ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਆਲ੍ਹਣਿਆਂ ਦੀ ਚਿੰਤਾ” ਰੀਲੀਜ਼……… ਪੁਸਤਕ ਰਿਲੀਜ਼ / ਸੁਰਜੀਤ ਜੱਜ (ਪ੍ਰੋ.)

ਬੀਤੇ ਦਿਨੀਂ ਕੌਮਾਂਤਰੀ ਲੇਖਕ ਮੰਚ (ਕਲਮ)-ਫ਼ਗਵਾੜਾ ਵਲੋਂ ਪੰਜਾਬੀ ਦੇ ਨੌਜਵਾਨ ਸ਼ਾਇਰ ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਤ ਗ਼ਜ਼ਲ ਸੰਗ੍ਰਹਿ “ਆਲ੍ਹਣਿਆਂ ਦੀ ਚਿੰਤਾ” ਦਾ ਰਿਲੀਜ਼ ਸਮਾਗਮ ਸਥਾਨਕ ਬਲੱਡ ਬੈਂਕ(ਹਰਗੋਬਿੰਦ ਨਗਰ-ਫ਼ਗਵਾੜਾ) ਦੇ ਸੈਮੀਨਾਰ ਹਾਲ ਵਿਚ ਆਯੋਜਿਤ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਰਵਸ਼੍ਰੀ ਡਾ.ਰਜਨੀਸ਼ ਬਹਾਦਰ, ਐਸ ਬਲਵੰਤ, ਸ.ਅਮਰੀਕ ਸਿੰਘ (ਲੁਬਰਾਈਟ ਇੰਡਸਟ੍ਰੀਜ਼), ਅਵਤਾਰ ਜੌੜਾ ਤੇ ਮਲਕੀਤ ਸਿੰਘ ਰਘਬੋਤਰਾ ਨੇ ਕੀਤੀ।ਦਾਦਰ ਪੰਡੋਰਵੀ ਨੇ ਆਪਣੀਆਂ ਕੁਝ ਚੋਣਵੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੇ ਰੂਬਰੂ ਹੋ ਕੇ ਸਮਾਗਮ ਦੀ ਸ਼ੁਰੂਆਤ ਕੀਤੀ।


ਪ੍ਰਧਾਨਗੀ ਮੰਡਲ ਵਲੋਂ “ਆਲ੍ਹਣਿਆਂ ਦੀ ਚਿੰਤਾ” ਨੂੰ ਰਿਲੀਜ਼ ਕਰਨ ਉਪਰੰਤ ਡਾ.ਰਾਮ ਮੂਰਤੀ ਤੇ ਡਾ. ਜਗਵਿੰਦਰ ਜੋਧਾ ਵਲੋਂ ਪਰਚੇ ਪੜ੍ਹੇ ਗਏ।ਡਾ.ਰਾਮ ਮੂਰਤੀ ਨੇ ਗ਼ਜ਼ਲ ਸੰਗ੍ਰਹਿ ਸੰਬੰਧੀ ਪੜ੍ਹੇ ਆਪਣੇ ਪਰਚੇ ਵਿਚ ਕਵਿਤਾ ਤੇ ਖਾਸ ਕਰਕੇ ਗ਼ਜ਼ਲਗੋਈ ਵਿਚ ਚਿੰਨ੍ਹ ਸ਼ਾਸ਼ਤਰ ਦੀ ਮਹੱਤਤਾ ਵਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਦਾਦਰ ਦੀ ਸ਼ਾਇਰੀ ਵਿਚ ਇਸ ਦੀ ਸਾਰਥਕਤਾ ਦੀ ਟੋਹ ਲਗਾਈ। ਡਾ.ਰਾਮ ਮੂਰਤੀ ਨੇ ਕਿਹਾ ਕਿ ਦਾਦਰ ਦੀ ਸ਼ਾਇਰੀ ਵਿਚ ਚਿੰਨ੍ਹ ਤਾਂ ਮੌਜੂਦ ਹਨ ਪਰ ਇਨ੍ਹਾਂ ਚਿੰਨ੍ਹਾਂ ਨੂੰ ਵਰਤ ਕੇ ਸ਼ਿਅਰਾਂ ਨੂੰ ਬਹੁ-ਪਰਤੀ ਰੂਪਾਂ ਵਿਚ ਤਬਦੀਲ ਕਰਨ ਦੀ ਕਲਾ ਨੇ ਅਜੇ ਹੋਰ ਉਜਾਗਰ ਹੋਣਾ ਹੈ।ਡਾ. ਜਗਵਿੰਦਰ ਜੋਧਾ ਦੁਆਰਾ ਪੜ੍ਹੇ ਗਏ ਪਰਚੇ ਵਿਚ ਦਾਦਰ ਦੀ ਸ਼ਾਇਰੀ ਨੂੰ ਪ੍ਰੰਪਰਾ ਤੋਂ ਅਧੁਨਿਕ ਮੁਹਾਵਰੇ ਵੱਲ ਮੁੜਦੀ ਸ਼ਾਇਰੀ ਕਰਾਰ ਦਿੱਤਾ ਗਿਆ।ਡਾ. ਜੋਧੇ ਨੇ “ਆਲ੍ਹਣਿਆਂ ਦੀ ਚਿੰਤਾ” ਨੂੰ ਸਸ਼ਕਤ ਸ਼ਾਇਰੀ ਵਿਚ ਜਿਕਰਯੋਗ ਵਾਧਾ ਕਿਹਾ ਤੇ ਦਾਦਰ ਤੋਂ ਅਜੇ ਹੋਰ ਬਿਹਤਰ ਲਿਖਣ ਦੀ ਉਮੀਦ ਪ੍ਰਗਟਾਈ।

ਪ੍ਰੋ.ਸੁਰਜੀਤ ਜੱਜ ਨੇ ਕਿਹਾ ਕਿ ਹੁਣ ਦਾਦਰ ਦੀ ਸ਼ਾਇਰੀ ਉਘੜਵੇਂ ਰੂਪ ਵਿਚ ਪਾਠਕਾਂ ਨੂੰ ਮੁਖ਼ਾਤਿਬ ਹੋ ਰਹੀ ਹੈ।ਹਰਵਿੰਦਰ ਭੰਡਾਲ ਨੇ ਵੀ ਸ਼ਿਅਰਾਂ ਦੇ ਹਵਾਲੇ ਨਾਲ ਦਾਦਰ ਦੀ ਸ਼ਾਇਰੀ ਬਾਰੇ ਵਿਚਾਰ ਸਾਂਝੇ ਕੀਤੇ। ਉਪਰੋਕਤ ਤੋਂ ਇਲਾਵਾ ਡਾ. ਰਜਨੀਸ਼ ਬਹਾਦਰ, ਐਸ ਬਲਵੰਤ, ਮੈਡਮ ਗੁਰਚਰਨ ਕੌਰ ਕੋਚਰ ਤੇ ਸ਼ਮਸ਼ੇਰ ਮੋਹੀ ਨੇ ਵੀ ਰੀਲੀਜ਼ ਗ਼ਜ਼ਲ ਸੰਗ੍ਰਹਿ ਤੇ ਪੜ੍ਹੇ ਗਏ ਪਰਚਿਆਂ ਨੂੰ ਆਧਾਰ ਬਣਾ ਕੇ ਦਾਦਰ ਦੀ ਸ਼ਾਇਰੀ ਸੰਬੰਧੀ ਆਪਣੇ-ਆਪਣੇ ਵਿਚਾਰ ਰੱਖੇ। ਦੇਸ ਰਾਜ ਕਾਲੀ, ਭਗਵੰਤ ਰਸੂਲਪੁਰੀ, ਪ੍ਰੋ. ਭੁਪਿੰਦਰ ਕੌਰ ਤੇ ਗਾਇਕ ਮਕਬੂਲ ਨੇ ਵੀ ਇਸ ਸਮਾਗਮ ‘ਚ ਆਪਣੀ ਹਾਜ਼ਰੀ ਲੁਆਈ।

ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਸਰਵਸ਼੍ਰੀ ਭਜਨ ਸਿੰਘ ਵਿਰਕ, ਕੁਲਵਿੰਦਰ ਕੁੱਲਾ, ਸੋਮਦੱਤ ਦਿਲਗੀਰ, ਅਸ਼ੋਕ ਕਾਸਿਦ, ਜੁਗਿੰਦਰ ਮਤਵਾਲਾ, ਸੁਮਨ ਸ਼ਾਮਪੁਰੀ, ਜਗਦੀਸ਼ ਰਾਣਾ, ਸੋਹਣ ਸਿਹਜਲ, ਕੰਵਰ ਇਕਬਾਲ, ਅਸ਼ੋਕ ਕਾਸਿਦ, ਮਨੋਜ ਫ਼ਗਵਾੜਵੀ ਤੇ ਸਰਬਜੀਤ ਕਰੀਮਪੁਰੀ ਨੇ ਰਚਨਾਵਾਂ ਪੇਸ਼ ਕੀਤੀਆਂ।

ਸਮਾਗਮ ਦੇ ਅਖੀਰ ‘ਚ ਪ੍ਰੋ. ਸੁਰਜੀਤ ਜੱਜ ਨੇ ਆਏ ਹੋਏ ਸਰੋਤਿਆਂ ਤੇ ਸ਼ਾਇਰ ਦੋਸਤਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਪ੍ਰੋ. ਸੁਰਜੀਤ ਜੱਜ ਤੇ ਡਾ. ਜਗਵਿੰਦਰ ਜੋਧਾ ਨੇ ਸਾਂਝੇ ਤੌਰ ਤੇ ਕੀਤਾ।

****

No comments:

Post a Comment