ਪੰਜਾਬੀ ਗਾਇਕੀ ’ਚ ਉਂਗਲੇ ਤੇ ਗਿਣੇ ਜਾਣ ਵਾਲੇ ਸੁਰੀਲੇ ਗਾਇਕਾਂ ’ਚ ਜਤਿੰਦਰ ਗਿੱਲ ਨੇ ਆਪਣੀ ਨਿਰੰਤਰ ਮਿਹਨਤ ਨਾਲ ਨਾਮ ਦਰਜ ਕੀਤਾ ਹੈ। ਲੋਕ ਗਥਾਵਾਂ ਨੂੰ ਤਾਜ਼ਗੀ ਦਾ ਅਹਿਸਾਸ ਦੇ ਕੇ ਗਾਉਣ ਵਾਲੇ ਜਤਿੰਦਰ ਗਿੱਲ ਨੇ ‘ ਤੇਰੇ ਦਰਸ਼ਨ ਦੁੱਧ ਵਰਗੇ ’ ਕੈਸਿਟ ਨਾਲ ਕੁਝ ਵਰ੍ਹੇ ਪਹਿਲਾਂ ਪੰਜਾਬੀ ਗਾਇਕੀ ਦੇ ਵਿਹੜੇ ਪੈਰ ਧਰਿਆ ਤੇ ਫ਼ਿਰ ‘ ਮਿੱਤਰਾਂ ਦੀ ਗੱਲ ਵੱਖਰੀ ’ ਕੈਸਿਟ ਨਾਲ ਗਾਇਕ ਵਜੋਂ ਆਪਣੀ ਪਹਿਚਾਣ ਗੂੜ੍ਹੀ ਕੀਤੀ। ਜਤਿੰਦਰ ਡੇਹਲੋਂ ਤੋਂ ਜਤਿੰਦਰ ਗਿੱਲ ਬਣ ਕੇ ਉਸ ਨੇ ਜਿੰਮ-1 ਅਤੇ ਜਿੰਮ -2 ਕੈਸਿਟਾਂ ਨਾਲ ਸੋਲੋ ਅਤੇ ਦੋਗਾਣਾ ਗਾਇਕੀ ਨਾਲ ਇਨਸਾਫ਼ ਕਰਦਿਆਂ ਸਾਬਤ ਕਰ ਦਿੱਤਾ ਸੀ ਜੇਕਰ ਸੰਗੀਤ ਦੀ ਸੂਝ ਹੋਵੇ ਤਾਂ ਵਿਧਾ ਕੋਈ ਵੀ ਹੋਵੇ ਜਿੱਥੇ ਗਾਉਣ ਦਾ ਆਪ ਨੂੰ ਆਨੰਦ ਆਉਂਦਾ ਹੈ ਉੱਥੇ ਸਰੋਤੇ ਵੀ ਗਾਇਕੀ ਨੂੰ ਸੁਨਣ ਦੀ ਮਾਣਦੇ ਹਨ। ਜਤਿੰਦਰ ਗਿੱਲ ਦੀ ਖਾਸੀਅਤ ਇਹ ਹੈ ਕਿ ਉਹ ਅਜੋਕੇ ਗਾਇਕਾਂ ਵਾਂਗ ਸਿਰਫ਼ ਕੈਸਿਟ ’ਚ ਹੀ ਵਧੀਆ ਨਹੀਂ ਗਾਉਂਦਾ ਸਗੋਂ ਸਟੇਜ ਤੇ ਉਸ ਦੀ ਪੇਸ਼ਕਾਰੀ ਹਮੇਸ਼ਾ ਕਾਬਲੇ ਤਾਰੀਫ਼ ਹੁੰਦੀ ਹੈ। ਹਰ ਵਰਗ ਦੇ ਸਰੋਤੇ ਨੂੰ ਕਿਸ ਤਰ੍ਹਾਂ ਖੁਸ਼ ਜਾ ਸੰਤੁਸ਼ਟ ਕਰਨਾ ਹੈ ਇਹ ਨਵੇਂ ਗਾਇਕਾਂ ਨੂੰ ਜਤਿੰਦਰ ਗਿੱਲ ਤੋਂ ਸਿੱਖਣਾ ਚਾਹੀਦਾ ਹੈ। ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਦੇ ਸਵ: ਪਿਤਾ ਮਾਸਟਰ ਪ੍ਰੀਤਮ ਸਿੰਘ ਯਾਦਗਰੀ ਮੇਲੇ ਤੇ ਪਹਿਲੀ ਵਾਰ ਉਸ ਨੂੰ ਸਟੇਜ ਤੇ ਵੇਖਿਆ , ਉਸ ਨੇ ਐਸਾ ਰੰਗ ਬੰਨਿ•ਆ ਕਿ ਸਰੋਤੇ ਅਸ਼ ਅਸ਼ ਕਰ ਉੱਠੇ। ਕਰੀਬ ਇੱਕ ਘੰਟਾ ਸਰੋਤੇ ਉਸ ਨੂੰ ਫ਼ਰਮਾਇਸ਼ਾਂ ਕਰਦੇ ਰਹੇ ਤੇ ਉਸ ਨੇ ਖਿੜੇ ਮੱਥੇ ਹਰ ਵਰਗ ਦੇ ਸਰੋਤੇ ਨੂੰ ਆਨੰਦ ਦੀ ਸਥਿਤੀ ’ਚ ਪਹੁੰਚਾ ਕੇ ਸਾਹ ਲਿਆ। ਸੋਲੋ ਗਾਇਕੀ ਵਿਚ ਮਾਹੀਆ, ਜੁਗਨੀ, ਜੱਗਾ ਸਿੰਘ, ਛੱਲਾ, ਮਿਰਜ਼ਾ ਅਤੇ ਮਿੱਟੀ ਦਾ ਬਾਵਾ ਦੀ ਪੇਸ਼ਕਾਰੀ ਕਰਕੇ ਉਹ ਅਕਸਰ ਆਪਣੀ ਕਲਾ ਦਾ ਲੋਹਾ ਮੰਨਵਾਉਂਦਾ ਹੈ। ਦੋਗਾਣਾ ਗਾਇਕੀ ’ਚ ਮਾਵੇ ਹੁੰਦੇ ਬੇ ਸਮਝੇ ਛਾਵਾਂ ਬੋਹੜ ਦੀਆਂ, ਐਵੇਂ ਗੁੱਸੇ ਹੋਣ ਦਾ ਬਹਾਨਾ ਫ਼ਿਰੇ ਲੱਭਦੀ, ਇੱਕ ਟੈਮ ਐਨੀਆਂ ਨਾਲ ਕਿਵੇਂ ਗੱਲ ਕਰਦੈ, ਕਰ ਲਿਆ ਜਿੰਮ ਜੁਆਇੰਨ ਸਮੇਤ ਕਈ ਗੀਤਾਂ ਨੂੰ ਬਾਖੂਬੀ ਨਿਭਾ ਕੇ ਉਹ ਹਰ ਪੇਸ਼ਕਾਰੀ ਤੋਂ ਬਾਅਦ ਆਪਣੀ ਪਹਿਚਾਣ ਦਾ ਘੇਰਾ ਵੱਡਾ ਕਰ ਲੈਂਦਾ ਹੈ। ਲੁਧਿਆਣੇ ਜ਼ਿਲੇ ਕਸਬੇ ਡੇਹਲੋਂ ਵਿਚ ਸਵਰਗੀ ਜਸਵੰਤ ਸਿੰਘ ਗਿੱਲ ਦੇ ਘਰ ਸ਼੍ਰੀਮਤੀ ਅਮਰਜੀਤ ਕੌਰ ਦੀ ਕੁੱਖ ਨੂੰ ਭਾਗ ਲਾਉਣ ਵਾਲਾ ਜਤਿੰਦਰ ਗਿੱਲ ਐਮ.ਐਸ. ਸੀ ਬਾਟਨੀ ਹੈ। ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਵਿਚ ਪ੍ਰੋ. ਮੋਹਨ ਸਿੰਘ ਦੇ ਮੇਲੇ ਤੇ ਲੁਧਿਆਣੇ ਤੋਂ ਸ਼ੁਰੂਆਤ ਕਰਕੇ ਅੱਜ ਦੇਸ਼ ਦੇ ਹਰ ਕੋਨੇ ਵਿਚ ਆਪਣੀ ਗਾਇਕੀ ਦੇ ਜਲਵੇ ਬਿਖੇਰ ਰਿਹਾ ਹੈ।
ਅੱਜਕੱਲ• ਜਤਿੰਦਰ ਗਿੱਲ ਨਵੀਂ ਕੈਸਿਟ ਜਤਿੰਦਰ ਗਿੱਲ ਲਾਈਵ ‘ਜ਼ਿੰਦਗੀ ਦੇ ਰਾਹਾਂ ਵਿਚ ’ ਨਾਲ ਸੰਗੀਤ ਪ੍ਰੇਮੀਆਂ ਦਾ ਧਿਆਨ ਪੂਰੀ ਤਰ੍ਹਾਂ ਆਪਣੇ ਵੱਲ ਖਿੱਚ ਰਿਹਾ ਹੈ। ਐਸ.ਐਮ.ਆਈ. ਕੰਪਨੀ ਦੇ ਨਿਰਮਾਤਾ ਸੱਜਣ ਦੂਹਣ ਵੱਲਂ ਮਾਰਕੀਟ ’ਚ ਭੇਜੀ ਜਤਿੰਦਰ ਲਾਈਵ ਬਾਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਜੱਸਾ ਫ਼ਤਿਹਪੁਰੀਆ ਦੀ ਪੇਸਕਸ਼ ਇਸ ਕੈਸਿਟ ਦੇ ਗੀਤਾਂ ਨੂੰ ਅਨਿਲ ਫ਼ਤਿਹਪਰ ਜੱਟਾਂ, ਪ੍ਰੀਤ ਸੰਘਰੇੜੀ, ਹਰਜੀਤ ਮਾਂਗਟ, ਸੋਨਾ ਡੇਹਲੋਂ, ਤੇ ਜਤਿੰਦਰ ਨੇ ਖੁਦ ਲਿਖਿਆ ਹੈ। ਕੈਸਿਟ ਦਾ ਸੰਗੀਤ ਵਿਨੈ -ਕਮਲ ਦੀ ਜੋੜੀ ਨੇ ਬਾਖੂਬੀ ਤਿਆਰ ਕੀਤਾ ਹੈ। ਸ਼ੇਅਰੋ ਸ਼ਾਇਰੀ ਅਤੇ ਗੀਤਾਂ ਨਾਲ ਸਜੀ ਇਸ ਕੈਸਿਟ ‘ਚ ਕਬੱਡੀ ਸੰਸਾਰ ਕੱਪ ਜਿੱਤਣ ਵਾਲੇ ਖਿਡਾਰੀਆਂ ਵਾਸਤੇ ਤੋਹਫ਼ੇ ਦੇ ਰੂਪ ’ਚ ਪੇਸ਼ ਕੀਤਾ ਗੀਤ ਲੋਕਾਂ ਦੀ ਪਸੰਦ ਬਣਿਆ ਹੈ। ਕੈਸਿਟ ਦੇ ਸਮੁੱਚੇ ਗੀਤਾਂ ਨੂੰ ਹਰ ਵਰਗ ਦੇ ਸਰੋਤੇ ਵੱਡੇ ਪੱਧਰ ਤੇ ਹੁੰਗਾਰਾ ਮਿਲ ਰਿਹੈ ਹੈ। ਉਨ੍ਹਾਂ ਦੱਸਿਆ ਕਿ ਜਤਿੰਦਰ ਲਾਈਵ ਨੂੰ ਸਰੋਤਿਆਂ ਤੱਕ ਪੁਹੰਚਾਉਣ ਵਾਸਤੇ ਕਿੱਟੂ ਜ਼ੇਲਦਾਰ ਤੇ ਰਜਿਤ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਜਤਿੰਦਰ ਗਿੱਲ ਦੀ ਇਸ ਕੈਸਿਟ ਨੂੰ ਪੂਰੀ ਤਰ੍ਹਾਂ ਸੁਨਣ ਤੇ ਪਰਖਣ ਤੋਂ ਬਾਅਦ ਇਹੀ ਕਿਹਾ ਜਾ ਸਕਦਾ ਹੈ ਕਿ ਜਤਿੰਦਰ ਲਾਈਵ ਸੰਗੀਤ ਪ੍ਰੇਮੀਆਂ ਵਾਸਤੇ ਸੱਚਮੁੱਚ ਸੰਗੀਤਕ ਤੋਹਫ਼ਾ ਹੈ। ਪ੍ਰਮਾਤਮਾ ਅੱਗੇ ਮੇਰੀ ਇਹੀ ਦੁਆ ਹੈ ਕਿ ਇਹ ਸੁਰੀਲਾ ਗਾਇਕ ਇਸੇ ਤਰ੍ਹਾਂ ਪੰਜਾਬੀ ਸੰਗੀਤ ਨੂੰ ਹੋਰ ਪ੍ਰਫ਼ੁੱਲਤ ਕਰਨ ਵਾਸਤੇ ਯਤਨ ਕਰਦਾ ਰਹੇ।
No comments:
Post a Comment