ਐਡੀਲੇਡ ਵਿਖੇ ਅਮਰੀਕਾ ਦੇ ਗੁਰੂਦੁਆਰੇ ਵਿਖੇ ਮੰਦਭਾਗੀ ਘਟਨਾ ‘ਚ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ……… ਸ਼ਰਧਾਂਜਲੀ / ਕਰਨ ਬਰਾੜ

ਐਡੀਲੇਡ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਅਮਰੀਕਾ ਦੇ ਸ਼ਹਿਰ ਓਕ ਕਰੀਕ ਵਿੱਚ ਹੋਈ ਮੰਦਭਾਗੀ ਘਟਨਾ ਚ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਦੇਣ, ਜ਼ਖਮੀਆਂ ਲਈ ਅਰਦਾਸ ਕਰਨ ਅਤੇ ਵਿਦੇਸ਼ਾਂ ਚ ਹੋਰ ਭਾਈਚਾਰਿਆਂ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਅਤੇ ਕਿਰਤ ਕਰ ਕੇ ਵੰਡ ਛਕਣ ਵਾਲੀ ਕੌਮ ਦਾ ਸੁਨੇਹਾ ਦੇਣ ਲਈ ਹੱਥਾਂ ’ਚ ਜਗਦਿਆਂ ਮੋਮਬਤੀਆਂ ਫੜ ਕੇ ਸ਼ਾਂਤੀ ਪੂਰਵਕ ਮਾਰਚ ਪਾਸਟ ਕੀਤਾ ਗਿਆ।
 
ਇਹ ਮਾਰਚ ਪਾਸਟ ਸਾਰਾਗੜ੍ਹੀ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਤੋਂ ਸ਼ੁਰੂ ਹੋ ਕੇ ਤਕਰੀਬਨ ਇਕ ਕਿਲੋਮੀਟਰ ਦਾ ਰਸਤਾ ਤੈਅ ਕਰ ਕੇ ਐਡੀਲੇਡ ਸ਼ਹਿਰ ਦੇ ਬਿਲਕੁੱਲ ਵਿਚਾਲੇ ਵਿਕਟੋਰੀਆ ਸੁਕਾਇਰ ‘ਤੇ ਖਤਮ ਹੋਇਆ। ਇਸ ਸਮੇਂ ਗਿਆਨੀ ਪੁਸ਼ਪਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਭੁਪਿੰਦਰ ਸਿੰਘ ਮਨੇਸ਼ ਨੇ ਇਕ ਮੈਮੋਰੈਂਡਮ ਪੜ੍ਹਿਆ। ਜਿਸ ਵਿਚ ਉਨ੍ਹਾਂ ਅਮਰੀਕਾ ਸਰਕਾਰ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਜ਼ਖਮੀ ਪੁਲਿਸ ਅਫ਼ਸਰ ਬ੍ਰਾਇਨ ਮਰਫੀ ਦੀ ਬਹਾਦਰੀ ਉਤੇ ਨਾਜ਼ ਜਤਾਇਆ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਸਾਊਥ ਆਸਟ੍ਰੇਲੀਆ ਦੀ ਮਲਟੀਕਲਚਰ ਮੰਤਰੀ ਮਾਣਯੋਗ ਜੈਨੀਫਰ ਰਿਨਕਨ, ਮੈਂਬਰ ਪਾਰਲੀਮੈਂਟ ਮਾਈਕਲ ਐਟਕਿੰਸਨ ਅਤੇ ਚੇਅਰਮੈਨ ਹੀਉ ਵੇਨ ਲੀ ਵੀ ਹਾਜ਼ਰ ਹੋਏ ਅਤੇ ਇਸ ਘੜੀ ’ਚ ਦੁੱਖ ਵੰਡਾਇਆ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ’ਚ ਭੁਪਿੰਦਰ ਸਿੰਘ ਮਨੇਸ਼, ਮਹਾਂਬੀਰ ਸਿੰਘ ਗਰੇਵਾਲ, ਮਿੰਟੂ ਬਰਾੜ, ਪ੍ਰਭਜੋਤ ਸਿੰਘ, ਪਾਲਮ ਮਨੇਸ਼, ਗੁਰਦੀਪਕ ਭੰਗੂ ਨੇ ਖਾਸ ਯੋਗਦਾਨ ਪਾਇਆ ।