ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਬਲਵੀਰ ਗੋਰਾ ‘ਰਕਬੇ ਵਾਲੇ’ਦੀ ਸੀ.ਡੀ. ‘ਖਰੀਆਂ-ਖਰੀਆਂ’ ਰੀਲੀਜ.......... ਸੀ.ਡੀ. ਰਿਲੀਜ਼ / ਤਰਲੋਚਨ ਸੈਂਬੀਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮੋਕਲ਼ੇ ਵਿਹੜੇ ਵਿੱਚ ਹੈਰਾਨੀਜਨਕ ਹਾਜਰੀ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ , ਜਿਸ ਵਿੱਚ ਨੌਜਵਾਨਾਂ ਦੀ ਗਿਣਤੀ ਖਾਸ ਤੌਰ ਤੇ ਸਲਾਹੁਣਯੋਗ ਸੀ । ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮਿਲਣੀ ਮਿਤੀ 17 ਅਕਤੂਬਰ ਦਿਨ ਐਤਵਾਰ ਨੂੰ ਕੋਸੋ ਦੇ ਹਾਲ ਵਿੱਚ ਬਾਅਦ ਦੁਪਿਹਰ ਦੋ ਵਜੇ ਸ਼ੁਰੂ ਹੋਈ । ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਤਰਲੋਚਨ ਸੈਂਬੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਗੁਰਬਚਨ ਬਰਾੜ, ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ‘ਪਾਲ’, ਅਤੇ ਬਲਵੀਰ ਗੋਰਾ ਸ਼ੁਸ਼ੋਭਿਤ ਸਨ। ਮੀਟਿੰਗ ਦਾ ਆਗਾਜ਼ ਭੋਲਾ ਸਿੰਘ ‘ਚੌਹਾਨ’ ਨੇ ਗੋਰੇ ਰਕਬੇ ਵਾਲੇ ਦੇ ਗੀਤ ‘ਅੱਜ ਫੇਰ ਦੋਸਤੋ ਪੰਜਾਬ ਮੇਰਾ ਬੰਦ ਏ’ ਨਾਲ ਕੀਤਾ । ਜੋਗਿੰਦਰ ਸੰਘਾ ਨੇ ਆਪਣੀ ਲਿਖੀ ਰਚਨਾਂ ‘ਦਿਲ ਪਿਆਰ ਤੋਂ ਸੱਖਣਾ ਜੀਵਨ ਵੀਰਾਨ ਹੈ’ ਪੇਸ਼ ਕੀਤੀ ਅਤੇ ਜੋ ਅੱਜ ਕੱਲ੍ਹ ਵਾਈਵਰੇਸ਼ਨ ਮਸ਼ੀਨਾਂ ਜਿਹੜੀਆਂ ਭਾਰ ਘਟਾਉਣ ਵਿੱਚ ਸਹਾਈ ਹੁੰਦੀਆਂ ਹਨ ਦੇ ਨਫੇ ਅਤੇ ਨੁਕਸਾਨ ਵਾਰੇ ਸਰੋਤਿਆਂ ਨੂੰ ਸੁਚੇਤ ਕੀਤਾ । ਪਰਦੀਪ ਸਿੰਘ ‘ਕੰਗ’ ਨੇ ਆਪਣਾ ਇੱਕ ਗੀਤ ਪੇਸ਼ ਕੀਤਾ । ਇਸ ਤੋਂ ਬਾਅਦ ਸਭਾ ਦੇ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ‘ਪਾਲ’ ਨੇ ਆਪਣੀ ਗ਼ਜ਼ਲ ‘ਦੋਸਤਾਂ ਦਿੱਤੇ ਜਖ਼ਮ ਮੈਂ ਸਹਿ ਗਿਆ,ਦਾਗ ਪਰ ਦਿਲ ਦੇ ਉੱਤੇ ਪੈ ਗਿਆ’ਕਹਿ ਕੇ ਦਾਦ ਹਾਸਲ ਕੀਤੀ । ਪਹਿਲੀ ਵਾਰ ਮੀਟਿੰਗ ਤੇ ਪਹੁੰਚਣ ਵਾਲੀ ਸ਼੍ਰੀ ਮਤੀ ਸੁੱਖ ਖੋਖਰ ਜੋ ਕਿ ਲਿਖਾਰੀ, ਪੱਤਰਕਾਰ ਅਤੇ ਮੁਸੱਬਰ ਹਨ ਨੇ ਆਪਣੇ ਵਾਰੇ ਹਾਜਰੀਨ ਨਾਲ ਜਾਣਕਾਰੀ ਸਾਂਝੀ ਕੀਤੀ ।ਜਲੰਧਰ ਦੂਰਦਰਸਨ ਦੇ ਪ੍ਰੋਗ੍ਰਾਮ ਸੰਚਾਲਕ ਡਾਕਟਰ ਸੰਪੂਰਨ ਸਿੰਘ ਚਾਨੀਆਂ ਨੇ ਆਪਣੇ ਭਾਰਤ ਤੋਂ ਕੈਨੇਡਾ ਤੱਕ ਦੇ ਸਫਰ ਉੱਤੇ ਆਪਣੀ ਕਵਿਤਾ ਸੁਣਾਈ ਅਤੇ ਸ਼ਾਹਿਦ ਦੇ ਗੁਣਾਂ ਵਾਰੇ ਸਰੋਤਿਆਂ ਨੂੰ ਦੱਸਿਆ । ਉਪਰੰਤ ਬਲਵੀਰ ਗੋਰਾ ‘ਰਕਬੇ ਵਾਲੇ’ ਦੀ ਸੀ ਡੀ ‘ਖਰੀਆਂ-ਖਰੀਆਂ’ ਤਾੜੀਆਂ ਦੀ ਗੜਗੜਾਹਟ ਵਿੱਚ ਰੀਲੀਜ਼ ਕੀਤੀ ਗਈ । ਇਸ ਐਲਬਮ ਨੂੰ ਕੇ ਐਂਡ ਕੇ ਕੰਪਨੀ ਦੇ ਬੈਨਰ ਥੱਲੇ, ਰਮੇਸ਼ ‘ਦੁੱਗਲ’ ਦੇ ਸੰਗੀਤ ਨਿਰਦੇਸ਼ਨ ਨਾਲ ਸਿੰਗਾਰਿਆ ਹੈ । ਗੋਰੇ ਨੇ ਆਪਣੀ ਇਸ ਐਲਬਮ ਵਿੱਚੋਂ ‘ਗਾਇਕ ਨੀਂ ਲੱਭਣਾ ਸੱਚ ਗਾਉਣ ਲਈ, ਨਾ ਲਿਖ ਗੱਲਾ ਖਰੀਆਂ-ਖਰੀਆਾਂ’ ਟਾਈਟਲ ਗੀਤ ਤੋਂ ਇਲਾਵਾ ‘ਜਾਣਾ ਪ੍ਰਦੇਸੋਂ ਜਦੋਂ ਹੋਵੇ ਪਿੰਡ ਆਪਣੇ ਨੂੰ,ਬੰਦੇ ਨੂੰ ਵਿਆਹ ਜਿੰਨਾਂ ਚਾਅ ਹੁੰਦਾ ਏ’ ਗੀਤ ਸੁਣਾਏ ਸਰੋਤਿਆਂ ਤੋਂ ਵਾਹ-ਵਾਹ ਖੱਟੀ । ਹਰਮਿੰਦਰ ਕੌਰ ‘ਢਿੱਲੋਂ’ ਨੇ ਆਪਣਾ ਗੀਤ ‘ਦੇਸ਼ ਦੇ ਪਹਿਰੇਦਾਰੋ ਸੰਭਾਲੋ ਜਿੰਮੇਦਾਰੀ ਨੂੰ , ਦੁਨੀਆਂ ਮਰਦੀ ਜਾਂਦੀ ਪੀ ਕੇ ਗੰਧਲੇ ਪਾਣੀ ਨੂੰ’ ਬਹੁਤ ਹੀ ਸੁਰੀਲੀ ਅਵਾਜ ਵਿੱਚ ਗਇਆ । ਮੈਡੀਸਨ ਹੈਟ ਵਾਲੇ ਜੋ਼ਰਾਵਰ ਸਿੰਘ ‘ਬਾਂਸਲ’ ਨੇ ਆਪਣੀ ਕਵਿਤਾ ‘ਤੁਰਦੇ ਤੁਰਦੇ ਮੈਂ ਕਿੱਥੇ ਆ ਗਿਆ ਹਾਂ, ਜਦੋਂ ਤੱਕਦਾ ਹਾ ਕਿ ਪਿੱਛੇ ਕੋਈ ਨਹੀ ਰਹਿ ਗਿਆ ਹੈ’ ਬੜੇ ਹੀ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤੀ । ਸਾਬਕਾ ਸਕੱਤਰ ਅਤੇ ਰੇਡੀਓ ਵਿਰਸਾ ਪੰਜਾਬ ਦੇ ਹੋਸਟ ਹਰਬੰਸ ਬੁੱਟਰ ਦੋ ਕਵਿਤਾਵਾਂ ‘ਜਿਉਂਦਿਆਂ ਦੀ ਨਾ ਜਿੰਨ੍ਹਾਂ ਪੁੱਛੀ ਬਾਤ ਕਦੇ ਉਹਨਾਂ, ਪਰ ਜੱਗੋਂ ਤੁਰ ਗਿਆਂ ਦਾ ਹਿਰਵਾ ਜਿਆਦਾ ਕਰਦੇ ਨੇ, ਅੱਜ ਕੱਲ੍ਹ ਨਕਲੀ ਅਸਲੀ ਹੋਣ ਦਾ ਦਾਅਵਾ ਕਰਦੇ ਨੇ’ ਅਤੇ ‘ਪੁਰਖਿਆਂ ਦੇ ਹੱਡ ਕੁਝ ਸੱਜਣਾ ਨੇ ਸਸਤੇ ਵਿਕਣੇ ਲਾਏ,ਲਾਲਚ ਵੱਸ ਤਮਾਸ਼ਬੀਨ ਕਈ ਬੰਨ੍ਹ ਕਤਾਰਾਂ ਆਏ’ ਗਾ ਕੇ ਸਰੋਤਿਆਂ ਨੂੰ ਵੱਖਰੀ ਕਿਸਮ ਦੀ ਸੋਚ ਨਾਲ ਝਜੋੜ ਗਿਆ । ਰੇਡੀਓ ‘ਸਬਰੰਗ’ ਦੇ ਡਾਇਰੈਕਟਰ ਰਾਜੇਸ਼ ਅੰਗਰਾਲ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਰੇਡੀਓ ਸਬਰੰਗ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ ਅਤੇ ਉਹ ਇਸ ਸੇਵਾ ਬਦਲੇ ਕੋਈ ਇਵਜਾਨਾ ਨਹੀ ਲੈਣਗੇ । ਆਪਣੇ ਰੇਡੀਓ ਉੱਤੇ ਕਿਸੇ ਤਾਂਤਰਿਕ ਜਾਂ ਪਖੰਡੀ ਬਾਬੇ ਦਾ ਵਿਗਿਆਪਨ ਨਹੀਂ ਦੇਣਗੇ । ਪਹਿਲੀ ਵਾਰ ਸਭਾ ਵਿੱਚ ਆਏ ਗੁਰਜੀਤ ਸਿੰਘ ‘ਜੱਸੀ’ ਘੋਲੀਏ ਵਾਲੇ ਨੇ ‘ਦੀਪੇ ਘੋਲੀਏ ਵਾਲੇ ਦਾ ਲਿਖਿਆ ਗੀਤ ‘ਵੇ ਮੈਂ ਤੇਰਿਆਂ ਗਮਾਂ ਦੀ ਜਿਉਣ ਜੋਗਿਆ, ਅੱਧੀ ਹਿੱਸੇਦਾਰ ਬਣ ਜਾਂ’ ਗਾ ਕੇ ਰੰਗ ਬੰਨਿਆਂ । ਡਾ: ਮਹਿੰਦਰ ਸਿੰਘ ‘ਹੱਲਣ’ ਹੋਰਾਂ ਨੇ ਰੋਜਾਨਾ ਨਵੀਆਂ ਸਭਾਵਾਂ ਬਣਨ ਵਾਰੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਵਿਅੰਗ ਪੇਸ਼ ਕੀਤਾ ਜਿਸ ਨੂੰ ਸੁਣਕੇ ਹੱਸਦਿਆਂ ਸਰੋਤਿਆਂ ਦੇ ਢਿੱਡੀਂ ਪੀੜਾਂ ਪੈ ਗਈਆਂ । ਉਪਰੰਤ ਸੰਦਲ ਪ੍ਰੋਡਕਸ਼ਨ ਦੇ ਪਰਮਜੀਤ ਸੰਦਲ ਨੇ ਨਵੇਕਲੇ ਅੰਦਾਜ਼ ਵਿੱਚ ਚੁਟਕਲੇ ਸੁਣਾਏ ਅਤੇ ਆਪਣੀ ਬਹੁਤ ਜਲਦੀ ਰੀਲੀਜ਼ ਹੋ ਰਹੀ ਫਿਲਮ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਵਾਰੇ ਜਾਣਕਾਰੀ ਦਿੱਤੀ । ਚੇਤੇ ਰਹੇ ਕਿ ਪਰਮਜੀਤ ਸੰਦਲ ਪਿਛਲੇ ਸਾਲ ਇਸੇ ਫਿਲਮ ਦਾ ਪਹਿਲਾ ਹਿੱਸਾ ‘ਕੌਣ ਦਿਲਾਂ ਦੀਆਂ ਜਾਣੇ’ ਪੇਸ਼ ਕਰ ਚੁੱਕੇ ਹਨ ਜਿਸ ਨੂੰ ਹਰ ਵਰਗ ਦੇ ਦਰਸ਼ਕਾਂ ਨੇ ਭਰਪੂਰ ਸਲਾਹਿਆ ਸੀ । ਪੰਜਾਬੀ ਲਿਖਾਰੀ ਸਭਾ ਇਸ ਫਿਲਮ ਲਈ ਵੀ ਦਰਸ਼ਕਾਂ ਤੋਂ ਨਿੱਗਰ ਹੁੰਗਾਰੇ ਦੀ ਆਸ ਕਰਦੀ ਹੈ । ਸੁਰਜੀਤ ਸਿੰਘ ਸ਼ੀਤਲ ‘ਪੰਨੂੰ’ ਨੇ ਆਪਣੀ ਗ਼ਜ਼ਲ ‘ਵਿੱਚ ਪ੍ਰਦੇਸਾਂ ਆ ਬੰਦੇ ਦੀ ਬਦਲ ਜਾਂਦੀ ਏ ਬੋਲੀ’ ਸੁਣਾਕੇ ਸਰੋਤਿਆਂ ਤੋ ਦਾਦ ਲਈ । ਗੁਰਪਾਲ ਸਿੰਘ ‘ਰੁਪਾਲੋਂ’ ਨੇ ਧੀਆਂ ਵਾਰੇ ਬਹੁਤ ਹੀ ਭਾਵੁਕ ਕਵਿਤਾ ਪੜ੍ਹੀ । ਬਾਬਾ ਗੁਰਨਾਮ ਸਿੰਘ ‘ਗਿੱਲ’ ਨੇ ਕਰਨੈਲ ਸਿੰਘ ‘ਪਾਰਸ’ ਦੀ ਕਵੀਸ਼ਰੀ ‘ਸੱਸੀ’ ਵਿੱਚੋਂ ਇੱਕ ਛੰਦ ਸਰੋਤਿਆਂ ਨੂੰ ਸੁਣਾਕੇ ਪਾਰਸ ਹੋਰਾਂ ਦੀ ਰਚਨਾਂ ਨਾਲ ਆਪਣੀ ਪਕੜ ਦਾ ਸਬੂਤ ਦਿੱਤਾ । ਉਪਰੰਤ ਮਾਸਟਰ ਭਜਨ ਸਿੰਘ ਗਿੱਲ (ਸਕੱਤਰ ਪ੍ਰੋਗਰੈਸਿਵ ਡੈਮੋਕ੍ਰੇਟਿਕ ਫੋਰਮ) ਨੇ ਲਿਖਾਰੀ ਸਭਾ ਅਤੇ ਸਮੁੱਚੇ ਪੰਜਾਬੀ ਮੀਡੀਏ ਦਾ ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਏ ਨਾਟਕਾਂ ਵਿੱਚ ਸ਼ਮੂਲੀਅਤ ਲਈ ਵਿਸ਼ੇਸ਼ ਧੰਨਵਾਦ ਕੀਤਾ । ਹਰਕੰਵਲਜੀਤ ਸਾਹਿਲ ਨੇ ਆਪਣੀ ਕਵਿਤਾ ਸਰੋਤਿਆਂ ਨਾਲ ਸਾਂਝੀ ਕੀਤੀ ਅਤੇ ਪੰਜਾਬੀ ਦੇ ਕੁਝ ਮਿਆਰੀ ਰਸਾਲਿਆਂ ਵਾਰੇ ਜਾਣਕਾਰੀ ਦਿੱਤੀ । ਚੰਦ ਸਿੰਘ ਸਦਿਓੜਾ ਨੇ ਅੰਗਰੇਜ਼ੀ ਅਖਬਾਰ ਦੇ ਕਾਲਮ ਦਾ ਪੰਜਾਬੀ ਅਨੁਵਾਦ ‘ਬਾਜ’ ਪੜ੍ਹਕੇ ਸੁਣਇਆ । ਬੀਬੀ ਗੁਰਚਰਨ ਕੌਰ ‘ਥਿੰਦ’ ਨੇ ‘ਵਾਦ-ਵਿਵਾਦ’ ਨਾਂ ਦੀ ਇੱਕ ਬਹੁਤ ਹੀ ਸੰਵੇਦਨਸ਼ੀਲ ਰਚਨਾਂ ਨਾਲ ਸਰੋਤਿਆਂ ਦੇ ਰੂ-ਬ-ਰੂ ਹੋਏ । ਇਸ ਤੋਂ ਬਾਅਦ ਅਜਾਇਬ ਸਿੰਘ ‘ਸੇਖੋਂ’ ਨੇ ਆਪਣੀ ਇੱਕ ਰਚਨਾਂ ਸਾਂਝੀ ਕੀਤੀ । ਮਨਜੋਤ ਗਿੱਲ ਸਕੱਤਰ ਪੰਜਾਬ ਕਲਚਰ ਸੁਸਾਇਟੀ ਨੇ ਆਪਣੀ ਲਿਖੀਆਂ ਦੋ ਰਚਨਾਂਵਾਂ ‘ਰਫਤਾਰ’ ਅਤੇ ਮੌਜੂਦਾ ਹਾਲਾਤਾਂ ਵਾਰੇ ਸੁਣਾਈਆਂ । ਤਰਲੋਚਨ ਸਿੰਘ ‘ਸੈਂਬੀ’ ਅਤੇ ਭੋਲਾ ਸਿੰਘ ‘ਚੌਹਾਨ’ ਨੇ ਸੋਹਣ ਸਿੰਘ ‘ਸ਼ੀਤਲ’ ਹੋਰਾਂ ਦੀ ਲਿਖੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਪ੍ਰਸੰਗ ਵਿੱਚੋਂ ਇੱਕ ਛੰਦ ‘ਗੱਡੀ’ ਤਰਜ਼ ਵਿੱਚ ਸੁਣਾਕੇ ਸਰੋਤਿਆਂ ਨਾਲ ਸਾਂਝ ਪਾਈ । ਪੰਜਾਬੀ ਲਿਖਾਰੀ ਸਭਾ ਕੈਲਗਰੀ ਪੰਜਾਬ ਕਲਚਰਲ ਸੁਸਾਇਟੀ ,ਕੈਲਗਰੀ ਪੰਜਾਬੀ ਸ਼ੋਸ਼ਲ ਕਲੱਬ ਅਤੇ ਮੁਖਤਿਆਰ ਸਿੰਘ ਮੰਡ ਮੈਮੋਰੀਅਲ ਫਾਊਂਡੇਸ਼ਨ ਦੇ ਤਰਨਜੀਤ ਸਿੰਘ ‘ਮੰਡ’ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਭਰਪੂਰ ਸਹਿਯੋਗ ਦੀ ਅਭਿਲਾਸ਼ਾ ਰੱਖਦੀ ਹੈ । ਅੰਤ ਵਿੱਚ ਪ੍ਰਧਾਨ ਗੁਰਬਚਨ ਸਿੰਘ ‘ਬਰਾੜ’ ਨੇ ‘ਗੋਰੇ ਰਕਬੇ ਵਾਲੇ’ ਨੂੰ ਵਧਾਈ ਦਿੱਤੀ ਅਤੇ ਆਏ ਸਾਰੇ ਵੀਰਾਂ ਅਤੇ ਭੈਣਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਸਾਰੇ ਕਾਰਕੂੰਨਾਂ ਨੂੰ ਸੁਚੱਜਾ ਸਾਹਿਤ ਰਚਣ ਅਤੇ ਨਿੱਜੀ ਰੰਜਸ਼ਾਂ ਤੋਂ ਉਪਰ ਉੱਠ ਕੇ ਵਿਚਰਣ ਦਾ ਸੁਝਾਅ ਦਿੱਤਾ । ਉਪਰੋਕਤ ਸੱਜਣਾਂ ਤੋਂ ਇਲਾਵਾ ਮੀਟਿੰਗ ਵਿੱਚ ਹਰਪ੍ਰਕਾਸ਼ ਜਨਾਗਲ, ਜਸਵੰਤ ਸਿੰਘ ਗਿੱਲ, ਮਨਜੀਤ ਸਿੰਘ ਸਿੱਧੂ, ਹਰਜਿੰਦਰ ਬਰਾੜ, ਕੁਲਦੀਪ ਕੌਰ, ਸੰਦੀਪ ਕੁਮਾਰ, ਜਸਵੀਰ ਕੌਰ, ਗੁਰਮੀਤ ਕੌਰ ਕੁਲਾਰ, ਕਰਨਵੀਰ ਸਿੰਘ ਕੁਲਾਰ, ਸੁਖਵੀਰ ਕੌਰ ਕੁਲਾਰ, ਬਲਜਿੰਦਰ “ਸੰਘਾ”, ਹਰੀਪਾਲ,ਜਰਨੈਲ ਸਿੰਘ ਤੱਗੜ, ਬਲਵੀਰ ਸਿੰਘ ਕਲਿਆਣੀ, ਨਛੱਤਰ ਸਿੰਘ ਆਦੀਵਾਲ, ਸੁਰਿੰਦਰ ਕੌਰ ਚੀਮਾ, ਨਸੀਬ ਕੌਰ ਸਦਿਓੜਾ, ਰਾਜਪਾਲ ਗਰਚਾ, ਰਣਜੀਤ ਲਾਡੀ, ਜਗਦੀਪ ਰੰਧਾਵਾ, ਪਰਮਜੀਤ ਸਿੰਘ ਢਿੱਲੋਂ, ਜਗਦੀਪ ਸਿੰਘ ਪਨੈਚ, ਹਰਪ੍ਰੀਤ ਸਿੰਘ ਸੋਹੀ, ਕੁਲਦੀਪ ਸਿੰਘ ਗਿੱਲ, ਸੁਖਵਿੰਦਰ ਸਿੰਘ ਪੰਦੋਹਲ, ਰਾਜਵਿੰਦਰ ਸਿੰਘ ਕੈਲੇ, ਜਗਤਾਰ ਸਿੰਘ ਸਿੱਧੂ, ਗੁਰਜਿੰਦਰ ਸਿੰਘ ਗਰੇਵਾਲ, ਜਸਵੀਰ ਸਿੰਘ ਬੋਪਾਰਾਏ, ਗੁਰਸੇਵਕ ਸਿੰਘ ਜਵੰਦਾ, ਰਵੀ ਖਹਿਰਾ, ਸਤਵਿੰਦਰ ਸਿੰਘ ਢਿੱਲੋਂ , ਕਰਨੈਲ ਖੋਖਰ, ਮਨਜੀਤ ਦਿਓਲ, ਬਲਦੇਵ ਸੱਲ, ਅਮਨਦੀਪ ਸਿੰਘ, ਪਵਨਦੀਪ ਕੌਰ ਬਾਂਸਲ, ਹਰਬੰਸ ਗਿੱਲ, ਸੁਖਪਾਲ ਪਰਮਾਰ(ਰੇਡੀਓ ਵਿਰਸਾ ਪੰਜਾਬ), ਅੰਮ੍ਰਿਤ ਗਿੱਲ, ਅਮਨਦੀਪ ਪ੍ਰਹਾਰ, ਹਰਚਰਨ ਸਿੰਘ ਪਰਿਹਾਰ (ਸਿੱਖ ਵਿਰਸਾ ), ਅਵਤਾਰ ਸਿੰਘ ਸ਼ੇਰਗਿੱਲ, ਡਾ:ਪਰਮਜੀਤ ਸਿੰਘ ਬਾਠ, ਪਾਲੀ ਸਿੰਘ ਸ਼ਾਮਲ ਸਨ ।ਕੈਲਗਰੀ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ 14 ਨਵੰਬਰ 2010 ਨੂੰ ਫਾਲਕਿਨਰਿੱਜ/ਕੈਸਲਰਿੱਜ ਕਮਿਓਨਟੀ ਵਿੱਚ ਹਾਲ ਦਿਨ ਦੇ 2;00 ਵਜੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਇੱਕ ਵਿਸੇ਼ਸ ਸੈਮੀਨਾਰ ਪੰਜਾਬੀ ਬੋਲੀ ਦੇ ਮਾਹਿਰਾਂ ਦੀ ਅਗਵਾਈ ਥੱਲੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪੰਜਾਬੀ ਬੋਲੀ ਨੂੰ ਬਚਾਉਣ ਲਈ,ਸਾਡੀਆਂ ਆਉਣ ਵਾਲੀਆਂ ਨਸਲਾਂ ਮਾਂ ਬੋਲੀ ਨਾਲ ਕਿਸ ਤਰਾਂ ਜੁੜੀਆਂ ਰਹਿ ਸਕਦੀਆਂ ਹਨ,ਦੇ ਵਾਰੇ ਵਿੱਚ ਵਿਚਾਰਾਂ ਕੀਤੀਆਂ ਜਾਣਗੀਆਂ।ਸੋ ਸਮੁੱਚੇ ਪੰਜਾਬੀਆਂ ਨੂੰ ਖਾਸ ਕਰਕੇ ਜਿਨਾਂ ਦੇ ਬੱਚੇ ਪਬਲਿਕ ਸਕੂਲਾਂ ਵਿੱਚ ਪੜ੍ਹਦੇ ਹਨ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਲੀ ਮੀਟਿੰਗ ਮਿਤੀ 21 ਨਵੰਬਰ ਦਿਨ ਐਤਵਾਰ ਨੂੰ ਬਾਅਦ ਦੁਪਿਹਰ 2 ਵਜੇ ਹੋਵੇਗੀ । ਇਸ ਦੀ ਵਧੇਰੇ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ ਨੂੰ 403-470-2628 ਜਾਂ ਜ: ਸਕੱਤਰ ਤਰਲੋਚਨ ਸੈਂਬੀ ਨੂੰ 403-650-3759 ਫੋਨ ਕਰ ਸਕਦੇ ਹੋ । 

****

ਤਰਕਸ਼ੀਲ ਸੱਭਿਆਚਾਰਕ ਨਾਟਕ ਮੰਚਨ ਕੈਲਗਰੀ..........ਰੰਗਮੰਚ / ਚੰਦ ਸਿੰਘ ਸਦਿਉੜਾ ‘ਲੰਡੇ’ ਕੈਲਗਰੀ

‘ਸੋ ਵਿਚਾਰ ਭਿੜਨਗੇ ਤਾਂ ਹਜ਼ਾਰ ਫੁੱਲ ਖਿੜਨਗੇ’
ਇਕ ਸੂਖਮ ਵਿਚਾਰ

ਪ੍ਰੌਗ੍ਰੈਸਿਵ ਡੈਮੋਕਰੈਟਿਕ ਫੋਰਮ ਕੈਲਗਰੀ- ਜਨਮ ਭੂਮੀ ਦੇ ਵੱਖ-ਵੱਖ ਖੇਤਰ ਦੀਆਂ ਸੇਵਾਵਾਂ ਵਿਚੋਂ ਇਥੇ ਆਕੇ ਵਸੇ ਬੁੱਧੀਜੀਵੀ ਪੁਰਸ਼ਾਂ ਦੀ ਇਕ ਅਜਿਹੀ ਇਕਾਈ ਹੈ ਜੋ ਕਰੀਬ 20 ਸਾਲ ਪਹਿਲਾ ਹੋਂਦ ਵਿਚ ਆਈ,ਬੜੀ ਧੀਮੀ ਪਰ ਨਿਰੰਤਰ ਗਤੀ ਨਾਲ ਮਨੁੱਖੀ ਭਾਈਚਾਰੇ,ਏਕਤਾ ਵਿਚ ਅਨੇਕਤਾ ਵਰਗੇ ਸਿੰਧਾਤਾਂ ਤੇ ਚਲਦੇ ਹੋਏ,ਸੁਤੰਤਰਤਾ,ਸਮਾਨਤਾ ਅਤੇ ਭਰਾਤਰੀ ਭਾਵ ਵਰਗੀਆਂ ਕਦਰਾਂ- ਕੀਮਤਾਂ ਨੂੰ ਉਸਾਰਨ ਦਾ ਬੀੜਾ ਚੁੱਕਿਆ ਹੈ। ਇਹ ਸੂਖਮ ਪਰ ਤਰਕਸ਼ੀਲ ਸੋਚ ਰੱਖਣ ਵਾਲੇ ਸੂਝਵਾਨ ਮਨੁੱਖਾਂ ਦੀ ਸੰਸਥਾਂ,ਹਰ ਮਹੀਨੇ ਦੇ ਪਹਿਲੇ ਐਤਵਾਰ ਕੋਸੋ ਦੇ ਹਾਲ ਵਿਚ ਲੋਕਲ,ਕੌਮੀ ਜਾਂ ਕੌਮਾਤਰੀ ਪੱਧਰ ਤੇ ਘਟ ਰਹੀਆਂ ਘਟਨਾਵਾਂ ਨੂੰ ਬਾਜ ਅੱਖ ਨਾਲ ਨਿਹਾਰਦੇ ਹੋਏ ਉਸਦਾ ਵਿਸ਼ਲੇਸ਼ਣ ਕਰਕੇ ਮੀਡੀਆਂ ਦੇ ਕੰਨੀ ਪਾਉਂਦੇ ਹਨ। ਵਿਦੇਸ਼ੀ ਵਸਦੇ ਪੰਜਾਬੀਆਂ ਨੂੰ ਆਪਣੇ

ਵਿਰਸੇ,ਕਲਚਰ ਅਤੇ ਕਦਰਾਂ-ਕੀਮਤਾਂ ਨਾਲ ਜੋੜੀ ਰੱਖਣ ਲਈ ਭਾਵੇ ਕਾਫੀ ਸੰਸਥਾਵਾਂ ਆਪਣੇ-ਆਪਣੇ ਪੱਧਰ ਤੇ ਯੋਗਦਾਨ ਪਾ ਰਹੀਆਂ ਹਨ ਪਰ ਇਕ ਪਰਪੱਕ ਤੇ ਵਿਲੱਖਣ ਉਪਯੋਗ ਦੇ ਰੂਪ ਵਿਚ ਇਸ ਫੋਰਮ ਵੱਲੋਂ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਉਭਾਰਕੇ ਤਰਕਸ਼ੀਲ ਸੋਚ ਅਪਨਾਉਣ ਲਈ ‘ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ ਕੈਨੇਡਾ’ ‘ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਇੰਡੀਆਂ) ਨਾਲ ਤਾਲਮੇਲ ਕਰਕੇ ਸੇਟ ਕਾਲਜ ਦੇ ਆਰਫੀਅਸ ਥੀਏਟਰ ਵਿਚ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਤਰਕਸ਼ੀਲ ਸੱਭਿਆਚਾਰਕ ਸਮਾਗਮ ਵਿਚ ਦੋ ਨਾਟਕਾਂ ‘ ਪ੍ਰੇਤ ਕੈਨੇਡਾ ਦੇ’ ਅਤੇ ‘ਛਿਪਣ ਤੋਂ ਪਹਿਲਾ’ ਦਾ ਸਫਲ ਮੰਚਨ ਕੀਤਾ ਗਿਆ,ਜਿਸਨੂੰ ਭਾਈਚਾਰੇ ਵੱਲੋ ਸੱਚਮੁਚ ਹੀ ਭਰਵਾਂ ਹੁੰਗਾਰਾਂ ਮਿਲਿਆ।


ਸਮਾਗਮ ਦੀ ਵਿਧੀਵਤ ਸ਼ੁਰੂਆਤ ਕਰਦੇ ਹੋਏ ਫੋਰਮ ਦੇ ਸਕੱਤਰ ਮਾ. ਭਜਨ ਸਿੰਘ ਗਿੱਲ ਵੱਲੋ ਆਪਣਾ ਮਕਸਦ ਦਰਸ਼ਕਾਂ ਨਾਲ ਸਾਝਾਂ ਕਰਨ ੳਪਿਰੰਤ ਨਾਟਕ ‘ਪ੍ਰੇਤ ਕੈਨੇਡਾ ਦੇ’ ਦਰਸ਼ਕਾਂ ਸਾਹਮਣੇ ਮੰਚਿਤ ਕਰਵਾਇਆ।ਇਸ ਨਾਟਕ ਦੇ ਸ਼ੁਰੂ ਵਿਚ ਹੀ ਬੇਰੋਜ਼ਗਾਰ ਨੌਜ਼ਵਾਨਾਂ ਵੱਲੋ ਮਾਤ ਭੂਮੀ ਨੂੰ ਨਿਹੋਰਾ ਮਾਰਿਆ ਗਿਆ ਹੈ- ‘ਜੇ ਰੱਜਵੀਂ ਰੋਟੀ ਦਿੰਦਾ ਮੇਰਾ ਦੇਸ ਤਾਂ ਮੈਂ ਕਿਓਂ ਆਉਂਦਾ ਪ੍ਰਦੇਸ’ ਗੈਰ ਕਨੂੰਨੀ ਢੰਗ ਨਾਲ ਪ੍ਰਵਾਸ ਕਰਕੇ ਅਣਗਿਣਤ ਕਸ਼ਟ ਸਹਿੰਦਾ ਹੋਇਆ ਨਾਟਕ ਦਾ ਮੁੱਖ- ਪਾਤਰ ‘ਫੌਜ਼ੀ’ ਕੇਨੈਡਾ ਵਿਚ ਪੱਕੇ ਹੋਣ ਤੇ ਵਸਣ ਤੋਂ ਬਾਅਦ ਆਪਣੇ ਪ੍ਰਵਾਰ ਨੂੰ ਇੱਥੇ ਬਲਾਉਦਾ ਹੈ,ਉਪਰੰਤ ਪ੍ਰਵਾਰ ਪ੍ਰਤੀਬੱਧਤਾ (ਛੋਮਮਟਿਟਮੲਨਟ) ਦੇ ਕਾਰ ਤੇ ਆਪਣੀ ਇਥੇ ਪੜੀ ਲਿਖੀ ਬੇਟੀ ਨੂੰ ਕਿਸੇ ਰਿਸ਼ਤੇਦਾਰ ਦੇ ਬੇਟੇ ਨਾਲ ਕੱਚਾ ਵਿਆਹ ਕਰਕੇ ਕੈਨੇਡਾ ਸੱਦਣ ਲਈ ਪ੍ਰੇਰਦਾ ਹੇ,ਪਰ ਕੁੜੀ ਤੋਂ ਮਿਲੇ ਜਵਾਬ ਤੋਂ ਬਾਅਦ ਅਸ਼ਾਂਤ ਹੋਕੇ ਪਤਨੀ ਨਾਲ ਦੁਰ-ਵਿਹਾਰ ਕਰਦਾ ਹੈ,ਜੋ ਕੰਮ ਅਤੇ ਪ੍ਰਵਾਰਕ ਬੋਝ ਸਦਕਾ ਤਣਾਅ-ਗ੍ਰਸਤ ਹੋ ਜਾਂਦੀ ਹੈ ਤੇ ਉਸਨੂੰ ਇਓ ਮਹਿਸੂਸ ਹੁੰਦਾ ਹੈ ਕਿ ਜਿਵੇ ਉਸਦੇ ਘਰ ਵਿਚ ਕਿਤੇ ਭੂਤ ਪ੍ਰੇਤ ਦਾ ਵਾਸਾ ਹੋ ਗਿਆ ਹੋਵੇ।ਮਾਨਸਿਕ ਤਣਾਓ ਹੋਣ ਕਰਕੇ ਉਹ ਔਰਤ ਅਖੌਤੀ ਬਾਬਿਆਂ ਦੇ ਪ੍ਰਭਾਵ ਥੱਲੇ ਆ ਜਾਂਦੀ ਹੈ ਪਰ ਤਰਕਸ਼ੀਲ ਸੁਸਾਇਟੀ ਦੇ ਨੁਮਾਇਦੇ ਉਸਨੂੰ ਇਸ ਜਿਲ੍ਹਣ ਵਿਚੋਂ ਉਭਾਰਕੇ ਪ੍ਰਵਾਰ ਨੂੰ ਮੁੜ ਸਾਰਥਿਕ ਲੀਹਾਂ ਤੇ ਪਾ ਦਿੰਦੇ ਹਨ ,ਇਸ ਤਰ੍ਹਾਂ ਮਾਨਸਿਕ ਕਸ਼ਟਾਂ ਵਿਚੋਂ ਉਭਰਦਾ ਹੋਇਆ ਤੇ ਵਿਚ-ਵਿਚਾਲੇ ਸੁਖਾਂਤ ਕੁਤਕੁਤਾੜੀਆਂ ਕੱਢਦਾ ਹੋਇਆ ਇਹ ਨਾਟਕ ਸੁਖਾਂਤ ਪ੍ਰਭਾਵ ਛੱਡਦਾ ਹੈ ਅਤੇ ਪ੍ਰੇਰਣਾ ਸਰੋਤ ਬਣਦਾ ਹੈ ਕਿ ਘਰ ਵਿਚ ਔਰਤ ਦੀ ਰਾਇ ਨੂੰ ਜ਼ਾਇਜ਼ ਸਤਿਕਾਰ ਦਿੰਦੇ ਹੋਏ,ਆਪਣੀ ਹੱਡ-ਭੰਨਵੀਂ ਕਮਾਈ ਨੂੰ ਅਖੋਤੀ ਬਾਬਿਆਂ ਨੂੰ ਨਾ ਲੁਟਾਇਆ ਜਾਵੇ ਅਤੇ ਮੀਡੀਆ ਨੂੰ ਵੀ ਹਾ ਪੱਖੀ ਯੋਗਦਾਨ ਪਾਉਣ ਦੀ ਪ੍ਰ੍ਰੇਣਾ ਦਿੰਦਾ ਹੈ। ਨਾਟਕ ਦੇ ਲੇਖਕ ਤੇ ਰੰਗ ਮੰਚ ਦੇ ਸੁਯੋਗ ਕਲਾਕਾਰਾਂ ਦੀ ਕੋਸਿ਼ਸ਼ ਸਦਕਾ ‘ਪ੍ਰੇਤ ਕਨੇਡਾ ਦੇ’ ਸੱਚਮੁੱਚ ਹੀ ਦਰਸ਼ਕਾਂ ਨੂੰ ਕੀਲ ਕੇ ਰੱਖ ਗਿਆ।

ਭਾਰਤ ਦੇ ਅਜ਼ਾਦੀ ਸੰਘਰਸ਼ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੇ ਨਾਇਕ ਭਗਤ ਸਿੰਘ ਦੇ ਅਧਾਰਿਤ ਨਾਟਕ ‘ਛਿਪਣ ਤੋਂ ਪਹਿਲਾ’ ਜਿਸ ਵਿਚ ਹਰਕੇਸ਼ ਚੌਧਰੀ ਨੇ ਭਗਤ ਸਿੰਘ ਤੇ ਬੇਬੇ ਦੇ ਰੂਪ ਵਿਚ ਸੁਰਿੰਦਰ ਸ਼ਰਮਾ ਤੇ ਦੂਸਰੀ ਟੀਮ ਰਾਹੀਂ ਤਣੇ-ਬੁਣੇ ਇਸ ਨਾਟਕ ਨੇ ਸੂਖਮ ਮੰਚਿਨ ਗਤੀ-ਵਿਧੀਆਂ ਦੁਆਰਾ ਭਾਵੁਕ ਬਣਾ ਦਿੱਤਾ । ਮੁੱਖ ਪਾਤਰ ਦੀਆਂ ਕੁਝ ਜੋਸ਼ ਭਰਪੂਰ ਟੂਕਾਂ ‘ਮੇਰਾ ਰੰਗ ਦੇ ਬਸੰਤੀ ਚੋਲਾਂ’ ‘ਅਸਾਂ ਰਹਿਮ ਨਾ ਜੁਲਮ ਕੋਲੋ ਮੰਗਣਾ,ਬੰਦ-ਬੰਦ ਕੱਟ ਜਾਵਣਾਂ’ ‘ ਹੱਸਦੇ ਫਾਂਸੀ ਚੜ ਜਾਈਏ,ਸਾਡੀ ਮੌਤ ਅੰਗਰੇਜ਼ ਸਰਕਾਰ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਵਗੀੇ’ ਦਰਸ਼ਕਾਂ ਵਿਚ ਸ਼ਾਇਦ ਹੀ ਕੋਈ ਐਸੀ ਅੱਖ ਹੋਵੇ ਜੋ ਨਮ ਨਾ ਹੋਈ ਹੋਵੇ। ਤਰਕਸ਼ੀਲ ਸੁਸਾਇਟੀ ਕੇਨੈਡਾ ਦੇ ਪ੍ਰਧਾਨ ਸ. ਅਵਤਾਰ ਸਿੰਘ ਗਿੱਲ ਜੋ ਵਿਸ਼ੇਸ਼ ਤੌਰ ਤੇ ਸਰ੍ਹੀ ਤੋਂ ਇਸ ਸਮਾਗਮ ਵਿਚ ਸਿ਼ਕਰਤ ਕਰਨ ਆਏ ਸਨ ਨੇ ਕਿਹਾ ਕਿ ਵਿਦੇਸ਼ ਆਉਣ ਦੇ ਬਾਵਜੂਦ ਵੀ ਲੋਕਾਂ ਚੋਂ ਅੰਧ-ਵਿਸ਼ਵਾਸ਼ ਤੇ ਵਹਿਮਾਂ-ਭਰਮਾ ਦਾ ਖਾਤਮਾ ਅਜੇ ਨਹੀ ਹੋਇਆ,ਉਹਨਾਂ ਇਹਨਾਂ ਬੁਰਾਈਆਂ ਨੁੰ ਖਤਮ ਕਰਨ ਲਈ ਹਰ ਖੇਤਰ ਵਿਚ ਤਰਕਸ਼ੀਲ ਸੋਚ ਤੇ ਵਿਗਿਆਨਕ ਨਜ਼ਰੀਆਂ ਅਪਣਾਉਣ ਦੀ ਲੌੜ ਤੇ ਜ਼ੋਰ ਦਿੱਤਾ,ਉਹਨਾਂ ਅਜੋਕੇ ਯੁੱਗ ਵਿਚ ਮੀਡੀਆਂ ਦੀ ਮਹਾਨਤਾ ਦੀ ਗੱਲ ਕਰਦਿਆਂ ਹੋਇਆਂ ਸਹਿਯੋਗ ਦੀ ਅਪੀਲ ਕੀਤੀ।

ਤਰਕਸ਼ੀਲ ਸੁਸਾਇਟੀ ਦੇ ਮੁਹਾਜ਼ ਤੋਂ ਗੁਰਪ੍ਰੀਤ ਭਦੌੜ ਅਤੇ ਬਲਦੇਵ ਭਦੋੜ ਵੱਲੋਂ ਜਾਦੂ ਟਰਿੱਕਾਂ ਨੂੰ ਦਰਸਕਾਂ ਨਾਲ ਸਾਂਝਾ ਕੀਤਾ ਤੇ ਕਿਹਾ ਕਿ ਇਹ ਹੱਥ ਦੀ ਸਫਾਈ ਤੋਂ ਵੱਧ ਕੁਝ ਨਹੀਂ ਤੇ ਸਾਨੂੰ ਵਹਿਮਾਂ-ਭਰਮਾਂ ਤੋਂ ਉੱਚਾ ਉੱਠਣ ਦੀ ਲੌੜ ਹੈ।ਸੁਰਿੰਦਰ ਸ਼ਰਮਾਂ ਵੱਲੋ ‘ਪੰਜੋ ਰਫਿਊਜਣ’ ਤ੍ਰਿਲੋਚਨ ਸੈਂਭੀ ਤੇ ਗੋਰਾ ਰਕਬੇ ਵਾਲਾ ਵੱਲੋਂ ਅਖੋਤੀ ਬਾਬਿਆਂ ਦੀ ਲੁੱਟ-ਖਸੁੱਟ,ਜਸਵੀਰ ਕੌਰ ਤੇ ਗੁਰਪ੍ਰੀਤ ਭਦੌੜ ਦੇ ਗੀਤਾਂ ਤੇ ਸ੍ਰੀ ਬਚਿੱਤਰ ਗਿੱਲ ਵੱਲੋਂ ਇਕ ਗੀਤ ਪੇਸ਼ਕਰਕੇ ਦਰਸ਼ਕਾਂ ਵੱਲੋ ਵਾਹ-ਵਾਹ ਖੱਟੀ ।ਪ੍ਰੌਗਰੈਸਿਵ ਡੈਮਕਿਰੈਟਿਕ ਫੋਰਮ ਦੇ ਪ੍ਰਧਾਨ ਸ੍ਰੀ ਸੋਹਨ ਮਾਨ ਨੇ ਤਰਕਸ਼ੀਲ ਸੁਸਾਇਟੀ,ਕਲਾਕਾਰਾਂ,ਸਪੌਸਰਜ਼,ਮੀਡੀਆਂ ਅਤੇ 
ਦਰਸ਼ਕਾਂ ਨੁੰ ਜੀ ਆਇਆ ਕਿਹਾ ਤੇ ਸਾਰਥਿਕ ਸਹਿਯੋਗ ਲਈ ਹਾਰਦਿਕ ਧੰਨਵਾਦ ਕੀਤਾ। ਤਰਕਸ਼ੀਲ ਸੋਚ ਨੂੰ ਹੁਲਾਰਾ ਦੇਣ ਲਈ ਪ੍ਰਬੰਧਕਾਂ ਵੱਲੋ ਕਿਤਾਬਾਂ,ਡੀ.ਵੀ.ਡੀ. ਦੀ ਸਸਤੀ ਸਟਾਲ ਲਗਾਈ ਗਈ ਤੇ ਦਰਸ਼ਕਾਂਦਾ ਭਰਪੂਰ ਹੁੰਗਾਰਾਂ ਦੇਖਣ ਨੂੰ ਮਿਲਿਆਂ। 

ਸਿੱਖ ਵਿਰਸਾ,ਏ-ਵਿਨ ਇੰਸੋਰੈਂਸ਼,ਕੁਆਲਿਟੀ ਟਰਾਂਮਿਸ਼ਨ,ਏਵਨ ਅਕਾਊਟਿੰਗ,ਪੁਰਬਾ ਇੰਨਕਮ ਟੈਕਸ ਸਰਵਿਸਿਜ (ਪੀਟਰ ਪੁਰਬਾ),ਵਰਲਡ ਫਈਨੈਨਸ਼ਲ ਗਰੁੱਪ (ਬਬਲੀ ਪੁਰਬਾ),ਤਰਨਜੀਤ ਮੰਡ,ਡੈਨ ਸਿੱਧੂ ਅਤੇ ਹੋਰ ਗੁਪਤ ਮਾਇਕ ਸਹਾਇਤਾ ਦੇ ਨਾਲ-ਨਾਲ ,ਸਮੁੱਚੇ ਕੈਲਗਰੀ ਪੰਜਾਬੀ ਮੀਡੀਆ ਵੱਲੋਂ ਪ੍ਰਚਾਰ ਸਹਿਯੋਗ ਲਈ, ਪ੍ਰੋ ਗੋਪਾਲ ਜੱਸਲ (ਕਾਉਂਕੇ ਕਲਾਂ) ਦਾ ਮੀਡੀਆ ਦੀ ਜੁਮੇਵਾਰੀ ਨਿਭਾਉਣ ਲਈ ਸਕੱਤਰ ਸ੍ਰੀ ਭਜਨ ਗਿੱਲ ਵੱਲੋਂ ਸ਼ਲਾਘਾਂ ਕਰਦੇ ਹੋਏ ਧੰਨਵਾਦ ਕੀਤਾ ਗਿਆ। ਇਸ ਤਰ੍ਹਾਂ ਤਰਕਸ਼ੀਲ ਸੁਸਾਇਟੀ ਕੈਨੇਡਾ,ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਇੰਡੀਆਂ) ਦੇ ਭਾਵੁਕ ਕਲਾਕਾਰਾਂ ਦੇ ਸਹਿਯੋਗ ਨਾਲ ਸਜੇ ਸਵਰੇ ਨਾਟਕ ਸੱਚਮੁੱਚ ਹੀ ਦਰਸ਼ਕਾਂ ਦੇ ਮਨਾਂ ਤੇ ਡੂੰਘਾਂ ਤੇ ਚਿਰ ਸਥਾਈ ਪ੍ਰਭਾਵ ਛੱਡ ਗਏ। ਪਾਠਕ ਸਾਥੀਓ ਆਓ ਟੂਣੇ- ਟਾਮਣ, ਵਹਿਮਾਂ-
ਭਰਵਾਂ ਦੇ ਮੱਕੜ ਜਾਲ ਵਿਚੋਂ ਨਿਕਲਣ ਲਈ ਅਤੇ ਅਖੌਤੀ ਬਾਬਿਆਂ ਦੀ ਲੁੱਟ-ਖਸੁੱਟ ਤੋਂ ਬਚਣ ਅਤੇ ਲੱਚਰ ਸੋਚ ਨੂੰ ਭਾਂਜ ਦੇਣ ਲਈ ਤਰਕਸ਼ੀਲ ਸੋਚ ਅਪਣਾਈਏ ਤੇ ਜੀਵਨ ਸੁਖਦਾਈ ਬਣਾਈਏ। 

ਇਹਨਾਂ ਸਤਰਾਂ ਦਾ ਲੇਖਲ ਪ੍ਰੌਗਰੈਸਿਵ ਡੈਮੋਕਰੈਟਿਕ ਫੋਰਮ ਕੈਲਗਰੀ ਦੇ ਉੱਦਮੀਆਂ ਦਾ ਇਸ ਅੱਖਾਂ ਉਘੇੜਨ ਵਾਲੇ ਉਪਰਾਲੇ ਲਈ ਧੰਨਵਾਦ ਕਰਨ ਦੇ ਨਾਲ ਨਾਲ ਦੂਸਰੀਆਂ ਲੋਕ-ਹਿਤ ਇਕਾਈਆਂ ਨੁੰ ਵੀ ਅਜਿਹੇ ਸਾਰਥਿਕ ਉੱਦਮ ਕਰਨ ਦੀ ਅਪੀਲ ਕਰਦਾ ਹੈ,ਤਾਂ ਹੀ ਰੰਗ-ਬਰੰਗੀਆਂ ਕੌਮਾਂ ਅਤੇ ਜੰਗਲੀ ਫੁੱਲ ਵਰਗੇ ਇਕ ਬਹਿਸ਼ਤ ਵਿਚ ਅਨੰਦਮਈ ਜੀਵਨ ਬਤੀਤ ਕਰ ਸਕਾਂਗੇ। ਵਧੇਰੇ ਜਾਣਕਾਰੀ ਲਈ ਫੋਰਮ ਦੇ ਪ੍ਰਧਾਨ ਸੋਹਣ ਮਾਨ ਅਤੇ ਸਕੱਤਰ ਭਜਨ ਗਿੱਲ ਨੂੰ 
4032750931 ਅਤੇ 4034554220 ਤੇ ਸੰਪਰਕ ਕਰੋ ।

****
ਸ਼ੁਭ-ਕਾਮਨਾਵਾਂ ਸਹਿਤ, 
ਚੰਦ ਸਿੰਘ ਸਦਿਉੜਾ ‘ਲੰਡੇ’ ਕੈਲਗਰੀ,ਕਨੇਡਾ 
ਰਾਬਤਾ : 403-708-6640

ਰਾਹੀਂ
ਮਾ ਭਜਨ ਗਿੱਲ ਸਕੱਤਰ ਅਤੇ ਪ੍ਰੋ ਗੋਪਾਲ ਜੱਸਲ 
ਪ੍ਰੋਗਰੈਸਿਵ ਡੈਮੋਕ੍ਰੈਟਿਕ ਫੋਰਮ, ਕੈਲਗਰੀ (ਕਨੇਡਾ) 

ਕਿਊਬਾ ਦੀ ਕ੍ਰਾਂਤੀ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਮਿਲਣੀ.......... ਵਿਚਾਰ-ਗੋਸ਼ਟੀ / ਕਰਮ ਸਿੰਘ ਵਕੀਲ


ਇੰਡੀਅਨ ਸੋਸਾਇਟੀ ਫਾਰ ਕਲਚਰਲ ਕੋਆਪਰੇਸ਼ਨ ਐਂਡ ਫਰੈਂਡਸ਼ਿਪ (ਇਸਕਫ) ਦੀ ਮੀਟਿੰਗ ਕਿਊਬਾ ਦੀ ਕ੍ਰਾਂਤੀ ਦੀ 50ਵੀਂ ਵਰੇ ਗੰਢ ਮੋਕੇ ਸਾਬਕਾ ਹਾਈ ਕੋਰਟ ਜੱਜ ਸ੍ਰੀ ਜੇ. ਸੀ ਵਰਮਾਂ ਦੀ ਪ੍ਰਧਾਨਗੀ ਵਿਚ ਪੰਜਾਬ ਬੁੱਕ ਸੈਂਟਰ ਵਿਚ ਕੀਤੀ ਗਈ। ਸ੍ਰੀ ਐਡੁਆਰਡੋ ਇਗਲਿਸਿਸ ਕਿਉਨਟਾਨਾ, ਮਨਿਸਟਰ ਕੌਸਲਰ ਤੇ ਡਿਪਟੀ ਚੀਫ ਆਫ ਮਿਸ਼ਨ ਕਿਊਬਾ ਮੁੱਖ ਮਹਿਮਾਨ ਸਨ, ਸ੍ਰੀ ਘਨਸ਼ਿਆਮ ਪਟਨਾਇਕ ਕੌਮੀ ਜਨਰਲ ਸਕੱਤਰ (ਇਸਕਫ), ਤੇ ਮਸ਼ਹੂਰ ਵਿਦਵਾਨ ਤੇ ਸੀਨੀਅਰ ਵਕੀਲ ਸ੍ਰੀ ਅਨੁਪਮ ਗੁਪਤਾ ਪ੍ਰਧਾਨਗੀ ਮੰਡਲ ਵਿਚ ਸ਼ਸ਼ੋਬਤ ਸਨ। ਸੁਰਜੀਤ ਸਿੰਘ ਜਨਰਲ ਸਕੱਤਰ (ਚੰਡੀਗੜ੍ਹ ਇਸਕਫ), ਡਾ. ਰਾਬਿੰਦਰ ਨਾਥ ਸ਼ਰਮਾਂ, ਡਾ. ਪਰੇਮ ਸਿੰਘ ਤੇ ਏ ਐਸ ਪਾਲ ਨੇ ਪ੍ਰਧਾਨਗੀ ਮੰਡਲ ਨੂੰ ਬੁੱਕੇ ਪੇਸ਼ ਕਰਕੇ ਸਵਾਗਤ ਕੀਤਾ। ਸ੍ਰੀ ਘਨਸ਼ਿਆਮ ਪਟਨਾਇਕ ਕੌਮੀ ਜਨਰਲ ਸਕੱਤਰ (ਇਸਕਫ) ਨੇ ਹਾਜ਼ਰੀਨ ਨੂੰ ਇਸਕਫ ਦੇ ਇਤਿਹਾਸ, ਉਦੇਸ਼ ਤੇ ਭਵਿੱਖ ਵਿਚ ਉਲੀਕੇ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਸ੍ਰੀ ਐਡੁਆਰਡੋ ਇਗਲਿਸਿਸ ਕਿਉਨਟਾਨਾ, ਮਨਿਸਟਰ ਕੌਸਲਰ ਤੇ ਗਿਪਟੀ ਚੀਫ ਆਫ ਮਿਸ਼ਨ ਕਿਊਬਾ ਮੁੱਖ ਮਹਿਮਾਨ ਨਾਲ ਜਾਣ ਪਜਿਚਾਣ ਕਰਾਈ। ਮਸ਼ਹੂਰ ਵਿਦਵਾਨ ਅਤੇ ਸੀਨੀਅਰ ਵਕੀਲ ਸ੍ਰੀ ਅਨੁਪਮ ਗੁਪਤਾ ਨੇ ਕਿਊਬਾ ਦੀ ਕ੍ਰਾਂਤੀ ਦੀ 50ਵੀਂ ਵਰੇ ਗੰਢ ਮੋਕੇ ਅਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿਊਬਾ ਦੀ ਸਫਲ ਕ੍ਰਾਂਤੀ ਮੌਜੂਦਾ ਪੂੰਜੀਪਤੀ ਸੰਸਾਰ ਵਿਚ ਇਕ ਮਿਸਾਲ ਹੈ ਤੇ ਕਿਊਬਾ ਦੇ ਸਮਾਜਵਾਦੀ ਢਾਂਚੇ ਨੇ ਸਾਬਤ ਕਰ ਦਿਤਾ ਹੈ ਕਿ ਸਮਾਜਵਾਦੀ ਵਿਚਾਰਧਾਰਾ ਤੇ ਢਾਂਚਾ ਹੀ ਸੰਸਾਰ ਵਿਚ ਸਭ ਤੋਂ ਉਤਮ ਹੈ ਜਿਸ ਨੇ ਸੰਸਾਰ ਵਿਚ ਤਰੱਕੀ ਕਰ ਰਹੇ ਦੇਸ਼ਾਂ ਨੂੰ ਉਤਸ਼ਾਹਿਤ ਕੀਤਾ ਅਤੇ ਹਜ਼ਾਰਾਂ ਨੂੰ ਕ੍ਰਾਂਤੀ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਬਤਿਸਤਾ ਦੇ ਪਤਨ ਤੋਂ ਬਾਅਦ ਸੰਸਾਰ ਪ੍ਰਮਾਣੂ ਜੰਗ ਦੇ ਕਿਨਾਰੇ ਤੇ ਆ ਗਿਆ ਸੀ ਪਰ ਕ੍ਰਾਂਤੀਕਾਰੀਆਂ ਨੇ ਹੀ ਸਮਾਜ ਬਚਾਇਆ। ਹਿੰਦ ਤੇ ਕਿਊਬਾ ਦੀ ਦੋਸਤੀ ਸਿਰਫ ਰਾਜਨੀਤਿਕ ਹੀ ਨਹੀਂ ਬਲਕਿ ਸਾਡੀ ਕ੍ਰਾਂਤੀਕਾਰੀ ਸਾਂਝ ਕਾਰਨ ਹੈ। 20 ਵੀਂ ਸਦੀ ਨੇ ਤਿੰਨ ਮਹਾਨ ਕ੍ਰਾਂਤੀਕਾਰੀ ਯੋਜ਼ੇ ਮਾਰਟੀ, ਫੀਡਲ ਕਾਸਟਰੋ ਤੇ ਚੀ ਗਵੇਰਾ ਦਿਤੇ ਜਿਨ੍ਹਾਂ ਦੀਆਂ ਤਸਵੀਰਾਂ ਵਾਲੀਆਂ ਟੀ ਸ਼ਰਟਾਂ ਸੰਸਾਰ ਭਰ ਵਿਚ ਨੌਜਵਾਨ ਸ਼ੋਕ ਨਾਲ ਪਹਿਨਦੇ ਨੇ। ਕ੍ਰਾਤੀ ਦੌਰਾਨ ਲੱਖਾਂ ਦੀ ਤਾਦਾਦ ਵਿਚ ਲੋਕਾਂ ਨੇ ਕ੍ਰਾਂਤੀਕਾਰੀਆਂ ਦਾ ਸਵਾਗਤ ਕੀਤਾ ਜਿਸ ਤੋਂ ਕ੍ਰਾਂਤੀਕਾਰੀਆਂ ਦੀ ਮਕਬੂਲੀਅਤ ਅਤੇ ਉਨ੍ਹਾਂ ਵਲੋਂ ਲੋਕਾਂ ਦੇ ਦੁਖ ਦਰਦ ਖਤਮ ਕਰਨ ਲਈ ਲਗਾਤਾਰ ਕੀਤੇ ਉਪਰਾਲੇ ਸਾਹਮਣੇ ਆਉਂਦੇ ਨੇ। ਮਾਰਟੀਨ ਨੇ ਠੀਕ ਹੀ ਕਿਹਾ ਸੀ…’ਮੈਂ ਮੋਨਸਟਰ (ਅਮਰੀਕਾ) ਨੂੰ ਚੰਗੀ ਤਰਾਂ ਜਾਣਦਾ ਹਾਂ ਤੇ ਉਸ ਦੀ ਜੇਲ ਵਿਚ ਰਿਹਾ ਹਾਂ ਤੇ ਮੇਰੀ ਰੱਖਿਆ ਲਈ ਮੇਰਾ ਹਥਿਆਰ ਸਿਰਫ ਗੁਲੇਲ ਹੈ’ ਉਨ੍ਹਾਂ ਆਪ ਹੀ ਅਪਣੇ ਕੇਸ ਦੀ ਵਕਾਲਤ ਕਰਦੇ 15 ਸਾਲ ਦੀ ਸਜ਼ਾ ਹੋਣ ਸਮੇਂ ਕਿਹਾ ਸੀ, ‘ਮੈਂ ਆਮ ਵਕੀਲਾਂ ਵਾਂਗ ਮਾਫੀ ਦੀ ਦਰਖਾਸਤ ਨਹੀਂ ਕਰਾਂਗਾ,ਮੈਂਨੂੰ ਮੇਰੇ ਸਾਥੀਆਂ ਨਾਲ ਰੱਖਿਆ ਜਾਵੇ। ਮੈਂ ਅਜਾਦੀ ਦਾ ਕੀ ਕਰਾਂਗਾ ਜੇ ਮੇਰੇ ਦੋਸਤ ਤੇ ਵਤਨ ਵਾਸੀ ਦੁੱਖ, ਦਰਦ ਤੇ ਮੁਸੀਬਤਾਂ ਵਿਚ ਰਹੇ।‘ ਫੀਡਲ ਕਾਸਟਰੋ ਨੇ ਵੀ ਕੇਸ ਦੌਰਾਨ ਕਿਹਾ ਸੀ,’ਇਤਿਹਾਸ ਮੈਂਨੂੰ ਬਰੀ ਕਰੇਗਾ ਕਿਉਂ ਕਿ ਮੈਂ ਤੇ ਮੇਰੇ ਦੋਸਤ ਲੋਕਾਂ ਦੀ ਸੇਵਾ ਵਿਚ ਲੜ੍ਹ ਰਹੇ ਹਾਂ।‘ ਉਨ੍ਹਾਂ ਨੂੰ ਸਰਕਾਰੀ ਵਕੀਲ ਵਲੋਂ ਇਕ ਵਾਰ ਝੂਠਾ ਬਹਾਨਾ ਬਣਾ ਕੇ ਕਚਿਹਰੀ ਤੋਂ ਦੂਰ ਰੱਖਿਆ ਗਿਆ ਤਾਂ ਉਨ੍ਹਾਂ ਇਕ ਪਰਚੀ ਕਚਿਹਿਰੀ ਭੇਜ ਕੇ ਕਿਹਾ, ‘ਮੈਂ ਲੁਕਣ ਨਾਲੋਂ ਅਪਣੇ ਲੋਕਾਂ ਲਈ ਸੌ ਵਾਰ ਮਰਨਾ ਉਚਿਤ ਸਮਝਾਂਗਾ’।
ਸ੍ਰੀ ਗੁਪਤਾ ਨੇ ਕਿਹਾ ਜੋ ਕ੍ਰਾਂਤੀ ਯੋਜੇ ਮਾਰਟੀ, ਫੀਡਲ ਕਾਸਟਰੋ ਤੇ ਚੀ ਗਵੇਰਾ ਤੇ ਉਨ੍ਹਾਂ ਦੇ ਹਜ਼ਾਰਾਂ ਸਾਥੀਆਂ ਨੇ ਸ਼ੁਰੂ ਕੀਤੀ ਸੀ, ਕਦੇ ਅਸਫਲ ਨਹੀਂ ਸੀ ਹੋ ਸਕਦੀ। ਉਨ੍ਹਾਂ ਕਿਹਾ ਕਿਊਬਾ ਤੇ ਲਗੀਆਂ ਆਰਥਕ ਬੰਦਸ਼ਾਂ ਵੀ ਇਸ ਨੂੰ ਝੁਕਾ ਨਾ ਸਕੀਆਂ। ਡਾ. ਰਾਉਲ ਕਾਸਟਰੋ ਰੂਜ਼ ਫਿਡਲ ਕਾਸਟਰੋ ਦਾ ਛੋਟਾ ਭਰਾ ਹੋਣ ਕਾਰਣ ਹੀ ਰਾਸ਼ਟਰਪਤੀ ਨਹੀਂ ਬਣਿਆ ਬਲਕਿ ਉਹ ਇਸ ਕਰਕੇ ਕਿ ਉਹ ਸਾਰੀ ਉਮਰ ਕ੍ਰਾਂਤੀਕਾਰੀ ਰਿਹਾ ਤੇ ਕਿਊਬਾ ਦੇ ਲੋਕਾਂ ਦੇ ਭਲੇ ਲਈ ਤਤਪਰ ਰਿਹਾ। 
ਸ੍ਰੀ ਐਡੁਆਰਡੋ ਇਗਲਿਸਿਸ ਕਿਉਨਟਾਨਾ, ਮਨਿਸਟਰ ਕੌਸਲਰ ਤੇ ਗਿਪਟੀ ਚੀਫ ਆਫ ਮਿਸ਼ਨ ਕਿਊਬਾ ਨੇ ਕਿਹਾ ਮੈਂ ਸ੍ਰੀ ਅਨੁਪਮ ਗੁਪਤਾ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹਾ ਤੇ ਕਈ ਕੁਝ ਸਿਖਿਆ ਹੈ। ਭਾਰਤੀ ਤੇ ਕਿਊਂਬਾ ਵਾਸੀ ਕ੍ਰਾਂਤੀਕਾਰੀਆਂ ਦੀ ਸੰਤਾਨ ਹਨ। ਅਸੀਂ ਹਰ ਇਕ ਮੁਸ਼ਕਲ ਨੂੰ ਅਪਣੇ ਗਿਆਨ ਤੇ ਤਾਕਤ ਨਾਲ ਜਿਤਣਾ ਜਾਣਦੇ ਹਾਂ।ਸੀ. ਆਈ. ਏ ਸਾਡੇ ਤੇ ਯੋਜਨਾ ਬਧ ਹਮਲੇ ਕਰ ਰਿਹਾ ਹੈ। ਫੀਡਲ ਕਾਸਟਰੋ ਉਤੇ ਅਨੇਕਾਂ ਹਮਲੇ ਹੋਏ ਨੇ ਤੇ ਕੀ ਸਾਨੂੰ ਆਤਮ ਰਖਿਆ ਦਾ ਵੀ ਹੱਕ ਨਹੀਂ? ਉਨ੍ਹਾਂ ਭਾਰਤ ਤੇ ਭਾਰਤੀਆਂ ਦਾ ਸਮੇਂ ਸਮੇਂ ਕਿਊਬਾ ਨਾਲ ਰਾਜਨੀਤਿਕ ਸਾਂਝ ਵਿਅਕਤ ਕਰਨ, ਡਾਕਟਰੀ, ਖਾਦ ਸਮਗਰੀ, ਪਿਆਰ ਅਤੇ ਸਦਭਾਵਨਾ ਦੀ ਮਦਦ ਲਈ ਕਿਊਬਾ ਜਨਤਾ ਵਲੋਂ ਧੰਨਵਾਦ ਕੀਤਾ। ਸਾਬਕਾ ਹਾਈ ਕੋਰਟ ਜੱਜ ਸ੍ਰੀ ਜੇ. ਸੀ ਵਰਮਾਂ ਨੇ ਪ੍ਰਧਾਨਗੀ ਭਾਸ਼ਨ ਦੌਰਾਨ ਕਿਹਾ ਸ੍ਰੀ ਅਨੁਪਮ ਗੁਪਤਾ ਨੇ ਗਿਆਨ ਵਧਾਉ ਤੇ ਵਡਮੁਲੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸ੍ਰੀ ਅਨੁਪਮ ਗੁਪਤਾ ਨੂੰ ਚੰਡੀਗੜ੍ਹ ਵਿਚ ਕਿਊਬਾ ਦਾ ਅਣਥੱਕ ਵਿਦਵਾਨ ਸਿਪਾਹੀ ਕਿਹਾ। ਉਨ੍ਹਾਂ ਅਮਰੀਕਾ ਦੀ ਪੂੰਜੀਪਤੀ ਲੋਬੀ ਖਿਲਾਫ ਆਮ ਲੋਕਾਂ ਦੇ ਭਲੇ ਲਈ, ਹਥਿਆਰਾਂ ਦੀ ਹੋੜ ਖਤਮ ਕਰਨ ਤੇ ਲੋਕ ਭਲਾਈ ਲਈ ਵਧ ਚੜ੍ਹ ਕੇ ਕੰਮ ਕਰਨ ਤੇ ਜ਼ੋਰ ਦਿੱਤਾ। ਸੁਰਜੀਤ ਸਿੰਘ ਜਨਰਲ ਸਕੱਤਰ (ਚੰਡੀਗੜ੍ਹ ਇਸਕਫ) ਨੇ ਹਾਜ਼ਰੀਨ ਸਾਹਮਣੇ ਇਕ ਮਤਾ ਰੱਖਿਆ ਜਿਸ ਨੂੰ ਹਾਊਸ ਨੇ ਸਰਬ ਸਮਤੀ ਨਾਲ ਪਾਸ ਕਰਕੇ ਅਮਰੀਕੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ 50 ਸਾਲ ਤੋਂ ਬੇਵਜਾ ਜੇਲ ਵਿਚ ਡੱਕੇ ਕਿਊਬਾ ਦੇ 5 ਕ੍ਰਾਤੀਕਾਰੀਆਂ ਗਰਾਰਡ ਹਰਨਾਡੋਸ਼ ਨੌਰਡੇਲਸ,ਰਾਮੌਨ ਲਬਾਨੀਨੋ ਸਲਾਜ਼ਾਰ, ਐਨਟੋਨੀਓ ਗੁਰਾਰੈਓ ਰੋਡਰਿਗੋਜ਼, ਫਰਨੈਨਡੇਜ਼ ਗੋਨਜ਼ਾਲਿਜ਼ ਲਿਓਰੋਟ ਤੇ ਰੈਣੇ ਗੋਨਜ਼ਾਲਿਜ਼ ਸੈਹਵੈਰੈਟਜ਼ ਨੂੰ ਤੁਰੰਤ ਰਿਹਾ ਕਰੇ। ਅੰਤ ਵਿਚ ਉਨ੍ਹਾਂ ਧੰਨਵਾਦ ਮਤਾ ਪੇਸ਼ ਕੀਤਾ। 

****

ਮੋ: 8054980446


ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਸ਼ਮਸ਼ੇਰ ਸਿੰਘ ਸੰਧੂ


ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 2 ਅਕਤੂਬਰ 2010 ਦਿਨ ਸਨਿਚਰਵਾਰ ਦੋ ਵਜੇ ਕਾਊਂਸਲ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਸ਼ਮਸ਼ੇਰ ਸਿੰਘ ਸੰਧੂ ਤੇ ਕਸ਼ਮੀਰਾ ਸਿੰਘ ਚਮਨ ਦੀ ਪ੍ਰਧਾਨਗੀ ਵਿਚ ਹੋਈ। ਸਟੇਜ ਸਕੱਤਰ ਦੀ ਜਿੰਮੇਂਵਾਰੀ ਜੱਸ ਚਾਹਲ ਹੋਰਾਂ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਸੁਣਾਈ ਤੇ ਪਰਵਾਨ।

ਰਾਮ ਸਰੂਪ ਸੈਣੀ ਹੋਰਾਂ ਨੇ ਦੀਦਾਰ ਫਿਲਮ ਦਾ ਮੁਹੰਮਦ ਰਫੀ ਦਾ ਗਾਇਆ ਇਕ ਗੀਤ ‘ਹੂਏ ਹਮ ਜਿਨ ਕੇ ਬਦਨਾਮ’ ਬੜੇ ਖੂਬਸੂਰਤ ਤਰੰਨਮ ਵਿੱਚ ਸੁਣਾਇਆ-


ਜਸਬੀਰ ਸਿੰਘ ਸਹੋਤਾ ਨੇ ਆਪਣੀ ਇਕ ਕਵਿਤਾ ਸੁਣਾਈ-
ਹਾਸਲ ਕਰ ਬੁਲੰਦੀ, ਬੰਦਾ ਬਹੁਤਾ ਸੁਖਾਲਾ ਨਹੀਂ ਰਹਿੰਦਾ
ਨਿਰਮਲ ਹੋਵੇ ਇਰਾਦਾ ਤਾਂ ਦਿਲ ਵਿਚ ਪਾਲਾ ਨਹੀਂ ਰਹਿੰਦਾ।

ਮੋਹਨ ਸਿੰਘ ਮਿਨਹਾਸ ਨੇ ਪਰਸਿੱਧ ਵਿਦਵਾਨ ਸੁਕਰਾਤ ਬਾਰੇ ਚਾਨਣਾ ਪਾਇਆ।
ਭਜਨ ਸਿੰਘ ਗਿੱਲ ਨੇ 16/10 ਨੂੰ ਔਰਫੀਅਸ ਥੀਏਟਰ ਕਰਾਏ ਜਾ ਰਹੇ ਦੋ ਨਾਟਕਾਂ ਬਾਰੇ ਸਭ ਨੂੰ ਜਾਣਕਾਰੀ ਦਿੱਤੀ ਅਤੇ ਪਾਸ਼ ਦੀ ਇਕ ਕਵਿਤਾ ਸੁਣਾਈ।
ਡਾ. ਪਰਮਜੀਤ ਸਿੰਘ ਬਾਠ ਨੇ ਨਦੀਮ ਪਰਮਾਰ ਦੀ ਇਕ ਗ਼ਜ਼ਲ ਸੁਣਾਈ-
ਧੜਕੇ ਨਾ ਜੋ ਕਿਸੇ ਲਈ ਉਹ ਦਿਲ ਨਹੀਂ ਹਾਂ ਮੈਂ
ਬੰਦਾ ਹਾਂ ਜੀਂਦਾ ਜਾਗਦਾ ਕਿ ਸਿਲ ਨਹੀਂ ਹਾਂ ਮੈਂ।

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ। 
1-ਪੰਛੀ ਦੇ ਵਾਂਗ ਉਡਦਾ ਤੇ ਤੈਰਦਾ ਹੀ ਜਾਵੇ
ਤੇਰਾ ਖ਼ਿਆਲ ਆਵੇ ਤਕਦੀਰ ਮੁਸਕਰਾਵੇ।
ਪਰ ਵੀ ਨਾ ਮਾਰ ਸਕਦਾ ਉਸ ਥਾਂ ਤੇ ਹੋਰ ਕੋਈ
ਜਿਸ ਥਾਂ ਖ਼ਿਆਲ ਤੇਰਾ ਆਕੇ ਧਮਾਲ ਪਾਵੇ।
ਸੂਰਜ ਦੇ ਨਿੱਘ ਵਰਗਾ ਸਜਨਾ ਪਿਆਰ ਤੇਰਾ
ਜੀਵਨ ਨੂੰ ਹਰ ਦਿਸ਼ਾ ਤੋਂ ਰੌਸ਼ਨ ਪਿਆ ਬਨਾਵੇ।

2- ਜੀਵਨ ਦੇ ਹਰ ਮੌਸਮ ਮੈਨੂੰ ਕਪੜੇ ਵਾਂਗ ਹੰਡਾਇਆ ਹੈ
ਤੇਰਾ ਪਰ ਅਜ਼ਮਾਨਾ ਮੈਨੂੰ ਰਾਸ ਬੜਾ ਹੀ ਆਇਆ ਹੈ।
ਜੀਵਨ ਦੀ ਇਹ ਪਤਝੜ ਵੇਖੋ ਥਾਂ ਥਾਂ ਮੈਨੂੰ ਰੋਲ ਰਹੀ
ਟੁੱਟੇ ਪੱਤੇ ਵਾਂਗੂੰ ਮੈਨੂੰ ਥਾਂ ਥਾਂ ਏਸ ਰੁਲਾਇਆ ਹੈ।

ਪ੍ਰਭਦੇਵ ਸਿੰਘ ਗਿੱਲ ਨੇ ਉਰਦੂ ਦੀ ਇਕ ਗ਼ਜ਼ਲ ਸੁਣਾਈ-
ਹਰ ਸ਼ਖ਼ਸ ਕੋ ਦਾਅਵਾ ਹੈ ਪਾਰਸਾਈ ਕਾ
ਸਭੀ ਫਰਿਸ਼ਤੇ ਹੈਂ ਯਾਰੋ ਕੋਈ ਬਸ਼ਰ ਭੀ ਹੋ।

ਅਮਤੁਲਮਤੀਨ ਨੇ ਉਰਦੂ ਵਿਚ ਇਕ ਗ਼ਜ਼ਲ ਸੁਣਾਈ-
ਜਬ ਤਕ ਤੇਰਾ ਦਿਲ ਪੂਰੀ ਤਰ੍ਹਾ ਬਰਬਾਦ ਨਹੀਂ ਹੋਗਾ
ਤੁਝੇ ਕੋਈ ਭੀ ਸਬਕ ਅਜ਼ ਬਰਾਹੇ ਯਾਦ ਨਹੀਂ ਹੋਗਾ।
ਤਮੰਨਾਏ ਬੇਤਾਬ ਤੇਰੇ ਤਗ਼ਾਫਲ ਕੋ ਕਯਾ ਖ਼ਬਰ
ਪੈਮਾਨਾ ਤੂਲੇ ਸ਼ਬ ਫਰਾਕ ਕੋਈ ਈਜਾਦ ਨਹੀਂ ਹੋਗਾ।

ਸੁਰਜੀਤ ਸਿੰਘ ਪੰਨੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ-
ਚਿੱਟੇ ਵਾਲ ਚਮਕਦੇ ਮੇਰੇ ਜਿਉਂ ਚਾਂਦੀ ਦੀਆਂ ਤਾਰਾਂ
ਇਸ ਪੁੰਨਿਆਂ ਦੇ ਉੱਤੋਂ ਹਸਕੇ ਮੈਂ ਸੌ ਮੱਸਿਆ ਵਾਰਾਂ।
ਏਸ ਨਿਮਾਣੇ ਜੀਵ ਤੇ ਪੰਨੂੰ ਮਿਹਰ ਸਾਂਈਂ ਨੇ ਕੀਤੀ
ਮੁਦਤਾਂ ਲੰਮੀਂ ਪਤਝੜ ਪਿੱਛੋਂ ਦਿਤੀਆਂ ਹੈਨ ਬਹਾਰਾਂ।

ਕਸ਼ਮੀਰਾ ਸਿੰਘ ਚਮਨ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ-
ਜਲਾਦੋ ਖ਼ੂਨ ਦੇ ਕਤਰੇ ਮਿਰੇ ਕੁਛ ਰਹਿਣ ਵੀ ਦੇਵੋ
ਬੜਾ ਬੇਚੈਨ ਦਿਲ ਮੇਰਾ ਇਕੱਲਿਆਂ ਬਹਿਣ ਵੀ ਦੇਵੋ।
ਸਮੁੰਦਰ ਨੂੰ ਮਿਲਣ ਦਾ ਜੇ ਨਜ਼ਾਰਾ ਵੇਖਣਾ ਅੱਖੀਂ
ਚਮਨ ਹੰਝੂਆਂ ਦੇ ਦਰਿਆ ਨੂੰ ਕਦੀ ਤਾਂ ਵਹਿਣ ਵੀ ਦੇਵੋ।

ਅਤੇ ਇਕ ਗੀਤ ਸੁਣਾਇਆ।

ਮਿਸਿਜ਼ ਸ਼ਾਹਵਰ ਨੇ ਉਰਦੂ ਵਿਚ ਇਕ ਗ਼ਜ਼ਲ ਸੁਣਾਈ-
ਦੇਖਤੇ ਹੀ ਦੇਖਤੇ ਯੇ ਦੁਨਯਾਂ ਕਹਾਂ ਸੇ ਕਹਾਂ ਹੋ ਗਈ ਹੈ
ਇਨਸਾਨੀ ਕਦਰੋਂ ਵਾਲੀ ਇਕ ਤਹਿਜ਼ੀਬ ਜਾਣੇ ਕਹਾਂ ਖੋ ਗਈ ਹੈ।

ਤਾਰਿਕ ਮਲਿਕ ਨੇ ਬਸ਼ੀਰ ਬਦਰ ਦੀ ਇਕ ਖੂਬਸੂਰਤ ਉਰਦੂ ਗ਼ਜ਼ਲ ਸੁਣਾਈ।
ਖ਼ੁਦਾਯਾ ਮੇਰੀ ਸਦੀ ਮੇਂ ਭੀ ਮੁਅਜਜ਼ਾ ਕਰ ਦੇ
ਵੁਹ ਪੂਛਤੇ ਹੈਂ ਕਿ ਇਸ ਦੌਰ ਮੇਂ ਮੁਹੱਬਤ ਕਯਾ।
ਮੈਂ ਅਪਣੀ ਖ਼ਾਕ ਉਠਾਕਰ ਕਹਾਂ ਕਹਾਂ ਘੂਮੂੰ
ਤਿਰੇ ਬਗ਼ੈਰ ਮਿਰੀ ਜ਼ਿੰਦਗੀ ਕੀ ਕੀਮਤ ਕਯਾ।
ਜੱਸ ਚਾਹਲ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ-
ਤੈਰਤੇ ਰਹਿਤੇ ਹੈਂ ਆਂਖੋਂ ਮੇਂ ਕੁਛ ਐਸੇ ਸਪਨੇਂ
ਜਿਨ ਕੋ ਜੀਨੇ ਕੀ ਤਮੰਨਾ ਮਿਰੀ ਪੂਰੀ ਨ ਹੂਈ।
ਕੈਸਾ ਰੋਣਾ ਜੋ ਤਮੰਨਾ ਤੇਰੀ ਪੂਰੀ ਨ ਹੂਈ
ਲੈਲਾ ਮਜਨੂੰ ਕੀ ਕਹਾਣੀ ਭੀ ਤੋ ਪੂਰੀ ਨ ਹੂਈ।

ਸਬਾ ਸ਼ੇਖ਼ ਨੇ ਦੋ ਗ਼ਜ਼ਲਾਂ ਕਹੀਆਂ-
ਬਤਾ ਇਕਬਾਲ ਤੂ ਨੇ ਕਿਸ ਵਤਨ ਕਾ ਖ਼ਾਬ ਦੇਖਾ ਥਾ
ਜਬ ਸੇ ਤਲੂ ਹੂਆ ਹੈ ਗਹਿਨਾਯਾ ਯੇ ਕੈਸਾ ਆਫਤਾਬ ਦੇਖਾ ਥਾ।
ਇਸਕੇ ਬਾਗ਼ਬਾਨੋਂ ਨੇ ਮਿਲਕਰ ਲੂਟਲੀ ਬਹਾਰੇ ਚਮਨ ਸਾਰੀ
ਮੈਂ ਤੋ ਜਬ ਚਲਾ ਥਾ ਇਸੇ ਪੁਰ ਬਹਾਰ ਪੁਰ ਸ਼ਬਾਬ ਦੇਖਾ ਥਾ।

ਭੋਲਾ ਸਿੰਘ ਚੌਹਾਨ ਨੇ ਆਪਣੀ ਇਕ ਰਚਨਾ ਪੇਸ਼ ਕੀਤੀ-
ਮਲ੍ਹਮ ਬਣਕੇ ਫੱਟਾਂ ਦਾ ਇਲਾਜ ਕਰੀਏ
ਨਵ ਜੀਵਨ ਦਾ ਕੁਛ ਏਦਾਂ ਆਗ਼ਾਜ਼ ਕਰੀਏ।
ਛੱਡੀਏ ਕੁੱਖਾਂ ਚ ਕਲੀਆਂ ਨੋਚਣਾ
ਨਾ ਵਿਧਾਨ ਰੱਬ ਦਾ ਨਾਸਾਜ਼ ਕਰੀਏ।

ਜਾਵੇਦ ਨਜ਼ਾਮੀਂ ਨੇ ਆਪਣੀ ਇਕ ਗ਼ਜ਼ਲ ਕਹੀ-
ਕਯਾ ਪਤਾ ਤੇਰਾ ਪਤਾ ਮਿਲੇ ਮਿਲੇ ਨ ਮਿਲੇ 
ਚਾਕ ਗਿਰੇਬਾਂ ਅਪਨਾ ਸਿਲੇ ਸਿਲੇ ਨ ਸਿਲੇ। 
ਰਾਸਤੇ ਕਾ ਪੱਥਰ ਤੋ ਫਿਰਭੀ ਉਠ ਹੀ ਜਾਯੇਗਾ
ਸੰਗੇ ਨਫਸੇ ਅਮਾਰਾ ਹਿਲੇ ਹਿਲੇ ਨ ਹਿਲੇ।

ਸੁਰਿੰਦਰਦੀਪ ਰੀਹਲ ਨੇ ਆਪਣੀ ਇਕ ਕਵਿਤਾ ਸੁਣਾਈ-
ਜਿਹੜੇ ਦੇ ਗਿਆਂ ਜ਼ਖ਼ਮ ਸਾਨੂੰ ਸਜਣਾ
ਸਾਡੇ ਦਿਲ ਕੋਲੋਂ ਜਾਣ ਨਾ ਸਹਾਰੇ।
ਨਾ ਜਿਓਂਦਿਆਂ ਚ ਨਾ ਹੀ ਅਸੀਂ ਮੋਏ ਹਾਂ
ਰੋਗੀ ਹੋ ਗਏ ਹਾਂ ਇਸ਼ਕ ਦੇ ਮਾਰੇ।

ਫਾਹੀਮੁਦੀਨ ਨੇ ਮੁਨੀਰ ਨਿਆਜ਼ੀ ਦੀ ਇਕ ਗ਼ਜ਼ਲ ਪੇਸ਼ ਕੀਤੀ-
ਕੁਛ ਉਂਜ ਵੀ ਰਾਹਵਾਂ ਔਖੀਆਂ ਸਨ
ਕੁਛ ਗਲ ਵਿਚ ਗ਼ਮ ਦਾ ਤੌਕ ਵੀ ਸੀ।
ਕੁਛ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ
ਕੁਛ ਮੈਨੂੰ ਮਰਨ ਦਾ ਸ਼ੌਕ ਵੀ ਸੀ।

ਕੇ. ਐਨ. ਮਹਿਰੋਤਰਾ ਨੇ ਪ੍ਰਸਿੱਧ ਸ਼ਾਇਰ ਨਰਿੰਦਰ ਮੋਹਨ ਦੀ ਰਚਨਾ ਸੁਣਾਈ-
ਮਤ ਛੀਨੋਂ ਮੇਰੇ ਸਪਨੇ
ਮੁਝੇ ਮੇਰੇ ਸਪਨੋਂ ਮੇਂ ਜੀਨੇ ਦੋ
ਮੇਰੇ ਭੀ ਪੰਖ ਲਗਨੇ ਦੋ।

ਸੁਰਿੰਦਰ ਸਿੰਘ ਢਿੱਲੋਂ ਨੇ ਇਕ ਖ਼ੂਬਸੂਰਤ ਗੀਤ ਪੇਸ਼ ਕਤਿਾ-
ਪੈਰੀ ਮਾਹਲ ਨੇ ਵਿਸਤਾਰ ਨਾਲ ਦੱਸਿਆ ਕਿ ਕੈਨੇਡਾ ਵਿਚ ਨਸਲੀ ਵਿਤਕਰਾ ਭਾਵੇਂ ਖ਼ਤਮ ਨਹੀਂ ਹੋਇਆ ਪਰ ਅੱਗੇ ਨਾਲੋਂ ਕਿਵੇਂ ਹੌਲੀ ਹੌਲੀ ਘਟਿਆ ਹੈ। 
ਉਕਤ ਤੋਂ ਇਲਾਵਾ ਰਵਿੰਦਰ ਸਿੰਘ, ਜਾਗੀਰ ਸਿੰਘ ਘੁੰਮਣ, ਗੁਰਚਰਨ, ਨਾਈਮਖਾਂ ਤੇ ਸਾਧੂ ਸਿੰਘ ਰੀਹਲ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਜੱਸ ਚਾਹਲ ਵਲੋਂ ਚਾਹ ਪਾਣੀ ਦਾ ਯੋਗ ਪ੍ਰਬੰਧ ਸੀ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 6 ਨਵੰਬਰ, 2010 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102 3208 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕਾਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539 ਅਤੇ ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨੂੰ 681-8281 ਤੇ ਸੰਪਰਕ ਕਰੋ।

ਮੱਘਰ ਸਿੰਘ ਪਨੇਸਰ ਦੀ ਪੁਸਤਕ ‘ਮੇਰੀ ਸਾਹਿਤ ਯਾਤਰਾ’ ਦੀ ਘੁੰਡ ਚੁਕਾਈ.......... ਪੁਸਤਕ ਰਿਲੀਜ਼ / ਰਾਜਿੰਦਰਜੀਤ


ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਡਨ ਵੱਲੋਂ ਬਜ਼ੁਰਗ ਲੇਖਕ ਮੱਘਰ ਸਿੰਘ ਪਨੇਸਰ ਦੀ ਪੁਸਤਕ ‘ਮੇਰੀ ਸਾਹਿਤ ਯਾਤਰਾ’ ਦੀ ਘੁੰਡ ਚੁਕਾਈ ਅਤੇ ਇਸ ‘ਤੇ ਇੱਕ ਭਰਵੀਂ ਵਿਚਾਰ-ਚਰਚਾ ਦਾ ਪ੍ਰਬੰਧ ਕੀਤਾ ਗਿਆ । ਪੰਜਾਬੀ ਸੈਂਟਰ ਇਲਫੋਰਡ ਵਿਖੇ ਇਕੱਤਰ ਹੋਏ ਇਲਾਕੇ ਦੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਸ ਪਨੇਸਰ ਨੂੰ 90 ਸਾਲ ਦੀ ਉਮਰ ਵਿੱਚ ਇਸ ਤਰ੍ਹਾਂ ਦੀ ਬੇਮੁੱਲ ਪੁਸਤਕ ਦੇਣ ਲਈ ਵਧਾਈ ਪੇਸ਼ ਕੀਤੀ । ਸਮਾਗਮ ਦੀ ਪ੍ਰਧਾਨਗੀ ਮੇਅਰ ਸ ਨਿਰਮਲ ਸਿੰਘ ਗਿੱਲ ਨੇ ਕੀਤੀ । ਇਸ ਤੋਂ ਬਿਨਾ ਸਰਵ ਸ੍ਰੀ ਪੂਰਨ ਸਿੰਘ, ਫ਼ੌਜਾ ਸਿੰਘ, ਬਲਬੀਰ ਸਿੰਘ ਕੰਵਲ ਵੀ ਪ੍ਰਧਾਨਗੀ ਮੰਡਲ ‘ਚ ਸ਼ਾਮਿਲ ਹੋਏ । ਪੁਸਤਕ ’ਤੇ ਕੁੰਜੀਵਤ ਪਰਚਾ ਡਾ ਪ੍ਰੀਤਮ ਸਿੰਘ ਕੈਂਬੋ ਨੇ ਪੜ੍ਹਿਆ । ਉਨ੍ਹਾਂ ਬਹੁਤ ਬਾਰੀਕੀ ਨਾਲ ਕਿਤਾਬ ‘ਚ ਪੇਸ਼ ਵਿਚਾਰਾਂ ਦੇ ਵਿਭਿੰਨ ਪਹਿਲੂਆਂ ਅਤੇ ਮੱਘਰ ਸਿੰਘ ਪਨੇਸਰ ਦੀ ਸ਼ਖ਼ਸੀਅਤ ਦੇ ਉੱਘੜਵੇਂ ਪੱਖਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਇਹ ਕਿਤਾਬ ਇੱਕ ਅਮੁੱਲ ਵਿਚਾਰ ਭੰਡਾਰ ਹੈ ਜਿਸ ਵਿੱਚ ਸਦਾਚਾਰਕ ਕਦਰਾਂ ਕੀਮਤਾਂ, ਤਰਕ, ਬਬੇਕ ਅਤੇ ਸੁਹਜ ਨੂੰ ਵਡਿਆਇਆ ਗਿਆ ਹੈ । ਵੱਡੀ ਉਮਰ ਵਿੱਚ ਅਕਸਰ ਲੋਕ ਤਰਕ ਦਾ ਪੱਲਾ ਛੱਡ ਦਿੰਦੇ ਹਨ ਪ੍ਰੰਤੂ ਪਨੇਸਰ ਹੁਰਾਂ ਦੀਆਂ ਲਿਖਤਾਂ ਵਿੱਚ ਤਰਕ ਹੀ ਪ੍ਰਧਾਨ ਹੈ । ਪੂਰਨ ਸਿੰਘ ਨੇ ਉਨ੍ਹਾਂ ਨੂੰ ਇੱਕ ਸਫ਼ਲ ਲੇਖਕ ਹੋਣ ਦੇ ਨਾਲ-ਨਾਲ ਇੱਕ ਜਿ਼ੰਮੇਵਾਰ ਨਾਗਰਿਕ ਅਤੇ ਸੁਹਿਰਦ ਪਿਤਾ ਆਖਿਆ । ਗੁਰਦਾਸ ਸਿੰਘ ਪਰਮਾਰ ਨੇ ਗੁਰਨਾਮ ਗਿੱਲ ਦੀ ਆਗਾਮੀ ਗ਼ਜ਼ਲ ਪੁਸਤਕ ਬਾਰੇ ਜਾਣਕਾਰੀ ਦਿੱਤੀ । ਮੇਅਰ ਸ ਗਿੱਲ ਨੇ ਸਮੁੱਚੀ ਚਰਚਾ ਨੂੰ ਬੜੇ ਭਾਵਪੂਰਤ ਸ਼ਬਦਾਂ ਨਾਲ ਸਮੇਟਿਆ ਤੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਹਿਤਕਾਰਾਂ ਦਾ ਇਸ ਪ੍ਰਕਾਰ ਦੀਆਂ ਚਰਚਾਵਾਂ ਕਰਦੇ ਰਹਿਣਾ ਜ਼ਰੂਰੀ ਹੈ । 

ਅੰਤ ਵਿੱਚ ਹੋਏ ਸੰਖੇਪ ਪਰ ਰੌਚਕ ਕਵੀ ਦਰਬਾਰ ਦੀ ਸੁੰਦਰ ਸ਼ੁਰੂਆਤ ਸੁਰਿੰਦਰ ਸੀਹਰਾ ਦੀਆਂ ਗ਼ਜ਼ਲਾਂ ਨਾਲ ਹੋਈ । ਬਲਵਿੰਦਰ ਮਠਾਰੂ, ਬਲਬੀਰ ਸਿੰਘ ਕੰਵਲ, ਸੰਤੋਖ ਸੈਂਭੀ, ਪਰਮਜੀਤ ਰਤਨਪਾਲ, ਅਵਤਾਰ ਸਿੰਘ ਦੀਆਂ ਕਵਤਿਾਵਾਂ ਤੋਂ ਇਲਾਵਾ ਪ੍ਰਸਿੱਧ ਗ਼ਜ਼ਲਗੋ ਗੁਰਦਾਸ ਸਿੰਘ ਪਰਮਾਰ, ਗੁਰਸ਼ਰਨ ਸਿੰਘ ਅਜੀਬ, ਤੇ ਗੁਰਨਾਮ ਗਿੱਲ ਨੇ ਆਪੋ-ਆਪਣੀਆਂ ਗ਼ਜ਼ਲਾਂ ਨਾਲ ਮਾਹੌਲ ਸਿਰਜਿਆ । ਅੰਤ ’ਚ ਸਮਾਗਮ ਦੇ ਸੰਚਾਲਕ ਰਾਜਿੰਦਰਜੀਤ ਨੇ ਵੀ ਗ਼ਜ਼ਲ ਸੁਣਾਈ । 

****


ਪ੍ਰੋਗਰੈਸਿਵ ਡੈਮੋਕ੍ਰੈਟਿਕ ਫੋਰਮ ਵੱਲੋਂ “ਦੱਖਣੀ ਅਫ਼ਰੀਕਾ ਦਾ ਅਜ਼ਾਦੀ ਸੰਘਰਸ਼ ਅਤੇ ਭਾਰਤ ਨਾਲ ਸਮਾਨਤਾਵਾਂ” ਵਿਸ਼ੇ ਤੇ ਸੈਮੀਨਾਰ.......... ਵਿਚਾਰ-ਗੋਸ਼ਟੀ / ਭਜਨ ਗਿੱਲ (ਮਾ:)


ਕੈਲਗਰੀ : ਪ੍ਰੋਗਰੈਸਿਵ ਡੈਮੋਕ੍ਰੈਟਿਕ ਫੋਰਮ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਭਰਵੀਂ ਮੀਟਿੰਗ ਸ਼੍ਰੀ ਸੋਹਣ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਫੋਰਮ ਦੇ ਸਕੱਤਰ ਮਾਸਟਰ ਭਜਨ ਸਿੰਘ ਗਿੱਲ ਨੇ ਨਿਭਾਈ। ਸ਼ੁਰੂ ਵਿੱਚ ਜੁਗਿੰਦਰ ਸੰਘਾ ਨੇ ਕੈਨੇਡਾ ਵਿੱਚ ਟਰੇਡ ਯੂਨੀਅਨ ਬਾਰੇ ਜਾਣਕਾਰੀ ਭਰਪੂਰ ਵਿਚਾਰ ਰੱਖੇ। ਉਹਨਾਂ ਨੇ ਸਿਹਤ ਸੇਵਾਵਾਂ ਸੰਬੰਧੀ ਵਲੰਟੀਅਰ ਤੌਰ ਤੇ ਕੀਤੇ ਗਏ ਸਰਵੇਖਣ ਅਤੇ ਅਲਬਰਟਾ ਸਰਕਾਰ ਨੂੰ ਭੇਜੇ ਗਏ ਸੁਝਾਵਾਂ ਦੀ ਸੰਖੇਪ ਜਾਣਕਾਰੀ ਦਿੱਤੀ।ਅੱਜ ਦੇ ਸੈਮੀਨਾਰ ਦੇ ਮੁੱਖ ਬੁਲਾਰੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਨੇ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰਭਾਵਸ਼ਾਲੀ ਪੇਪਰ “ਦੱਖਣੀ ਅਫ਼ਰੀਕਾ ਦਾ ਅਜ਼ਾਦੀ ਸੰਘਰਸ਼ ਅਤੇ ਭਾਰਤ ਨਾਲ ਸਮਾਨਤਾਵਾਂ” ਵਿਸ਼ੇ ਤੇ ਪੜ੍ਹਿਆ। ਇਸ ਪੇਪਰ ਵਿੱਚ ਬਰਾੜ ਨੇ ਦੱਖਣੀ ਅਫ਼ਰੀਕਾ ‘ਚ ਚੱਲੀ ਅਜ਼ਾਦੀ ਲਹਿਰ,ਲਹਿਰ ‘ਚ ਸਰਗਰਮ ਵਿਭਿੰਨ ਪਾਰਟੀਆ, ਸੰਸਥਾਵਾਂ ਅਤੇ ਜੱਥੇਬੰਦੀਆਂ ਦੇ ਰੋਲ ਅਤੇ ਯੋਗਦਾਨ, ਇਨ੍ਹਾਂ ਦੀਆਂ ਰਾਜਨੀਤਕ ਪਹੁੰਚਾਂ ਦਾ ਕਈ ਪੱਖਾਂ ਤੋਂ ਮੁਲਅੰਕਣ ਹੀ ਨਹੀਂ ਕੀਤਾ ਸਗੋਂ ਇਨ੍ਹਾਂ ਨਾਲ ਸੰਬੰਧਤ ਕੁਝ ਨੇਤਾਵਾਂ ਦੀਆਂ ਕਾਰਗੁਜ਼ਾਰੀਆਂ ਅਤੇ ਸਰਗਰਮੀਆਂ ਦੀ ਚੀਰਫ਼ਾੜ ਵੀ ਕੀਤੀ ਹੈ।ਦੱਖਣੀ ਅਫ਼ਰੀਕਾ ਤੇ ਭਾਰਤ ਦੀ ਅਜ਼ਾਦੀ ਜ਼ੱਦੋ-ਜ਼ਹਿਦ ਸਮੇਂ ‘ਚ ਵਿਚਾਰਾਂ, ਸੋਚਾਂ ਤੇ ਰਾਜਨੀਤਿਕ ਚਾਲਾਂ ‘ਚ ਕਈ ਕਿਸਮ ਦੀ ਸਮਾਨਤਾ ਸਾਫ਼ ਦਿਖ਼ਾਈ ਦਿੰਦੀ ਹੈ। ਜਿਵੇਂ ਸਾਮਰਾਜੀ ਹਾਕਮਾਂ ਨੇ, ਜਿੰਨ੍ਹਾਂ ਜਾਗਰੂਕ ਦੇਸ਼-ਭਗਤਾਂ ਤੇ ਨੌਜ਼ਵਾਨਾਂ ਤੋਂ ਖ਼ਤਰਾ ਲੱਗਾ ਜਾਂ ਰਾਜ-ਸੱਤਾ ਦੀ ਸਾਂਝ-ਭਿਆਲੀ ਪਾਉਣ ‘ਚ ਅੜਿੱਕਾ ਸਮਝਿਆ, ਉਨ੍ਹਾਂ ਨੂੰ ਅਜ਼ਾਦੀ ਤੋਂ ਪਹਿਲਾਂ ਜਾਂ ਪਿੱਛੋਂ ਮਰਵਾ ਦਿੱਤਾ ਗਿਆ। ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਸਦੇ ਸਾਥੀ, ਹੋਰ ਸੁਚਾਰੂ ਲੋਕ ਪੱਖੀ ਸੋਚ ਰੱਖਣ ਵਾਲੇ ਆਗੂਆਂ ਵਾਂਗ ਹੀ, ਦੱਖਣੀ ਅਫ਼ਰੀਕਾ ਦੀ ਇਨਕਲਾਬੀ ਜੱਥੇਬੰਦੀ “ਓਮਖੰਟੋ” ਦੇ ਚੀਫ਼ ਕਰਿਸ ਹੈਨੀ ਅਤੇ ਮਾਓਵਾਦੀ ਲੀਡਰਾਂ ਨੂੰ ਖ਼ਤਮ ਕਰਨਾ ਅਤੇ ਆਪਣੇ ਸਿਧਾਏ ਆਗੂਆਂ ਨੂੰ ਰਾਜ-ਸੱਤਾ ਸੌਂਪਣਾ ਆਦਿ ਵਿਸ਼ੇਸ਼ ਸਮਾਨਤਾਵਾਂ ਵਰਨਣ ਯੋਗ ਹਨ।

ਉਪਰੰਤ ਜਗਦੀਸ਼ ਚੋਹਕਾ,ਡਾ; ਹਰਭਜਨ ਢਿੱਲੋਂ, ਤਰਸੇਮ ਪਰਮਾਰ, ਪ੍ਰੋ; ਮਨਜੀਤ ਸਿੱਧੂ ਹੋਰਾਂ ਨੇ ਪਰਚੇ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰਬਚਨ ਬਰਾੜ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ ਜੋ ਕਾਫ਼ੀ ਜਾਣਕਾਰੀ ਭਰਪੂਰ ਹੈ। ਇਨ੍ਹਾਂ ਬੁਲਾਰਿਆਂ ਨੇ ਪੇਪਰ ਤੇ ਉਸਾਰੂ ਨੁਕਤਾਚੀਨੀ ਵੀ ਕੀਤੀ ਅਤੇ ਕੀਮਤੀ ਸੁਝਾਅ ਵੀ ਦਿੱਤੇ। ਮਾਸਟਰ ਬਚਿੱਤਰ ਸਿੰਘ ਗਿੱਲ ਨੇ ਮਰਹੂਮ ਸੰਤ ਰਾਮ ਉਦਾਸੀ ਦਾ ਗੀਤ ਜੋਸ਼ੀਲੇ ਅੰਦਾਜ਼ ਵਿੱਚ ਗਾਇਆ;
ਲ਼ੋਕੋ ਬਾਜ਼ ਆ ਜੋ ਝੂਠੇ ਲੀਡਰਾਂ ਤੋਂ
ਇਨ੍ਹਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ।
ਬਲਜਿੰਦਰ ਸੰਘਾ ਨੇ ਸੰਦਲ ਪ੍ਰੋਡਕਸ਼ਨ ਦੀ ਆ ਰਹੀ ਫ਼ਿਲਮ ਬਾਰੇ ਸੰਖ਼ੇਪ ਜਾਣਕਾਰੀ ਦਿੱਤੀ। ਫ਼ੋਰਮ ਦੇ ਪ੍ਰਧਾਨ ਸੋਹਣ ਮਾਨ ਨੇ ਬਹਿਸ ਨੂੰ ਸਮੇਟਦਿਆਂ ਅੱਜ ਦੇ ਪੇਪਰ ਅਤੇ ਬਹਿਸ-ਵਿਚਾਰ ਦੇ ਖੁਲ੍ਹੇ ਮੰਚ ਤੇ ਤਸੱਲੀ ਦਾ ਇਜ਼ਹਾਰ ਕੀਤਾ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਹਿਯੋਗ ਸਦਕਾ 16 ਅਕਤੂਬਰ ਨੂੰ ਸੇਟ ਕਾਲਜ ਦੇ ਔਰਫ਼ੀਅਸ ਥੀਏਟਰ ਵਿਖੇ ਦੁਪਹਿਰ 2 ਵਜੇ ਤੋਂ ਸਾਮ 6 ਵਜੇ ਤੱਕ ਨਾਟਕ “ਪ੍ਰੇਤ ਕੈਨੇਡਾ ‘ਚ” ਅਤੇ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਨਾਟਕ “ਛਿਪਣ ਤੋਂ ਪਹਿਲਾਂ” ਖੇਡੇ ਜਾਣਗੇ। ਇਸ ਮੌਕੇ ਤੇ ਤਰਕਸ਼ੀਲ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਸਟਾਲ ਵੀ ਲਾਇਆ ਜਾਵੇਗਾ, ਜਿੱਥੋਂ ਆਏ ਹੋਏ ਦਰਸ਼ਕ ਪੁਸਤਕਾਂ ਵੀ ਖ਼ਰੀਦ ਸਕਣਗੇ। ਗੀਤ-ਸੰਗੀਤ ਕੋਰਿਓਗਰਾਫ਼ੀਆਂ ਅਤੇ ਜ਼ਾਦੂ ਦੇ ਟਰਿੱਕ ਵੀ ਪੇਸ਼ ਕੀਤੇ ਜਾਣਗੇ। ਸਭ ਨੂੰ ਪ੍ਰੀਵਾਰਾਂ ਸਮੇਤ ਪਹੁੰਚਣ ਦਾ ਖੁਲ੍ਹਾ ਸੱਦਾ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਸੈਮੀਨਾਰ ਵਿੱਚ ਔਰਤਾਂ ਦੀ ਵੀ ਭਰਵੀਂ ਸ਼ਮੂਲੀਅਤ ਰਹੀ। ਵਧੇਰੇ 
ਜਾਣਕਾਰੀ ਲਈ ਸੋਹਣ ਮਾਨ ਨੂੰ 403-275-0931 ਅਤੇ ਮਾ: ਭਜਨ ਸਿੰਘ ਨੂੰ 403-455-4220 ਤੇ ਸੰਪਰਕ ਕੀਤਾ ਜਾ ਸਕਦਾ ਹੈ।                 

****

ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸਮਾਗਮ ਤੇ ਕਵੀ ਦਰਬਾਰ .......... ਕਵੀ ਦਰਬਾਰ / ਕਰਮ ਸਿੰਘ ਵਕੀਲ


ਕਵਿਤਾ ਕੇਂਦਰ (ਰਜਿ.), ਚੰਡੀਗੜ੍ਹ ਦੀ ਮੀਟਿੰਗ ਜਿਲ੍ਹਾ ਅਦਾਲਤ, ਚੰਡੀਗੜ੍ਹ ਵਿਖੇ ਡਾ. ਬੀ. ਕੇ ਪੰਨੂੰ ਪਰਵਾਜ਼ ਦੀ ਪ੍ਰਧਾਨਗੀ ’ਚ ਹੋਈ।ਉਨ੍ਹਾਂ ਨਾਲ ਮੰਚ ਉਤੇ ਸੁਨੀਲਮ ਮੰਡ, ਸੁਸ਼ੀਲ ਹਸਰਤ ਨਰੇਲਵੀ ਤੇ ਕਰਮ ਸਿੰਘ ਵਕੀਲ ਸ਼ਾਮਲ ਹੋਏ।ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਡਾ. ਬੀ. ਕੇ ਪੰਨੂੰ ਪ੍ਰਵਾਜ਼ ਪ੍ਰਧਾਨ ਜੀ ਨੇ ਕਹੇ। ਪੰਜਾਬੀ ਸਾਹਿਤ ਜਗਤ ਦੇ ਸੁਪ੍ਰਸਿਧ ਰੰਗਕਰਮੀ ਤੇ ਸਾਹਿਤਕਾਰ ਰਜਿੰਦਰ ਸਿੰਘ ਭੋਗਲ, ਗੁਰਨਾਮ ਸਿੰਘ ਡੇਰਾਬਸੀ, ਮਹਿੰਦਰ ਸਾਂਬਰ ਤੇ ਹ. ਸ. ਨਾਮਾ (ਉਰਦੂ ਸ਼ਾਇਰ) ਦੇ ਸਦੀਵੀਂ ਵਿਛੋੜੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੇ ਇਕ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕਰਮ ਸਿੰਘ ਵਕੀਲ, ਜਨਰਲ ਸਕੱਤਰ, ਕਵਿਤਾ ਕੇਂਦਰ ਨੇ ਦਸਿਆ ਕਿ ਅੱਜ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸਮਾਗਮ ਕਰਾਂਗੇ ਜਿਨ੍ਹਾਂ ਦਾ 103 ਵਾਂ ਜਨਮ ਵਰਾ ਚਲ ਰਿਹਾ ਹੈ।ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਸੰਘਰਸ਼ ਉਤੇ ਸੰਖੇਪ ਝਾਤ ਪਵਾਈ ਤੇ ਕਿਹਾ ਅੱਜ ਅਤਵਾਦ, ਭਰਿਸ਼ਟਾਚਾਰ, ਬੇਰੁਜਗਾਰੀ, ਨਸ਼ਾਖੋਰੀ, ਤੇ ਆਪਾ ਧਾਪੀ ਦੇ ਸਮੇਂ ’ਚ ਸ਼ਹੀਦਾਂ ਦੇ ਸੰਦੇਸ਼ ਫੜਨ ਤੇ ਉਨ੍ਹਾਂ ਉਤੇ ਅਮਲ ਕਰਕੇ ਜੀਵਨ ਬੇਹਤਰ ਬਣਾਉਣ ਦੀ ਸਖਤ ਲੋੜ ਹੈ। 

ਸੁਨੀਲਮ ਮੰਡ ਅਤੇ ਸੁਸ਼ੀਲ ਹਸਰਤ ਨਰੇਲਵੀ ਨੂੰ ‘ਮੈਂ ਤੇ ਮੇਰੀ ਕਲਮ’ ਵਿਸ਼ੇ ਉਤੇ ਬੋਲਣ ਲਈ ਸੱਦਦੇ ਉਨ੍ਹਾਂ ਦੀ ਸਾਹਿਤਕ ਜਾਣ ਪਹਿਚਾਣ ਕਰਾਈ। ਉਨ੍ਹਾਂ ਕਿਹਾ ਸੁਨੀਲਮ ਮੰਡ 25.1.1968 ‘ਚ ਬਾਪੂ ਸ਼ੰਕਰ ਦਾਸ ਤੇ ਮਾਂ ਪਿਆਰ ਕੌਰ ਦੇ ਘਰੇ ਪੈਦਾ ਹੋਏ। ਉਚ ਵਿਦਿਆ ਉਪਰੰਤ ਅਧਿਆਪਨ ਕਾਰਜ ਵਿਚ ਰੁਝੇ ਹੋਏ ਨੇ।ਉਨ੍ਹਾਂ 8 ਸਾਲ ਪਹਿਲਾਂ ਕਾਵਿ ਸੰਗ੍ਰਹਿ ਉਦਾਸ ਪਲ ਮਾਂ ਬੋਲੀ ਦੀ ਝੋਲੀ ਪਾਈਆਂ ਤੇ ਨਿਰੰਤਰ ਸਾਹਿਤ ਰਚਨਾ ‘ਚ ਮਗਨ ਨੇ। ਉਨ੍ਹਾਂ ਦੇ ਦੋ ਸੰਗ੍ਰਹਿ ਜਲਦੀ ਆ ਰਹੇ ਨੇ।ਸੁਨੀਲਮ ਮੰਡ ਨੇ ਭਗਤ ਸਿੰਘ ਨੂੰ ਸਮਰਪਿਤ ਗੀਤ ਬਾ-ਤਰਨੁਮ ਇੰਜ ਕਿਹਾ- 

ਅੱਜ ਨਦਰੀ ਆਉਦੇ ਨਾ ਕਿਤੇ ਵੀ ਭਗਤ ਸਿੰਘ ਜਹੇ ਸੂਰੇ, 
ਕਰੂ ਕੋਣ ਸੂਰਮਾ ਆ ਉਦੇ ਚਿਤ ਦੇ ਸੁਪਨੇ ਪੂਰੇ। 

ਛਾਏ ਹੋਏ ਨੇ ਹਨੇਰੇ 
ਕੋਣ ਕਰੇਗਾ ਸਵੇਰੇ 
ਸਾਡੀ ਨਜ਼ਰ ਉਡੀਕੇ ਪ੍ਰਭਾਤ ਨੂੰ 
ਕੋਈ ਖਤਮ ਕਰੇ ਕਾਲੀ ਰਾਤ ਨੂੰ। 

ਵਕੀਲ ਨੇ ਸੁਸ਼ੀਲ ਹਸਰਤ ਨਰੇਲਵੀ ਬਾਰੇ ਦਸਿਆ ਕਿ ਉਹ 25.2.1966 ‘ਚ ਕਿਸ਼ਾਨ ਪ੍ਰੀਵਾਰ ਵਿਚ ਹਰੀ ਚੰਦ ਸ਼ਰਮਾਂ ਦੇ ਘਰੇ ਜਨਮੇ। ਪਿਤਾ ਨੇ ਟਰੱਕ ਪਾਏ ਕੰਮ ਚੰਗਾ ਚਲਦਾ ਸੀ ਪਰ ਬੁਰਾ ਵਕਤ ਆਇਆ ਪਿਤਾ ਦੀ ਅਚਾਨਕ ਮੌਤ ਹੋ ਗਈ ਤੇ ਟਰੱਕ ਵੀ ਵਿਕ ਗਏ। ਫੇਰ ਜੀਵਨ ਜੀਣ ਲਈ ਸਿਰ ਤੇ ਟੋਕਰੀ ਰੱਖ ਕੇ ਸਬਜ਼ੀ ਵੇਚੀ ਤੇ ਜੀਵਨ ਅੱਗੇ ਵਧਿਆ।ਉਨ੍ਹਾਂ ਦੀ ਪਤਨੀ ਉਰਮਿਲ ਸਖੀ ਕਵਿਤਾ ਲਿਖਦੀ ਹੈ ਬੇਟਾ ਸਵਤੇਸ਼ ਤੇ ਜੁੜਵਾਂ ਬੇਟੀਆਂ ਅਨੀਸ਼ਾ ਤੇ ਆਯੂਸ਼ੀ ਨੇ।ਉਨ੍ਹਾਂ ਦੀ ਕਾਵਿ ਸੰਗ੍ਰਹਿ ‘ਕੁਆਰ ਕੀ ਧੂਪ’ ਛਪੀ ਹੈ। ਸੁਸ਼ੀਲ ਹਸਰਤ ਨਰੇਲਵੀ ਨੇ ਕਵਿਤਾਵਾਂ ਨਪੁੰਸਕ, ਟਪ ਟਪਾਟਪ ਤੇ ਹੇ ਕਵੀ! ਸੁਣਾਈਆਂ। ਉਨ੍ਹਾਂ ਇਕ ਗ਼ਜ਼ਲ ਕਹੀ ਜਿਸ ਦਾ ਸ਼ਿਅਰ ਸੀ

ਕਭੀ ਦਰਵੇਸ਼ ਦਰਬਾਰੀ ਨਹੀਂ ਹੋਤੇ, 
ਦਿਲੋਂ ਕੇ ਸ਼ਾਹ ਵਿਉਪਾਰੀ ਨਹੀਂ ਹੋਤੇ। 
ਅਕੀਦਤ ਡਾਲਤੀ ਹੈ ਇਨ ਮੇਂ ਜਾਂ, 
ਕਭੀ ਪੱਥਰ ਚਮਤਕਾਰੀ ਨਹੀਂ ਹੋਤੇ। 

ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਮੁਸ਼ਾਇਰੇ ਦੌਰਾਨ ਮਲਕੀਤ ਸਿੰਘ ਨਾਗਰਾ, ਨਰਿੰਦਰ ਨਾਜ਼, ਇਕਬਾਲ ਸਿੰਘ ਢਿੱਲੋਂ, ਸੁਨੀਲਮ ਮੰਡ, ਕਰਮ ਸਿੰਘ ਵਕੀਲ, ਆਰ. ਕੇ ਭਗਤ, ਕੇਵਲ ਕ੍ਰਿਸ਼ਨ ਕਿਸ਼ਨਪੁਰੀ, ਡਾ. ਬੀ ਕੇ ਪੰਨੂੰ, ਸੁਸ਼ੀਲ ਹਸਰਤ ਨਰੇਲਵੀ, ਐਮ. ਐਸ ਢਿੱਲੋਂ, ਬੀ. ਆਰ ਰੰਗਾੜਾ, ਜੋਗਿੰਦਰ ਸਿੰਘ ਜੋਗੀ ਤਲਵੰਡੀ ਵਾਲਾ, ਚਰਨਜੀਤ ਰੰਧਾਵਾ, ਉਰਮਿਲ ਸਖੀ, ਤੇ ਹਰੀ ਸਿੰਘ ਨਾਗਰਾ ਨੇ ਨਜ਼ਮਾਂ, ਕਵਿਤਾਵਾਂ ਤੇ ਗ਼ਜ਼ਲਾਂ ਦੀ ਛਹਿਵਰ ਲਾ ਕੇ ਸ਼ਹੀਦ- ਏ –ਆਜ਼ਮ ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਤੋਂ ਨਸੀਹਤ ਲੈਣ ਲਾਇਕ ਨੁਕਤੇ ਉਭਾਰੇ। ਸਵਤੇਸ਼ ਕੌਸ਼ਲ, ਅਨੀਸ਼ੀ ਕੌਸ਼ਲ, ਆਯੂਸ਼ੀ ਕੌਸ਼ਲ ਤੇ ਬ੍ਰਗੇਡੀਅਰ ਪੀ. ਐਸ ਪੰਨੂੰ ਨੇ ਵੀ ਸਮਾਗਮ ਵਿਚ ਭਰਪੂਰ ਹਾਜ਼ਰੀ ਲਵਾਈ।

ਡਾ. ਬੀ ਕੇ ਪੰਨੂੰ ਪਰਵਾਜ਼ ਨੇ ਪ੍ਰਧਾਨਗੀ ਸ਼ਬਦਾਂ ਵਿਚ ਕਵਿਤਾਵਾਂ ਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਮੁਸ਼ਾਇਰੇਨੂੰ ਸਰਾਹਿਆ। ਉਨ੍ਹਾਂ ਕਿਹਾ ਅਜੋਕੇ ਸਮੇਂ ਵਿਚ ਵਡਮੁਲਾ ਸਾਹਿਤ ਰਚਿਆ ਜਾ ਰਿਹਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵਧ ਤੋਂ ਵਧ ਸਾਹਿਤਕਾਰਾਂ ਨੂੰ ਬੁਲਾ ਕੇ ਉਨ੍ਹਾਂ ਦਾ ਸਾਹਿਤ ਮਾਣੀਏ। ਧੰਨਵਾਦ ਮਤਾ ਜੋਗਿੰਦਰ ਸਿੰਘ ਜੋਗੀ ਤਲਵੰਡੀ ਵਾਲਾ ਸੀਨੀਅਰ ਮੀਤ ਪ੍ਰਧਾਨ ਨੇ ਪੇਸ਼ ਕੀਤਾ ਅਤੇ ਮੰਚ ਸੰਚਾਲਨ ਕਰਮ ਸਿੰਘ ਵਕੀਲ ਨੇ ਬਾਖੂਬੀ ਕੀਤਾ। 

***

ਆਪਣੀ ਪਲੇਠੀ ਐਲਬਮ 'ਬਿੱਲੋ' ਰਾਹੀਂ ਸਰੋਤਿਆਂ ਦੀ ਵਾਹ ! ਵਾਹ ! ਖੱਟ ਰਿਹਾ ਹੈ ਇਟਲੀ ਵਿੱਚ ਵਸਦਾ ਗਾਇਕ ਅਵਤਾਰ ਰੰਧਾਵਾ.......... ਸੀ ਡੀ ਰਿਲੀਜ਼ / ਰਾਜੂ ਹਠੂਰੀਆ


ਇਟਲੀ ਵਿੱਚ ਪੰਜਾਬੀਆਂ ਨੇ ਪਿਛਲੇ ਕੁਝ ਕੁ ਸਾਲਾਂ ਵਿੱਚ ਜਿੱਥੇ ਵਪਾਰ ਦੇ ਖੇਤਰ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਉੱਥੇ ਗਾਇਕੀ ਦੇ ਖੇਤਰ ਵਿੱਚ ਵੀ ਕਈ ਨਾਂ ਉੱਭਰ ਕੇ ਸਾਹਮਣੇ ਆਏ ਹਨ। ਇਸ ਸਾਲ ਜਿਹੜਾ ਨਾਂ ਸਾਹਮਣੇ ਆਇਆ ਹੈ ਉਹ ਭਾਵੇਂ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਆਉਣ ਦੀ ਤਿਆਰੀ ਤਾਂ ਕਰਦਾ ਆ ਰਿਹਾ ਹੈ ਪਰ ਉਸਨੇ ਆਪਣੇ ਆਪ ਨੂੰ ਸਰੋਤਿਆਂ ਦੀ ਕਚਿਹਰੀ ਵਿੱਚ ਉਹਦੋਂ ਤੱਕ ਹਾਜ਼ਰ ਨਹੀਂ ਕੀਤਾ ਜਦ ਤੱਕ ਉਸ ਨੇ ਪ੍ਰਮਾਤਮਾ ਵੱਲੋਂ ਗਾਉਣ ਲਈ ਬਖਸ਼ੀ ਜਾਦੂਮਈ ਆਵਾਜ਼ ਦੀ ਦਾਤ ਨੂੰ ਇਬਾਦਤ ਵਾਂਗ ਰਿਆਜ ਕਰ ਕੇ ਪਰਪੱਕ ਨਹੀਂ ਕਰ ਲਿਆ। ਗਾਇਕੀ ਦੇ ਅੰਬਰ 'ਤੇ ਚਮਕੇ ਇਸ ਸਿਤਾਰੇ ਦਾ ਨਾਂ ਹੈ ਅਵਤਾਰ ਰੰਧਾਵਾ।
ਅਵਤਾਰ ਰੰਧਾਵਾ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਆਸ ਦਿਲ ਵਿੱਚ ਲੈ ਕੇ ਸੰਨ 1997 ਵਿੱਚ ਪਿੰਡ ਲਟੌਰ(ਫਤਿਹਗੜ੍ਹ ਸਾਹਿਬ) ਨੂੰ "ਛੇਤੀ ਵਾਪਿਸ ਆਵਾਂਗਾ" ਕਹਿ ਕੇ, ਆਪਣੀ ਮੰਜਿਲ ਦੀ ਭਾਲ ਕਰਦਾ ਸਵਿੱਸ ਫਰਾਂਸ ਤੇ ਬੈਲਜੀਅਮ ਵਰਗੇ ਦੇਸ਼ਾਂ ਵਿੱਚੋਂ ਵਿਚਰਦਾ ਸੰਨ 1998 ਵਿੱਚ ਪੱਕੇ ਤੌਰ 'ਤੇ ਇਟਲੀ ਆ ਵਸਿਆ। ਹੁਣ ਉਹ ਲੰਬੇ ਸਮੇਂ ਤੋਂ ਇਟਲੀ ਦੇ ਸ਼ਹਿਰ ਮੋਦੇਨਾ ਵਿੱਚ ਰਹਿ ਕੇ ਕੈਫੇ ਚਲਾ ਰਿਹਾ ਹੈ। ਕਾਰੋਬਾਰ ਦੇ ਨਾਲ-ਨਾਲ ਪ੍ਰਮਾਤਮਾ ਵੱਲੋਂ ਮਿਲੀ ਦਾਤ ਨੂੰ ਸੰਭਾਲਦਿਆਂ ਤੇ ਪਰਪੱਕ ਕਰਦਿਆਂ ਦੋ ਕੁ ਸਾਲ ਪਹਿਲਾਂ ਇਸ ਨੂੰ ਇੱਕ ਐਲਬਮ ਰਾਹੀਂ ਸੰਗੀਤ ਪ੍ਰੇਮੀਆਂ ਤੱਕ ਪਹੁੰਚਾਉਣ ਦਾ ਫੈਸਲਾ ਲੈਂਦਿਆਂ ਅਵਤਾਰ ਰੰਧਾਵਾ ਨੇ ਮਸ਼ਹੂਰ ਗੀਤਕਾਰ ਹਰਵਿੰਦਰ ਉਹੜਪੁਰੀ ਨਾਲ ਸੰਪਰਕ ਕਾਇਮ ਕੀਤਾ। ਉਨ੍ਹਾਂ 'ਤੇ ਅਵਤਾਰ ਦੀ ਆਵਾਜ਼ ਦਾ ਜਾਦੂ ਚੱਲਿਆ ਤੇ ਉਨ੍ਹਾਂ ਐਲਬਮ ਦੀ ਤਿਆਰੀ ਵਿੱਚ ਮੱਦਦ ਕਰਨ ਲਈ ਹਾਮੀ ਭਰ ਦਿੱਤੀ। ਲੰਬੀ ਤਿਆਰੀ ਤੋਂ ਬਾਅਦ ਇਸ ਸਾਲ ਹਰਵਿੰਦਰ ਉਹੜਪੁਰੀ, ਪ੍ਰੀਤ ਨੰਗਲ ਤੇ ਚੰਨੀ ਫਰਾਂਸ ਦੇ ਰਚੇ ਗੀਤਾਂ, ਅਸ਼ੋਕ ਸ਼ਰਮਾ ਦੇ ਸੰਗੀਤ ਅਤੇ ਆਪਣੀ ਜਾਦੂਮਈ ਆਵਾਜ਼ ਨਾਲ ਸ਼ਿੰਗਾਰੀ ਆਪਣੀ ਪਹਿਲੀ ਐਲਬਮ 'ਬਿੱਲੋ' ਲੈ ਕੇ ਅਵਤਾਰ ਰੰਧਾਵਾ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। 'ਬਿੱਲੋ' ਐਲਬਮ ਨੂੰ ਅਸਟਰੇਲੀਆ ਵਿੱਚ ਸੱਗੂ ਡਰੀਮਸ, ਇੰਡੀਆ ਵਿੱਚ ਮਿਉਜਿਕ ਮਾਂਈਡਜ਼, ਇਟਲੀ ਵਿੱਚ ਜੁਗਨੀ ਰਿਕੋਰਡਜ, ਇੰਗਲੈਂਡ ਵਿੱਚ ਸਾਹਿਲ ਮਿਉਜਿਕ ਅਤੇ ਕੈਨੇਡਾ ਵਿੱਚ ਮਿਉਜਿਕ ਵੇਵਸ ਵੱਲੋਂ ਬੜੀ ਧੂਮਧਾਮ ਨਾਲ ਰੀਲੀਜ ਕੀਤਾ ਗਿਆ ਹੈ। ਇਸ ਐਲਬਮ ਵਿੱਚ ਇੱਕ ਦੋਗਾਣਾ ਤੇ ਸੱਤ ਸੋਲੋ ਗੀਤ ਸ਼ਾਮਿਲ ਹਨ। ਜਿੰਨ੍ਹਾਂ ਵਿੱਚੋਂ ਛੇ ਗੀਤ ਹਰਵਿੰਦਰ ਉਹੜਪੁਰੀ, ਇੱਕ ਗੀਤ ਪ੍ਰੀਤ ਨੰਗਲ ਅਤੇ ਇੱਕ ਗੀਤ ਚੰਨੀ ਫਰਾਂਸ ਦਾ ਲਿਖਿਆ ਹੋਇਆ ਹੈ। ਐਲਬਮ ਦਾ ਪਹਿਲਾ ਗੀਤ 'ਬਿੱਲੋ' ਜੋ ਇਸ ਦਾ ਟਾਈਟਲ ਗੀਤ ਹੈ, ਇਹ ਇੱਕ ਮਿੱਠਾ ਜਿਹਾ ਸ਼ਰਾਰਤੀ ਗੀਤ ਹੈ। ਦੂਜਾ ਗੀਤ 'ਫੁਲਕਾਰੀ', ਤਾਜ਼ਾ-ਤਾਜ਼ਾ ਹੋਏ ਪਿਆਰ ਵਿੱਚ ਹੁੰਦੀਆਂ ਜੱਗੋਂ ਬਾਹਰੀਆਂ ਹੁੰਦੀਆਂ ਗੱਲਾਂ ਨੂੰ ਬਿਆਨ ਕਰਦਾ ਹੈ। ਤੀਜਾ ਗੀਤ 'ਭਾਬੋ', ਭੰਗੜੇ ਵਾਲ਼ਾ ਗੀਤ ਹੈ। ਚੌਥਾ ਗੀਤ 'ਯਾਰੀ' ਵਿੱਚ ਉਡਜੂੰ-ਉਡਜੂੰ ਕਰਦੇ ਦਿਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਵਾਂ ਗੀਤ 'ਗੋਰਾ ਰੰਗ', ਸੋਹਣਿਆਂ ਦੇ ਸਹੁੱਪਣ ਦੀ ਤਰੀਫ ਵਿੱਚ ਹੈ। ਛੇਵਾਂ ਗੀਤ 'ਡੀ ਸੀ', ਵਿੱਚ ਇੱਕ ਹਾਣੀ ਆਪਣੀ ਹਾਨਣ ਦੀ ਟੌਹਰ ਦਾ ਮੇਲ ਇੱਕ ਉੱਚ ਅਫਸਰ ਦੀ ਟੌਹਰ ਨਾਲ ਕਰਦਾ ਹੈ। ਸੱਤਵਾਂ ਗੀਤ 'ਲੰਡਨ', ਮਾਹੀ ਦੀ ਉਡੀਕ ਵਿੱਚ ਬੂਹੇ ਵੱਲ ਨਜ਼ਰਾਂ ਟਿਕਾਈ ਬੈਠੀ ਮੁਟਿਆਰ ਦੇ ਦਿਲ ਦੀ ਹੂਕ ਹੈ। ਅੱਠਵਾਂ ਗੀਤ 'ਵੇਟ', ਇੱਕ ਦੋਗਾਣਾ ਹੈ ਜਿਸ ਨੂੰ ਅਵਤਾਰ ਰੰਧਾਵਾ ਨੇ ਪੰਜਾਬ ਦੀ ਮਸ਼ਹੂਰ ਗਾਇਕਾ ਸੁਦੇਸ਼ ਕੁਮਾਰੀ ਨਾਲ ਗਾਇਆ ਹੈ। ਜੋ ਕੋਈ ਵੀ ਇਸ ਐਲਬਮ ਨੂੰ ਸੁਣੇਗਾ ਉਹ ਖੁਦ ਹੀ ਅੰਦਾਜਾ ਲਾ ਲਵੇਗਾ ਕਿ ਗਾਇਕ ਨੇ ਇਸ ਐਲਬਮ ਲਈ ਕਿੰਨੀ ਮਿਹਨਤ ਕੀਤੀ ਹੈ। ਜਿੰਨ੍ਹਾਂ ਨੇ ਅਵਤਾਰ ਰੰਧਾਵਾ ਦੀ 'ਬਿੱਲੋ' ਐਲਬਮ ਸੁਣੀ ਹੈ ਉਹਨਾਂ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਅਵਤਾਰ ਰੰਧਾਵਾ ਕੋਈ ਮੌਸਮੀ ਗਾਇਕ ਨਹੀਂ, ਇਹ ਤਾਂ ਆਉਣ ਵਾਲ਼ੇ ਸਮੇਂ ਵਿੱਚ ਪੰਜਾਬੀ ਗਾਇਕੀ ਦੇ ਅੰਬਰ 'ਤੇ ਧਰੂੰ ਤਾਰੇ ਵਾਂਗ ਚਮਕੇਗਾ। ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਆਉਣ ਵਾਲ਼ੇ ਸਮੇਂ ਵਿੱਚ ਹਰ ਤਰ੍ਹਾਂ ਦੇ ਵਿਸ਼ਿਆਂ ਵਾਲ਼ੇ ਵਧੀਆ ਗੀਤ ਗਾ ਕੇ ਆਪਣੇ ਸਰੋਤਿਆਂ ਦਾ ਘੇਰਾ ਹੋਰ ਵਿਸ਼ਾਲ ਕਰਨ ਵਿੱਚ ਕਾਮਯਾਬ ਹੋਵੇ।

****