ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਵਿਹੜੇ ਵਿੱਚ ‘ਸ਼ਨੁੱਕ’ ਨੇ ਅਚਾਨਕ ਦਸਤਕ ਦਿੱਤੀ.......... ਪੁਸਤਕ ਰਿਲੀਜ਼ / ਤਰਲੋਚਨ ਸੈਂਭੀ


ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਕੋਸੋ ਦੇ ਦਫਤਰ ਵਿੱਚ ਮਿਤੀ 18 ਜੁਲਾਈ 2010 ਨੂੰ ਹੋਈ। ਜਿਸ ਵਿੱਚ ਪੰਜਾਬੀ ਲਿਖਾਰੀ ਸਭਾ ਦੀ ਕਾਰਜਕਾਰੀ ਕਮੇਟੀ ਦੇ ਸੁਹਿਰਦ ਮੈਬਰ ਅਤੇ ਸ਼ਾਇਰ ਹਰੀਪਾਲ ਦੁਆਰਾ ਸੰਪਾਦਿਤ ਕੈਨੇਡਾ ਦੇ ਪ੍ਰਸਿੱਧ ਗ਼ਜ਼ਲਗੋਆਂ ਦੀ ਪੁਸਤਕ ‘ਸ਼ਨੁੱਕ’ ਰੀਲੀਜ ਕੀਤੀ ਗਈ। ਕੋਸੋ ਦੇ ਖਚਾਖਚ ਭਰੇ ਹਾਲ ਵਿੱਚ ਮੰਚ ਦਾ ਸੰਚਾਲਨ ਸਭਾ ਦੇ ਜਰਨਲ ਸਕੱਤਰ ਤਰਲੋਚਨ ਸੈਂਬੀ ਨੇ ਕੀਤਾ । ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਤਰਲੋਚਨ ਸੈਂਭੀ ਨੇ ਪ੍ਰਧਾਨਗੀ ਮੰਡਲ ਲਈ ਪ੍ਰਧਾਨ ਗੁਰਬਚਨ ਬਰਾੜ, ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਜਸਵੰਤ ਗਿੱਲ, ਹਰਨਾਮ ਸਿੰਘ ਗਰਚਾ,ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੂੰ ਸਟੇਜ਼ ਤੇ ਬੁਲਾਇਆ।ਉਪਰੰਤ ਸਭਾ ਦੇ ਵਾਰਸਿ਼ਕ ਸਮਾਗਮ ਦੀ ਰੀਪੋਰਟ ਪੜ੍ਹੀ ਗਈ। ਉਸ ਤੋ ਬਾਅਦ ਭੋਲਾ ਚੌਹਾਨ ਨੇ ਪ੍ਰੋ ਮੋਹਨ ਸਿੰਘ ਔਜਲਾ ਦੀ ਗ਼ਜ਼ਲ ਤਰੰਨਮ ਵਿੱਚ ਸੁਣਾਈ । ਬਲਵੀਰ ਗੋਰਾ ‘ਰਕਬੇ ਵਾਲੇ’ ਨੇ ਆਪਣਾ ਲਿਖਿਆ ਗੀਤ ‘ਮੈਂ ਕਲਮ ਹਾਂ ਇੱਕ ਸ਼ਾਇਰ ਦੀ’ ਗਾਇਆ ਤੇ ਵਾਹ ਵਾਹ ਖੱਟੀ । ਗੁਰਲਾਲ ਸਿੰਘ ਢੰਡਾ ਜੋ ਕਿ ਸਭਾ ਦੇ ਨਵੇਂ ਮੈਬਰ ਹਨ ਨੇ ਆਪਣੀ ਕਵਿਤਾ ‘ ਕਿਉਂ ਹਥਿਆਰਾਂ ਨੂੰ ਖੁਨ ਦੇ ਛਿੱਟੇ ਲਾਈ ਜਾਂਦੇ ਹੋ’ ਪੜੀ ਅਤੇ ਧਰਮ ਦੇ ਨਾਂ ਤੇ ਫੋਕੇ ਅਡੰਬਰਾਂ ਤੇ ਚਿੰਤਾ ਜਾਹਿਰ ਕੀਤੀ । ਜ਼ੋਰਾਵਰ ਸਿੰਘ ਬਾਂਸਲ ਜਿਹੜੇ ਮੈਡੀਸਨ ਹੈਟ ਤੋ ਹਰ ਮਹੀਨੇ ਸਭਾ ਵਿੱਚ ਹਾਜ਼ਰੀ ਭਰਦੇ ਹਨ ਨੇ ਆਪਣੀ ਕਵਿਤਾ ‘ਤੇਰੇ ਤੋਂ ਬਾਅਦ’ ਸਰੋਤਿਆਂ ਨਾਲ ਸਾਂਝੀ ਕੀਤੀ । ਇਸ ਤੋਂ ਬਾਅਦ ਗੁਰਬਚਨ ਬਰਾੜ,ਸੁਰਿੰਦਰ ਗੀਤ,ਜਸਵੰਤ ਸਿੰਘ ਗਿੱਲ,ਹਰਨਾਮ ਸਿੰਘ ਗਰਚਾ,ਮੰਗਲ ਹਠੂਰ ਅਤੇ ਹਰੀਪਾਲ ਨੇ ਰਸਮੀ ਤੌਰ ਤੇ ਕਿਤਾਬ ‘ਸ਼ਨੁੱਕ’ ਦੀ ਘੁੰਡ ਚੁਕਾਈ ਕੀਤੀ । ਹਰੀਪਾਲ ਨੇ ਪੁਸਤਕ ਦੀ ਕਾਪੀ ਆਪਣੀ ਜੀਵਨ ਸਾਥਣ ਸੁਖਪਾਲ ਕੌਰ ਹੈਰੀ ਨੂੰ ਭਂੇਟ ਅਤੇ ਸਮਰਪਣ ਕੀਤੀ । ਗੁਰਬਚਨ ਬਰਾੜ ਨੇ ਪੁਸਤਕ ਬਾਰੇ ਖੋਜ ਭਰਪੂਰ ਪਰਚਾ ਪੜਿਆ ਅਤੇ ਹਰੀਪਾਲ ਦੇ ਇਸ ਉੱਦਮ ਨੂੰ ਸਲਾਘਾਯੋਗ ਦੱਸਿਆ । ਬਲਜਿੰਦਰ ਸਿੰਘ ਢਿੱਲੋਂ ਨੇ ਕੈਨੇਡਾ ਦੇ ਜੀਵਨ ਤੇ ਅਧਾਰਿਤ ਬੋਲੀਆਂ ਸੁਣਾਈਆਂ । ਕੋਸੋ ਦੇ ਪ੍ਰਧਾਨ ਹੈਪੀ ਮਾਨ ਨੇ ਤਿੰਨੇ ਸਭਾਵਾਂ ਦੀ ਹਾਜ਼ਰੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕੋਸੋ ਅਜਿਹੇ ਕਿਸੇ ਵੀ ਸਂਾਝੇ ਪ੍ਰੋਗਰਾਮ ਲਈ ਮਾਲੀ ਮੱਦਦ ਦੇ ਸਕਦੀ ਹੈ ਜੋ ਕਿ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਿੱਖੀ ਦੀ ਪ੍ਰਫੁੱਲਤਾ ਲਈ ਹੋਵੇ । ਉਪਰੰਤ ਸਭਾ ਦੇ ਸਾਬਕਾ ਸਕੱਤਰ ਹਰਬੰਸ ਬੁੱਟਰ ਨੇ ਹਰੀਪਾਲ ਨੂੰ ਕਿਤਾਬ ਛਪਾਉਣ ਲਈ ਵਧਾਈ ਦਿੱਤੀ ਅਤੇ ਆਪਣੀ ਵਿਅੰਗਮਈ ਰਚਨਾ ‘ਕਨੇਡੀਅਨ ਜਾਗੋ’ ਗਾ ਕੇ ਹਾਜ਼ਰੀਨ ਤੋਂ ਦਾਦ ਲਈ । ਬਲਜਿੰਦਰ ਸੰਘਾ ‘ਬਿੱਟੂ’ ਨੇ ਆਪਣੀ ਕਵਿਤਾ ਵਿੱਚ ਜੋਤਸ਼ੀਆਂ ਨੂੰ ਆੜੇ ਹੱਥੀਂ ਲਿਆ । ਪ੍ਰੋਫੈਸਰ ਮਨਜੀਤ ਸਿੰਘ ਨੇ ਕਿਤਾਬ ਬਾਰੇ ਵਡਮੁੱਲੇ ਵਿਚਾਰ ਪੇਸ਼ ਕੀਤੇ । ਹਰੀਪਾਲ ਨੇ ਆਪਣੇ ਮਿੱਤਰ ਮੰਡਲ ਦਾ ਧੰਨਵਾਦ ਕੀਤਾ ਜਿੰਨਾ ਨੇ ਇਸ ਕਾਰਜ ਲਈ ਹੌਂਸਲਾ ਅਤੇ ਪ੍ਰੇਰਣਾ ਦਿੱਤੀ । ਉਹਨਾ ਨੇ ਇਸ ਕਿਤਾਬ ਵਿੱਚੋ ਚੋਣਵੇਂ ਸੇ਼ਅਰ ਪੇਸ਼ ਕੀੱਤੇ । ਗੁਰਨਾਮ ਸਿੰਘ ਗਿੱਲ ਨੇ ਕਵੀਸ਼ਰੀ ਪੇਸ਼ ਕੀਤੀ । ਸੁਰਿੰਦਰ ਗੀਤ ਨੇ ਗ਼ਜ਼ਲ ‘ਨੈਣਾਂ ਦੇ ਖੋਲ ਬੂਹੇ’ ਗਾਈ । ਮੰਗਲ ਹਠੂਰ ਨੇ ਮਾਂ ਬਾਰੇ ਗੀਤ ਗਾਇਆ । ਸ਼ਮਸ਼ੇਰ ਸੰਧੂ ( ਪ੍ਰਧਾਨ ਰਾਈਟਰਜ਼ ਫੋਰਮ ) ਨੇ ਆਪਣੀ ਰਚਨਾਂ ਸੁਣਾਈ । ਤਰਲੋਚਨ ਸੈਂਬੀ ਨੇ ਡਾ ਦਰਸ਼ਨ ਗਿੱਲ ਦੀ ਗ਼ਜ਼ਲ ਤਰੰਨਮ ਵਿੱਚ ਪੇਸ਼ ਕੀਤੀ । ਅਮਨਦੀਪ ਪਰਹਾਰ, ਡਾਕਟਰ ਪ੍ਰਮਜੀਤ ਬਾਠ ਅਤੇ ਪ੍ਰਸ਼ੋਤਮ ਅਠੌਲੀ ਵਾਲੇ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਹਾਜ਼ਰੀਨ ਵਿੱਚ ਮਹਿੰਦਰ ਸਿੰਘ ਹੱਲਣ,ਬਲਦੇਵ ਕੰਗ,ਰਾਮਪਾਲ ਸੋਹੀ,ਗੁਰਵੀਰ ਸੋਹੀ,ਪ੍ਰਮਜੀਤ ਸੰਦਲ,ਨਛੱਤਰ ਪੁਰਬਾ,ਹਰਿੰਦਰਜੀਤ ਗੋਲਨ,ਜੋਗਿੰਦਰ ਸੰਘਾ,ਦਵਿੰਦਰ ਮਨਹਾਸ,ਹਰਜਿੰਦਰ ਸਿੰਘ ਢਿੱਲੋਂ,ਰਾਜਪਾਲ ਗਰਚਾ,ਇਕਬਾਲ ਖਾਨ,ਰਾਜਦੀਪ ਕੌਰ ਗਿੱਲ,ਸੁਖਪਾਲ ਕੌਰ ਬੁੱਟਰ,ਹਰਲੋਕਜੀਤ ਕੌਰ ਬੁੱਟਰ,ਨਸੀਬ ਕੌਰ,ਗੁਰਪਾਲ ਸਿੰਘ,ਰਾਜ ਕਿਰਨ,ਮਾ: ਭਜਨ ਸਿੰਘ ਗਿੱਲ,ਜਰਨੈਲ ਤੱਗੜ,ਹਰਿਭਜਨ ਢਿੱਲੋਂ,ਸੁਖਪਾਲ ਪਰਮਾਰ,ਸਤਨਾਮ ਢਾਹ,ਕੇਸਰ ਸਿੰਘ ਨੀਰ,ਨਰਿੰਦਰ ਸਿੰਘ ਢਿੱਲੋਂ,ਜਗਰਾਜ ਗਿੱਲ ਰਾਮੂਵਾਲੀਆ,ਕੁਲਦੀਪ ਕੌਰ ਘਟੋੜਾ,ਪਵਨਦੀਪ ਬਾਂਸਲ, ਕੁਲਜੀਤ ਸੈਂਬੀ,ਗੁਰਪ੍ਰੀਤ ਸੈਂਬੀ,ਪ੍ਰਭਜੀਤ ਸੈਂਬੀ,ਰਣਜੀਤ ਲਾਡੀ ਗੋਬਿੰਦਪੁਰੀ ਵੀ ਸ਼ਾਮਲ ਸਨ ।ਅੰਤ ਵਿੱਚ ਜਸਵੰਤ ਸਿੰਘ ਗਿੱਲ ਨੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ । ਪੰਜਾਬੀ ਲਿਖਾਰੀ ਸਭਾ ਦੀ ਅਗਲੀ ਮੀਟਿੰਗ ਅਗਸਤ 15/2010 ਨੂੰ ਕੋਸੋ ਦੇ ਦਫਤਰ ਵਿੱਚ ਹੋਵੇਗੀ । ਹੋਰ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ ਨੂੰ 403-470-2628 ਜਾਂ ਜਰਨਲ ਸਕੱਤਰ ਤਰਲੋਚਨ ਸੈਂਭੀ ਨੂੰ 403-650-3759 ਤੇ ਫੋਨ ਕਰ ਸਕਦੇ ਹੋ।

‘ਸ਼ਾਮ-ਏ ਗਜ਼ਲ ’ ਪ੍ਰੋਗਰਾਮ ’ਚ ਨਾਮਵਾਰ ਗਜ਼ਲ ਗਾਇਕਾਂ ਨੇ ਬੰਨਿਆ ਰੰਗ.......... ਮਹਿਫ਼ਲ / ਸਪਨ ਮਨਚੰਦਾ

ਫ਼ਰੀਦਕੋਟ : ਲਿਟਰੇਰੀ ਫੌਰਮ ਫ਼ਰੀਦਕੋਟ ਵੱਲੋਂ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਇਥੋਂ ਦੇ ਮਹਾਤਮਾ ਗਾਂਧੀ ਸਕੂਲ ਵਿਖੇ ਇਕ ਸੂਫੀ ਸ਼ਾਮ ‘ਸ਼ਾਮ-ਏ ਗਜ਼ਲ ’ ਕਰਵਾਈ ਗਈ। ਇਸ ਅਦਬੀ ਮਹਿਫ਼ਲ ਵਿੱਚ ਜਿਥੇ ਮਾਲਵੇ ਦੇ ਚਰਚਿਤ ਗਜ਼ਲ ਗਾਇਕ ਪ੍ਰੋ.ਰਾਜੇਸ਼ ਮੋਹਨ ਨੇ ਆਪਣੀਆਂ ਅਰਥ ਭਰਪੂਰ ਤੇ ਦਿਲ ਟੁੰਬਵੀਆਂ ਗਜ਼ਲਾਂ ਦੇ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਉਥੇ ਵਿਜੇ ਦੇਵਗਨ, ਹਰਜੀਤ ਸਿੰਘ, ਗੁਰਦੇਵ ਸਿੰਘ ਅਤੇ ਸਿਮਰਤਾ ਨੇ ਵੀ ਆਪਣੀ ਭਰਵੀ ਹਾਜ਼ਰੀ ਲਗਵਾਈ।

ਇਸ ਸਾਹਿਤਕ ਸ਼ਾਮ ਦੀ ਸ਼ੁਰੂਆਤ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਜਗਜੀਤ ਸਿਘ ਚਾਹਲ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਪ੍ਰੋਗਰਾਮ ’ਚ ਰੰਗ ਬੰਨ•ਦਿਆਂ ਸਿਮਰਤਾ ਨੇ ਆਪਣਾ ਗੀਤ ‘ ਹਾਲ ਵੇ ਰੱਬਾ, ਲੁੱਟੀ ਹੀਰ ਵੇ ਫਕੀਰ ਦੀ ’ ਵੱਖਰੇ ਅੰਦਾਜ਼ ’ਚ ਪੇਸ਼ ਕੀਤਾ। ਇਸ ਮਗਰੋਂ ਗੁਰਦੇਵ ਸਿੰਘ ਅਤੇ ਹਰਜੀਤ ਸਿੰਘ ਨੇ ਵੀ ਪ੍ਰਭਾਵਸ਼ਾਲੀ ਹਾਜ਼ਰੀ ਲਗਵਾਈ। ਵਿਜੇ ਦੇਵਗਨ ਨੇ ਗਜ਼ਲਗੋਂ ਵਿਜੇ ਵਿਵੇਕ ਦੀ ਗਜ਼ਲ ‘ ਤੱਤੇ ਰੇਤਿਆਂ ਦੇ ਨਾਲ ਤਿੱਖੇ ਆਰਿਆਂ ਦੇ ਨਾਲ,ਅਸੀਂ ਨਿਭੇ ਜਿਵੇਂ ਨਿਭੀਦਾ ਪਿਆਰਿਆਂ ਦੇ ਨਾਲ ’ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਸਾਹਿਤਕ ਸ਼ਾਮ ਨੂੰ ਸਿਖਰ ਵੱਲ ਲਿਜਾਦਿਆਂ ਪ੍ਰੋ.ਰਾਜੇਸ਼ ਮੋਹਨ ਨੇ ਆਪਣੀ ਸੋਜਮਈ ਆਵਾਜ਼ ਨਾਲ ਆਪਣੀਆਂ ਚਰਚਿਤ ਗਜ਼ਲਾਂ ’ ਕਿਆ ਅਜੀਬ ਫਿਤਰਤ ਹੈ ਮੇਰੇ ਸ਼ਹਿਰ ਵਾਲੋਂ ਕੀ, ਕੋਸ਼ਿਸ਼ੇਂ ਅਧੇਰੋਂ ਕੀ ਆਰਜੂ ਉਜਾਲੋਂ ਕੀ ’, ‘ ਪਰਿੰਦੋਂ ਕੋ ਯੇ ਸਮਝਾਓ ਵੋ ਮੌਸਮ ਫਿਰ ਸੇ ਆਏਗਾ’, ‘ ਮੈਂ ਆਵਾਰਾ ਰਾਸਤੋਂ ਕਾ ਹਮਸਫ਼ਰ ਐ ਜ਼ਿੰਦਗੀ ’ ਅਤੇ ‘ਮਾਏ ਨੀਂ ਮੈਂ ਖ਼ਾਬ ਸੱਜਣ ਦੇ ਦੇਖਾਂ’ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਸਾਹਿਤਕ ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਸਮਾਗਮ ’ਚ ਜੁੜੇ ਸੰਵੇਦਨਸ਼ੀਲ ਲੋਕਾਂ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵਚਨ ਦਿੱਤਾ ਗਿਆ ਅਤੇ ਵਾਤਾਵਰਣ ਸ਼ੁੱਧਤਾ ਦੀ ਲਹਿਰ ’ਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਲਿਆ ਗਿਆ। ਇਸ ਮੌਕੇ ਵਾਤਾਵਰਣ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਦੀ ਪ੍ਰਦਰਸ਼ਨੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਮੁੱਚੇ ਸਮਗਾਮ ਦਾ ਸੰਚਾਨਲ ਜਸਬੀਰ ਜੱਸੀ ਵੱਲੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਫੌਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਅਤੇ ਵਾਤਾਵਰਣ ਪ੍ਰੇਮੀ ਓਮੇਂਦਰ ਦੱਤ ਨੇ ਸਭਨਾ ਦਾ ਧੰਨਵਾਦ ਕੀਤਾ। ਇਸ ਮੌਕੇ ਨਾਮਵਾਰ ਗਜ਼ਲਗੋਂ ਵਿਜੇ ਵਿਵੇਕ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਪ੍ਰਿੰਸੀਪਲ ਸਾਧੂ ਸਿੰਘ,ਪ੍ਰਿੰਸੀਪਲ ਨਵਰਾਹੀ ਘੁਗਿਆਣਵੀ, ਗੁਰਮੀਤ ਸਿੰਘ ਕੋਟਕਪੂਰਾ, ਡਾ.ਪਰਮਿੰਦਰ ਤੱਗੜ, ਸੰਗੀਤਕਾਰ ਕੁਲਵਿੰਦਰ ਕੰਵਲ, ਸੁਰਿੰਦਰ ਮਚਾਕੀ, ਡਾ.ਐਸ.ਪੀ.ਐਸ.ਸੋਢੀ, ਗੁਰਚਰਨ ਸਿੰਘ ਭੰਗੜਾ ਕੋਚ, ਜਸਵਿੰਦਰ ਮਿੰਟੂ, ਨਿਰਮੋਹੀ ਫ਼ਰੀਦਕੋਟੀ, ਵਿਕਾਸ ਅਰੋੜਾ, ਪ੍ਰਵੀਨ ਕਾਲਾ, ਗੁਰਪ੍ਰੀਤ ਦਬੜੀਖਾਨਾ, ਚੰਨਾ ਰਾਣੀਵਾਲੀਆ ਤੋਂ ਇਲਾਵਾ ਸਾਹਿਤ ਪ੍ਰੇਮੀ ਮੌਜੂਦ ਸਨ।

ਸ਼ਮਸ਼ੇਰ ਸਿੰਘ ਸੰਧੂ ਨੂੰ 2010 ਪ੍ਰਮੁੱਖ ਕੈਲਗਰੀ ਸ੍ਰੇਸ਼ਟ ਜਠੇਰਾ ਪੁਰਸਕਾਰ ......... ਸਨਮਾਨ ਸਮਾਰੋਹ


2010 ਦੇ ਪ੍ਰਮੁੱਖ ਕੈਲਗਰੀ ਸ੍ਰੇਸ਼ਟ ਜਠੇਰਾ ਪੁਰਸਕਾਰ (2010 Outstanding Calgary Seniors’ Awards), 12 ਜੂਨ 2010 ਨੂੰ ਕੈਲਗਰੀ ਡਰੀਮ ਸੈਂਟਰ 4510 ਮੈਕਲਿਓਡ ਟਰੇਲ, ਸਾਊਥ ਵੈਸਟ ਵਿਖੇ ਦਿੱਤੇ ਗਏ। 65 ਸਾਲ ਦੀ ਉਮਰ ਤੇ ਵਡੇਰੇ ਵਿਅਕਤੀਆਂ ਇਹ ਵਕਾਰੀ ਪੁਰਸਕਾਰ ਵੱਖੋ ਵੱਖ ਛੇ ਮੱਦਾਂ ਵਿੱਚ ਹਨ- ਕਲਾ, ਜੀਵਨ ਜਾਚ, ਦੇਖ-ਭਾਲ, ਲੀਡਰਸ਼ਿਪ, ਵਲੰਟੀਅਰ ਕਰਨ ਤੇ ਆਮ ਪ੍ਰਾਪਤੀ।

ਕਲਾ ਦੀ ਮੱਦ ਵਿੱਚ ਇਹ ਸ੍ਰੇਸ਼ਟ ਜਠੇਰਾ ਪੁਰਸਕਾਰ ਸ਼ਮਸ਼ੇਰ ਸਿੰਘ ਸੰਧੂ ਨੂੰ ਦਿੱਤਾ ਗਿਆ ਹੈ। ਸ਼ਮਸ਼ੇਰ ਸਿੰਘ ਸੰਧੂ ਨੇ 65 ਸਾਲਾਂ ਦੀ ਉਮਰ ਹੋਣ ਪਿੱਛੋਂ ਗ਼ਜ਼ਲ ਲਿਖਣੀ ਸ਼ੁਰ ਕੀਤੀ। ਹੁਣ ਤਕ ਉਹ ਅੱਠ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨ-


• ਗਾ ਜ਼ਿੰਦਗੀ ਦੇ ਗੀਤ ਤੂੰ (ਗ਼ਜ਼ਲ ਸੰਗ੍ਰਹਿ) 2003
• ਜੋਤ ਸਾਹਸ ਦੀ ਜਗਾ (ਕਾਵਿ ਸੰਗ੍ਰਹਿ) 2005
• ਬਣ ਸ਼ੁਆ ਤੂੰ (ਗ਼ਜ਼ਲ ਸੰਗ੍ਰਹਿ) 2006
• ਰੌਸ਼ਨੀ ਦੀ ਭਾਲ (ਗ਼ਜ਼ਲ ਸੰਗ੍ਰਹਿ) 2007
• ਕਸ਼ਮੀਰਾ ਸਿੰਘ ਚਮਨ ਦੀਆਂ ਚੋਣਵੀਆਂ ਗ਼ਜ਼ਲਾਂ 2007
• ਸੁਲਗਦੀ ਲੀਕ (ਗ਼ਜ਼ਲ ਸੰਗ੍ਰਹਿ) 2008
• ਗੀਤ ਤੋਂ ਸੁਲਗਦੀ ਲੀਕ ਤਕ (ਗ਼ਜ਼ਲ ਸੰਗ੍ਰਹਿ) 2009
• ਕਲਾਮੇਂ ਸਬਾ ਕੇ ਤੀਨ ਰੰਗ–ਸਬਾ ਸ਼ੇਖ਼ ਕੀ ਉਰਦੂ ਨਜ਼ਮੇਂ 09

9ਵੀਂ ਪੁਸਤਕ ਢਲ ਰਹੇ ਐ ਸੂਰਜਾ (ਗ਼ਜ਼ਲ ਸੰਗ੍ਰਹਿ) 2010 ਛਪਣ ਲਈ ਤਿਆਰ ਪਈ ਹੈ। ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਸੰਧੂ ਦੋ ਵਾਰ ਕੋਸੋ (COSO) ਦੇ ਸੀਨੀਅਰ ਮੀਤ ਪ੍ਰਧਾਨ, ਦਸ਼ਮੇਸ਼ ਕਲਚਰ ਸੈਂਟਰ, ਕੈਲਗਰੀ ਦੇ ਟਰਸਟੀ ਅਤੇ ਏਸ਼ੀਅਨ ਹੈਰੀਟੇਜ ਕਮੇਟੀ ਦੇ ਸੈਕਰੇਟਰੀ, ਇੰਡੋ-ਕੈਨੇਡੀਅਨ ਸੀਅਰਜ਼ ਸੁਸਾਇਟੀ ਦੇ ਸੈਕਰੇਟਰੀ ਅਤੇ ਲ਼ਿਖਾਰੀ ਸਭਾ ਕੈਲਗਰੀ ਦੀ ਕਾਰਜ-ਕਾਰਣੀ ਦੇ ਮੈਂਬਰ ਵੀ ਰਹਿ ਚੁਕੇ ਹਨ। ਉਹਨਾਂ ਨੇ ਬਹੁਤ ਸਾਰੀਆਂ ਸਭਾ ਸੋਸਾੲਟੀਆਂ ਲਈ ਵਲੰਟੀਅਰ ਕੀਤਾ ਹੈ। ਉਹ ਰਾਈਟਰਜ਼ ਫੋਰਮ, ਕੈਲਗਰੀ ਦੇ ਬਾਨੀ ਹਨ ਅਤੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।
ਸ਼ਮਸ਼ੇਰ ਸਿੰਘ ਸੰਧੂ ਨੇ ਕੈਨੇਡਾ ਦੇ ਰਾਸ਼ਟਰ ਗੀਤ ‘ਓ ਕੈਨੇਡਾ’ ਅਤੇ ਅਲਬਰਟਾ ਦੇ ਗੀਤ ‘ਅਲਬਰਟਾ’ ਦਾ ਪੰਜਾਬੀ ਰੂਪ ਤਿਆਰ ਕੀਤਾ। ‘ਓ ਕੈਨੇਡਾ’ ਅਤੇ ‘ਅਲਬਰਟਾ’ ਦਾ ਪੰਜਾਬੀ ਰੂਪ 12 ਜੂਨ, 2007 ਨੂੰ ਅਲਬਰਟਾ ਅਸੈਂਬਲੀ ਦੇ ਸਥਾਈ ਰੀਕਾਰਡ ਤੇ ਰੱਖੇ ਗਏ ਸਨ। ਬੜੇ ਮਾਨ ਦੀ ਗੱਲ ਹੈ ਕਿ ‘ਓ ਕੈਨੇਡਾ’ ਦਾ ਪੰਜਾਬੀ ਰੂਪ 18 ਜੂਨ, 2007 ਨੂੰ ਕੈਨੇਡਾ ਦੇ ਆਰਕਾਈਵਜ਼ ਵਿੱਚ ਵੀ ਰੱਖਿਆ ਗਿਆ ਸੀ। 
ਜੀਵਨ ਜਾਚ, ਕਲਾ, ਦੇਖ-ਭਾਲ, ਅਗਵਾਈ, ਵਲੰਟੀਅਰ ਕਰਨ ਤੇ ਆਮ ਪ੍ਰਾਪਤੀ ਦੀਆਂ ਇਹਨਾਂ ਛੇ ਮੱਦਾਂ ਲਈ ਕੁਲ 36 ਨਾਮਜ਼ਦਗੀਆਂ ਆਈਆਂ ਸਨ। ਨਾਮਜ਼ਦ ਹੋਏ ਇਹਨਾਂ ਕੈਲਗਰੀ ਵਾਸੀ ਸਾਰੇ ਬਜ਼ੁਰਗਾਂ ਦੀਆਂ ਆਪਣੇ ਆਪਣੇ ਖੇਤਰ ਵਿੱਚ ਪ੍ਰਾਪਤੀਆਂ ਤੇ ਸਮਾਜ ਵਿੱਚ ਪਾਏ ਯੋਗਦਾਨ ਲਈ ਉਹਨਾਂ ਨੂੰ ਮਾਨਤਾ ਦਿੱਤੀ ਗਈ। ਜੱਜਾਂ ਵੱਲੋਂ ਮੱਦਵਾਰ ਚੁਣੇ ਗਏ ਪ੍ਰਮੁੱਖ ਬਜ਼ੁਰਗਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਗਏ ਜੇਤੂ ਵਿਅਕਤੀ ਹਨ-

ਕਲਾ - ਸ਼ਮਸ਼ੇਰ ਸਿੰਘ ਸੰਧੂ
ਜੀਵਨ ਜਾਚ - ਮਾਰਲਿਨ ਟਰਸਕੋਟ
ਦੇਖ-ਭਾਲ - ਘਰਡਾ ਵੁਡਰਜ਼ੈਕ
ਲੀਡਰਸ਼ਿਪ – ਜੌਰਜ ਹੌਪਕਿਨਜ਼ 
ਵਲੰਟੀਅਰ ਕਰਨ – ਐਲਾ ਓ ਡੋਨੈਲ
ਤੇ ਆਮ ਪ੍ਰਾਪਤੀ – ਦੌਲਤ ਜਾਨਮਹੰਮਦ


ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਰਿਲੀਜ਼ “ਸੱਜਣਾਂ ਦਾ ਖੂਹ”ਹੁਣ ਪਾਠਕਾਂ ਦੀ ਪਿਆਸ ਬੁਝਾਵੇਗਾ.......... ਪੁਸਤਕ ਰਿਲੀਜ਼ / ਤਰਲੋਚਨ ਸੈਂਭੀ


ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ 11 ਜੁਲਾਈ 2010 ਨੂੰ ਫਾਲਕਿਨਰਿਜ਼ / ਕੈਸਲਰਿਜ਼ ਕਮਿਊਨਟੀ ਹਾਲ ਵਿੱਚ, ਕੈਲਗਰੀ ਸਹਿਰ ਦੇ ਪਤਵੰਤੇ ਸੱਜ਼ਣਾਂ ਦੀ ਭਰਵੀਂ ਹਾਜ਼ਰੀ ਵਿੱਚ ਪੰਜਾਬੀ ਦੇ ਪ੍ਰਸਿੱਧ ਗੀਤਕਾਰ “ਮੰਗਲ ਹਠੂਰ” ਦੇ ਲਿਖੇ ਹੋਏ ਗੀਤਾਂ ਦੀ ਕਿਤਾਬ “ਸੱਜ਼ਣਾਂ ਦਾ ਖੂਹ” ਰਿਲੀਜ਼ ਕਰਨ ਦਾ ਪ੍ਰੋਗ੍ਰਾਮ ਰਾਮਪਾਲ ਸੋਹੀ ਦੇ ਉਪਰਾਲੇ ਨਾਲ ਉਲੀਕਿਆ ਗਿਆ। ਦਿਨ ਦੇ ਦੋ ਵਜੇ ਸਟੇਜ ਸਕੱਤਰ ਦੀ ਜਿੰਮੇਵਾਰੀ ਸਾਂਭਦਿਆਂ ਹਰਬੰਸ ਬੁੱਟਰ ਨੇ ਪ੍ਰਧਾਨਗੀ ਮੰਡਲ ਲਈ ਸਭਾ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ, ਪ੍ਰੋ: ਮਨਜੀਤ ਸਿੰਘ ਸਿੱਧੂ ਅਤੇ ਅੱਜ ਦੇ ਮੁੱਖ ਮਹਿਮਾਨ ਮੰਗਲ ਹਠੂਰ ਨੂੰ ਮੰਚ ਉੱਪਰ ਆਉਣ ਲਈ ਸੱਦਾ ਦਿੱਤਾ। ਗੋਰਾ ਰਕਵੇ ਵਾਲਾ ਦੇ ਗੀਤ “ਹੁਣ ਰੰਗਲਾ ਪੰਜਾਬ ਗੀਤਾਂ ਦੇ ਵਿੱਚ ਹੀ ਰਹਿ ਗਿਆ ਏ” ਨਾਲ ਪ੍ਰੋਗਰਾਮ ਦੀ ਸੁਰੂਆਤ ਹੋਈ। ਸੱਤਪਾਲ ਕੌਸਿਲ ਨੇ ਮੰਗਲ ਹਠੂਰ ਨਾਲ ਆਪਣੇ ਪਿੰਡਾਂ ਦੀ ਮਿੱਟੀ ਦੀ ਮਹਿਕ ਦੀ ਸਾਂਝ ਬਾਰੇ ਗੱਲ ਕਰਦਿਆਂ ਮੰਗਲ ਹਠੂਰ ਨੂੰ ਜੀ ਆਇਆਂ ਕਿਹਾ। ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ “ਸੱਜਣਾਂ ਦੇ ਖੂਹ” ਬਾਰੇ ਗੱਲ ਕਰਦਿਆਂ ਕਿਹਾ ਕਿ ਮੰਗਲ ਹਠੂਰ ਨੇ ਦੁਨੀਆ ਭਰ ਦੇ ਸਮਾਜ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਆਪਣੀ ਕਲਮ ਰਾਹੀਂ ਕਹਿਣ ਦੀ ਸਫਲ ਕੋਸਿ਼ਸ ਕੀਤੀ ਹੈ।


“ਰੱਬਾ ਇਹ ਈਰਖਾ ਦੀ ਵੇਲ ਸੁੱਕ ਜਾਏ।ਦੁਨੀਆਂ ਚੋਂ ਸਦਾ ਲਈ ਲੜਾਈ ਮੁੱਕ ਜਾਏ”

“ਇਉਂ ਨਾ ਕਰ ਮਿੱਤਰਾ ਪਾਣੀ ਦੀ ਬਰਬਾਦੀ”

“ਮਾਂ ਵੀ ਧੀ ਸੀ ਭੁੱਲ ਇਸ ਗੱਲ ਨੂੰ ,ਰੋਜ ਸਾਡੇ ਤੇ ਜ਼ੁਲਮ ਕਮਾਉਣ ਲੱਗੀ”

ਜਿਸ ਵੇਲੇ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ “ਸੱਜਣਾਂ ਦੇ ਖੂਹ” ਦੀ ਘੁੰਢ ਚੁਕਾਈ ਕੀਤੀ ਤਾਂ ਉਸ ਵੇਲੇ ਮੰਚ ਉਤੇ ਰਾਮਪਾਲ ਸੋਹੀ, ਹਰਬੰਸ ਬੁੱਟਰ, ਪ੍ਰੋ: ਮਨਜੀਤ ਸਿੰਘ ਸਿੱਧੂ, ਸਾਹਬਾਜ਼ ਹੁੰਦਲ, ਰਾਣਾ ਸੰਧੂ, ਬਲਦੇਵ ਸੰਘਾ, ਵੀਰਪਾਲ ਸੋਹੀ ਅਤੇ ਨਵਦੀਪ ਵੀ ਹਾਜ਼ਰ ਸਨ। ਮੰਗਲ ਹਠੂਰ ਨੇ ਤਕਰੀਬਨ ਇੱਕ ਘੰਟਾ ਸਰੋਤਿਆਂ ਨਾਲ ਆਪਣੀ ਕਲਮ ਦੇ ਸਫਰ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਰੇਡੀਓ ਸੁਰ ਸੰਗਮ ਵਾਲਾ ਰਣਜੀਤ ਸਿੱਧੂ ਵੀ ਆਪਣਾ ਸਾਜ਼ੋ ਸਾਮਾਨ ਲੈ ਕੇ ਉੱਥੇ ਪਹੁੰਚਿਆ ਹੋਇਆ ਸੀ, ਜਿਸ ਨੇ ਹਾਲ ਵਿੱਚੋਂ ਹੀ ਸਿੱਧੇ ਪ੍ਰਸਾਰਣ ਰਾਹੀਂ ਸਮੁੱਚੇ ਕੈਲਗਰੀ ਨਿਵਾਸੀਆਂ ਨੂੰ ਇਸ ਪ੍ਰੋਗਰਾਮ ਨਾਲ ਜੋੜੀ ਰੱਖਿਆ। “ਸੱਜਣਾਂ ਦਾ ਖੂਹ” ਨੂੰ ਖਰੀਦ ਕੇ ਪੜ੍ਹਨ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ, ਉੱਧਰ ਮੰਗਲ ਹਠੂਰ ਆਪਣੇ ਹੱਥੀਂ ਬਹੁਤ ਹੀ ਪਿਆਰ ਸਤਿਕਾਰ ਨਾਲ ਕਿਤਾਬ ਉੱਤੇ ਆਪਣੇ ਦਸਤਖਤ ਕਰਕੇ ਆਪਣੀ ਕਲਮ ਦੇ ਪ੍ਰਸ਼ੰਸਕਾਂ ਦਾ ਮਾਣ ਰੱਖ ਰਿਹਾ ਸੀ। ਸਮਾਗਮ ਦੇ ਅਖੀਰ ਉੱਤੇ ਰਾਮਪਾਲ ਸੋਹੀ ਨੇ ਸਾਰੇ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਦਿਆਂ ਨਾਲ ਹੀ ਵਾਅਦਾ ਵੀ ਕੀਤਾ ਕਿ ਮੰਗਲ ਹਠੂਰ ਜਿੰਨਾਂ ਵੀ ਲਿਖੇਗਾ, ਉਸ ਦੀਆਂ ਕਿਤਾਬਾਂ ਦੀ ਛਪਵਾਈ ਦਾ ਖ਼ਰਚਾ ਕਰਨ ਦੀ ਜਿੰਮੇਵਾਰੀ ਰਾਮਪਾਲ ਸੋਹੀ ਬਾਜਾਖਾਨਾ ਖੁਦ ਚੁੱਕੇਗਾ। ਇਸ ਤੋਂ ਪਹਿਲਾਂ ਵੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਹੀ ਮੰਗਲ ਹਠੂਰ ਦਾ ਨਾਵਲ “ਸਬਰ” ਰਿਲੀਜ਼ ਕੀਤਾ ਗਿਆ ਸੀ। ਚੰਗੀ ਸੋਚ ਵਾਲੀਆਂ ਕਲਮਾਂ ਨੂੰ ਪੰਜਾਬੀ ਲਿਖਾਰੀ ਸਭਾ ਹਮੇਸ਼ਾ ਹੀ ਜੀ ਆਇਆਂ ਕਹਿੰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। 

***


ਪ੍ਰੀਤ ਹਰਪਾਲ ਤੇ ਦਿਲਜੀਤ ਦੋਸਾਂਝ ਦੀ ਪਹਿਲੀ ਕਾਮਯਾਬ ਸੰਗੀਤਕ ਐਡੀਲੇਡ ਫ਼ੇਰੀ


ਐਡੀਲੇਡ (ਰਿਪੋਰਟ – ਪੰਜਾਬੀ ਪ੍ਰੈਸ ਕਲੱਬ ਆਫ ਸਾਊਥ ਆਸਟ੍ਰੇਲੀਆ) : ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ‘ਚ ਪੰਜਾਬ ਦੇ ਕਲਾਕਾਰਾਂ ਦਾ ਜਮਾਵੜਾ ਲੱਗਾ ਹੋਇਆ ਹੈ । ਜਿਵੇਂ ਕਿ ਪਹਿਲਾਂ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ‘ਚ ਕਲਾਕਾਰ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਜਾਇਆ ਕਰਦੇ ਸਨ, ਉਸੇ ਤਰ੍ਹਾਂ ਅੱਜਕੱਲ ਆਸਟ੍ਰੇਲੀਆ ਨੂੰ ਪੰਜਾਬੀ ਗਾਇਕਾਂ ਨੇ ਆਪਣੀ ਕਰਮਭੂਮੀ ਬਣਾਇਆ ਹੋਇਆ ਹੈ । ਬਹੁਤ ਸਾਰੇ ਸਥਾਪਿਤ ਗਾਇਕਾਂ ਤੋਂ ਇਲਾਵਾ ਕੋਈ ਨਾ ਕੋਈ ਨਵਾਂ ਕਲਾਕਾਰ ਕਰੀਬ ਹਰ ਮਹੀਨੇ ਆਪਣੀ ਜ਼ੋਰ ਅਜ਼ਮਾਇਸ਼ ਲਈ ਆਸਟ੍ਰੇਲੀਆ ਦੀ ਫ਼ੇਰੀ ਲਗਾ ਰਿਹਾ ਹੈ । ਜਿੱਥੇ ਕਿ ਪਹਿਲਾਂ ਗਾਇਕ ਮੈਲਬੌਰਨ, ਸਿਡਨੀ ਤੇ ਔਕਲੈਂਡ (ਨਿਊਜ਼ੀਲੈਂਡ) ਤੋਂ ਹੀ ਵਾਪਸ ਹੋ ਜਾਇਆ ਕਰਦੇ ਸਨ, ਹੁਣ ਹਰ ਕੋਈ ਐਡੀਲੇਡ ਦੀ ਰਾਹ ਵੀ ਪਕੜ ਰਿਹਾ ਹੈ । ਐਡੀਲੇਡ ‘ਚ ਪੰਜਾਬੀਆਂ ਦੀ ਵਸੋਂ ਕੋਈ ਬਹੁਤੀ ਪੁਰਾਣੀ ਨਹੀਂ ਤੇ ਜਿ਼ਆਦਾਤਰ ਵਿਦਿਆਰਥੀ ਤਬਕਾ ਹੀ ਹੈ ਪਰ ਫਿਰ ਵੀ ਇੱਥੇ ਹੋ ਰਹੇ ਸੰਗੀਤਕ ਸ਼ੋਅ ਕਰੀਬ ਹਿੱਟ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪਿਛਲੇ ਦਿਨੀਂ ਨਵੇਂ ਗਾਇਕ ਕਲਾਕਾਰ “ਲੌਕਅਪ” ਫੇਮ ਪ੍ਰੀਤ ਹਰਪਾਲ ਤੇ “ਪੰਗਾ” ਫੇਮ ਦਿਲਜੀਤ ਦੋਸਾਂਝ ਨੇ ਵੀ ਆਪਣੀ ਹਾਜ਼ਰੀ ਲਗਵਾਈ । “ਡਾਂਸਿੰਗ ਸਟਾਰ” ਪ੍ਰੀਤ ਹਰਪਾਲ ਤੇ “ਡੀ.ਜੇ. ਕਿੰਗ” ਦਿਲਜੀਤ ਦੋਸਾਂਝ ਨੇ ਗਾਇਕੀ ਦੇ ਨਾਲ਼ ਨਾਲ਼ ਭੰਗੜਾ ਪਾਉਂਦਿਆਂ ਕੱਲਿਆਂ ਹੀ ਸਾਰੀ ਸਟੇਜ ਸਾਂਭ ਲਈ । ਦੋਹੇਂ ਕਲਾਕਾਰਾਂ ਦੇ ਭੰਗੜੇ ਤੇ ਗੀਤਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਉਠਾਇਆ ਤੇ ਰੱਜ ਰੱਜ ਭੰਗੜੇ ਪਾਏ । ਇਸ ਸ਼ੋਅ ‘ਚ ਜਵਾਨ ਮੁੰਡੇ ਕੁੜੀਆਂ ਤੋਂ ਇਲਾਵਾ ਸਿਆਣੀ ਉਮਰ ਦੇ ਦਰਸ਼ਕਾਂ ਨੇ ਵੀ ਪਰਿਵਾਰ ਸਮੇਤ ਖੂਬ ਆਨੰਦ ਮਾਣਿਆ । 
ਸ਼ੋਅ ਦੀ ਸ਼ੁਰੂਆਤ ਪਹਿਲਾਂ ਪ੍ਰੀਤ ਹਰਪਾਲ ਨੇ ਆਪਣੇ ਬਹੁ ਚਰਚਿਤ ਗੀਤ “ਧੂੰਏਂ ਦੇ ਬਹਾਨੇ ਬਿੱਲੋ ਰੋਵੇਂਗੀ” ਨਾਲ਼ ਕੀਤੀ ਤੇ ਮੁੜ ਲੜੀਵਾਰ “ਮਾਪੇ ਕਹਿੰਦੇ ਜੱਜ ਬਣਨਾ”, “ਛੱਡੀਆਂ ਮੈਂ ਤੇਰੇ ਕਰਕੇ, ਮੈਨੂੰ ਸੱਤ ਕੁੜਮਾਈਆਂ ਆਈਆਂ”, “ਇੱਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ”, “ਬਾਹਾਂ ਗੋਰੀਆਂ ‘ਚ ਕੱਲੀ ਕੱਲੀ ਵੰਗ ਬੋਲਦੀ” ਆਦਿ ਨਾਲ਼ ਮਹਿਫਿ਼ਲ ਲੁੱਟ ਲਈ । ਲਗਾਤਾਰ ਡੇਢ ਘੰਟਾ ਪ੍ਰੀਤ ਹਰਪਾਲ ਨੇ ਇੱਕ ਤੋਂ ਬਾਦ ਇੱਕ ਗੀਤ ਭੰਗੜਾ ਪਾ ਕੇ਼ ਗਾਇਆ । ਜਿੱਥੇ ਪ੍ਰੀਤ ਹਰਪਾਲ ਇੱਕ ਪ੍ਰਪੱਕ ਗਾਇਕ ਹੈ, ਉੱਥੇ ਗੀਤਕਾਰੀ ਵਿਚ ਵੀ ਉਸ ਦਾ ਲੋਹਾ ਮੰਨਣ ਯੋਗ ਹੈ । ਉਸਤੋਂ ਬਾਅਦ ਦਿਲਜੀਤ ਦੋਸਾਂਝ ਨੇ ਭਰਪੂਰ ਫ਼ਰਮਾਇਸ਼ ‘ਤੇ “ਕਾਰਾਂ ‘ਚ ਸਪੀਕਰ ਜਦੋਂ ਵੱਜਦਾ” ਨਾਲ਼ ਇਸ ਸ਼ੋਅ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ । ਮੁੜ ਉਸਨੇ “ਕਾਲਜ ‘ਚ ਕੁੰਡੀਆਂ ਦੇ ਸਿੰਗ ਫਸ ਗਏ”, “ਟੀ.ਵੀ. ਚੁੱਲੇ ‘ਤੇ ਲਵਾ ਲਿਆ ਸ਼ੁਕੀਨ ਜੱਟੀ ਨੇ”, “ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ”, “ਪਹਿਲਾਂ ਬੋਲੀਦਾ ਨਹੀਂ, ਫਿਰ ਪਿੱਛੇ ਹਟੀਦਾ ਨਹੀਂ ਜੇ ਪੰਗਾ ਪੈ ਜਾਏ” ਆਦਿ ਨਾਲ਼ ਧੰਨ ਧੰਨ ਕਰਵਾ ਦਿੱਤੀ । ਸ਼ੋਅ ਦੇ ਆਖਿਰ ‘ਚ ਦਿਲਜੀਤ ਨੇ ਸਾਰੇ ਪੁਰਾਣੇ ਕਲਾਕਾਰਾਂ ਯਮਲਾ ਜੱਟ, ਸੁਰਿੰਦਰ ਛਿੰਦਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਆਦਿ ਦੇ ਗੀਤਾਂ ਦੀਆਂ ਲਾਈਨਾਂ ਸੁਣਾ ਕੇ, ਉਨ੍ਹਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ।
ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਦਿਲਜੀਤ ਦੋਸਾਂਝ ਨੇ ਦੱਸਿਆ ਕਿ ਨਵੰਬਰ ਤੱਕ ਉਸਦੀ ਪਹਿਲੀ ਫਿਲਮ “ਦ ਲਾਈਨ ਆਫ਼ ਪੰਜਾਬ” ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ‘ਚ ਦਿਲਜੀਤ ਨੇ ਸਰਦਾਰ ਦਾ ਕਿਰਦਾਰ ਨਿਭਾਇਆ ਹੈ ਤੇ ਉਸਦੇ ਨਾਲ਼ ਪੂਜਾ ਟੰਡਨ ਹੀਰੋਇਨ ਦੇ ਤੌਰ ‘ਤੇ ਕੰਮ ਕਰ ਰਹੀ ਹੈ । ਇਸ ਫਿਲਮ ਦੇ ਡਾਇਰੈਕਟਰ ਹਿੰਦੀ ਫਿਲਮਾਂ ‘ਚ ਝੰਡੇ ਗੱਡ ਚੁੱਕੇ ਗੁੱਡੂ ਧਨੋਆ ਹਨ । ਇਸ ਫਿਲਮ ਦੀ ਸ਼ੂਟਿੰਗ ਕਰੀਬ ਮੁਕੰਮਲ ਹੋ ਚੁੱਕੀ ਹੈ ।
ਇਸ ਸ਼ੋਅ ਦੇ ਦੌਰਾਨ “ਦ ਰਾਇਲ ਪੰਜਾਬੀਜ਼” ਭੰਗੜਾ ਗਰੁੱਪ ਵੱਲੋਂ ਭੰਗੜਾ ਵੀ ਪਾਇਆ ਗਿਆ, ਜੋ ਕਿ ਦਰਸ਼ਕਾਂ ਨੇ ਖੂਬ ਪਸੰਦ ਕੀਤਾ । ਜਿੱਥੇ ਇਹ ਸ਼ੋਅ ਗਾਇਕੀ ਪੱਖੋਂ ਸੰਪੂਰਣ ਸੀ, ਉੱਥੇ ਪ੍ਰੋਗਰਾਮ ਪ੍ਰਬੰਧ ਦੀਆਂ ਕੁਝ ਊਣਤਾਈਆਂ ਵੀ ਨਜ਼ਰ ਆਈਆਂ । ਕਿਸੇ ਵੀ ਕਲਾਕਾਰ ਦੀ ਸੁਚੱਜੀ ਜਾਣ ਪਹਿਚਾਣ ਕਰਵਾਉਣੀ ਉਸਦੀ ਕਾਮਯਾਬੀ ‘ਚ ਵੱਡਾ ਰੋਲ ਅਦਾ ਕਰਦੀ ਹੈ ਪਰ ਇੱਥੇ ਸਟੇਜ ਸਕੱਤਰ ਦੀ ਅਣਹੋਂਦ ਖੂਬ ਰੜਕ ਰਹੀ ਸੀ । ਸ਼ੋਅ ਆਪਣੇ ਸਮੇਂ ਨਾਲੋਂ ਬਹੁਤ ਲੇਟ ਸ਼ੁਰੂ ਹੋਇਆ । ਭਾਰਤ ‘ਚ ਲੇਟ ਪਹੁੰਚਣ ‘ਚ ਭਾਵੇਂ ਸ਼ਾਨ ਸਮਝੀ ਜਾਂਦੀ ਹੋਵੇ ਪਰ ਕਲਾਕਾਰਾਂ ਤੇ ਪ੍ਰਬੰਧਕਾਂ ਨੂੰ ਵਿਦੇਸ਼ਾਂ ‘ਚ ਸਮੇਂ ਦੀ ਕਦਰ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ । ਹਾਲਾਂਕਿ ਐਡੀਲੇਡ ਦਾ ਟਾਊਨ ਹਾਲ ਕੋਈ ਵੀ ਪ੍ਰੋਗਰਾਮ ਕਰਵਾਉਣ ਲਈ ਸਰਵੋਤਮ ਹਾਲਾਂ ‘ਚ ਗਿਣਿਆ ਜਾਂਦਾ ਹੈ ਪਰ ਕੁਝ ਦਰਸ਼ਕ ਕਾਫ਼ੀ ਜਿ਼ਆਦਾ ਗੂੰਜਦੀ ਆਵਾਜ਼ ਦੀ ਸਿ਼ਕਾਇਤ ਕਰਦੇ ਵੀ ਨਜ਼ਰ ਆਏ । ਭਾਵੇਂ ਪੰਜਾਬੀ ਮਾਹੌਲ ਅਨੁਸਾਰ ਲੜਾਈ ਦਾ ਤੜਕਾ ਵੀ ਲੱਗਿਆ । ਜੇਕਰ ਇਨ੍ਹਾਂ ਊਣਤਾਈਆਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਏ ਤਾਂ ਕੁੱਲ ਮਿਲਾ ਕੇ ਗਾਇਕ ਆਪਣੀ ਗਾਇਕੀ ਨਾਲ਼ ਮਾਹੌਲ ਬੰਨਣ ‘ਚ ਕਾਮਯਾਬ ਰਹੇ ਤੇ ਇਹ ਇੱਕ ਕਾਮਯਾਬ ਪ੍ਰੋਗਰਾਮ ਹੋ ਨਿੱਬੜਿਆ । ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਨਰਿੰਦਰ ਸਿੰਘ ਬੈਂਸ, ਗੁਰਿੰਦਰਜੀਤ ਸਿੰਘ, ਹੈਰੀ ਅਹੂਜਾ, ਸੌਰਭ ਗਾਂਧੀ, ਸੁਖਜੀਤ ਸਿੰਘ ਭਿੰਡਰ(ਸਾਬ), ਅਨੀਤ ਪਿੰਦਰ, ਸ਼ੈਰੀ, ਅਮਨ, ਹਰਮੀਤ ਘੁੰਮਣ, ਟੋਨੀ,ਸ਼ੇਰਾ ਮਾਨ ਤੇ ਥਾਂਦੀ ਪਰਿਵਾਰ ਦੇ ਸਿਰ ਜਾਂਦਾ ਹੈ । ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮਹਾਂਵੀਰ ਸਿੰਘ ਗਰੇਵਾਲ, ਸਿੱਪੀ ਗਰੇਵਾਲ, ਬਿੱਕਰ ਸਿੰਘ ਬਰਾੜ,ਪਿਰਤਪਾਲ ਸਿੰਘ ਗਿਲ, ਸੁਲੱਖਣ ਸਿੰਘ ਸਹੋਤਾ, ਉੱਘੇ ਲਿਖਾਰੀ ਮਿੰਟੂ ਬਰਾੜ (ਐਡੀਟਰ ਪੰਜਾਬੀ ਨਿਉਜ਼ ਆਨ ਲਾਇਨ,ਆਸਟ੍ਰੇਲੀਆ,ਸਬ ਐਡੀਟਰ ਦਾ ਪੰਜਾਬ), ਰਿਸ਼ੀ ਗੁਲਾਟੀ (ਐਡੀਟਰ ਸ਼ਬਦ ਸਾਂਝ), ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਸੁਮਿਤ ਟੰਡਨ ਤੇ ਪੱਤਰਕਾਰ ਜੌਲੀ ਗਰਗ ਹਾਜ਼ਰ ਸਨ । ਪ੍ਰੋਗਰਾਮ ਦੇ ਮੁੱਖ ਸਪਾਂਸਰ ਆਸਟ੍ਰੇਲੀਅਨ ਐਡੀਲੇਡ ਇੰਟਰਨੈਸ਼ਨਲ ਕਾਲਜ, ਗਾਂਧੀ ਰੈਸਟੋਰੈਂਟ ਤੇ ਗੌੜਾ ਟ੍ਰੈਵਲਰਜ਼ ਸਨ । 
***


ਪੰਜਾਬੀ ਵਿਭਾਗ ਦੇ ਦਿੱਤੀ ਡਾ: ਕੋਸ਼ਲ ਨੂੰ ਨਿੱਘੀ ਵਿਦਾਈ..........ਨਿੱਘੀ ਵਿਦਾਇਗੀ / ਨਿਸ਼ਾਨ ਸਿੰਘ ‘ਰਾਠੌਰ’

ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਅਤੇ ਸਾਬਕਾ ਚੇਅਰਮੈਨ ਡਾ: ਨਰਵਿੰਦਰ ਸਿੰਘ ਕੋਸ਼ਲ ਨੂੰ ਉਹਨਾਂ ਦੇ ਸੇਵਾਮੁਕਤ ਹੋਣ ਤੇ ਪੰਜਾਬੀ ਵਿਭਾਗ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪੰਜਾਬੀ ਵਿਭਾਗ ਵਿਖੇ ਇਕ ਪ੍ਰੋਗਾਰਾਮ ਰੱਖਿਆ ਗਿਆ ਜਿਸ ਵਿਚ ਯੂਨੀਵਰਸਿਟੀ ਦੇ ਡੀਨ ਆਫ਼ ਅਕਾਦਮਿਕ ਅਫੇਸਰ ਅਤੇ ਉੱਘੇ ਆਲੋਚਕ ਡਾ: ਅਮਰਜੀਤ ਸਿੰਘ ਕਾਂਗ, ਪੰਜਾਬੀ ਵਿਭਾਗ ਦੇ ਚੇਅਰਮੈਨ ਡਾ: ਰਜਿੰਦਰ ਸਿੰਘ ਭੱਟੀ, ਡਾ: ਚੂਹੜ ਸਿੰਘ, ਰਘੁਬੀਰ ਸਿੰਘ ਈਸ਼ਰ, ਰੀਸਰਚ ਸਕਾਲਰ ਨਿਸ਼ਾਨ ਸਿੰਘ ਰਾਠੌਰ, ਬਲਜਿੰਦਰ ਸਿੰਘ ਅਤੇ ਨਾੱਨ ਟੀਚਿੰਗ ਸਟਾਫ਼ ਦੇ ਮੈਂਬਰ ਵੀ ਮੌਜੂਦ ਸਨ।
ਡਾ: ਕਾਂਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਡਾ: ਕੋਸ਼ਲ ਨੇ ਹਰਿਆਣੇ ਅੰਦਰ ਪੰਜਾਬੀ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਰੋਲ ਅਦਾ ਕੀਤਾ ਹੈ। ਉਹਨਾਂ ਕਿਹਾ ਕਿ ਡਾ: ਕੋਸ਼ਲ ਨੇ ਭਾਸ਼ਾ, ਸਾਹਿਤ ਅਤੇ ਅਲੋਚਨਾ ਦੇ ਖੇਤਰ ਵਿਚ ਚੰਗਾ ਨਾਮ ਕਮਾਇਆ ਹੈ। ਉਹਨਾਂ ਡਾ: ਕੋਸ਼ਲ ਨਾਲ ਆਪਣੇ ਨਿੱਜੀ ਅਤੇ ਘਰੇਲੂ ਰਿਸ਼ਤਿਆਂ ਬਾਰੇ ਵੀ ਦੱਸਿਆ।

ਪੰਜਾਬੀ ਵਿਭਾਗ ਦੇ ਚੇਅਰਮੈਨ ਡਾ: ਰਜਿੰਦਰ ਸਿੰਘ ਭੱਟੀ ਨੇ ਕਿਹਾ ਕਿ ਡਾ: ਕੋਸ਼ਲ ਸੇਵਾਮੁਕਤ ਹੋਣ ਤੋਂ ਬਾਅਦ ਸਾਡੇ ਤੋਂ ਦੂਰ ਨਹੀਂ ਜਾ ਰਹੇ ਬਲਕਿ ਜਦੋਂ ਵੀ ਵਿਭਾਗ ਨੂੰ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਹੋਵੇਗੀ ਡਾ: ਕੋਸ਼ਲ ਨੂੰ ਯਾਦ ਕੀਤਾ ਜਾਵੇਗਾ। ਡਾ: ਕੋਸ਼ਲ ਕਿਸੇ ਨਾ ਕਿਸੇ ਰੂਪ ਵਿਚ ਸਾਡੇ ਨਾਲ ਅਤੇ ਸਾਡੇ ਵਿਭਾਗ ਨਾਲ ਜੁੜੇ ਰਹਿਣਗੇ। 
ਅੰਤ ਵਿਚ ਡਾ: ਅਮਰਜੀਤ ਸਿੰਘ ਕਾਂਗ, ਡਾ: ਰਜਿੰਦਰ ਸਿੰਘ ਭੱਟੀ ਅਤੇ ਵਿਭਾਗ ਦੇ ਵਿਦਿਆਰਥੀਆਂ ਨੇ ਡਾ: ਕੋਸ਼ਲ ਨੂੰ ਯਾਦਗਾਰੀ ਸਨਮਾਨ ਗਿਫ਼ਟ ਦਿੱਤੇ। ਇਸ ਤੋਂ ਬਾਅਦ ਅਧਿਆਪਕਾਂ, ਨਾੱਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਕਾਫਿ਼ਲੇ ਦੇ ਰੂਪ ਵਿਚ ਡਾ: ਕੋਸ਼ਲ ਨੂੰ ਉਹਨਾਂ ਦੀ ਯੂਨੀਵਰਸਿਟੀ ਸਥਿਤ ਰਿਹਾਇਸ਼ ਤੇ ਛੱਡ ਕੇ ਆਇਆ ਗਿਆ।
ਜਿ਼ਕਰਯੋਗ ਹੈ ਕਿ ਡਾ: ਨਰਵਿੰਦਰ ਸਿੰਘ ਕੋਸ਼ਲ ਲਗਭਗ 30 ਸਾਲ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਅਧਿਆਪਕ ਵੱਜੋਂ ਨਿਯੁਕਤ ਰਹੇ ਹਨ। ਉਹ ਪੰਜਾਬੀ ਵਿਭਾਗ ਵਿਚ 1980 ਵਿਚ ਆਏ ਸਨ। ਇਸ ਤੋਂ ਬਾਅਦ ਉਹ ਪੰਜਾਬੀ ਵਿਭਾਗ ਦੇ ਚੇਅਰਮੈਨ ਵੀ ਰਹੇ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਟੀਚਰ ਯੂਨੀਅਨ ਦੇ ਪ੍ਰਧਾਨ ਵੀ ਰਹੇ। ਉਹਨਾਂ ਦੇ ਮਾਰਗ ਦਰਸ਼ਨ ਅਧੀਨ ਤਕਰੀਬਨ 150 ਵਿਦਿਆਰਥੀਆਂ ਨੇ ਐਮ: ਫਿ਼ਲ ਕੀਤੀ ਅਤੇ 50 ਦੇ ਕਰੀਬ ਸਕਾਲਰਾਂ ਨੇ ਪੀ: ਐਚ: ਡੀ: ਦਾ ਕੰਮ ਨੇਪਰੇ ਚਾੜਿਆ।
**** 

ਮਹਿਕ ਪੁਰੇ ਦੀਆਂ ’ਵਾਵਾਂ ਗੀਤ ਸੰਗ੍ਰਹਿ ਤਿੰਨ ਜੁਲਾਈ ਨੂੰ ਰੀਲੀਜ਼ ਕੀਤਾ ਜਾਵੇਗਾ....... ਪੁਸਤਕ ਰਿਲੀਜ਼ / ਸੁਨੀਲ ਚੰਦਿਆਣਵੀ


ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਕਰਨੈਲ ਸਿੰਘ ਮਾਂਗਟ ਦੇ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਗੀਤ-ਸੰਗ੍ਰਹਿ ਮਹਿਕ ਪੁਰੇ ਦੀਆਂ ’ਵਾਵਾਂ ਦਾ ਲੋਕ ਅਰਪਨ ਸਮਾਰੋਹ ਮਿਤੀ 03 ਜੁਲਾਈ 2010 ਸਮਾਂ ਦੁਪਹਿਰ 12.00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਸ. ਜਗਦੇਵ ਸਿੰਘ ਜੱਸੋਵਾਲ ਕਰਨਗੇ। ਮੁੱਖ ਮਹਿਮਾਨ ਵਜੋਂ ਡਾ. ਐਸ. ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁਹੰਚਣਗੇ, ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਹਰਦੇਵ ਦਿਲਗੀਰ, ਗਿੱਲ ਸੁਰਜੀਤ ਅਤੇ ਅਮਰੀਕ ਸਿੰਘ ਤਲਵੰਡੀ ਪੁੱਜਣਗੇ।
ਇਹ ਜਾਣਕਾਰੀ ਦਿੰਦਿਆਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਜਨਰਲ ਸਕੱਤਰ ਡਾ. ਨਿਰਮਲ ਜੌੜਾ ਅਤੇ ਇਸ ਸਮਾਗਮ ਦੇ ਕਨਵੀਨਰ ਸਰਬਜੀਤ ਵਿਰਦੀ ਨੇ ਦੱਸਿਆ ਕਿ ਪੁਸਤਕ ਬਾਰੇ ਟਿੱਪਣੀ ਡਾ. ਗੁਰਇਕਬਾਲ ਸਿੰਘ ਮੁੱਖ ਸੰਪਾਦਕ ਤ੍ਰਿੰਸ਼ੂਕ ਅਤੇ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਕਰਨਗੇ।

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 11ਵੇਂ ਸਾਲਾਨਾ ਸਮਾਗਮ (ਇਕਬਾਲ ਅਰਪਨ ਯਾਦਗਾਰੀ )ਨੇ ਮੇਲੇ ਦਾ ਰੂਪ ਧਾਰਿਆ..........ਸਾਲਾਨਾ ਸਮਾਗਮ / ਤਰਲੋਚਨ ਸੈਂਭੀਕੈਲਗਰੀ : 19 ਜੂਨ 2010 ਦੀ ਸਿਖਰ ਦੁਪਹਿਰ ਨੂੰ ਲੋਕ ਮੇਲੇ ਜਾਣ ਵਾਂਗ ਡਾਰਾਂ ਬੰਨ੍ਹਕੇ ਫਾਲਕਿਨਰਿੱਜ਼/ਕੈਸਲਰਿੱਜ਼ ਕਮਿਓਨਟੀ ਹਾਲ ਨੂੰ ਜਾ ਰਹੇ ਸਨ। ਉਸ ਹਾਲ ਵਿੱਚ ਅੱਜ ਅਜਿਹਾ ਕੀ ਹੋ ਰਿਹਾ ਹੈ? ਅੱਜ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 11ਵਾਂ ਸਾਲਾਨਾ ਸਮਾਗਮ ਹੋ ਰਿਹਾ ਹੈ।ਚੇਤਨਾ ਪ੍ਰਕਾਸਨ ਵਾਲੇ ਸ਼ਤੀਸ਼ ਗੁਲਾਟੀ ਨੇ ਪੁਸਤਕ ਮੇਲਾ ਵੀ ਲਾਇਆ ਹੋਇਆ ਹੈ।ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਜਰਨੈਲ ਸੇਖਾ ਨੂੰ “ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਜਾਣਾ ਹੈ। ਬੀਕਾਨੇਰ ਸਵੀਟਸ ਦੇ ਪਕੌੜੇ,ਜਲੇਬੀਆਂ ਅਤੇ ਚਾਹ ਦਾ ਸੁਆਦ ਹਾਜ਼ਰੀਨ ਮੁਫ਼ਤ ਵਿੱਚ ਮਾਣ ਰਹੇ ਹਨ। ਸਟੇਜ਼ ਸੰਚਾਲਨ ਦੀ ਜਿ਼ੰਮੇਵਾਰੀ ਤਰਲੋਚਨ ਸੈਂਭੀ ਅਤੇ ਭੋਲਾ ਸਿੰਘ ਚੌਹਾਨ ਨੇ ਸੰਭਾਲੀ ਹੋਈ ਹੈ।ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਲਈ ਪ੍ਰਧਾਨ ਗੁਰਬਚਨ ਬਰਾੜ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ,ਜਰਨੈਲ ਸਿੰਘ ਚਿੱਤਰਕਾਰ,ਮੁੱਖ ਮਹਿਮਾਨ ਜਰਨੈਲ ਸੇਖਾ,ਡਾ: ਸੁਖਦੇਵ ਸਿੰਘ ਸਿਰਸਾ,ਮਹਿੰਦਰਦੀਪ ਗਰੇਵਾਲ,ਅਤੇ ਜਸਵਿੰਦਰ ਅਰਪਨ ਨੂੰ ਮੰਚ ਉੱਤੇ ਬੁਲਾਇਆ ਗਿਆ। ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਨੇ ਪ੍ਰੋਗ੍ਰਾਮ ਦੇ ਸਵਾਗਤੀ ਭਾਸ਼ਣ ਦੌਰਾਨ ਸਭ ਨੂੰ ਜੀ ਆਇਆਂ ਕਿਹਾ।ਹਰਮਨਜੀਤ ਬੁੱਟਰ ਦੀ ਅਗਵਾਈ ਵਿੱਚ ਨੌਜੁਆਨਾ ਦੇ ਭੰਗੜੇ ਦੀ ਪੇਸ਼ਕਾਰੀ ਨੇ ਸਭ ਨੂੰ ਸਟੇਜ ਨਾਲ ਜੋੜਨ ਦੀ ਸਫਲ ਕੋਸਿ਼ਸ ਕੀਤੀ।ਚੰਦ ਸਿੰਘ ਸਦਿਓੜਾ ਨੇ ਸਭਾ ਦਾ ਪਿਛਲੇ ਦੋ ਸਾਲ ਦੇ ਕਾਰਜਾਂ ਦਾ ਵੇਰਵਾ ਸਾਂਝਾ ਕੀਤਾ। ਨਿੰਮਾ ਖੈਰਾ ਦੇ ਗੀਤ ਅਤੇ ਉਹਦੇ ਸ਼ਾਜ਼ਾਂ ਦੀ ਟੁਣਕਾਰ ਤੋਂ ਬਾਅਦ ਬਲਜਿੰਦਰ ਸੰਘਾ, ਜੋਰਾਵਰ ਸਿੰਘ ਬਾਂਸਲ(ਮੈਡੀਸਨਹੈਟ),ਸ਼ਤੀਸ਼ ਗੁਲਾਟੀ,ਬਲਵੀਰ ਗੋਰਾ,ਮਨਜੋਤ ਗਿੱਲ (ਸਕੱਤਰ ਪੰਜਾਬ ਕਲਚਰ ਸੁਸਾਇਟੀ)ਹਰੀਪਾਲ,ਕੇਸਰ ਸਿੰਘ ਨੀਰ,ਸਮਸ਼ੇਰ ਸੰਧੂ(ਪ੍ਰਧਾਨ ਪੰਜਾਬੀ ਰਾਈਟਰ ਫੋਰਮ)ਸੁਰਿੰਦਰ ਗੀਤ(ਪ੍ਰਧਾਨ ਪੰਜਾਬੀ ਸਾਹਿਤ ਸ਼ਭਾ), ਮਹਿੰਦਰਦੀਪ ਗਰੇਵਾਲ (ਇੰਡੀਆ ਤੋਂ) ,ਸਰੀ ਨਿਵਾਸੀ ਮੰਗਾ ਬਾਸੀ,ਅਵਨਿੰਦਰ ਨੂਰ,ਮਹਿੰਦਰਪਾਲ ਸਿੰਘ ਪਾਲ,ਅਤੇ ਗੁਰਚਰਨ ਕੌਰ ਥਿੰਦ ਨੇ ਆਪਣੇ ਗੀਤਾਂ ਗਜ਼ਲਾਂ ਕਵਿਤਾਵਾਂ ਨਾਲ ਖੂਬ ਰੰਗ ਬੰਨਿਆ।”ਵਿਰਸੇ ਦੇ ਵਾਰਿਸ” ਅਤੇ “ਹਿਟਲਰ” ਵਰਗੀਆਂ ਹਿੱਟ ਪੰਜਾਬੀ ਦੀਆਂ ਦੋ ਐਲਬਮ ਦੇਣ ਵਾਲੇ ਰਾਜ਼ ਰਣਜੋਧ ਨੇ ਆਪਣੇ ਗੀਤਾਂ ਨਾਲ ਸਭ ਨੂੰ ਝੂੰਮਣ ਲਾ ਦਿੱਤਾ। ਹਰਬੰਸ ਬੁੱਟਰ ਅਤੇ ਸਰੀ ਤੋਂ ਵਿਸ਼ੇਸ ਤੌਰ ਤੇ ਆਏ ਦਰਸ਼ਨ ਸੰਘਾ ਨੇ ਬੋਲੀਆਂ ਪਾਕੇ ਦਰਸਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਕਲਮ ਅਤੇ ਅਵਾਜ਼ ਦੀ ਪੇਸਕਾਰੀ ਆਪਣੇ ਗੀਤਾਂ ਰਾਹੀ ਕਰਦਿਆਂ ਭੋਲਾ ਸਿੰਘ ਚੌਹਾਨ ਬਲਜਿੰਦਰ ਢਿੱਲੋਂ ਅਤੇ ਦਲਜੀਤ ਸੰਧੂ ਨੇ ਭੀ ਖੂਬ ਕਮਾਲਾਂ ਕੀਤੀਆਂ।ਡਾ: ਮਹਿੰਦਰ ਸਿੰਘ ਹੱਲਣ ਨੇ ਮੁੱਖ ਮਹਿਮਾਨ ਜਰਨੈਲ ਸੇਖਾ ਵਾਰੇ ਜਾਣ ਪਛਾਣ ਕਰਵਾਈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਪ੍ਰਧਾਨ ਗੁਰਬਚਨ ਬਰਾੜ ਨੇ ਜਰਨੈਲ ਸੇਖਾ (ਸਰੀ ਨਿਵਾਸੀ) ਨੂੰ ਪੰਜਾਬੀ ਬੋਲੀ ਵਿੱਚ ਵਧੀਆ ਸਾਹਿਤ ਰਚਣ ਬਦਲੇ “ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਨਾਲ ਚਿੰਨ(ਪਲੈਕ) ਦੇਕੇ ਸਨਮਾਨਿਤ ਕੀਤਾ।ਨਕਦ ਰਾਸ਼ੀ $1000 ਕਨੇਡੀਅਨ ਦਾ ਚੈਕ ਖਜਾਨਚੀ ਬਲਜਿੰਦਰ ਸੰਘਾ ਨੇ, ਪੰਜਾਬੀ ਲਿਖਾਰੀ ਸਭਾ ਦੇ ਮੈਂਬਰਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਦਾ ਸੈਟ ਪ੍ਰੋ: ਮਨਜੀਤ ਸਿੰਘ ਸਿੱਧੂ ਨੇ ਜਰਨੈਲ ਸੇਖਾ ਨੂੰ ਭੇਟ ਕੀਤਾ। ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ ਜਨਾਗਲ ਨੇ ਆਪਣੇ ਹੱਥੀਂ ਚਿਤਰਿਆ ਜਰਨੈਲ ਸੇਖਾ ਦਾ ਚਿੱਤਰ ਉਹਨਾਂ ਨੂੰ ਆਪਣੇ ਹੱਥੀਂ ਭੇਟ ਕੀਤਾ।ਇਸ ਤੋਂ ਬਿਨਾਂ ਮਹਿੰਦਰਦੀਪ ਗਰੇਵਾਲ, ਚਿੱਤਰਕਾਰ ਜਰਨੈਲ ਸਿੰਘ,ਅਤੇ ਡਾ: ਸੁਖਦੇਵ ਸਿੰਘ ਸਿਰਸਾ ਨੂੰ ਵੀ ਆਪਣੇ ਆਪਣੇ ਖੇਤਰਾਂ ਵਿੱਚ ਕੀਤੇ ਕੰਮਾਂ ਬਦਲੇ ਪੰਜਾਬੀ ਲਿਖਾਰੀ ਸਭਾ ਵੱਲੋਂ ਯਾਦਗਾਰੀ ਪਲੈਕਾਂ ਦੇਕੇ ਸਨਮਾਨਿਤ ਕੀਤਾ ਗਿਆ।ਕੈਲਗਰੀ ਨਿਵਾਸੀ ਪ੍ਰੋ ਮੋਹਨ ਸਿੰਘ ਔਜਲਾ ਨੂੰ ਵੀ ਉਹਨਾਂ ਦੀਆਂ ਲਿਖਤਾਂ ਬਦਲੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਸਨਮਾਨਿਤ ਕੀਤਾ ਗਿਆ ਪਰ ਸਖਤ ਬਿਮਾਰ ਹੋਣ ਕਾਰਨ ਉਹ ਆ ਨਹੀਂ ਸਕੇ ਤਾਂ ਉਹਨਾਂ ਦੀ ਪੋਤਰੀ ਸ਼ਨਾਵਰ ਕੌਰ ਔਜਲਾ ਨੇ ਉਹ ਸਨਮਾਨ ਪਰਾਪਤ ਕੀਤਾ।ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਬਾਨੀ ਸਵਰਗੀ ਇਕਬਾਲ ਅਰਪਨ ਦੇ ਵਾਰੇ ਵਿੱਚ ਵੱਖੋ ਵੱਖ ਲੇਖਕਾਂ ਦੇ ਵਿਚਾਰ ਸੰਪਾਦਤ ਕਰਕੇ ਸਰੀ ਨਿਵਾਸੀ ਡਾ: ਦਰਸ਼ਨ ਗਿੱਲ ਵੱਲੋਂ ਛਪਵਾਈ ਪੁਸਤਕ “ਇਕਬਾਲ ਅਰਪਨ:ਜੀਵਨ ਤੇ ਯਾਦਾਂ” ਵੀ ਇਸ ਸਮਾਗਮ ਦੌਰਾਨ ਹੀ ਰਿਲੀਜ਼ ਕੀਤੀ ਗਈ। ਇਸ ਪੁਸਤਕ ਦੀਆਂ ਕਾਪੀਆਂ ਸੰਪਾਦਕ ਦਰਸ਼ਨ ਗਿੱਲ ਨੇ ਅਰਪਨ ਸਾਹਿਬ ਦੇ ਬੇਟੇ ਜਸਵਿੰਦਰ ਅਰਪਨ, ਬੇਟੀ ਦਲਵਿੰਦਰ ਕੌਰ ਧੰਜਲ,ਅਤੇ ਇਕਬਾਲ ਅਰਪਨ ਦੀਆਂ ਦੋ ਦੋਹਤੀਆਂ ਰਵੀਨਾ ਧੰਜਲ,ਅਤੇ ਅਲੀਸ਼ਾ ਧੰਜਲ ਨੂੰ ਭੇਟ ਕੀਤੀਆਂ।ਪੰਜਾਬੀ ਲਿਖਾਰੀ ਸਭਾ ਵੱਲੋਂ ਦਰਸ਼ਨ ਗਿੱਲ ਨੂੰ ਸਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ(ਵਿਦੇਸੀ)ਪੰਜਾਬ ਸਰਕਾਰ ਵੱਲੋਂ ਮਿਲਣ ਕਰਕੇ ਵਧਾਈਆਂ ਦੇ ਰੂਪ ਵਿੱਚ ਯਾਦਗਾਰੀ ਪਲੈਕ ਦੇਕੇ ਸਨਮਾਨਿਤ ਕੀਤਾ ਗਿਆ।ਕੈਲਗਰੀ ਸਹਿਰ ਦੇ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ, ਐਮ.ਐਲ.ਏ ਮਨਮੀਤ ਭੁਲੱਰ,ਅਤੇ ਐਮ.ਐਲ.ਏ ਦਰਸਨ ਕੰਗ ਅਤੇ ਸਰੀ ਨਿਵਾਸੀ ਡਾ: ਸਾਧੂ ਸਿੰਘ ਬਿਨਿੰਗ(ਜੁਗਤੂ) ਨੇ ਵੀ ਹਾਜ਼ਰੀ ਲਗਵਾਈ। ਆਖਿਰ ਵਿੱਚ ਪ੍ਰਧਾਨ ਗੁਰਬਚਨ ਬਰਾੜ ਨੇ ਸਾਰੇ ਆਏ ਹੋਏ ਹਾਜਰੀਨ ਦਾ ਧੰਨਵਾਦ ਕੀਤਾ। ਭੋਲਾ ਸਿੰਘ ਚੌਹਾਨ ਨੇ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਕੇ ਸਮਾਗਮ ਦੀ ਸਮਾਪਤੀ ਕੀਤੀ।ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਸਮਾਗਮ ਦੌਰਾਨ ਸਾਹਿਤ ਪ੍ਰੇਮੀਆ ਦੀ ਗਿਣਤੀ ਬਹੁਤ ਜਿਆਦਾ ਵੱਧਕੇ ਰਹੀ।ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮੀਟਿੰਗ 18 ਜੁਲਾਈ 2010 ਨੂੰ ਕੋਸੋ ਦੇ ਹਾਲ ਵਿੱਚ ਹੋਵੇਗੀ ਵਧੇਰੇ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ ਨੂੰ 403 470 2628 ਜਾਂ ਫਿਰ ਜਨ: ਸਕੱਤਰ ਤਰਲੋਚਨ ਸੈਭੀ ਨੂੰ 403 650 3759 ੳੱਪਰ ਸੰਪਰਕ ਕੀਤਾ ਜਾ ਸਕਦਾ ਹੈ।
***