Showing posts with label ਚੋਣ. Show all posts
Showing posts with label ਚੋਣ. Show all posts

ਸਾਊਥ ਆਸਟ੍ਰੇਲੀਆ ‘ਚ “ਪੰਜਾਬੀ ਕਲਚਰਲ ਐਸੋਸੀਏਸ਼ਨ” ਦਾ ਗਠਨ ‘ਤੇ ਸ਼ਾਇਰ ਸ਼ਮੀ ਜਲੰਧਰੀ ਦਾ ਕਾਵਿ ਸੰਗ੍ਰਿਹ “ਵਤਨੋਂ ਦੂਰ” ਤੇ ਸੀ.ਡੀ. “ਦਸਤਕ” ਦਾ ਰਿਲੀਜ਼ ਸਮਾਰੋਹ.......... ਰਿਸ਼ੀ ਗੁਲਾਟੀ


ਐਡੀਲੇਡ : ਅੱਜ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਲਈ ਦੋਹਰੀ ਖੁਸ਼ੀ ਵਾਲਾ ਸੁਨਿਹਰੀ ਦਿਨ ਸੀ, ਕਿਉਂਕਿ ਅੱਜ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦਾ ਗਠਨ ਤੇ ਸ਼ਮੀ ਜਲੰਧਰੀ ਦੇ ਕਾਵਿ ਸੰਗ੍ਰਹਿ “ਵਤਨੋਂ ਦੂਰ” ਤੇ ਸੀ.ਡੀ. “ਦਸਤਕ” ਦਾ ਰਿਲੀਜ਼ ਸਮਾਰੋਹ ਹੋਇਆ । ਜੋ ਕਿ “ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼” ਵਿਖੇ ਆਯੋਜਿਤ ਕੀਤਾ ਗਿਆ । ਇਸੇ ਮੌਕੇ ‘ਤੇ ਹੀ “ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ” ਦੀ ਪਹਿਲੀ ਮੀਟਿੰਗ ਹੋਈ ਤੇ ਸਰਬਸੰਮਤੀ ਨਾਲ਼ ਅਹੁਦੇਦਾਰਾਂ ਦੀ ਚੋਣ ਇਸ ਪ੍ਰਕਾਰ ਕੀਤੀ ਗਈ । ਗੁਰਸ਼ਮਿੰਦਰ ਸਿੰਘ (ਮਿੰਟੂ ਬਰਾੜ) - ਪ੍ਰਧਾਨ, ਹਰਵਿੰਦਰ ਸਿੰਘ ਗਰਚਾ – ਸਕੱਤਰ, ਬਖ਼ਸਿ਼ੰਦਰ ਸਿੰਘ – ਖਜ਼ਾਨਚੀ, ਰਿਸ਼ੀ ਗੁਲਾਟੀ – ਮੀਡੀਆ ਇੰਚਾਰਜ, ਸੌਰਵ ਅਗਰਵਾਲ - ਈਵੈਂਟ ਕੰਟਰੌਲਰ, ਮੋਹਨ ਸਿੰਘ ਨਾਗਰਾ – ਖੇਡ ਸਕੱਤਰ, ਸੁਮਿਤ ਟੰਡਨ – ਮੁੱਖ ਬੁਲਾਰਾ, ਸ਼ਮੀ ਜਲੰਧਰੀ – ਸਾਹਿਤਕ ਇੰਚਾਰਜ, ਜਗਤਾਰ ਸਿੰਘ ਨਾਗਰੀ – ਰੀਜ਼ਨਲ ਹੈੱਡ ਤੇ ਜੌਹਰ ਗਰਗ, ਪਿਰਤਪਾਲ ਸਿੰਘ, ਸੁਲੱਖਣ ਸਿੰਘ ਸਹੋਤਾ ਤੇ ਭੋਲਾ ਸਿੰਘ ਨੂੰ ਮੈਂਬਰ ਚੁਣਿਆ ਗਿਆ । ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਊਥ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਦੇ ਸਾਰੇ ਪਤਵੰਤੇ ਸੱਜਣ ਇੱਕ ਜਗ੍ਹਾ ਇਕੱਠੇ ਹੋਏ ।

ਇਸ ਸਮੇਂ ਸਟੇਜ ਸਕੱਤਰ ਰਿਸ਼ੀ ਗੁਲਾਟੀ ਨੇ ਸ਼ਾਇਰ ਸ਼ਮੀ ਜਲੰਧਰੀ ਦੇ ਸਾਹਿਤਕ ਸਫ਼ਰ ਬਾਰੇ ਦੱਸਿਆ ਕਿ ਸ਼ਮੀ ਜਲੰਧਰੀ ਦੇ ਪਹਿਲੇ ਕਾਵਿ ਸੰਗ੍ਰਹਿ “ਗਮਾਂ ਦਾ ਸਫ਼ਰ” ਤੋਂ ਬਾਅਦ ਉਸਦੇ ਗੀਤਾਂ ਦੀ ਐਲਬਮ “ਜਾਗੋ-ਵੇਕਅਪ” ਮਾਰਕਿਟ ‘ਚ ਆ ਚੁੱਕੀ ਹੈ । ਉਸਦੇ ਗੀਤਾਂ ਦੀਆਂ ਦੋ ਐਲਬਮਾਂ “ਸਚਾਈ-ਦਾ ਟਰੁੱਥ” ਤੇ “ਮਾਂ ਬੋਲੀ ਪੰਜਾਬੀ” ਮਾਰਕਿਟ ‘ਚ ਆਉਣ ਲਈ ਤਿਆਰ ਹਨ । ਅੱਜ ਰਿਲੀਜ਼ ਹੋਏ ਕਾਵਿ ਸੰਗ੍ਰਹਿ ਦੀ ਰਚਨਾ ਉਸਨੇ ਆਪਣੇ ਆਸਟ੍ਰੇਲੀਆ ਪ੍ਰਵਾਸ ਦੌਰਾਨ ਕੀਤੀ ਤੇ ਆਪਣੇ ਵਤਨ ਦੀਆਂ ਯਾਦਾਂ ਤੇ ਵਿਛੋੜੇ ਨੂੰ ਸਮੇਟਣ ਦਾ ਯਤਨ ਕੀਤਾ ਹੈ । ਸ਼ਮੀ ਚਾਹੇ ਆਸਟ੍ਰੇਲੀਆ ਵੱਸਦਾ ਹੈ ਤੇ ਅਜੋਕੇ ਸਮੇਂ ਦਾ ਹਾਣੀ ਹੈ, ਪਰ ਉਸਦੀ ਕਲਮ ‘ਚ 1947 ਦਾ ਦਰਦ ਵੀ ਸਮਾਇਆ ਹੋਇਆ ਹੈ ।

“ਕਿੱਥੇ ਗੁੰਮ ਹੋਇਆ ਸਾਡਾ ਜਿਹਲਮ ਤੇ ਚਨਾਬ
ਸੁੰਨਾ ਜਿਹਾ ਲੱਗਦਾ ਏ, ਮੇਰਾ ਇਹ ਪੰਜਾਬ
47 ਦਿਆਂ ਰੌਲਿਆਂ ‘ਚ ਅੱਡ-ਅੱਡ ਹੋ ਗਈ
ਨਾਨਕ ਦੀ ਬਾਣੀ ਤੇ ਮਰਦਾਨੇ ਦੀ ਰਬਾਬ”

ਸ਼ਮੀ ਅਜੋਕੇ ਸਮੇਂ ਦਾ ਨਿਵੇਕਲਾ ਸ਼ਾਇਰ ਹੈ, ਜਿਸਦੀ ਕਲਮ ਆਪਣੇ ਸੋਰਤਿਆਂ ਤੇ ਪਾਠਕਾਂ ਨੂੰ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਜਾਤਪਾਤ, ਅੰਧਵਿਸ਼ਵਾਸ, ਭਰੂਣ ਹੱਤਿਆ, ਨਸਿ਼ਆਂ ਆਦਿ ਪ੍ਰਤੀ ਚੇਤੰਨ ਕਰਦੀ ਹੈ । ਪ੍ਰੋਗਰਾਮ ਦੇ ਅਗਲੇ ਹਿੱਸੇ ‘ਚ ਸ਼ਮੀ ਦੀ ਸੀ.ਡੀ. “ਦਸਤਕ” ਦੀਆਂ ਨਜ਼ਮਾਂ ਸੁਣੀਆਂ ਗਈਆਂ । ਮੁੜ ਸ਼ਮੀ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ ਤੇ ਆਪਣੀਆਂ ਕੁਝ ਰਚਨਾਵਾਂ ਸੁਣਾਈਆਂ । ਇਸ ਉਪਰੰਤ ਜਨਰਲ ਵਿਕਰਮ ਮਦਾਨ, ਸੁਮੀਤ ਟੰਡਨ, ਨਵਤੇਜ ਸਿੰਘ ਬੱਲ, ਮਹਾਂਵੀਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਤੱਖੜ, ਡਾ. ਕੁਲਦੀਪ ਚੁੱਘਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ “ਪੰਜਾਬੀ ਕਲਚਰਲ ਐਸੋਸੀਏਸ਼ਨ” ਦੁਆਰਾ ਆਯੋਜਿਤ ਪਲੇਠੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਆਸ ਪ੍ਰਗਟਾਈ ਕਿ ਭਵਿੱਖ ‘ਚ ਵੀ ਇਹ ਸੰਸਥਾ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਕਰਦੀ ਰਹੇਗੀ । ਜਿ਼ਕਰਯੋਗ ਹੈ ਕਿ ਇਹ ਸੰਸਥਾ ਸਾਊਥ ਆਸਟ੍ਰੇਲੀਆ ਦੀ ਪਹਿਲੀ ਪੰਜਾਬੀ ਸਮਾਜਿਕ ਸੰਸਥਾ ਹੈ । ਪ੍ਰੋਗਰਾਮ ਦੇ ਅੰਤਿਮ ਚਰਣ ‘ਚ ਸ਼ਮੀ ਜਲੰਧਰੀ ਦੀ ਪੁਸਤਕ ਤੇ ਸੀ.ਡੀ. ਰਿਲੀਜ਼ ਕੀਤੀ ਗਈ ਤੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸ਼ਮੀ ਜਲੰਧਰੀ ਨੂੰ ਸਨਮਾਨਿਤ ਕੀਤਾ ਗਿਆ । ਹਾਜ਼ਰ ਹੋਣ ਵਾਲੇ ਹੋਰ ਪਤਵੰਤੇ ਸੱਜਣਾਂ ਵਿੱਚ ਚਮਕੌਰ ਸਿੰਘ, ਕੁਨਾਲ, ਗਿੱਪੀ ਬਰਾੜ, ਮਨਜੀਤ ਸਿੰਘ ਢਡਵਾਲ, ਸਿੱਪੀ ਗਰੇਵਾਲ, ਸੁੱਖੀ ਬਣਵੈਤ, ਗੁਰਜੀਤ ਸਿੰਘ, ਜਸਪ੍ਰੀਤ ਸਿੰਘ, ਹਰਭਜਨ ਸਿੰਘ, ਅਸ਼ੋਕ ਕੁਮਾਰ ਆਦਿ ਸਨ । ਇਸ ਪ੍ਰੋਗਰਾਮ ‘ਚ ਹੈਰਾਨੀ ਦੀ ਗੱਲ ਇਹ ਹੋਈ ਕਿ ਜਿੱਥੇ ਆਮ ਤੌਰ ਤੇ ਲੋਕ ਸਪੀਚ ਕਰਨੀ ਤੇ ਸੁਨਣੀ ਪਸੰਦ ਨਹੀਂ ਕਰਦੇ, ਉੱਥੇ ਇਸ ਪ੍ਰੋਗਰਾਮ ‘ਚ ਹਾਜ਼ਰ ਕਰੀਬ ਹਰ ਸੱਜਣ ਨੇ ਆਪਣੇ ਵਿਚਾਰ ਪ੍ਰਗਟ ਕਰਨ ‘ਚ ਖੁਸ਼ੀ ਮਹਿਸੂਸ ਕੀਤੀ । ਬੁਲਾਰਿਆਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਜਿੱਥੇ ਅੱਜ ਦੇ ਸਮੇਂ ‘ਚ ਦੋ-ਅਰਥੀ ਤੇ ਪਰਿਵਾਰ ‘ਚ ਬੈਠ ਕੇ ਨਾ ਸੁਣੇ ਜਾ ਸਕਣ ਵਾਲੇ ਗੀਤਾਂ ਤੇ ਗੀਤਕਾਰਾਂ ਦਾ ਹੜ੍ਹ ਆਇਆ ਹੋਇਆ ਹੈ, ਉੱਥੇ ਸ਼ਮੀ ਨੇ ਕਲਮ ਰਾਹੀਂ ਸਮਾਜਿਕ ਜਾਗਰੂਕਤਾ ਦਾ ਝੰਡਾ ਬੁਲੰਦ ਕਰਕੇ ਵਾਕਿਆ ਹੀ ਹੌਸਲੇ ਭਰਿਆ ਕਦਮ ਚੁੱਕਿਆ ਹੈ ।

ਪ੍ਰੋਗਰਾਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਵੱਲੋਂ ਆਏ ਸਰੋਤਿਆਂ ਨੂੰ ਜੀ ਆਇਆਂ ਕਹਿ ਕੇ ਕੀਤੀ ਗਈ ਤੇ ਪ੍ਰੋਗਰਾਮ ਦੇ ਆਖੀਰ ‘ਚ ਆਏ ਪਤਵੰਤਿਆਂ ਦਾ ਧੰਨਵਾਦ ਕਰਦੇ ਸਮੇਂ ਉਨ੍ਹਾਂ ਦੱਸਿਆ ਕਿ “ਪੰਜਾਬੀ ਕਲਚਰਲ ਐਸੋਸੀਏਸ਼ਨ” ਜਾਤਪਾਤ ਤੇ ਧਰਮ ਤੋਂ ਉੱਪਰ ਉੱਠ ਕੇ ਪੰਜਾਬੀ, ਪੰਜਾਬੀਅਤ ਤੇ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹੋਵੇਗੀ । ਵਿਦੇਸ਼ੀਂ ਵੱਸਦੀ ਨਵੀਂ ਪੀੜ੍ਹੀ ਦੇ ਪੰਜਾਬੀ ਤੋਂ ਦੂਰ ਹੋਣ ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਆਸਟ੍ਰੇਲੀਆ ਦੇ ਹਰ ਪੰਜਾਬੀ ਪਰਿਵਾਰ ‘ਚ ਪੰਜਾਬੀ ਦੇ ਕੈਦੇ ਪਹੁੰਚਾਉਣ ਦਾ ਅਹਿਦ ਦੋਹਰਾਇਆ । ਮਿੰਟੂ ਅਨੁਸਾਰ ਪੰਜਾਬੀ ਨੂੰ ਕਾਇਮ ਰੱਖਣ ਲਈ ਸਭ ਤੋਂ ਪਹਿਲਾਂ ਊੜੇ (ੳ) ਨਾਲ ਜੁੜਨਾ ਪਵੇਗਾ । ਵਰਨਣਯੋਗ ਹੈ ਕਿ ਇਸ ਮੌਕੇ ਪੰਜਾਬੀ ਦੀ ਸਾਹਿਤਕ ਵੈੱਬਸਾਈਟ “ਸ਼ਬਦ ਸਾਂਝ” ਦਾ ਜਿ਼ਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਵੈੱਬਸਾਈਟ ਵੀ ਸਾਊਥ ਆਸਟ੍ਰੇਲੀਆ ਤੋਂ ਹੀ ਪਿਛਲੇ ਦੋ ਸਾਲਾਂ ਤੋਂ ਚਲਾਈ ਜਾ ਰਹੀ ਹੈ, ਜੋ ਕਿ ਪੂਰਣ ਰੂਪ ‘ਚ ਗੈਰ ਵਪਾਰਿਕ ਹੈ । “ਵਤਨੋਂ ਦੂਰ” ਤੇ “ਦਸਤਕ” ਦੋਵੇਂ ਹੀ ਸ਼ਬਦ ਸਾਂਝ ਡਾਟ ਕਾਮ ਤੇ ਪੜ੍ਹੀਆਂ/ਸੁਣੀਆਂ ਜਾ ਸਕਦੀਆਂ ਹਨ । ਇਸ ਮੌਕੇ ‘ਤੇ ਆਸਟ੍ਰੇਲੀਆ ਤੋਂ 24 ਘੰਟੇ ਚੱਲਣ ਵਾਲੇ “ਹਰਮਨ ਰੇਡੀਓ” ਦੀ ਸ਼ੁਰੂਆਤ ਬਾਰੇ ਵੀ ਜਾਣਕਾਰੀ ਦਿੱਤੀ ਗਈ । ਇਸਦੇ ਦੋ ਚੈਨਲ ਹੋਣਗੇ, ਜਿਸ ਵਿਚੋਂ ਇੱਕ ਚੈਨਲ ‘ਤੇ 24 ਘੰਟੇ ਗੁਰਬਾਣੀ ਤੇ ਦੂਸਰੇ ਚੈਨਲ ਤੇ ਖਬਰਾਂ, ਗੀਤ ਸੰਗੀਤ ਤੇ ਹੋਰ ਪ੍ਰੋਗਰਾਮ ਚੱਲਿਆ ਕਰਨਗੇ । “ਹਰਮਨ ਰੇਡੀਓ” ਦੇ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਦੁਆਰਾ ਕੀਤੀ ਜਾ ਰਹੀ ਇਸ ਮਿਹਨਤ ਦਾ ਨਤੀਜਾ ਹੋਲੀ ਦੇ ਆਸਪਾਸ ਸਰੋਤਿਆਂ ਦੇ ਸਨਮੁੱਖ ਹੋਵੇਗਾ । 

ਇੰਪੀਰੀਅਲ ਕਾਲਜ ਦੇ ਬਿੱਕਰ ਸਿੰਘ ਬਰਾੜ ਦੀ ਗੈਰਹਾਜ਼ਰੀ ‘ਚ ਮੇਜ਼ਬਾਨੀ ਦੀ ਜਿੰਮੇਵਾਰੀ ਨਵਤੇਜ ਸਿੰਘ ਬੱਲ ਨੇ ਬਾਖੂਬੀ ਨਿਭਾਈ । ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਪ੍ਰੋਗਰਾਮ ਦੀ ਮੇਜ਼ਬਾਨੀ ਲਈ “ਇੰਪੀਰਅਲ ਕਾਲਜ ਆਫ਼ ਟ੍ਰੇਡਰਜ਼” ਆਪਣੇ ਸੰਪੂਰਣ ਸਰੋਤਾਂ ਸਮੇਤ ਹਮੇਸ਼ਾ ਹਾਜ਼ਰ ਹੈ । ਇਸ ਮੌਕੇ ‘ਤੇ ਹਾਜ਼ਰ ਸਰੋਤਿਆਂ ਨੇ ਸਾਹਿਤਕ ਆਨੰਦ ਉਠਾਉਣ ਦੇ ਨਾਲ-ਨਾਲ ਹਾਕਰ ਕਾਰਨਰ ਦੇ ਮਨਜੀਤ ਢਡਵਾਲ ਤੇ ਗਾਂਧੀ ਰੈਸਟੋਰੈਂਟ ਦੇ ਸੌਰਵ ਅਗਰਵਾਲ ਦੁਆਰਾ ਸੇਵਾ ਭਾਵਨਾ ਨਾਲ਼ ਲਿਆਂਦੇ ਗਏ ਸਮੋਸਿਆਂ, ਪਕੌੜਿਆਂ ਤੇ ਗੁਲਾਬ ਜਾਮਣਾਂ ਦਾ ਆਨੰਦ ਵੀ ਉਠਾਇਆ । 

***

ਕਨੇਡਾ ਵਿੱਚ ਸੂਬਾ ਪੱਧਰੀ ਕਬੱਡੀ ਐਸ਼ੋਸੀਏਸਨ ਦੀ ਸਥਾਪਨਾ.......... ਚੋਣ / ਮਾਲਵਿੰਦਰ ਟਿਵਾਣਾ



ਕੈਲਗਰੀ : ਕਨੇਡਾ ਵਿੱਚ ਅਲਬਰਟਾ ਸੂਬੇ ਦੇ ਸਹਿਰ ਕੈਲਗਰੀ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ: ਸਿਕੰਦਰ ਸਿੰਘ ਮਲੂਕਾ ਪ੍ਰਧਾਨ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਨੇ ਇੱਕ ਸੂਬਾ ਪੱਧਰੀ ਕਬੱਡੀ ਐਸੋ਼ਸੀਏਸਨ ਦੀ ਸਥਾਪਨਾ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਿ਼ਰਕਤ ਕੀਤੀ। ਜਿਕਰਯੋਗ ਹੈ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਵੱਲੋ ਮਾਨਤਾ ਪ੍ਰਾਪਤ ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ) ਕਨੇਡਾ ਦੀ ਰਜਿਸਟ੍ਰੇਸਨ ਰਾਸਟਰੀ ਪੱਧਰ ਤੇ ਪਿਛਲੇ ਸਮੇ ਦੌਰਾਨ ਹੋ ਚੂਕੀ ਹੈ।ਇਸ ਐਸ਼ੋਸੀਏਸਨ ਦੇ ਸੰਸਥਾਪਕ ਸ: ਮਾਲਵਿੰਦਰ ਸਿੰਘ ਟਿਵਾਣਾ ਦੇ ਯਤਨਾਂ ਸਦਕਾ ਅਲਬਰਟਾ ਸੂਬੇ ਵਿੱਚ ਪਹਿਲਾਂ ਤੋਂ ਹੀ ਸ: ਮੇਜਰ ਸਿੰਘ ਬਰਾੜ (ਭਲੂਰ) ਅਤੇ ਸਾਥੀਆਂ ਦੀ ਅਗਵਾਈ ਹੇਠ ਸਫਲਤਾ ਨਾਲ ਚੱਲ ਰਹੇ ਕਬੱਡੀ ਕਲੱਬਾਂ ਅਤੇ ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਦੇ ਕਬੱਡੀ ਕਲੱਬਾਂ ਨੂੰ ਮਿਲਾਕੇ ਕੁੱਲ ਅੱਠ ਖੇਡ ਕਲੱਬਾਂ ਵਾਲੀ ਨਵੀ ਸੂਬਾ ਪੱਧਰੀ ਕਬੱਡੀ ਐਸ਼ੋਸੀਏਸਨ ਦਾ ਗਠਨ ਕੀਤਾ ਗਿਆ ਅਤੇ ਮੇਜਰ ਸਿੰਘ ਬਰਾੜ ਨੂੰ ਇਸ ਦਾ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਤੇ ਬੋਲਦਿਆਂ ਸ: ਸਿਕੰਦਰ ਸਿੰਘ ਮਲੂਕਾ ਨੇ ਐਸ਼ੋਸੀਏਸਨ ਦੇ ਅਹੁਦੇਦਾਰਾਂ ਅਤੇ ਵੱਖ ਵੱਖ ਅਦਾਰਿਆਂ ਤੋਂ ਆਏ ਹੋਏ ਪਤਵੰਤਿਆਂ/ਖੇਡ ਪ੍ਰੇਮੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸ਼ਲਾਘਾਯੋਗ ਕਦਮ ਦੀ ਪੰਜਾਬ ਕਬੱਡੀ ਐਸ਼ੋਸੀਏਸਨ ਪੰਜਾਬ ਹਮੇਸਾ ਸਹਿਯੋਗ,ਸ਼ੁਚੱਜੀ ਅਗਵਾਈ ਅਤੇ ਮਿਲਵਰਤਨ ਦਾ ਵਾਅਦਾ ਕਰਦੀ ਹੈ।ਉਨਾਂ ਨੇ ਹਰ ਸਮੇਂ ਲੋੜੀਦੀ ਢੁੱਕਵੀ ਮੱਦਦ ਪੰਜਾਬ ਸਰਕਾਰ ਵੱਲੋਂ ਦਿਵਾਉਣ ਦਾ ਵਾਅਦਾ ਵੀ ਕੀਤਾ ,ਅਤੇ ਪ੍ਰਬੰਧਕਾ ਨੂੰ ਅਪੀਲ ਕੀਤੀ ਕਿ ਕਬੱਡੀ ਖੇਡ ਅਤੇ ਪੰਜਾਬੀ ਭਾਈਚਾਰੇ ਦੀ ਸੱਚੀ ਸੁੱਚੀ ਸੇਵਾ ਕਰਨ ਹਿਤ ਨਸ਼ਾ ਰਹਿਤ ਖਿਡਾਰੀਆਂ ਨੂੰ ਹੀ ਸੱਦਾ ਦਿੱਤਾ ਜਾਵੇ। ਉਹਨਾਂ ਨੇ ਇਹ ਵੀ ਵਾਅਦਾ ਕੀਤਾ ਪੰਜਾਬ ਵਿੱਚੋਂ ਖਿਡਾਰੀਆਂ ਦੀ ਨੌਮੀਨੇਸ਼ਨ ਸਮੇਂ ਤਸਦੀਕ ਸੁਦਾ ਡਰੱਗ ਟੈਸਟ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਨਗੇ।ਉਹਨਾਂ ਨੇ ਸੁਝਾਅ ਦਿੱਤਾ ਪੰਜਾਬ ਕਬੱਡੀ ਐਸੋ਼ਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਨੂੰ ਇਸ ਤਰਾਂ ਦੀਆਂ ਐਸੋ਼ਸੀਏਸਨਾਂ ਬਾਕੀ ਰਹਿੰਦੇ ਸੂਬਿਆਂ ਵਿੱਚ ਬਣਾਈਆਂ ਜਾਣ ਤਾਂ ਜੋ ਰਾਸਟਰੀ ਪੱਧਰ ਉੱਤੇ ਕਬੱਡੀ ਦੀ ਪਹਿਚਾਣ ਬਣਾਕੇ ਉਲਿੰਪਕ ਖੇਡਾਂ ਵਿੱਚ ਸਾਮਿਲ ਕਰਾਉਣ ਹਿਤ ਦਬਾਅ ਬਣਾਇਆ ਜਾ ਸਕੇ।ਸਮਾਗਮ ਦੇ ਅੰਤ ਵਿੱਚ ਸ: ਮਾਲਵਿੰਦਰ ਸਿੰਘ ਟਿਵਾਣਾ ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਸੰਖੇਪ ਵਿੱਚ ਐਸ਼ੋਸੀਏਸ਼ਨ ਦੀ ਬਣਤਰ ਅਤੇ ਉਦੇਸਾਂ ਬਾਰੇ ਦੱਸਿਆ।ਉਨਾਂ ਕਿਹਾ ਕਿ ਇਸ ਐਸ਼ੋਸੀਏਸ਼ਨ ਦੀ ਵਿਲੱਖਣਤਾ ਆਮ ਲੋਕਾਂ ਨੂੰ ਮੈਂਬਰ ਬਣਾਕੇ ਹਰ ਕੰਮ ਨੂੰ ਪਾਰਦਰਸੀ ਅਤੇ ਹਰ ਕੰਮ ਨਾਲ ਸਬੰਧਤ ਢੁੱਕਵੀਆਂ ਵੱਖ ਵੱਖ ਕਮੇਟੀਆਂ ਬਣਾਕੇ ਸੁਰੂ ਕੀਤਾ ਗਿਆ ਹੈ।ਪੰਜਾਬ ਕਬੱਡੀ ਐਸ਼ੋਸੀਏਸਨ ( ਐਨ.ਆਰ.ਆਈ.ਵਿੰਗ)ਕਨੇਡਾ ਦਾ ਮੁਖ ਉਦੇਸ ਨਸਾ ਰਹਿਤ ਨਰੋਏ ਸਮਾਜ ਦੀ ਸਿਰਜਣਾਂ,ਆਪਸੀ ਮਿਲਵਰਤਨ ਤੇ ਪਿਆਰ ਤੋਂ ਇਲਾਵਾ ਨਵੀਂ ਪੀੜੀ ਨੂੰ ਆਪਣੇ ਸਮਾਜ,ਸੱਭਿਆਚਾਰ,ਮਾਂ ਬੋਲੀ ਨਾਲ ਜੋੜੀ ਰੱਖਣਾ ਹੈ।
****

ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਦੀ ਚੋਣ.......... ਚੋਣ / ਰਾਬਿੰਦਰ ਸਿੰਘ


ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਦੀ ਦੋ ਸਾਲਾ ਚੋਣ ਵਿਚ ਲਾਭ ਸਿੰਘ ਚਤਾਮਲੀ (ਪ੍ਰਧਾਨ) ਦੂਜੀ ਵਾਰ ਅਤੇ ਜਨਰਲ ਸਕੱਤਰ ਦੇ ਅਹੁਦੇ ‘ਤੇ ਨੌਵੀਂ ਵਾਰ ਰਾਬਿੰਦਰ ਸਿੰਘ ਰੱਬੀ ਸਰਵ ਸੰਮਤੀ ਨਾਲ਼ ਚੁਣੇ ਗਏ । ਗੁਰੂ ਨਾਨਕ ਪਬਲਿਕ ਸਕੂਲ ਮੋਰਿੰਡਾ ‘ਚ ਹੋਈ ਇਸ ਚੋਣ ਮੌਕੇ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਮਹਿਤਾ, ਸਕੱਤਰ ਸਤਵਿੰਦਰ ਚੌਹਾਨ ਮੜੌਲਵੀ, ਪ੍ਰਚਾਰ ਸਕੱਤਰ ਸੁਖਵਿੰਦਰ ਹੈਪੀ ਅਤੇ ਖ਼ਜ਼ਾਨਚੀ ਸੁਰਿੰਦਰ ਸਿੰਘ ਰਸੂਲਪੁਰ ਚੁਣੇ ਗਏ । ਕਾਰਜਕਾਰਨੀ ‘ਚ ਜਤਿੰਦਰ ਸਿੰਘ ਰਾਮਗੜੀਆ, ਗੁਲਾਬ ਚੰਦ, ਸੁਰਜੀਤ ਮੰਡ, ਸੋਨੀ ਸਾਗੀ, ਸੁਰਿੰਦਰ ਸ਼ੌਂਕੀ ਅਤੇ ਲੱਕੀ ਸਕਰੁੱਲਾਂ ਪੁਰੀ ਲਏ ਗਏ । ਸਭਾ ਦੇ ਸਰਪ੍ਰਸਤ ਅਜੀਤ ਸਿੰਘ ਢੰਗਰਾਲੀ, ਸੁਰਜੀਤ ਸਿੰਘ ਜੀਤ ਅਤੇ ਗੁਰਨਾਮ ਸਿੰਘ ਬਿਜਲੀ ਹੋਣਗੇ । ਜਲਦੀ ਹੀ ਸਭਾ ਦੇ ਸਲਾਹਕਾਰ ਨਾਮਜ਼ਦ ਕੀਤੇ ਜਾਣਗੇ ।

ਇਸ ਸਮੇਂ ਸਜੀ ਮਹਿਫਲ ‘ਚ ਬਾਬੂ ਸਿੰਘ ਚੌਹਾਨ (ਕੁਰਸੀ ਖਿਸਕਦੀ ਜਾਂਦੀ), ਸੋਨੀ ਸਾਗੀ (ਮਾਂ ਬਰੋਬਰ ਸਮਝੂੰ ਨੀਂ ਸੱਸ ਸਿਆਣੀ ਨੂੰ), ਲਾਭ ਚਤਾਮਲੀ (ਬਰਾਤ ਖਾਲੀ ਮੋੜ ਬਾਬਲਾ, ਇਨ੍ਹਾਂ ਭੁੱਖਿਆਂ ਦੇ ਘਰ ਮੈਂ ਨੀਂ ਜਾਣਾ), ਰਾਬਿੰਦਰ ਸਿੰਘ ਰੱਬੀ (ਝੂਠੀਏ ਨੀਂ ਲਾਰੇ ਤੇਰੇ ਨਹੀਂ ਮੁੱਕਣੇ), ਸੁਖਵਿੰਦਰ ਹੈਪੀ (ਬੁੱਕਲ ਦੇ ਚੋਰ), ਅਜੀਤ ਸਿੰਘ ਢੰਗਰਾਲੀ (ਪਰਜਾਤੰਤਰ), ਜਤਿੰਦਰ ਸਿੰਘ ਰਾਮਗੜੀਆ (ਕਾਮੇਡੀ), ਗੁਲਾਬ ਚੰਦ (ਕੰਜੂਸ), ਸੁਰਿੰਦਰ ਸ਼ੌਂਕੀ (ਕੁੜੀਏ ਪੰਜਾਬ ਦੀਏ) ਅਤੇ ਸੁਰਜੀਤ ਸਿੰਘ ਜੀਤ ਨੇ ਗ਼ਜ਼ਲ ਪੇਸ਼ ਕੀਤੀ ।

ਸਭਾ ਨੇ ਇੱਕ ਮਤੇ ਰਾਹੀਂ ਤ੍ਰਿਲੋਚਨ ਸਿੰਘ ਕੰਗ ਦੇ ਪਿਤਾ ਸ੍ਰ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।