ ਦਾ ਬਦਲ ਲਿਆ ਹੈ ਢੰਗ ਜ਼ਰਾ

ਸਥਾਨਕ ਸ਼ਾਇਰ ਹਰਮਿੰਦਰ ਸਿੰਘ ਕੋਹਾਰਵਾਲ਼ਾ ਨੇ ਵੀ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ਼ ਹਾਜ਼ਰੀ ਲਵਾਈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਹੁਣੇ-ਹੁਣੇ ਵੱਕਾਰੀ ਸਾਹਿਤਕ ਸਨਮਾਨ ‘ਸਰਸਵਤੀ ਪੁਰਸਕਾਰ’ ਨਾਲ਼ ਨਿਵਾਜੇ ਡਾ. ਸੁਰਜੀਤ ਪਾਤਰ ਨੇ ਬਾਬਾ ਸ਼ੇਖ਼ ਫ਼ਰੀਦ ਜੀ ਦੀ ਰਚਨਾ ਨੂੰ ਨਤ-ਮਸਤਕ ਹੁੰਦਿਆਂ ਉਨ੍ਹਾਂ ਦੁਆਰਾ ਪੰਜਾਬੀ ਜ਼ੁਬਾਨ ਲਈ ਪਾਏ ਮਹਾਨ ਯੋਗਦਾਨ ਨੂੰ ਸਰਵ-ਉੱਤਮ ਕਿਹਾ। ਅੱਠ ਸਦੀਆਂ ਬੀਤ ਜਾਣ ਬਾਅਦ ਵੀ ਉਨ੍ਹਾਂ ਰਚਨਾਵਾਂ ਦਾ ਮਹੱਤਵ ਬਰਕਰਾਰ ਹੀ ਨਹੀਂ ਬਲਕਿ ਦਿਨ-ਬ-ਦਿਨ ਹੋਰ ਵਧਦਾ ਮਹਿਸੂਸ ਹੋ ਰਿਹਾ ਹੈ। ਪ੍ਰਸਿੱਧੀ ਹਾਸਲ ਕਰ ਚੁੱਕੇ ਲੇਖਕਾਂ ਨੇ ਵੀ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ ’ਚੋਂ ਸ਼ਬਦ ਜਾਂ ਵਾਕਾਂਸ਼ ਲੈ ਕੇ ਆਪਣੀਆਂ ਪੁਸਤਕਾਂ ਦੇ ਸਿਰਲੇਖਾਂ ਦੇ ਰੂਪ ਵਿਚ ਮੁਕਟ ਵਾਂਗ ਸਜਾਏ ਹਨ। ਸਾਹਿਤਕ ਸਮਾਗਮ ਵਿਚ ਗੁਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ ਦਫ਼ਤਰ ਅਜੀਤ ਫ਼ਰੀਦਕੋਟ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਰੀਦਕੋਟ, ਪ੍ਰੋ. ਸਾਧੂ ਸਿੰਘ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਅਵਤਾਰ ਗੋਂਦਾਰਾ, ਨਿਰਮਲ ਪਟਵਾਰੀ, ਜਸਵੰਤ ਜੱਸ, ਨਵਦੀਪ ਸਿੰਘ ਜ਼ੀਰਾ, ਜਸਬੀਰ ਜੱਸੀ, ਗੁਰਚਰਨ ਸਿੰਘ ਭੰਗੜਾ ਕੋਚ, ਮੇਹਰ ਸਿੰਘ ਸੰਧੂ, ਰਾਜਿੰਦਰ ਸਿੰਘ ਜੱਸਲ, ਐਸ ਬਰਜਿੰਦਰ, ਪ੍ਰੋ. ਪਰਮਿੰਦਰ ਸਿੰਘ, ਮੱਖਣ ਸਿੰਘ, ਨਿਰਮੋਹੀ ਫ਼ਰੀਦਕੋਟੀ,ਜਸਵਿੰਦਰ ਮਿੰਟੂ, ਸੁਨੀਲ ਵਾਟਸ ਤੋਂ ਇਲਾਵਾ ਸਥਾਨਕ ਦਰਸ਼ਕ, ਪੰਜਾਬ ਦੇ ਵਿਭਿਨ੍ਹ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ-ਢਾਣੀਆਂ ਤੋਂ ਆਏ ਸੈਂਕੜੇ ਸਾਹਿਤ ਰਸੀਏ ਸ਼ਾਮਲ ਸਨ।

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ .......... ਮਾਸਿਕ ਇਕੱਤਰਤਾ / ਸ਼ਮਸ਼ੇਰ ਸਿੰਘ ਸੰਧੂ


(ਕੈਲਗਰੀ) ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 4 ਸਤੰਬਰ 2010 ਦਿਨ ਸਨਿਚਰਵਾਰ ਦੋ ਵਜੇ ਕਾਊਂਸਲ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਸ਼ਮਸ਼ੇਰ ਸਿੰਘ ਸੰਧੂ, ਕਸ਼ਮੀਰਾ ਸਿੰਘ ਚਮਨ ਤੇ ਗੁਰਬਚਨ ਸਿੰਘ ਬ੍ਰਾੜ ਦੀ ਪ੍ਰਧਾਨਗੀ ਵਿਚ ਹੋਈ। ਸਟੇਜ ਸਕੱਤਰ ਦੀ ਜਿੰਮੇਂਵਾਰੀ ਜੱਸ ਚਾਹਲ ਹੋਰਾਂ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਸੁਣਾਈ ਤੇ ਪਰਵਾਨ ਕੀਤੀ ਗਈ।

31 ਅਗਸਤ ਨੂੰ ਅਮ੍ਰਿਤਾ ਪ੍ਰੀਤਮ ਦਾ ਜਨਮ ਦਿਨ ਸੀ। ਸ਼ਮਸ਼ੇਰ ਸਿੰਘ ਸੰਧੂ ਨੇ ਉਸਦੇ ਜੀਵਨ ਤੇ ਰਚਨਾਵਾਂ ਤੇ ਇਕ ਸੰਖੇਪ ਝਾਤ ਪੁਆਈ ਤੇ ਅਮ੍ਰਿਤਾ ਪ੍ਰੀਤਮ ਦੀ ਲਿਖੀ ਇਕ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ-

ਆ ਕਿ ਤੈਨੂੰ ਨਜ਼ਰ ਭਰਕੇ ਅੱਜ ਦੋ ਪਲ ਵੇਖ ਲਾਂ
ਮੌਤ ਹੈ ਮਨਸੂਰ ਦੀ ਕਿਤਨੀ ਕੁ ਮੁਸ਼ਕਿਲ ਵੇਖ ਲਾਂ।
ਆ ਕਿ ਥੋੜੀ ਦੇਰ ਤੋਂ ਅੱਖੀਆਂ ਦਾ ਘਰ ਵੀਰਾਨ ਹੈ
ਆਕਿ ਫਿਰ ਲਗਦੀ ਕਿਵੇਂ ਹੰਝੂਆਂਦੀ ਮਹਿਫਲ ਵੇਖਲਾਂ।
ਜ਼ਿੰਦਗੀ ਦੀ ਪ੍ਰਾਹੁਣਚਾਰੀ ਵੇਖ ਬੈਠੇ ਹਾਂ ਅਸੀਂ
ਮੌਤ ਵੀ ਸਦਦੀ ਬੜਾ ਹੁਣ ਜਾਕੇ ਉਸ ਵਲ ਵੇਖ ਲਾਂ।
ਸੁਰਜੀਤ ਸਿੰਘ ਪੰਨੂ ਨੇ ਆਪਣੀਆਂ ਦੋ ਰਚਨਾਵਾਂ ਪੇਸ਼ ਕੀਤੀਆਂ-
ਘਨਘੋਰ ਘਟਾ ਛਾਏਗੀ ਮੀਂਹ ਬਰਸੇਗਾ

ਇਕ ਬਰਕ ਸੀ ਲਹਿਰਾਏਗੀ ਮੀਂਹ ਬਰਸੇਗਾ।
ਜਬ ਚਾਂਦਨੀ ਕੇ ਸਾਏ ਮੇਂ ਵੁਹ ਜ਼ੁਲਫਿ ਸਿਆਹ
ਸ਼ਾਨੋਂ ਪੇ ਬਿਖਰ ਜਾਏਗੀ ਮੀਂਹ ਬਰਸੇਗਾ।
ਹਰਚਰਨ ਕੌਰ ਬਾਸੀ ਨੇ ਇਕ ਕਵੀਤਾ ਸੁਣਾਈ-
ਕਿਹੋ ਜਿਹਾ ਦਿਨ ਚੜ੍ਹਿਆ ਮਾਂ
ਰਾਮ ਸਰੂਪ ਸੈਣੀ ਹੋਰਾਂ ਨੇ ਪਹਿਲੇ ਇਕ ਭਜਨ ਤੇ ਫਿਰ ਇਕ ਗੀਤ ਬੜੇ ਖੂਬਸੂਰਤ ਤਰੰਨਮ ਵਿੱਚ ਸੁਣਾਇਆ-
1-ਮਾਧੋ ਹਮ ਐਸੇ ਤੂ ਐਸਾ, ਮਾਧੋ ਹਮ ਐਸੇ ਤੂ ਐਸਾ
ਹਮ ਮੈਲੇ ਤੁਮ ਉੱਜਲ ਕਰਤੇ ਹਮ ਨਿਰਗੁਣ ਤੁ ਦਾਤਾ।
2-ਖਾਲੀ ਹੈ ਅਭੀ ਜਾਮ ਮੈਂ ਕੁਛ ਸੋਚ ਰਹਾ ਹੂੰ
ਵੋ ਲਰਜ਼ਸ਼ੇ ਅਯਾਮ ਮੈਂ ਕੁਛ ਸੋਚ ਰਹਾ ਹੂੰ।
ਹਰਕੰਵਲਜੀਤ ਸਾਹਿਲ ਨੇ ਤਰੰਨਮ ਵਿਚ ਆਪਣੀ ਰਚਨਾ ਸੁਣਾਈ-
ਆਪਣੇ ਹੀ ਅੰਦਰੋਂ ਉਧਲ ਗਈ ਰੇਸ਼ਮਾਂ
ਦੇ ਮਗਰ ਭਜਦਾ ਰਿਹਾ ਉਮਰ ਭਰ ।
ਕਸ਼ਮੀਰਾ ਸਿੰਘ ਚਮਨ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ।
1-ਦੋ ਨੈਣ ਮਤਵਾਲੇ ਮੇਰੇ ਨਿਤ ਰਹਿਣ ਤਕਦੇ ਰਾਹ ਤੇਰਾ
ਹਿਰਦੇ ‘ਚ ਤੇਰਾ ਵਾਸ ਹੈ ਯਾਦਾਂ ’ਚ ਹੈ ਜਲਵਾ ਤੇਰਾ।
ਸੁਹਣੇ ਦਿਲਾਂ ਦੇ ਮਾਲਕਾ ਤੁੰ ਮਹਿਕਦਾ ਰੱਖੀਂ ਚਮਨ
ਬੱਦਲਾਂ ਦੀ ਨੂਰੀ ਲਿਸ਼ਕ ‘ਚ ਨਜ਼ਰੀਂ ਪਵੇ ਚਿਹਰਾ ਤੇਰਾ।
2-ਦਿੱਤਾ ਸੀ ਰਿਜ਼ਕ ਰੱਬਾ ਕੋਈ ਨਹੀਂ ਸੀ ਤੰਗੀ
ਜਿੰਦ ਯਾਰ ਦੀ ਕਿਓਂ ਤੈਂ ਸੂਲੀ ਤੇ ਫੇਰ ਟੰਗੀ।
ਜੀਵਣ ਦੇ ਤਾਰ ਸਾਰੇ ਅਜ ਤਾਰ ਤਾਰ ਹੋਏ
ਕਰ ਮਿਹਰ ਤੂੰ ਚਮਨ ਤੇ ਸੁਰ ਵਿਚ ਰਹੇ ਸਰੰਗੀ।
ਤਾਰਿਕ ਮਲਿਕ ਨੇ ਇਬਾਲ ਸੂਫੀ ਪੂਰੀ ਦੀ ਇਕ ਖੂਬਸੂਰਤ ਉਰਦੂ ਗ਼ਜ਼ਲ ਸੁਣਾਈ।
1-ਹਰ ਮੋੜ ਨਈ ਇਕ ਉਲਝਣ ਹੈ ਕਦਮੋਂ ਕਾ ਸੰਭਲਨਾ ਮੁਸ਼ਕਿਲ ਹੈ
ਵੋ ਸਾਥ ਨ ਦੇਂ ਫਿਰ ਧੂਪ ਤੋ ਕਯਾ, ਸਾਏ ਮੇਂ ਭੀ ਚਲਨਾ ਮੁਸ਼ਕਿਲ ਹੈ।
ਅਬ ਹਮ ਪੇ ਖੁਲਾ ਯੇ ਰਾਜ਼ੇ ਚਮਨ ਉਲਝਾਕੇ ਬਹਾਰੋਂ ਮੇਂ ਦਾਮਨ
ਕਾਂਟੋਂ ਸੇ ਨਿਕਲਨਾ ਆਸਾਂ ਥਾ, ਫੂਲੋਂ ਸੇ ਨਿਕਲਨਾ ਮੁਸ਼ਕਿਲ ਹੈ।
ਗੁਰਬਚਨ ਸਿੰਘ ਬ੍ਰਾੜ (ਪ੍ਰਧਾਨ ਲਿਖਾਰੀ ਸਭਾ) ਨੇ ਆਪਣੇ ਮਿੱਤਰ ਮਹਿੰਦਰਦੀਪ ਸਿੰਘ ਗਰੇਵਾਲ ਦਾ ਭੇਜਿਆ ਗ਼ਜ਼ਲ- ਸੰਗ੍ਰਹਿ ‘ਦਿਲ ਦੀ ਪਰਵਾਜ਼’ ਸ਼ਮਸ਼ੇਰ ਸਿੰਘ ਸੰਧੂ ਨੂੰ ਭੇਂਟ ਕੀਤਾ ਅਤੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ-
ਪਸਰਦੇ ਜਾਂਦੇ ਹਨੇਰੇ ਦੇਰ ਹੀ ਨਾ ਕਰ ਦਿਆਂ
ਸੂਰਜਾਂ ਦੇ ਬਾਲ ਦੀਵੇ ਹਰ ਬਨੇਰੇ ਧਰ ਦਿਆਂ।
ਫੈਸਲੇ ਦੇਖੋ ਅਜਬ ਹਰ ਧਰਮ ਦਾ ਰਹਿਬਰ ਕਰੇ,
ਕਿਸ ਸ਼ਖ਼ਸ ਨੂੰ ਤੀਰ ਤੇ ਕਿਸ ਸ਼ਖ਼ਸ ਨੂੰ ਖੰਜਰ ਦਿਆਂ।
ਬੇਪਤੀ ਬੇਗਾਨਿਆਂ ਕੀਤੀ ਬੜੀ ਜਰਦੇ ਰਹੇ,
ਜਿਸਮ ਸਾਡਾ ਚੂੰਡਿਆ ਹੁਣ ਆਪਣੇ ਹੀ ਘਰਦਿਆਂ।
ਗੁਰਚਰਨ ਕੌਰ ਥਿੰਦ ਨੇ ਆਪਣੀ ਇਕ ਨਵੀਂ ਤੇ ਭਾਵਪੂਰਤ ਖ਼ੂਬਸੂਰਤ ਕਹਾਣੀ ‘ਕਨੇਡੀਅਨ ਕੂੰਜਾਂ’ ਸੁਣਾਈ।
ਜੱਸ ਚਾਹਲ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ-
ਇਨਹੀਂ ਕੋ ਦੇਖਕਰ ਹਮ ਆਜ ਇਸ ਮਕਾਮ ਪੇ ਹੈਂ
ਕੈਸੇ ਕਹਿ ਦੇਂ ਨਾ ਦਿਨ ਕੋ ਦੇਖਾ ਕਰੋ ਸਪਨੋਂ ਕੋ।
ਤਰਸੇਮ ਸਿੰਘ ਪਰਮਾਰ ਨੇ ਰਿਆਜ਼ ਖਾਲਿਦ ਦੀ ਇਕ ਗ਼ਜ਼ਲ ਸੁਣਾਈ-
ਤਹਿਜ਼ੀਬ ਕੀ ਜੋ ਗੋਦ ਕਾ ਪਾਲਾ ਹੈ ਦੋਸਤੋ
ਅੰਦਾਜ਼ ਉਸਕਾ ਕਿਤਨਾ ਨਿਰਾਲਾ ਹੈ ਦੋਸਤੋ।
ਜਸਬੀਰ ਸਿੰਘ ਸਹੋਤਾ ਨੇ ਆਪਣੀ ਇਕ ਕਵਿਤਾ ਸੁਣਾਈ-
ਗ਼ਮ ਤੂੰ ਨਾ ਕਰਿਆ ਕਰ, ਖਾਧੀ ਰੁਖੀ ਸੁਕੀ ਦਾ
ਮਾਨ ਬੇਲੀਆ ਕਰਿਆ ਕਰ ਜ਼ਿੰਦਗੀ ਲੜਲੜ ਮੁੱਕੀ ਦਾ।
ਮੋਹਨ ਸਿੰਘ ਮਿਨਹਾਸ ਨੇ ਪਰਸਿੱਧ ਲੇਖਕਾਂ ਦੇ ਕੁਛ ਖ਼ੂਬਸੂਰਤ ਸ਼ਿਅਰ ਸੁਣਾਏ।
ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ।
1- ਇੱਕੋ ਹੈ ਵਾਰ ਜੀਣਾ ਇਸ ਨੂੰ ਸਵਾਰ ਯਾਰਾ
ਭਟਕਣ ਮਿਟਾਕੇ ਬਹਿ ਜਾ ਉਸਦੇ ਦਵਾਰ ਯਾਰਾ।
ਧਰਮਾਂ ਦਾ ਕੰਮ ਨਾਹੀਂ ਬੰਦੇ ‘ਚ ਪਾੜ ਪਾਉਣਾ
ਇੱਕੋ ਹੈ ਇਸ਼ਟ ਸਭ ਦਾ ਇਸਨੂੰ ਵਿਚਾਰ ਯਾਰਾ।
ਐਂਵੇਂ ਕਰੋਧ ਕਰਦੈਂ ਦੂਜੇ ਦੀ ਵੇਖ ਗ਼ਲਤੀ
ਅਪਣੇ ਗੁਨਾਹ ਦਾ ਬਹਿਕੇ ਕਰ ਤੂੰ ਸ਼ੁਮਾਰ ਯਾਰਾ।
ਗੁਜ਼ਰੇ ਇਹ ਪਲ ਜੋ ਤੇਰੇ ਮੁੜਕੇ ਨਾ ਫੇਰ ਆਉਣੇ
ਲੇਖੇ ਲਗਾ ਕਿਸੇ ਤੂੰ ਜੀਵਣ ਗੁਜ਼ਾਰ ਯਾਰਾ।
ਘੜੀਆਂ ਪਿਆਰ ਕਰਕੇ ਜੋ ਵੀ ਗੁਜ਼ਾਰ ਹੋਈਆਂ
ਜੀਵਣ ‘ਚ ਉਹ ਹੀ ਤੇਰੇ ਸਮਝੀਂ ਸ਼ੁਮਾਰ ਯਾਰਾ।
ਮਲਕੀਅਤ ਸਿੰਘ ਨੇ ਵਾਰਸ ਸ਼ਾਹ ਦੀਆਂ ਕੁਛ ਲਾਈਨਾ ਸੁਣਾਈਆਂ
ਭਾਈਆਂ ਬਾਝ ਨਾ ਮਜਲਸਾਂ ਸੁਹੰਦੀਆਂ ਨੇ
ਬਿਨਾ ਭਾਈਆਂ ਦੇ ਮੌਜ ਬਹਾਰ ਨਾਹੀਂ।
ਅਜਾਬਿ ਸਿੰਘ ਸੇਖੋਂ ਨੇ ਆਪਣੀ ਇਕ ਕਵਿਤਾ ਪੇਸ਼ ਕੀਤੀ-
ਕੀ ਕਹਿ ਸਕਦੈਂ ਕਿ ਤੂੰ ਮੇਰੇ ਦਿਲ ਵਿਚ ਵਸਦਾ ਨਹੀਂ
ਮੇਰ ਤਨ ਨੂੰ ਛੋਹਕੇ ਤਾਂ ਵੇਖ ਕਿਤੇ ਤਪਦਾ ਨਹੀਂ।
ਡਾ. ਸੁਖਵਿੰਦਰ ਸਿੰਘ ਥਿੰਦ ਨੇ ਸ਼ਾਨਦਾਰ ਮਹਿਫਲ ਸਜਾਉਣ ਲਈ ਸਾਰਿਆ ਦਾ ਧੰਨਵਾਦ ਕੀਤਾ। ਖੁਸ਼ਮੀਤ ਸਿੰਘ ਥਿੰਦ ਨੇ ਚੁਟਲੇ ਸੁਣਾਏ।
ਕੇ. ਐਨ. ਮਹਿਰੋਤਰਾ ਨੇ ਪ੍ਰਸਿੱਧ ਹਿੰਦੀ ਸ਼ਾਇਰ ਮੈਥਲੀ ਸ਼ਰਨ ਗੁਪਤਾ ਦੀ ਰਚਨਾ ਸੁਣਾਈ-
ਜਿਨ ਕੋ ਨਾ ਨਿਜ ਦੇਸ਼ ਧਰਮ ਕੌਮ ਪਰ ਅਭਿਮਾਨ ਹੋ
ਵੋ ਨਰ ਨਹੀਂ ਨਰ ਨਿਰਾ ਪਸ਼ੂ ਸਮਾਨ ਹੈ।
ਉਕਤ ਤੋਂ ਇਲਾਵਾ ਬਖ਼ਸ਼ੀਸ਼ ਸਿੰਘ ਗੋਸਲ, ਮਿਸਟਰ ਗੋਸਲ, ਮਿਸਟਰ ਉਸਤਤ ਸਿੰਘ, ਜਸਬੀਰ ਸਿੰਘ ਚਾਹਲ, ਸੁਖਵਿੰਦਰ ਸਿੰਘ ਥਿੰਦ, ਅਵਨੀਤ ਕੌਰ, ਵਰਦੀਪ ਕੌਰ ਥਿੰਦ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਚਾਹ ਪਾਣੀ ਦਾ ਯੋਗ ਪ੍ਰਬੰਧ ਸੀ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 2 ਅਕਤੂਬਰ, 2010 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102 3208 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕਾਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539 ਅਤੇ ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨੂੰ 681-8281 ਤੇ ਸੰਪਰਕ ਕਰੋ।
ਮੱਖਣ ਬਰਾੜ ਦਾ ਲੰਡਨ ‘ਚ ਸਨਮਾਨ.......... ਸਨਮਾਨ ਸਮਾਰੋਹ

ਪੰਜਾਬ ਪ੍ਰਤੀ ਗੀਤਾਂ ਰਾਹੀਂ ਦਿਲੋਂ ਹਾਅ ਦਾ ਨਾਅਰਾ ਮਾਰਦੈ ਮੱਖਣ ਬਰਾੜ: ਜੱਗੀ ਕੁੱਸਾ, ਖੁਰਮੀ


ਲੰਡਨ : ਪੰਜਾਬੀ ਗੀਤਕਾਰੀ ਵਿੱਚ ਪਾਕ-ਪਵਿੱਤਰ ਸੋਚ ਵਾਲੇ ਗੀਤਾਂ ਦੇ ਰਚੇਤਾ ਵਜੋਂ ਜਾਣੇ ਜਾਂਦੇ ਗੀਤਕਾਰ ਮੱਖਣ ਬਰਾੜ ਮੱਲ ਕੇ ਦਾ ਇੰਗਲੈਂਡ ਪਹੁੰਚਣ 'ਤੇ ਨਿੱਘਾ ਸੁਆਗਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਮੱਖਣ ਬਰਾੜ ਨੇ 'ਆਪਣਾ ਪੰਜਾਬ ਹੋਵੇ', 'ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ', 'ਚੋਰਾਂ ਦੇ ਵੱਸ ਪੈ ਕੇ ਭਾਰਤ ਮਾਂ ਕੁਰਲਾਉਂਦੀ ਆ' ਵਰਗੇ ਸ਼ਾਹਕਾਰ ਗੀਤ ਰਚੇ ਹਨ। ਉਹਨਾਂ ਨੂੰ ਜੀ ਆਇਆਂ ਕਹਿਣ ਹਿਤ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਇੱਕ ਅਦਬੀ ਮਹਿਫ਼ਲ ਦਾ ਆਯੋਜਨ ਕੀਤਾ ਗਿਆ, ਜਿਸ ਸਮੇਂ ਉੱਘੇ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਹਾਜ਼ਰੀਨ ਨਾਲ ਜਾਣ ਪਛਾਣ ਕਰਾਉਂਦਿਆਂ ਕਿਹਾ ਕਿ ਮੱਖਣ ਬਰਾੜ ਦੇ ਗੀਤ 'ਓਹ ਪੰਜਾਬੀ ਨਹੀਂ ਹੁੰਦਾ' ਵਾਂਗ ਜਿਸ ਪੰਜਾਬੀ ਨੂੰ ਅੱਜ ਮੱਖਣ ਬਰਾੜ ਦੇ ਨਾਂਅ ਤੋਂ ਵਾਕਫ਼ੀ ਨਹੀਂ, ਓਹ ਪੰਜਾਬੀ ਨਹੀਂ ਹੋਣਾ। ਮੱਖਣ ਬਰਾੜ ਨੇ ਜਿਸ ਜਿ਼ੰਦਾ-ਦਿਲੀ ਅਤੇ ਨਿੱਡਰਤਾ ਨਾਲ ਪੰਜਾਬ ਦੇ ਹਰ ਦਰਦ ਨੂੰ ਗੀਤਾਂ ਰਾਹੀਂ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ, ਉਹ ਗੱਲਾਂ ਨਾਵਲਾਂ ਰਾਹੀਂ ਵੀ ਕੀਤੀਆਂ ਜਾਣੀਆਂ ਮੁਸ਼ਕਿਲ ਲੱਗਦੀਆਂ ਹਨ। ਇਸ ਸਮੇਂ ਨੌਜਵਾਨ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਜਿੱਥੇ ਅੱਜ ਪੰਜਾਬ ਦੇ ਜੁਗਾੜ-ਲਾਊ ਗਾਇਕ ਅਤੇ ਗੀਤਕਾਰ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਮਾਸ਼ੂਕਾਂ ਬਣਾਉਣ ਦੇ ‘ਆਹਰ’ ‘ਚ ਰੁੱਝੇ ਹੋਏ ਹਨ, ਉਥੇ ਮੱਖਣ ਬਰਾੜ ਇਕ ਅਜਿਹਾ ਹਸਤਾਖ਼ਰ ਹੈ, ਜਿਸ ਨੇ ਸਿਰਫ਼ ਅਤੇ ਸਿਰਫ਼ ਜੇ ਕੁਝ ਲਿਖਿਆ ਹੈ, ਤਾਂ ਉਸ ਵਿਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੰਦਲੀ ਮਹਿਕ ਆਉਂਦੀ ਹੈ। ਇਸ ਸਾਦੇ, ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੁਲਾਰਿਆਂ ਨੇ ਇੰਗਲੈਂਡ ਦੀ ਯੂਨੀਵਰਸਿਟੀ ਵੱਲੋਂ ਪੰਜਾਬੀ ਸੱਭਿਆਚਾਰ ਦੇ ਸਰਵਣ ਪੁੱਤ ਗਾਇਕ ਗੁਰਦਾਸ ਮਾਨ ਨੂੰ ਡਾਕਟਰੇਟ ਦੀ ਉਪਾਧੀ ਨਾਲ ਨਿਵਾਜਣ ‘ਤੇ ਜਿੱਥੇ ਗੁਰਦਾਸ ਮਾਨ ਸਮੇਤ ਸਮੂਹ ਪੰਜਾਬੀਆਂ ਨੂੰ ਮੁਬਾਰਕਵਾਦ ਪੇਸ਼ ਕੀਤੀ, ਉਥੇ ਹੁਣ ਤੱਕ ਦੀਆਂ ਪੰਜਾਬ ਸਰਕਾਰਾਂ ਨੂੰ ਉਲਾਂਭਾ ਵੀ ਦਿੱਤਾ ਕਿ ਅਸੀਂ ਉਹਨਾਂ ਨੂੰ ਕਿਸੇ ਫ਼ਨਕਾਰ ਦੇ ਜਹਾਨੋਂ ਕੂਚ ਕਰਨ ਉਪਰੰਤ ਮੇਲੇ ਲਾਉਣ ਨਾਲੋਂ ਉਹਨਾਂ ਦਾ ਜਿਉਂਦੇ ਜੀਅ ਸਨਮਾਨ ਕਰਨ ਵੱਲ ਇਮਾਨਦਾਰੀ ਨਾਲ ਧਿਆਨ ਦੇਣ! ਇਸ ਤੋਂ ਇਲਾਵਾ ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ, ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ, ਹਰਪ੍ਰੀਤ ਰੱਲਾ ਸੰਗਰੂਰ, ਰਵੀ ਨੱਥੋਵਾਲ ਆਦਿ ਨੇ ਵੀ ਆਪਣੇ ਵੱਲੋਂ ਸ਼ਾਬਦਿਕ ਹਾਜ਼ਰੀ ਲਗਵਾਈ। ਧੰਨਵਾਦੀ ਸ਼ਬਦ ਬੋਲਦਿਆਂ ਮੱਖਣ ਬਰਾੜ ਨੇ ਸ਼ਾਇਰਾਨਾ ਅੰਦਾਜ਼ ਰਾਹੀਂ ਬੋਲਦਿਆਂ ਕਿਹਾ ਕਿ 'ਜਿਸ ਗੀਤ 'ਚੋਂ ਨੰਗੇਜ਼ ਦੀ ਝਲਕ ਆਉਂਦੀ, ਸਮਝ ਲੈਣਾ ਕਿ ਓਹ ਮੱਖਣ ਬਰਾੜ ਦਾ ਨਹੀਂ' ਉਹਨਾਂ ਵਾਅਦਾ ਕੀਤਾ ਕਿ ਫ਼ੋਕੀ ਸ਼ਹੁਰਤ ਖਾਤਰ ਓਹ ਆਪਣੇ ਰਾਹ ਤੋਂ ਭਟਕਣਗੇ ਨਹੀਂ, ਸਗੋਂ ਸੱਚ ਨੂੰ ਆਪਣੀ ਕਲਮ ਰਾਹੀਂ ਉਜਾਗਰ ਕਰਦੇ ਰਹਿਣਗੇ। ਇਸ ਸਮੇਂ ਜਿੱਥੇ ਉਹਨਾਂ ਨੂੰ ਡਾ: ਆਲਮ ਦੁਆਰਾ ਰਚਿਤ ਕਾਵਿ-ਸੰਗ੍ਰਹਿ ਦਾ ਸੈੱਟ ਭੇਂਟ ਕੀਤਾ ਗਿਆ ਓਥੇ ਮੱਖਣ ਬਰਾੜ ਦੀ ਸ਼ੇਅਰੋ ਸ਼ਾਇਰੀ 'ਤੇ ਆਧਾਰਿਤ ਬਣੀ ਵੀ.ਸੀ.ਡੀ. 'ਵਿਰਾਸਤ' ਵੀ ਰਿਲੀਜ਼ ਕੀਤੀ ਗਈ।ਪੰਜਾਬੀ ਵਿਭਾਗ ਨੇ ਪ੍ਰਸਿੱਧ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ.......... ਰੂ ਬ ਰੂ / ਨਿਸ਼ਾਨ ਸਿੰਘ ਰਾਠੌਰ


ਕੁਰੂਕਸ਼ੇਤਰ ਯੁਨੀਵਰਸਿਟੀ ਪੰਜਾਬੀ ਵਿਭਾਗ ਵੱਲੋਂ ਅੱਜ 6 ਸਤੰਬਰ 2010 ਨੂੰ ਦਿਨੇ 11 ਵਜੇ ਸੀਨੇਟ ਹਾਲ ਵਿਖੇ ਪ੍ਰਸਿੱਧ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਡੀ.ਡੀ. ਐੱਸ ਸੰਧੂ ਨੇ ਕੀਤੀ।
ਸਭ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਰਜਿੰਦਰ ਸਿੰਘ ਭੱਟੀ ਨੇ ਇੰਦਰਜੀਤ ਇਮਰੋਜ਼, ਪ੍ਰਸਿੱਧ ਸ਼ਾਇਰਾ ਸਫ਼ੀਨਾ ਬਿੱਟੂ ਸੰਧੂ ਅਤੇ ਬਾਹਰੋਂ ਆਏ ਸਾਰੇ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਭਾਗ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ।

ਇਸ ਤੋਂ ਬਾਅਦ ਡੀਨ ਆਫ਼ ਅਕੈਡਮਿਕ ਅਫ਼ੇਸਰ ਅਤੇ ਪ੍ਰਸਿੱਧ ਪੰਜਾਬੀ ਅਲੋਚਕ ਡਾ. ਅਮਰਜੀਤ ਸਿੰਘ ਕਾਂਗ ਨੇ ਇੰਦਰਜੀਤ ਇਮਰੋਜ਼ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ. ਕਾਂਗ ਨੇ ਕਿਹਾ ਕਿ ਇੰਦਰਜੀਤ ਇਮਰੋਜ਼ ਦੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਆਉਣ ਨਾਲ ਸਾਡਾ ਸਾਰਿਆਂ ਦਾ ਮਾਣ ਵਧਿਆ ਹੈ।
ਉਨ੍ਹਾਂ ਵੀ.ਸੀ. ਡਾ. ਡੀ.ਡੀ.ਐੱਸ ਸੰਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਵੀ.ਸੀ. ਸਾਹਬ ਯੂਨੀਵਰਸਿਟੀ ਵਿਚ ਅਜਿਹੇ ਪ੍ਰੋਗਰਾਮ ਕਰਵਾਉਣ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੇ ਇਸ ਉੱਦਮ ਸਦਕਾ ਹੀ ਅੱਜ ਇਕ ਮਹਾਨ ਸ਼ਾਇਰ/ਚਿੱਤਰਕਾਰ ਸਾਡੇ ਵਿਚ ਆਇਆ ਹੈ।
ਇਸ ਤੋਂ ਬਾਅਦ ਇੰਦਰਜੀਤ ਇਮਰੋਜ਼ ਨੇ ਅਮ੍ਰਿਤਾ ਪ੍ਰੀਤਮ ਨਾਲ ਬਿਤਾਏ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਆਪਣੀ ਜਿ਼ੰਦਗੀ ਦੇ ਨਿਜੀ ਤਜ਼ਰਬਿਆਂ ਬਾਰੇ, ਚਿੱਤਰਕਲਾ ਬਾਰੇ ਅਤੇ ਸ਼ਾਇਰੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਅਮ੍ਰਿਤਾ ਪ੍ਰੀਤਮ ਅਤੇ ਆਪਣੀਆਂ ਨਜ਼ਮਾਂ ਵੀ ਸੁਣਾਈਆਂ।
ਇੰਦਰਜੀਤ ਇਮਰੋਜ਼ ਨਾਲ ਵਿਸ਼ੇਸ਼ ਤੌਰ ਤੇ ਆਈ ਸ਼ਾਇਰਾ ਸਫ਼ੀਨਾ ਬਿੱਟੂ ਸੰਧੂ ਨੇ ਆਪਣੀਆਂ ਨਜ਼ਮਾਂ ਰਾਹੀਂ ਹਾਜਰ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।
ਪੰਜਾਬੀ ਵਿਭਾਗ ਅਤੇ ਫਾਈਨ ਆਰਟ ਵਿਭਾਗ ਦੇ ਵਿਦਿਆਰਥੀਆਂ ਨੇ ਇੰਦਰਜੀਤ ਇਮਰੋਜ਼ ਅਤੇ ਸਫ਼ੀਨਾ ਬਿੱਟੂ ਸੰਧੂ ਤੋਂ ਉਹਨਾਂ ਦੀ ਕਲਾ ਬਾਰੇ ਜਾਣਕਾਰੀ ਲੈਣ ਹਿੱਤ ਕਈ ਸਵਾਲ ਵੀ ਪੁੱਛੇ ਜਿਹਨਾਂ ਦਾ ਉਹਨਾਂ ਨੇ ਵਧੀਆ ਢੰਗ ਨਾਲ ਜਵਾਬ ਦਿੱਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵੀ.ਸੀ. ਡਾ. ਡੀ.ਡੀ.ਐੱਸ ਸੰਧੂ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਮਹਾਨ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਸਾਡੇ ਵਿਚ ਆਏ ਹਨ। ਉਹਨਾਂ ਪੰਜਾਬੀ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਦਾ ਇਹ ਇਕ ਵਧੀਆ ਉਪਰਾਲਾ ਹੈ ਅਤੇ ਯੂਨੀਵਰਸਿਟੀ ਦੇ ਦੂਜੇ ਵਿਭਾਗਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈ ਕੇ ਆਪਣੇ ਖੇਤਰ ਵਿਚ ਸਥਾਪਤ ਲੋਕਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਉਤਸ਼ਾਹਤ ਕੀਤਾ ਜਾ ਸਕੇ।
ਅੰਤ ਵਿਚ ਡਾ. ਅਮਰਜੀਤ ਸਿੰਘ ਕਾਂਗ ਨੇ ਆਏ ਸਾਰੇ ਮਹਿਮਾਨਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕਰਮਜੀਤ ਸਿੰਘ ਨੇ ਨਿਭਾਈ। 
ਇਸ ਮੌਕੇ ਤੇ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਡੀਨ, ਚੇਅਰਮੈਨ, ਪ੍ਰੋਫ਼ੈਸਰ, ਕਵੀ, ਸ਼ਾਇਰ ਅਤੇ ਵਿਭਿੰਨ ਵਿਭਾਗਾਂ ਦੇ ਵਿਦਿਆਰਥੀ ਵੀ ਹਾਜਰ ਸਨ।
****ਰਿਵਰਲੈਂਡ ਸੇਵਾ ਵੱਲੋਂ ਮਲਟੀਮੀਡੀਏ ਨਾਲ ਲਾਏ ਕੈਂਪ ਦੀ ਝਲਕ ......... ਕੈਂਪ / ਮਿੰਟੂ ਬਰਾੜ

ਰਿਵਰਲੈਂਡ (ਸਾਊਥ ਆਸਟ੍ਰੇਲੀਆ) : ਪੱਛਮੀ ਸੱਭਿਅਤਾ ਦੀ ਚਕਾਚੌਂਧ ਵਿੱਚ ਗੁਆਚ ਰਹੇ ਸਾਡੇ ਕੀਮਤੀ ਵਿਰਸੇ ਦੀ ਸਾਂਭ ਕਰਨ ਲਈ ਅਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਰਾਹੀਂ ਜੀਵਨ ਜਾਂਚ ਦੀ ਸੇਧ ਦੇਣ ਲਈ ਰਿਵਲੈਂਡ ਦੇ ਚੇਤਨਾ ਦੇ ਵਾਰਿਸ ਗੁਰਸਿੱਖਾਂ ਨੇ ਮਿਲ ਕੇ “ਰਿਵਲੈਂਡ ਸੇਵਾ” ਨਾਮ ਦੀ ਸੰਸਥਾ ਬਣਾਈ। ਇਸ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਖਾਲਸਾ, ਸੈਕਟਰੀ ਬੀਬੀ ਅੰਮ੍ਰਿਤ ਕੌਰ ਅਤੇ ਖਜ਼ਾਨਚੀ ਡਾਕਟਰ ਤੇਜਿੰਦਰ ਸਿੰਘ ਜੀ ਨੂੰ ਨਿਯੁਕਤ ਕੀਤਾ ਗਿਆ। ਇਸ ਦੇ ਮੈਂਬਰ ਸੁਸਾਨ ਸਿੰਘ, ਇੰਦਰਪ੍ਰੀਤ ਕੌਰ, ਸਤਿਵੰਤ ਕੌਰ, ਬਲਜੀਤ ਕੌਰ, ਨਵਤੇਜ ਸਿੰਘ, ਸਤਿਨਾਮ ਸਿੰਘ, ਮੁਹਿੰਦਰ ਸਿੰਘ, ਸਿਮਰਨਪ੍ਰੀਤ ਕੌਰ ਅਤੇ ਹੀਰਾ ਸਿੰਘ ਨਿਯੁਕਤ ਕੀਤੇ ਗਏ।

ਰਿਵਰਲੈਂਡ ਸੇਵਾ ਨੇ ਪਹਿਲਾ ਹੀ ਕੀਮਤੀ ਉਪਰਾਲਾ ਕਰਦਿਆਂ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਣ ਦੇ ਮਾਹਿਰ ਸਿੱਖ ਪੰਥ ਦੇ ਪ੍ਰਸਿੱਧ ਨੌਜਵਾਨ ਕਥਾਵਾਚਕ ਭਾਈ ਸਾਹਿਬ ਭਾਈ ਰਾਮ ਸਿੰਘ ਜੀ (ਗੁਰੂ ਗਿਆਨ ਮਿਸਨ) ਨੂੰ ਦੋ ਦਿਨਾਂ ਗੁਰਮਤਿ ਕੈਂਪ ਆਯੋਜਿਤ ਕਰਨ ਲਈ ਉਚੇਚੇ ਤੌਰ ਤੇ ਸੱਦਿਆ ਗਿਆ। ਭਾਈ ਰਾਮ ਸਿੰਘ ਜੀ ਵੱਲੋਂ ਇਹ ਸੋਚ ਲੈ ਕੇ ਕਿ ਬੱਚਿਆਂ ਵਿੱਚ ਇਨਸਾਨੀਅਤ ਦੇ ਬੀਜ ਬੀਜਣੇ ਹੀ ਆਦਰਸ਼ ਸਮਾਜ ਦੀ ਨੀਂਹ ਰੱਖਣੀ ਹੈ, ਮਲਟੀਮੀਡੀਏ ਨਾਲ ਕੈਂਪ ਅਯੋਜਿਤ ਕੀਤਾ ਗਿਆ, ਜਿਸ ਵਿੱਚ 60 ਤੋਂ ਉੱਪਰ ਬੱਚਿਆਂ ਨੇ ਹਿੱਸਾ ਲਿਆ। ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ “ਵਾਹਿਗੁਰੂ ਜੀ ਦਾ ਸਿਮਰਨ” ਕਰਕੇ ਕੈਂਪ ਵਿੱਚ ਆਏ ਸਾਰੇ ਬੱਚੇ ਤੇ ਨੌਜਵਾਨ ਮਿਲ ਕੇ ਸ੍ਰੀ ਜਪੁ ਜੀ ਦਾ ਪਾਠ ਕਰਦੇ ਸਨ। ਕੰਪਿਊਟਰ ਰਾਹੀਂ ਜਪੁ ਜੀ ਸਾਹਿਬ ਜੀ ਦਾ ਪਾਠ ਬੱਚੇ ਬਹੁਤ ਹੀ ਪਿਆਰ ਨਾਲ ਸੁਣਦਿਆਂ ਨਾਲੋ ਨਾਲ ਸਕਰੀਨ ਤੋਂ ਡਿਸਪਲੇਅ ਕੀਤੇ ਜਾਂਦੇ ਪਾਠ ਨੂੰ ਪੜ੍ਹਦੇ (ਫੌਲੌਅ ਕਰਦੇ) ਸਨ। ਉਸ ਤੋਂ ਬਾਅਦ ਗੁਰੁ ਸਾਹਿਬਾਨ ਜੀ ਦੇ ਇਤਿਹਾਸ ਕੋਈ ਸਟੋਰੀ ਇੱਕ ਬੱਚਾ ਅੰਗਰੇਜ਼ੀ ਵਿੱਚ ਤੇ ਦੂਸਰਾ ਬੱਚਾ ਪੰਜਾਬੀ ਵਿੱਚ ਸੁਣਾਉਂਦਾ ਸੀ। ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਸਾਡੀ ਮਾਂ ਬੋਲੀ ਪ੍ਰਤੀ ਹੋ ਰਹੇ ਅਵੇਸਲੇਪਣ ਕਾਰਣ ਬੱਚੇ ਗੁਰਮੁਖੀ / ਪੰਜਾਬੀ ਤੋਂ ਜਿੱਥੇ ਦੂਰ ਹੁੰਦੇ ਜਾ ਰਹੇ ਹਨ ਉੱਥੇ ਖੁਸ਼ੀ ਦੀ ਗੱਲ ਹੈ ਕਿ ਐਡੇਲੇਡ ਤੋਂ ਵਿਸੇਸ਼ ਤੌਰ ਤੇ ਇਸ ਕੈਂਪ ਵਿੱਚ ਪਹੁੰਚੇ ਕਾਕਾ ਅਨਮੋਲਵੀਰ ਸਿੰਘ ਨੇ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਸਾਖੀ ਪੜ੍ਹ ਕੇ ਸੁਨਾਉਣ ਦੀ ਸੇਵਾ ਕੀਤੀ। ਕਾਕਾ ਅਨਮੋਲਵੀਰ ਸਿੰਘ ਪੰਜਾਬੀ ਪੜ੍ਹਣ ਤੋਂ ਪ੍ਰਭਾਵਿਤ ਹੋ ਕੇ ਸਾਰੇ ਬੱਚੇ ਭਵਿੱਖ ਵਿੱਚ ਪੰਜਾਬੀ ਕਲਾਸਾਂ ਲਾਉਣ ਲਈ ਪ੍ਰਭਾਵਿਤ ਹੋਏ। ਨੌਜਵਾਨਾਂ ਦਾ ਪੰਜਾਬੀ ਪ੍ਰਤੀ ਉਤਸ਼ਾਹ ਦੇਖ ਕੇ ਡਾਕਟਰ ਤੇਜਿੰਦਰ ਸਿੰਘ ਜੀ ਨੇ ਭਵਿੱਖ ਵਿੱਚ ਹਰੇਕ ਸ਼ਨਿੱਚਰਵਾਰ ਨੂੰ ਪੰਜਾਬੀ ਅਤੇ ਗੁਰਮਤਿ ਕਲਾਸਾਂ ਲਾਉਣ ਦੀ ਜਿੰਮੇਂਵਾਰੀ ਸੰਭਾਲੀ। ਭਾਈ ਰਾਮ ਸਿੰਘ ਜੀ ਨੇ ਜਦੋਂ ਕੈਂਪ ਵਿੱਚ ਇੱਕ ਪੰਜਾਬੀ ਸਿੱਖਣ ਵਾਰੇ ਇੱਕ ਐਨੀਮੇਟਿਡ ਫਿਲਮ “ਆਓ ਪੰਜਾਬੀ ਸਿੱਖੀਏ” ਦਿਖਾਈ ਤਾਂ ਬਹੁਤ ਹੀ ਦਿਲਚਸਪ ਨਜ਼ਾਰਾ ਸੀ ਜੋ ਕਿ ਬਿਆਨ ਕਰਨ ਤੋਂ ਪਰ੍ਹੇ ਹੈ। ਇਸ ਤੋਂ ਇਲਾਵਾ ਸਿੱਖਿਇਜ਼ਮ ਬਾਰੇ ਧਾਰਮਿਕ ਫਿਲਮਾਂ ਵੀ ਦਿਖਾਈਆਂ ਗਈਆਂ ਅਤੇ ਮਾਨਵੀ ਤੇ ਸਮਾਜਿਕ ਕਦਰਾਂ ਕੀਮਤਾਂ ਅਤੇ ਇਨਸਾਨੀਅਤ ਵਾਰੇ ਭਾਈ ਸਾਹਿਬ ਜੀ ਵੱਲੋਂ ਬਹੁਤ ਹੀ ਆਕਰਸ਼ਕ ਢੰਗ ਨਾਲ ਬੱਚਿਆਂ ਨੂੰ ਉਪਦੇਸ਼ ਦਿੱਤੇ ਅਤੇ ਆਪਸੀ ਡਿਬੇਟ ਵੀ ਕਰਵਾਈ ਗਈ। ਭਾਈ ਰਾਮ ਸਿੰਘ ਜੀ ਦੇ ਲੈਕਚਰ ਦੀ ਖਾਸ਼ੀਅਤ ਇਹ ਹੈ ਕਿ ਉਹ ਬੱਚਿਆਂ ਤੇ ਨੌਜਵਾਨਾਂ ਨਾਲ ਇਤਨਾ ਘੁਲਮਿਲ ਜਾਂਦੇ ਹਨ ਕਿ ਸਾਰੇ ਉਹਨਾਂ ਨੂੰ ਆਪਣਾ ਫਰੈਂਡ ਸਮਝਣ ਲੱਗਦੇ ਹਨ। ਜਦੋਂ ਉਹ ਬੱਚਿਆਂ ਦੇ ਮਾਨਸਿਕ ਲੈਵਲ ਤੇ ਉਹਨਾਂ ਨੂੰ ਸਮਝ ਆਉਣ ਵਾਲੀਆਂ ਸੌਖੀਆਂ ਦਲੀਲਾਂ ਨਾਲ ਸਮਝਾਉਂਦੇ ਹਨ ਤਾਂ ਇੰਜ ਲੱਗਦਾ ਹੈ ਸੱਚਮੁੱਚ ਇਹ ਕਲਾ ਆਮ ਪ੍ਰਚਾਰਕਾਂ ਵਿੱਚ ਨਹੀਂ ਦਿਖਾਈ ਦਿੰਦੀ ਜਿਸ ਦੀ ਅੱਜ ਸਖਤ ਲੋੜ ਹੈ।
ਮੈਂ ਉਹਨਾਂ ਦੇ ਪ੍ਰਚਾਰ ਢੰਗ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਹਾਂ ਅਤੇ ਅਸਟਰੇਲੀਆ ਦੀਆਂ ਸੰਗਤਾਂ ਨਾਲ ਆਪਣੇ ਦਿਲ ਦੇ ਬਲਵਲੇ ਸਾਂਝੇ ਕਰਨੇ ਚਾਹੁੰਦਾ ਹਾਂ, ਕਿਉਂ ਕਿ ਇਸ ਤੋਂ ਪਹਿਲਾਂ ਅੱਜ ਤੱਕ ਜਿੰਨੇ ਵੀ ਪ੍ਰਚਾਰਕਾਂ ਨੂੰ ਮੈਂ ਬਤੌਰ ਪੱਤਰਕਾਰ ਦੇਖਿਆ ਹੈ, ਉਹਨਾਂ ਵਿੱਚੋਂ ਬਹੁਤੇ ਤਾਂ ਕਰਮਕਾਂਡੀ ਤੇ ਚਮਤਕਾਰੀ ਕਹਾਣੀਆਂ ਵੀ ਸੁਨਾਉਂਦੇ ਹਨ ਅਤੇ ਆਪਣੇ ਰੁੱਖੇ ਅਤੇ ਕੌੜੇ ਬੋਲਾਂ ਨਾਲ ਸਰੋਤਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਲੋਕ ਸ਼ਰਮੋ ਸ਼ਰਮੀ ਚੁੱਪ ਵੀ ਹੋ ਜਾਂਦੇ ਹਨ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਵਿੱਚ ਆਪਣਾ ਦਿਲ ਹੌਲਾ ਕਰਨ ਲਈ ਆਪਸ ਵਿੱਚ ਇੰਜ ਚਰਚਾ ਕਰਕੇ ਹਨ ਕਿ ਇਹ ਸਾਡੇ ਪ੍ਰਚਾਰਕ “21 ਵੀਂ ਸਦੀ ਸਾਇੰਟੇਫਿਕ ਦੇ ਯੁਗ ਵਿੱਚ” ਕਿਹੋ ਜਿਹੀਆਂ ਵਿਚਾਰਾਂ ਕਰਦੇ ਹਨ। ਮੈਂ ਲੋਕਾਂ ਨੂੰ ਇੱਕ ਦੂਜੇ ਤੋਂ ਇਹ ਵੀ ਪੁੱਛਦੇ ਦੇਖਿਆਂ ਕਿ “ਕੀ ਇਹਨਾਂ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਵੀ ਪ੍ਰਭਾਵਿਤ ਹੁੰਦੀ ਹੈ ਕਿ ਨਹੀਂ?” 
ਅੱਜ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਮਲਟੀਮੀਡੀਏ ਨਾਲ ਗੁਰਬਾਣੀ ਪ੍ਰਚਾਰ ਕਰਨ ਵਾਲੇ ਭਾਈ ਰਾਮ ਸਿੰਘ ਕਥਾਵਾਚਕ ਅਜੋਕੇ ਯੁਗ ਦੇ “ਹਾਈਟੈਕ ਪ੍ਰਚਾਰਕ” ਹਨ ਜੋ ਕਿ ਸਮੇਂ ਦੇ ਹਾਣੀ ਬਣ ਕੇ ਪ੍ਰਚਾਰ ਦੇ ਖੇਤਰ ਵਿੱਚ ਸਿੱਖ ਪੰਥ ਦੇ ਚਮਕਦੇ ਸਿਤਾਰੇ ਵਾਂਗ ਉੱਭਰ ਰਹੇ ਹਨ। ਜਦੋਂ ਉਹ ਕਥਾ ਕਰਦੇ ਹਨ ਤਾਂ ਆਪਣੇ ਲੈਪਟਾਪ ਤੋਂ ਗੁਰੂ ਘਰ ਦੇ ਐਲ ਸੀ ਡੀ ਪ੍ਰੋਜੈਕਟਰ ਰਾਹੀਂ ਬਹੁਤ ਹੀ ਦਿਲਚਸਪ ਪਾਵਰ ਪੁਆਇਂਟਸ ਸਲਾਈਡਸ ਡਿਸਪਲੇਅ ਕਰਦੇ ਹਨ। ਉਹਨਾਂ ਵੱਲੋਂ ਖੁਦ ਆਪ ਤਿਆਰ ਕੀਤੀਆਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸਲਾਈਡਾਂ ਨੂੰ ਦੇਖ ਕੇ ਸਾਡੇ ਬੱਚੇ ਅਤੇ ਨੌਜਵਾਨ ਬਹੁਤ ਹੀ ਆਕਰਸ਼ਿਕ ਹੁੰਦੇ ਹਨ। ਇੱਥੋਂ ਤੱਕ ਕਿ ਜਿਹਨਾਂ ਨੂੰ ਪੰਜਾਬੀ ਘੱਟ ਆਉਂਦੀ ਹੈ ਜਾਂ ਬਿਲਕੁੱਲ ਨਹੀਂ ਆਉਂਦੀ ਉਹ ਵੀ ਇਸ ਸਲਾਈਡ ਸ਼ੋਅ ਵਾਲੇ ਪ੍ਰਚਾਰ ਤੋਂ ਮੈਂ ਪ੍ਰਭਾਵਿਤ ਹੰਦੇ ਦੇਖੇ।
ਸਾਰੀਆਂ ਸੰਗਤਾਂ ਨੇ ਇਸ ਗੱਲ ਦੀ ਬਹੁਤ ਸ਼ਲਾਘਾ ਕੀਤੀ ਕਿ ਜਦੋਂ ਭਾਈ ਸਾਹਿਬ ਕੋਈ ਵਿਚਾਰ ਜਾਂ ਵਿਸ਼ਾ (ਸਬਜੈਕਟ) ਸ਼ੁਰੂ ਕਰਦੇ ਹਨ ਤਾਂ ਵਿਸ਼ੇਸ਼ਤਾ ਇਹ ਹੈ ਕਿ ਸਾਡੀ ਰੋਜ਼ਾਨਾਂ ਜਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀਆਂ ਉਦਹਾਰਣਾ ਹੀ ਦਿੰਦੇ ਹਨ। ਜੋ ਘਟਨਾਵਾਂ ਸਾਡੀ ਰੋਜ਼ਮਰਾ ਦੇ ਜੀਵਨ ਵਿੱਚ ਸਾਡਾ ਤਜ਼ਰਬਾ (ਐਕਸਪੀਰੀਐਂਸ) ਬਣ ਚੁੱਕਾ ਹੈ ਉਸ ਨੂੰ ਸਮਝਣਾ ਬਹੁਤ ਸੌਖਾ ਹੋ ਜਾਂਦਾ ਹੈ। ਉਹ ਸਾਡੀਆਂ ਰੋਜ਼ਾਨਾਂ ਦੀਆਂ ਨਿੱਜੀ ਜਿੰਦਗੀ, ਪਰਿਵਾਰਿਕ ਜਿੰਦਗੀ ਅਤੇ ਸਮਾਜਿਕ ਜਿੰਦਗੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ, ਗੁਰਬਾਣੀ ਵਿੱਚੋਂ ਹੀ ‘ਜੀਵਨ ਜੁਗਤ ਦੀ ਸਿੱਖਿਆ’ ਦੇ ਰੂਪ ਵਿੱਚ ਵਿਚਾਰ ਪੇਸ਼ ਕਰਦੇ ਹਨ ਅਤੇ ਨਾਲੋ ਨਾਲ ਪਰਿਵਾਰਾਂ ਵਿੱਚ ਅਤੇ ਸਾਮਜ ਵਿੱਚ ਮਨੁੱਖੀ ਏਕਤਾ ਬਾਰੇ ਵਿਚਾਰ ਬਹੁਤ ਹੀ ਮਿਠਾਸ ਭਰੇ ਅੰਦਾਜ਼ ਵਿੱਚ ਪੇਸ਼ ਕਰਦੇ ਹਨ।
ਉਹਨਾਂ ਦੀ ਕਥਾ ਸ਼ੈਲੀ ਵਿੱਚ ਆਮ ਪ੍ਰਚਾਰਕਾਂ ਨਾਲੋਂ ਵੱਖਰਾਪਣ ਇਹ ਹੈ ਕਿ ਉਹ ਵਿਵਾਦਪੂਰਣ ਵਿਸ਼ਿਆਂ ਨੂੰ ਸਟੇਜ ਤੋਂ ਨਹੀਂ ਕਹਿੰਦੇ ਅਤੇ ਨਾਂ ਹੀ ਕਿਸੇ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਕੋਈ ਚੋਟ ਮਾਰਦੇ ਹਨ। ਗੁਰਬਾਣੀ ਗਿਆਨ ਨੂੰ ਗਲੋਬਲ ਐਸਪੈਕਟ ਨੂੰ ਮੱਦੇ ਨਜ਼ਰ ਰੱਖ ਕੇ ‘ਪਿਆਰ ਦਾ ਸੰਦੇਸ਼, ਹੰਕਾਰ, ਨਫਰਤ ਅਤੇ ਗੁੱਸੇ ਤੋਂ ਬਚਣ ਲਈ’ ਗੁਰਬਾਣੀ ਵਿੱਚੋਂ ਦਲੀਲਾਂ ਦੇ ਕੇ ਪ੍ਰਚਾਰ ਨੂੰ ਅੱਜ ਦੇ ਸਮੇਂ ਦਾ ਹਾਣੀ ਬਣਾਉਂਦੇ ਹਨ। ਉਹ ਕੇਵਲ ਕਥਾ ਵਿਚਾਰ ਹੀ ਨਹੀਂ ਕਰਦੇ ਸਗੋਂ ਬੱਚਿਆਂ ਤੇ ਨੌਜਵਾਨਾਂ ਦੇ ਗੁਰਮਤਿ ਕੈਂਪ, ਕੁਇਜ਼ ਮੁਕਾਬਲੇ, ਡਾਇਲਾਗ ਸ਼ੈਸ਼ਨ ਅਤੇ ਗੁਰਮਤਿ ਸ਼ੈਸ਼ਨ ਵੀ ਅਯੋਜਿਤ ਕਰਦੇ ਹਨ। ਇਸ ਦੇ ਨਾਲੋ ਨਾਲ ਉਹ ਇੰਟਰਨੈੱਟ ਵਰਗੇ ਮੌਜ਼ੂਦਾ ਸਾਧਨਾਂ ਦੀ ਵਰਤੋਂ ਕਰਦਿਆਂ ਫੇਸਬੁੱਕ ਆਦਿ ਤੇ ਵੀ ਸੰਸਾਰ ਭਰ ਦੇ ਚਾਰ ਹਜ਼ਾਰ ਤੋਂ ਉੱਪਰ ਨੌਜਵਾਨਾਂ ਨਾਲ ਸ਼ਾਂਝ ਰੱਖਦੇ ਹਨ। ਉਹਨਾਂ ਕਥਾਂ ਲੈਕਚਰ ਡਬਲਿਊ ਡਬਲਿਊ ਡਬਲਿਊ ਡਾਟ ਗੁਰੁ ਗਿਆਨ ਡਾਟ ਗੁਰਮਤ ਚਾਨਣ ਡਾਟ ਕੌਮ ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ।
ਰਿਵਰਲੈਂਡ ਸੇਵਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਗੁਰੁ ਘਰਾਂ ਦੇ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਸਹਿਯੋਗ ਦੇਣ ਲਈ ਹੋਰ ਵੀ ਵਧੇਰੇ ਜਾਗਣ ਦੀ ਲੋੜ ਹੈ ਅਤੇ ਆਪਣਾ ਧੜੇਬੰਦੀਆਂ ਵਾਲਾ ਅਤੇ ਅਵੇਸਲੇਪਣ ਵਾਲਾ ਆਲਸੀ ਵਰਤੀਰਾ ਤਿਆਗ ਕੇ ਸਰਬੱਤ ਦੀ ਭਲੇ ਲਈ ਲਹਿਰ ਪੈਦਾ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਸੰਗਤਾਂ ਵੱਲੋਂ ਆਈ ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇ ਕਿ ਸਾਲ ਵਿੱਚ ਦੋ ਬਾਰੀ ਬੱਚਿਆਂ ਦੀਆਂ ਛੁੱਟੀਆਂ ਵਾਲੇ ਦਿਨਾਂ ਵਿੱਚ ਹਫਤੇ ਹਫਤੇ ਦੇ ਕੈਂਪ ਅਯੌਜਿਤ ਕੀਤੇ ਜਾਣ। 
*** 

ਦੋਹਾਂ ਮੁਲਕਾਂ ਦੇ ਪੰਜਾਬੀ ਸੁਹਿਰਦ ਹਨ- ਡਾ ਜ਼ਾਹਿਦ.......... ਰੂ ਬ ਰੂ / ਗੁਰਨਾਮ ਗਿੱਲ

ਲੰਡਨ : ਯੂਨੀਵਰਸਿਟੀ ਆਫ ਪੰਜਾਬ, ਲਾਹੌਰ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋ ਡਾ ਇਸਮਤਉੱਲਾ ਜ਼ਾਹਿਦ ਦੀ ਇੰਗਲੈਂਡ ਫੇਰੀ ਦੌਰਾਨ ਉਹਨਾਂ ਨੂੰ ਪੰਜਾਬੀ ਪਿਆਰਿਆਂ ਦੇ ਰੂਬਰੂ ਕਰਵਾਇਆ ਗਿਆ । ਇਸ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਬੰਦੋਬਸਤ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਲੰਡਨ ਵੱਲੋਂ ਪੰਜਾਬੀ ਸੈਂਟਰ, ਲੇਅ ਸਟਰੀਟ ਵਿਖੇ ਕੀਤਾ ਗਿਆ ।

ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਜ਼ਾਹਿਦ ਤੋਂ ਇਲਾਵਾ ਡਾ ਫ਼ਕੀਰ ਮੁਹੰਮਦ ਭੱਟੀ, ਗੁਰਨਾਮ ਗਿੱਲ ਤੇ ਬਲਬੀਰ ਸਿੰਘ ਕੰਵਲ ਸ਼ਾਮਿਲ ਹੋਏ । ਸ਼ੁਰੂ ਵਿੱਚ ਡਾ ਭੱਟੀ ਨੇ ਮਹਿਮਾਨ ਵਿਦਵਾਨ ਨਾਲ਼ ਤੁਆਰਫ਼ ਕਰਾਉਂਦਿਆਂ ਕਿਹਾ ਕਿ ਉਹ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਸਿਰਤੋੜ ਯਤਨ ਕਰਨ ਵਾਲ਼ੇ ਚੁਨਿੰਦਾ ਵਿਦਵਾਨਾਂ ’ਚੋਂ ਇੱਕ ਹਨ । ਉਹਨਾਂ ਨੇ ਪੰਜਾਬੀ ਆਲੋਚਨਾ ਦੀਆਂ ਬਾਰਾਂ ਪੁਸਤਕਾਂ ਤੋਂ ਇਲਾਵਾ ਸੌ ਤੋਂ ਵੱਧ ਖੋਜ ਲੇਖ ਲਿਖੇ ਹਨ ਜਿਨ੍ਹਾਂ ਨੇ ਪਾਕਿ ਦੇ ਅਕਾਦਮਿਕ ਹਲਕਿਆਂ ’ਚ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦੁਆਇਆ ਹੈ । ਡਾ ਇਸਮਤਉੱਲਾ ਜ਼ਾਹਿਦ ਨੇ ਆਪਣੇ ਭਾਸ਼ਨ ’ਚ ਚੜ੍ਹਦੇ ਤੇ ਲਹਿੰਦੇ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ । ਉਹਨਾਂ ਨੇ ਲੇਖਕਾਂ ਵਰਗੇ ਚੇਤੰਨ ਵਰਗ ਨੂੰ ਇਸ ਪਾਸੇ ਗੰਭੀਰ ਹੋਣ ਲਈ ਕਿਹਾ । ਉਹਨਾਂ ਕਿਹਾ ਕਿ ਇੱਕ ਲੇਖਕ ਦੀ ਦ੍ਰਿਸ਼ਟੀ ਵਿਸ਼ਾਲ ਹੋਣੀ ਚਾਹੀਦੀ ਹੈ । ਸਿਆਸਤ ਇੱਕ ਵੱਖਰਾ ਮਸਲਾ ਹੈ ਪਰ ਦੋਹਾਂ ਮੁਲਕਾਂ ਦੇ ਪੰਜਾਬੀ ਸੁਹਿਰਦ ਹਨ । ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ । ਇਸ ਦੌਰਾਨ ਬਲਬੀਰ ਸਿੰਘ ਕੰਵਲ ਦੀ ਖੋਜ ਪੁਸਤਕ ‘ ਪੰਜਾਬ ਦੇ ਪ੍ਰਸਿੱਧ ਰਾਗੀ-ਰਬਾਬੀ ( 1604 ਤੋਂ 2004 )’ ਜਾਰੀ ਕੀਤੀ ਗਈ ।ਸਭਾ ਵੱਲੋਂ ਡਾ ਜ਼ਾਹਿਦ ਤੇ ਡਾ ਭੱਟੀ ਨੂੰ ਮਾਣ ਪੱਤਰ ਭੇਂਟ ਕੀਤੇ ਗਏ ।
ਦੂਸਰੇ ਦੌਰ ‘ਚ ਹੋਏ ਮੁਸ਼ਾਇਰੇ ਦੀ ਸ਼ੁਰੂਆਤ ਡਾ ਇਸਮਤਉੱਲਾ ਜ਼ਾਹਿਦ ਦੀ ਗ਼ਜ਼ਲ ਨਾਲ ਹੋਈ-‘ਗ਼ਰਜ਼ਾਂ ਦੀ ਦੋਸਤੀ ਤੋਂ ਮੈਂ ਤਨ ਮਨ ਵੀ ਵਾਰਿਆ, ਫਿਰ ਵੀ ਮੈਂ ਖੇਡ ਪਿਆਰ ਦੀ ਹਰ ਵਾਰ ਹਾਰਿਆ ।’ ਪ੍ਰਸਿੱਧ ਸ਼ਾਇਰ ਅਮਜਦ ਮਿਰਜ਼ਾ ਮੁਖ਼ਾਤਿਬ ਹੋਏ- ‘ਤੇਰੀ-ਮੇਰੀ ਸਾਂਝੀ ਗੱਲ ਸੀ, ਸਾਂਝੇ ਜਿ਼ਮੀਂ ਅਸਮਾਨ ।’ ਬਲਬੀਰ ਸਿੰਘ ਕੰਵਲ ਤੇ ਡਾ ਜਾਰਜ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ । ਅਸ਼ਫ਼ਾਕ ਹੁਸੈਨ ਨੇ ਉਰਦੂ ਗ਼ਜ਼ਲਾਂ ਨਾਲ ਸਮਾ ਬੰਨ੍ਹਿਆਂ- ‘ਹੈ ਮੇਰੀ ਆਂਖ ਮੇਂ ਸੁਰਖ਼ੀ ਤੋ ਜਾਨ ਲੇ ਜਾਨਾ, ਕਿ ਤੇਰੇ ਅਕ਼ਸ ਕੀ ਰੰਗਤ ਝਲਕ ਗਈ ਹੋਗੀ ।’ ਮੁਹੰਮਦ ਹਨੀਫ਼ ਉਰਫ਼ ਸਾਈਂ ਜੀ ਨੇ ਸੂਫ਼ੀਆਨਾ ਕ਼ਲਾਮ ਨਾਲ ਮਾਹੌਲ ਨੂੰ ਰੰਗਤ ਦਿੱਤੀ । ਗੁਰਨਾਮ ਗਿੱਲ ਤੇ ਰਾਜਿੰਦਰਜੀਤ ਨਵੀਆਂ ਗ਼ਜ਼ਲਾਂ ਨਾਲ ਪੇਸ਼ ਹੋਏ । ਮਹਿਬੂਬ ਅਹਿਮਦ ਮਹਿਬੂਬ ਤੇ ਅਯੂਬ ਔਲੀਆ ਨੇ ਆਪੋ-ਆਪਣੇ ਰੰਗ ਪੇਸ਼ ਕੀਤੇ । ਇੰਦਰ ਸਿੰਘ ਜੰਮੂ (ਸਾਬਕਾ ਮੇਅਰ ), ਜਗਦੇਵ ਸਿੰਘ ਪੁਰੇਵਾਲ, ਮਹਿੰਦਰ ਸਿੰਘ, ਗੁਰਚਰਨ ਸਿੰਘ , ਜਸਵੰਤ ਸਿੰਘ ਛੋਕਰ, ਸੁਰਜੀਤ ਸਿੰਘ ਤੇ ਕਾਮਰਾਨ ਭੱਟੀ ਨੇ ਵੀ ਹਾਜ਼ਰੀ ਲੁਆਈ । ਸਮੁੱਚੇ ਸਮਾਗਮ ਨੂੰ ਰਾਜਿੰਦਰਜੀਤ ਨੇ ਸੰਚਾਲਿਤ ਕੀਤਾ । 

***