ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮੀਟਿੰਗ ਹੋਈ .......... ਮਾਸਿਕ ਇਕੱਤਰਤਾ / ਜ਼ੋਰਾਵਰ ਬਾਂਸਲ

ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਉੱਤੇ ਭੱਖਵੀ ਚਰਚਾ ਹੋਈ ਅਤੇ ਕਿਸਾਨੀ ਸਘੰਰਸ਼ ਤੇ ਕਰੋਨਾ ਮਹਾਮਾਰੀ ਦੀ ਵਿਗੜ ਰਹੀ ਸਥਿਤੀ ਉੱਤੇ ਫਿਕਰ ਜ਼ਾਹਿਰ ਕੀਤਾ।
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮੈਂਬਰਾਂ ਨੇ ਕਰੋਨਾ ਮਹਾਮਾਰੀ ਦੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਇਸ ਮਹੀਨੇ ਦੀ ਮੀਟਿੰਗ ਵੀ ਜ਼ੂਮ ਦੇ ਮਾਧਿਅਮ ਰਾਹੀਂ ਆਪਣੇ-ਆਪਣੇ ਘਰਾਂ ਤੋਂ ਕੀਤੀ। ਪ੍ਰਧਾਨ ਦਵਿੰਦਰ ਮਲਹਾਂਸ ਨੇ ਸਭ ਨੂੰ 'ਜੀ ਆਇਆਂਆਖਿਆ ਅਤੇ  ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ। ਸ਼ੋਕ ਮਤੇ ਪੜ੍ਹਦਿਆਂ ਵੈਨਕੂਵਰ ਨਿਵਾਸੀ ਜੋਗਿੰਦਰ ਸ਼ਮਸ਼ੇਰ ਦੇ ਸਾਹਿਤ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਵੱਲੋਂ ਇੰਗਲੈਂਡ ਵਿੱਚ ਕੀਤੀ ਪਹਿਲੀ ਵਰਲਡ ਪੰਜਾਬੀ ਕਾਨਫ਼ਰੰਸ ਅਤੇ ਮਾਨ ਸਨਮਾਨਾਂ ਦੀ ਗੱਲਬਾਤ ਵੀ ਕੀਤੀ, ਜਿਨ੍ਹਾਂ ਵਿੱਚ 2004 ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਗਮ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਸੀ। 24 ਅਗਸਤ 2021 ਨੂੰ ਜੋਗਿੰਦਰ ਸ਼ਮਸ਼ੇਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਪੰਜਾਬੀ ਲਿਖਾਰੀ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰਾਜਵੰਤ ਮਾਨ ਅਤੇ ਮਹਿੰਦਰਪਾਲ ਐਸ ਪਾਲ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ।