Showing posts with label ਮਨਦੀਪ ਖੁਰਮੀ ਹਿੰਮਤਪੁਰਾ. Show all posts
Showing posts with label ਮਨਦੀਪ ਖੁਰਮੀ ਹਿੰਮਤਪੁਰਾ. Show all posts

ਨੌਜ਼ਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸਿ਼ੰਦਿਓ”.......... ਪੁਸਤਕ ਰਿਵੀਊ / ਮਨਦੀਪ ਖੁਰਮੀ ਹਿੰਮਤਪੁਰਾ


ਲੇਖਕ- ਹਰਮਨਦੀਪ ਚੜ੍ਹਿੱਕ
ਪ੍ਰਕਾਸ਼ਕ:- ਅਦਾਰਾ ਭਵਿੱਖ, ਸ਼ਹੀਦ ਨਛੱਤਰ ਸਿੰਘ ਭਵਨ, ਮੋਗਾ।
ਕੀਮਤ- 100 ਰੁਪਏ
ਕਹਿੰਦੇ ਹਨ ਕਿ "ਬੋਹੜ ਦੇ ਹੇਠਾਂ ਬੋਹੜ ਨਹੀਂ ਉੱਗਦਾ।" ਪਰ ਮੇਰਾ ਖਿਆਲ ਹੈ ਕਿ ਬੋਹੜ ਦੇ ਹੇਠਾਂ ਬੋਹੜ ਬੀਜਣ ਵਰਗਾ ਬਚਕਾਨਾ ਕੰਮ ਕਰਨਾ ਵੀ ਇੱਕ ਨਿੱਕੇ ਬੂਟੇ ਦੇ ਬਚਪਨ ਨੂੰ ਦਾਬੇ ਹੇਠ ਰੱਖਣ ਵਾਂਗ ਹੀ ਹੋਵੇਗਾ। ਇਸ ਤਜ਼ਰਬੇ ਨਾਲੋਂ ਤਾਂ ਇਹੀ ਬਿਹਤਰ ਹੋਵੇਗਾ ਕਿ ਪਹਿਲਾਂ ਤੋਂ ਛਾਂ ਦੇ ਰਹੇ ਬੋਹੜ ਤੋਂ ਕੁਝ ਦੂਰੀ 'ਤੇ ਹੀ ਉਸ 'ਮਿੰਨੀ ਬੋਹੜ' ਨੂੰ ਲਗਾਇਆ ਜਾਵੇ ਤਾਂ ਜੋ ਉਹ ਵੀ ਆਪਣੇ 'ਬਜ਼ੁਰਗ ਬੋਹੜ' ਵਾਂਗ ਸੰਘਣੀ ਛਾਂ ਦੇ ਸਕੇ। ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕਾਵਿ-ਪੁਸਤਕ "ਨਵੀਂ ਦੁਨੀਆ ਦੇ ਬਾਸਿ਼ੰਦਿਓ" ਪੜ੍ਹਦਿਆਂ ਅਹਿਸਾਸ ਹੋਇਆ ਹੈ ਕਿ ਜੇ ਬਾਪੂ ਦਰਸ਼ਨ ਸਿੰਘ 'ਟੂਟੀ' ਨੌਕਰੀ ਤੋਂ ਸੇਵਾਮੁਕਤ ਹੋ ਕੇ ਵੀ ਪੰਜਾਬ ਦੇ ਰੋਡਵੇਜ ਕਾਮਿਆਂ ਦੇ ਹੱਕਾਂ ਲਈ ਲੜਦਾ ਆ ਰਿਹਾ ਹੈ ਉੱਥੇ ਉਸ 'ਪਿਓ ਬੋਹੜ' ਤੋਂ ਹਜਾਰਾਂ ਮੀਲਾਂ ਦੀ ਦੂਰੀ 'ਤੇ ਬੈਠਾ ਹਰਮਨਦੀਪ ਵੀ ਆਪਣੀ ਕਲਮ ਰਾਹੀਂ ਕਿਰਤੀਆਂ ਨੂੰ ਨਵੀਂ ਸੇਧ ਦੇਣ ਦੀ ਕੋਸਿ਼ਸ਼ ਕਰਦਾ ਹੋਇਆ ਲਿਖਦਾ ਹੈ ਕਿ-
ਨਵੇਂ ਯੁਗ ਦੀ ਦੁਨੀਆਂ ਦੇ ਬਾਸਿ਼ੰਦਿਓ
....ਅੱਜ ਧਰਤੀ ਤੇ ਚੰਨ
ਸਾਡੀ ਪਹੁੰਚ ਵਿੱਚ ਹਨ
ਆਓ! ਅੱਜ ਅਸੀਂ
ਬ੍ਰਹਿਮੰਡ ਤੋਂ ਅੱਗੇ ਦੀਆਂ
ਉਦਾਸੀਆਂ ਕਰਨ ਲਈ ਤੁਰੀਏ।

ਇੰਗਲੈਂਡ 'ਚ ਵੀ ਧੁੰਮ ਪਾਵੇਗਾ ਜੱਗੀ ਕੁੱਸਾ 'ਸਟਰਗਲ ਫ਼ਾਰ ਔਨਰ' ਨਾਲ........... ਪੁਸਤਕ ਰਿਲੀਜ਼ / ਮਨਦੀਪ ਖ਼ੁਰਮੀ ਹਿੰਮਤਪੁਰਾ



ਲੰਡਨ : ਪੰਜਾਬੀ ਨਾਵਲਕਾਰੀ ਦੇ ਖ਼ੇਤਰ ਵਿਚ ਆਪਣੀ ਠੇਠ ਸ਼ੈਲੀ ਜ਼ਰੀਏ ਚਰਚਿਤ ਅਤੇ ਵਿਸ਼ਵ ਭਰ ਦੇ ਦਰਜਨ ਤੋਂ ਵਧੇਰੇ ਪੰਜਾਬੀ ਅਖ਼ਬਾਰਾਂ ਵਿਚ ਇੱਕੋ ਸਮੇਂ ਲੜੀਵਾਰ ਨਾਵਲ ਛਪਦੇ ਹੋਣ ਦਾ ਮਾਣ ਪ੍ਰਾਪਤ, ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਝੋਲੀ ਇੱਕ ਹੋਰ ਮਾਣ ਪਿਆ ਹੈ ਕਿ ਉਹਨਾਂ ਦੇ ਬਹੁ-ਚਰਚਿਤ ਪੰਜਾਬੀ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਦਾ ਅੰਗਰੇਜ਼ੀ ਅਨੁਵਾਦ "ਸਟਰਗਲ ਫ਼ਾਰ ਔਨਰ" ਛਪ ਕੇ ਇੰਗਲੈਂਡ ਵਿਚ ਵਿਕਣ ਲਈ ਆ ਗਿਆ ਹੈ। ਜੱਗੀ ਕੁੱਸਾ ਦਾ ਇਹ ਨਾਵਲ ਲੰਡਨ ਦੀ ਮਸ਼ਹੂਰ ਪਬਲਿਸ਼ਿੰਗ ਫ਼ਰਮ "ਸਟਾਰ ਬੁੱਕਸ ਯੂ.ਕੇ." ਨੇ ਪ੍ਰਕਾਸ਼ਿਤ ਕੀਤਾ ਹੈ। ਡਾ. ਐੱਸ. ਐੱਨ. ਸੇਵਕ ਦੀ ਅਨੁਵਾਦ ਸਮਰੱਥਾ ਦਾ ਆਨੰਦ ਹੁਣ ਅੰਗਰੇਜ਼ੀ ਪਾਠਕ ਵੀ ਮਾਣ ਸਕਣਗੇ ਕਿ ਜੱਗੀ ਕੁੱਸਾ ਨੇ ਆਪਣੇ ਪੰਜਾਬੀ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਵਿਚ 1984 ਤੋਂ ਸ਼ੁਰੂ ਹੋ ਕੇ 1995 ਤੱਕ ਦੇ ਪੰਜਾਬ ਦੇ ਕਾਲੇ ਦਿਨਾਂ ਨੂੰ ਕਿਸ ਅੰਦਾਜ਼ ਵਿਚ ਰੂਪਮਾਨ ਕੀਤਾ ਸੀ। ਜੱਗੀ ਕੁੱਸਾ ਦੀ ਲਿਖਣ ਕਲਾ ਦਾ ਵਿਸ਼ੇਸ਼ ਗੁਣ ਇਹ ਹੈ ਕਿ ਉਹ ਲਫ਼ਜ਼ਾਂ ਦੀ ਬੁਣਤੀ ਰਾਹੀਂ ਹੀ ਇੱਕ ਫ਼ਿਲਮ ਵਰਗਾ ਮਾਹੌਲ ਉਸਾਰ ਦਿੰਦਾ ਹੈ। ਵਿਦੇਸ਼ ਵਸਦੇ ਜਿਹੜੇ ਮਾਪੇ ਪੰਜਾਬ ਅਤੇ ਸਿੱਖੀ ਪ੍ਰਤੀ ਆਪਣੇ ਮਨ ਵਿਚ ਦਰਦ ਰੱਖਦੇ ਹਨ, ਅਤੇ ਜਿੰਨ੍ਹਾਂ ਦੇ ਬੱਚੇ ਪੰਜਾਬੀ ਪੜ੍ਹਨ ਦੇ ਸਮਰੱਥ ਨਹੀਂ ਹਨ, ਉਹਨਾਂ ਨੂੰ ਇਹ ਨਾਵਲ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾਂ ਚਾਹੀਦਾ ਹੈ ਤਾਂ ਕਿ ਉਹ ਜਾਣ ਸਕਣ ਕਿ ਪੰਜਾਬ ਵਿਚ ਇਹਨਾਂ ਕਾਲੇ ਦਿਨਾਂ ਦੌਰਾਨ ਕੀ ਹੋਇਆ। ਇੱਥੇ ਜ਼ਿਕਰਯੋਗ ਹੈ ਕਿ ਜੱਗੀ ਕੁੱਸਾ ਜੀ ਦਾ ਅਗਲਾ ਨਾਵਲ "ਆਊਟਸਾਈਡ, ਸਮਵੇਅਰ, ਏ ਲੈਂਪ ਬਰਨਸ" ਵੀ ਅਪ੍ਰੈਲ 2012 ਵਿਚ ਪ੍ਰਕਾਸ਼ਿਤ ਹੋ ਰਿਹਾ ਹੈ! ਇਹ ਨਾਵਲ 'ਐਮਾਜ਼ੋਨ' ਕੋਲ ਵੀ ਉਪਲੱਭਦ ਹੈ ਅਤੇ ਨਾਵਲ ਸਿੱਧਾ ਆਰਡਰ ਕਰਨ ਲਈ ਇਸ ਲਿੰਕ 'ਤੇ ਜਾ ਕੇ ਕਰ ਸਕਦੇ ਹੋ:

ਲੰਡਨ ਦੇ ਪਾਰਲੀਮੈਂਟ 'ਚ ਨਾਵਲਕਾਰ ਜੱਗੀ ਕੁੱਸਾ ਸਮੇਤ ਨਾਮਵਾਰ ਹਸਤੀਆਂ ਦਾ ਸਨਮਾਨ.......... ਸਨਮਾਨ ਸਮਾਰੋਹ / ਮਨਦੀਪ ਖੁਰਮੀ ਹਿੰਮਤਪੁਰਾ


'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ ਇੰਗਲੈਂਡ ਵਿੱਚ ਰਹਿੰਦਿਆਂ ਵੀ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਯਤਨਸ਼ੀਲ ਉੱਦਮੀਆਂ ਨੂੰ ਸਨਮਾਨਿਤ ਕਰਨ ਹਿਤ ਪਾਰਲੀਮੈਂਟ ਦੇ ਜੁਬਲੀ ਹਾਲ ਵਿਖੇ ਵਿਸ਼ਾਲ ਸਨਮਾਨ ਸਮਾਰੋਹ ਦਾ ਆਯੋਜਨ ਕਤਾ ਗਿਆ। ਜਿਸ ਦੀ ਪ੍ਰਧਾਨਗੀ ਹੇਜ਼ ਐਂਡ ਹਾਰਲਿੰਗਟਨ ਦੇ ਮੈਂਬਰ ਪਾਰਲੀਮੈਂਟ ਅਤੇ 'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਦੇ ਚੇਅਰਪਰਸਨ ਜੌਹਨ ਮੈਕਡੌਨਲ ਵੱਲੋਂ ਕੀਤੀ ਗਈ। ਇਸ ਸਮਾਰੋਹ ਦੌਰਾਨ ਸ੍ਰੀ ਜੌਹਨ ਵੱਲੋਂ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ' ਨਾਲ ਹਾਜ਼ਰੀਨ ਨੂੰ ਮੁਖਾਤਿਬ ਹੋਣਾ ਹੀ ਸਮੁੱਚੇ ਪੰਜਾਬੀਆਂ ਦਾ ਸਨਮਾਨ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗਾ। ਸਮਾਗਮ ਦੇ ਸ਼ੁਰੂਆਤੀ ਪਲਾਂ ਦੌਰਾਨ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਆਪਣੀ ਮਾਂ ਭੂਮੀ ਤੋਂ ਲੱਖਾਂ ਕੋਹਾਂ ਦੂਰ ਬੈਠਿਆਂ ਵੀ ਜੋ ਪੰਜਾਬੀ ਆਪਣੀ ਮਾਂ-ਬੋਲੀ, ਸਾਹਿਤ ਤੇ ਸੱਭਿਆਚਾਰ ਦੀਆਂ ਤੰਦਾਂ ਪੀਢੀਆਂ ਕਰ ਰਹੇ ਹਨ, ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਉਹਨਾਂ ਪੰਜਾਬੀਆਂ ਨੂੰ ਬਣਦਾ ਸਨਮਾਨ ਦੇਣ ਲਈ ਵਚਨਬੱਧ ਹੈ। ਸਨਮਾਨ ਸਮਾਰੋਹ ਦੌਰਾਨ ਪੰਜਾਬੀ ਮਾਂ ਬੋਲੀ ਦੀ ਝੋਲੀ 18 ਨਾਵਲ, 4 ਕਹਾਣੀ ਸੰਗ੍ਰਹਿ ਅਤੇ ਇੱਕ ਵਿਅੰਗ ਸੰਗ੍ਰਹਿ ਪਾਉਣ ਬਦਲੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਨਾਵਲਕਾਰ ਹਰਜੀਤ ਅਟਵਾਲ, ਲੋਕ ਗਾਇਕ ਦੀਦਾਰ ਸਿੰਘ ਪ੍ਰਦੇਸੀ, ਲੋਕ ਗਾਇਕ ਏ. ਐੱਸ਼ ਕੰਗ, ਗਾਇਕਾ ਸੋਨਾ ਵਾਲੀਆ, ਬਲਦੇਵ ਮਸਤਾਨਾ, ਹਰਮੰਦਰ ਸਿੰਘ, ਗੁਰਦੀਪ ਸਿੰਘ ਹੁੰਦਲ, ਕੁਲਵਿੰਦਰ ਸਿੰਘ, ਪਿਆਰਾ ਸਿੰਘ ਔਲਖ, ਸੁੱਖੀ ਬਾਰਤ (ਟੀ. ਵੀ. ਬਰਿਟ ਏਸ਼ੀਆ), ਸਵਰਨ ਸਿੰਘ ਕੰਗ, ਹੈੱਡਮਾਸਟਰ ਜਸਵਿੰਦਰ ਸਿੰਘ ਨੌਟਿੰਘਮ, ਕੁਲਵਿੰਦਰ ਕੌਰ, ਜਸਵੰਤ ਕੌਰ, ਜਨਾਬ ਐੱਸ਼ ਕੁਰੈਸ਼ੀ, ਕੁਲਦੀਪ ਸਿੰਘ ਕੰਗ, ਹੂੰਝਣ ਪਰਿਵਾਰ, ਸ਼ਿਨ ਡੀ. ਸੀ. ਐੱਸ ਆਦਿ ਨੂੰ ਸਨਮਾਨ ਪੱਤਰਾਂ ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਸਾਹਿਤਕਾਰ ਸਾਥੀ ਲੁਧਿਆਣਵੀ, ਸੰਤੋਖ ਸਿੰਘ ਸੰਤੋਖ, ਸਵਰਨਜੀਤ ਕੁੱਸਾ, ਮਹਿੰਦਰ ਸਿੰਘ ਮੱਲ੍ਹੀ, ਅਜੀਤ ਸਿੰਘ ਖਹਿਰਾ (ਦੇਸੀ ਰੇਡੀਓ), ਸ਼ਾਇਰਾ ਤੇ ਰੇਡੀਓ ਪੇਸ਼ਕਾਰਾ ਭਿੰਦਰ ਜਲਾਲਾਬਾਦੀ, ਕਸ਼ਮੀਰ ਕੌਰ, ਕੌਂਸਲਰ ਅਵਤਾਰ ਸਿੰਘ ਸੰਧੂ ਤੋਂ ਇਲਾਵਾ ਗਰੁੱਪ ਵੱਲੋਂ ਮੈਂਬਰ ਪਾਰਲੀਮੈਂਟ ਜੌਹਨ ਰੈਂਡਨ, ਸਾਈਮਨ ਹਗਸ, ਜੌਹਨ ਸਪੈਲਰ, ਫਿਓਨਾ ਮੈਕਟਾਗਾਰਟ, ਲਾਰਡ ਬਿਲਸਟਨ, ਰੌਬ ਮੈਰਿਸ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਸਮੇਂ 'ਪੰਜਾਬ ਡਾਂਸਰਜ ਗਰੁੱਪ' ਵੱਲੋਂ ਭੰਗੜੇ ਦੀ ਪੇਸ਼ਕਾਰੀ ਰਾਹੀਂ ਸਮਾਗਮ ਨੂੰ ਰੌਚਕਤਾ ਪ੍ਰਦਾਨ ਕੀਤੀ। ਅੰਤਲੇ ਪਲਾਂ ਦੌਰਾਨ ਸ੍ਰੀ ਇਕਬਾਲ ਸਿੰਘ ਵੱਲੋਂ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਸਮੂਹ ਪੰਜਾਬੀਆਂ ਦਾ ਹਾਰਦਿਕ ਧੰਨਵਾਦ ਕੀਤਾ।