ਬਾਤਾਂ ਬੀਤੇ ਦੀਆਂ ਰੀਲੀਜ਼ ਸਮਾਰੋਹ .......... ਪੁਸਤਕ ਰਿਲੀਜ਼ / ਲਖਵਿੰਦਰ ਸਿੰਘ ਮਾਨ

ਪੰਜਾਬੀ ਸਭਿਆਚਾਰ ਦੀ ਸਰਬਪੱਖੀ ਉਨਤੀ ਲਈ ਯਤਨਸ਼ੀਲ, ਪੰਜਾਬੀ ਸੱਥ ਲਾਂਬੜਾ ਵੱਲੋਂ, ਆਸਟ੍ਰੇਲੀਆ ਵਾਸੀ, ਪਰਵਾਸੀ ਲੇਖਕ ਗਿਆਨੀ ਸੰਤੋਖ ਸਿੰਘ ਜੀ ਦੀ ਪੁਸਤਕ, ‘ਬਾਤਾਂ ਬੀਤੇ ਦੀਆਂ’ ਸੰਤ ਬਾਬਾ ਬਲਬੀਰ ਸਿੰਘ ਸੀਂਚੇ ਵਾਲ ਜੀ ਦੇ, ਪਵਿਤਰ ਹਥਾਂ ਦੁਆਰਾ ਰੀਲ਼ੀਜ਼ ਕਰਵਾਈ ਗਈ।
ਸੱਥ ਵੱਲੋਂ ਆਪਣੀ ਵੀਹਵੀਂ ਪਰ੍ਹਿਆ ਦੇ ਸਮਾਗਮ ਵਿਚ ਜਿਥੇ ਕੁਝ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਓਥੇ ਗਿਆਨੀ ਜੀ ਦੀ ਕਿਤਾਬ ‘ਬਾਤਾਂ ਬੀਤੇ ਦੀਆਂ’ ਨੂੰ ਵੀ ਪਾਠਕਾਂ ਨੂੰ ਸਮੱਰਪਤ ਕੀਤਾ ਗਿਆ। ਉਸ ਸਮੇ ਸਟੇਜ ਉਪਰ ਸਤਿਕਾਰਤ ਮਹਾਨ ਸ਼ਖ਼ਸੀਅਤਾਂ ਵੱਲੋਂ ਗਿਆਨੀ ਜੀ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਸੰਸਾਰ ਵਿਚ ਵੱਸ ਰਿਹਾ ਪੰਜਾਬੀ ਭਾਈਚਾਰਾ ਗਿਆਨੀ ਜੀ ਦੀ ਵਿਦਵਤਾ, ਜੋ ਕਿ ਉਹਨਾਂ ਦੇ ਭਾਸ਼ਨਾਂ ਅਤੇ ਲਿਖਤ ਦੁਆਰਾ ਪਰਗਟ ਹੁੰਦੀ ਹੈ, ਤੋਂ ਜਾਣੂ ਹੈ। ਆਪ ਜੀ ਪਹਿਲਾਂ ਪੰਜਾਬ ਵਿਚ ਤੇ ਫਿਰ ਪਿਛਲੇ 37 ਸਾਲਾਂ ਤੋਂ ਪਰਦੇਸਾਂ ਵਿਚ ਭਰਮਣ ਕਰਕੇ, ਪੰਜਾਬੀ ਭਾਈਚਾਰੇ ਵਿਚ ਵਿਚਰਦੇ ਆ ਰਹੇ ਹਨ। 31 ਸਾਲਾਂ ਤੋਂ ਪਰਵਾਰ ਸਮੇਤ ਪੱਕਾ ਟਿਕਾਣਾ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਹੈ ਪਰ ਸੰਸਾਰ ਦੀਆਂ ਯਾਤਰਾਵਾਂ ਦਾ ਸਿਲਸਿਲਾ ਲਗਾਤਾਰ ਅਜੇ ਵੀ ਜਾਰੀ ਹੈ।
ਗਿਆਨੀ ਜੀ ਦੀ ਸਭ ਤੋਂ ਸਭ ਪਹਿਲੀ ਪੁਸਤਕ ‘ਸਚੇ ਦਾ ਸਚਾ ਢੋਆ’ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਦਾ ਵਰਨਣ ਕਰਦੀ ਹੈ। ਪਾਠਕਾਂ ਨੇ ਇਸ ਨੂੰ ਏਨਾ ਪਸੰਦ ਕੀਤਾ ਕਿ ਥੋਹੜੇ ਹੀ ਸਮੇ ਵਿਚ ਇਸ ਦੇ ਤਿੰਨ ਐਡੀਸ਼ਨ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚ ਚੁੱਕੇ ਹਨ। ਦੂਜੀਆਂ ਦੋਹਾਂ ਕਿਤਾਬਾਂ ਵਿਚ ਗਿਆਨੀ ਜੀ ਦੀਆਂ ਯਾਤਰਾਵਾਂ ਦਾ ਵਰਨਣ ਹੈ ਤੇ ਇਸ ਚੌਥੀ ਕਿਤਾਬ ਵਿਚ, 1947 ਤੋਂ ਲੈ ਕੇ ਹੁਣ ਤੱਕ, ਆਪਣੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਘਟਨਾਵਾਂ, ਜੋ ਕਿ ਪੰਥ, ਪੰਜਾਬ, ਸਿੱਖੀ, ਅਕਾਲੀ ਇਤਿਹਾਸ ਦਾ, ਪ੍ਰਤੱਖ, ਹੱਡੀਂ ਵਾਪਰਿਆ ਤੇ ਅੱਖੀਂ ਵੇਖਿਆ ਬਿਆਨ ਹੈ। ਪੰਜਾਬੀ ਪਾਠਕਾਂ ਵਾਸਤੇ ਇਹ ਇਕ ਹਵਾਲਾ ਪੁਸਤਕ ਵਜੋਂ ਪਰਗਟ ਹੋਈ ਹੈ। ਇਤਿਹਾਸ, ਧਰਮ, ਰਾਜਨੀਤੀ, ਸਾਹਿਤ, ਪੱਤਰਕਾਰੀ, ਯਾਤਰਾ ਵਿਚ ਦਿਲਚਸਪੀ ਰੱਖਣ ਵਾਲ਼ੇ ਪਾਠਕਾਂ ਵਾਸਤੇ ਤਾਂ ਇਹ ਇਕ ਗਾਈਡ ਸਮਾਨ ਹੈ।
ਗਿਆਨੀ ਜੀ ਦਾ ਇਹ ਵੱਡਪਣ ਹੀ ਹੈ ਕਿ ਏਨੇ ਚਿਰ ਤੋਂ ਵਿਦੇਸ਼ ਵਿਚ ਵੱਸੇ ਹੋਣ ਦੇ ਜਾਵਜੂਦ ਆਪਣੀ ਜ਼ਮੀਨ, ਆਪਣੀ ਮਾਂ ਬੋਲੀ ਨੂੰ ਭੁੱਲੇ ਨਹੀ ਸਗੋਂ ਇਸ ਵਿਚ ਹੋਰ ਨਿਖਾਰ ਲਿਆਉਣ ਲਈ ਆਪਣੀ ਕਲਮ ਨੂੰ ਨਿਰੰਤਰ ਵਰਤ ਰਹੇ ਹਨ; ਭਾਵੇਂ ਕਿ ਇਹਨਾਂ ਨੇ ਲਿਖਣ ਦਾ ਕਾਰਜ ਪਿਛਲੀ ਉਮਰ ਵਿਚ ਹੀ ਸ਼ੁਰੂ ਕੀਤਾ ਹੈ। ਯਾਦ ਰਹੇ ਕਿ ਗਿਆਨੀ ਜੀ ਦੀ ਪਹਿਲੀ ਪੁਸਤਕ ‘ਸਚੇ ਦਾ ਸਚਾ ਢੋਆ’ ਨਵੰਬਰ, 2006 ਵਿਚ ਪ੍ਰਕਾਸ਼ਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਪਹੁੰਚੀ ਸੀ ਜਿਸ ਦੀਆਂ ਤਿਨ ਐਡੀਸ਼ਨਾਂ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਜਾ ਚੁੱਕੀਆਂ ਹਨ।
ਸਾਹਿਤਕਾਰਾਂ, ਬੁਧੀਜੀਵੀਆਂ, ਧਾਰਮਿਕ ਹਸਤੀਆਂ, ਸਮਾਜ ਸੇਵਕਾਂ, ਵਿੱਦਵਾਨਾਂ, ਵਿੱਦਿਆ ਦੇ ਦਾਨੀਆਂ, ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਆਦਿ ਨੇ, ਜੋ ਦੇਸ ਅਤੇ ਵਿਦੇਸ਼ਾਂ ਤੋਂ ਆਏ ਹੋਏ ਸਨ, ਇਸ ਸਮਾਗਮ ਦੀ ਗਹਿਮਾ ਗਹਿਮੀ ਵਿਚ ਭਰਪੂਰ ਹਿੱਸਾ ਪਾ ਕੇ, ਇਸ ਨੂੰ ਇਕ ਯਾਦਗਾਰੀ ਸਮਾਗਮ ਬਣਾ ਦਿਤਾ।

No comments:

Post a Comment