ਕਲਾ ਕੇਂਦਰ ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ.......... ਪੁਸਤਕ ਰਿਲੀਜ਼ / ਮੇਜਰ ਮਾਂਗਟ

ਕਲਾ ਕੇਂਦਰ ਟੋਰਾਂਟੋ ਵਲੋਂ ਬਰੈਂਪਟਨ ਸ਼ਹਿਰ ਦੇ ਮੈਲਨੀ ਅਤੇ ਸਟੀਲ ਦੇ ਕੋਨੇ ਤੇ ਸਥਿਤ ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ ਵਿਚ ਸਾਹਿਤ ਪ੍ਰੇਮੀਆਂ ਦੇ ਇਕੱਠ ਵਿਚ ਬਲਬੀਰ ਕੌਰ ਸੰਘੇੜਾ, ਮਿਨੀ ਗਰੇਵਾਲ ਅਤੇ ਮੇਜਰ ਮਾਂਗਟ ਹੁਰਾਂ ਦੁਆਰਾ ਲਿਖੀਆਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ ।
ਕਲਾ ਕੇਂਦਰ ਟੋਰਾਂਟੋ ਦੀ ਸਥਾਪਨਾ 1993 ਵਿਚ ਬਲਬੀਰ ਸੰਘੇੜਾ, ਮੇਜਰ ਮਾਂਗਟ ਅਤੇ ਮੇਜਰ ਨਾਗਰਾ ਦੁਆਰਾ ਕੀਤੀ ਗਈ ਸੀ । ਸਭ ਤੋਂ ਪਹਿਲਾਂ ਇਸ ਸੰਸਥਾ ਨੇ ਮਾਲਟਨ ਦੇ ਕਮਿਉਨਿਟੀ ਸੈਂਟਰ ਵਿਖੇ, ਕੋਈ ਤਿੰਨ ਸੌ ਬੰਦਿਆਂ ਦੇ ਇਕੱਠ ਵਿਚ, ਤਬਲਾ ਵਾਦਕ ਲਛਮਣ ਸਿੰਘ ਸੀਨ ਅਤੇ ਸਿਤਾਰ ਵਾਦਕ ਕਿਨਰ ਸੀਨ ਦਾ ਧਮਾਕੇਦਾਰ ਪ੍ਰੋਗਰਾਮ ਪੇਸ਼ ਕੀਤਾ । ਸਮੇਂ ਸਮੇਂ ਇਸ ਸੰਸਥਾ ਨੇ ਦਰਜਨ ਕੁ ਕਿਤਾਬਾਂ ਰਿਲੀਜ਼ ਕੀਤੀਆਂ ਅਤੇ ਇਨ੍ਹਾਂ ਤੇ ਗੋਸ਼ਟੀਆਂ ਕਰਵਾਈਆਂ । ਅਜ ਇਸ ਸੰਸਥਾ ਨੇ ਨਾਮਵਰ ਸਾਹਿਤਕਾਰਾਂ ਤੇ ਪਾਠਕਾਂ ਦੇ ਭਰਪੂਰ ਇਕੱਠ ਵਿੱਚ ਤਿੰਨ ਕਿਤਾਬਾਂ ਲੋਕ ਅਰਪਣ ਕੀਤੀਆਂ । ਇਨ੍ਹਾਂ ਪੁਸਤਕਾਂ ਤੇ ਵਿਦਵਾਨਾਂ ਵਲੋਂ ਪਰਚੇ ਪੜੇ ਗਏ ਅਤੇ ਭਰਪੂਰ ਚਰਚਾ ਕੀਤੀ ਗਈ । ਬਹੁਤ ਸਵਾਦਿਸ਼ਟ ਪ੍ਰੀਤੀ ਭੋਜਨ ਪਰੋਸਿਆ ਗਿਆ ਅਤੇ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ।
ਪ੍ਰਸਿੱਧ ਕਹਾਣੀਕਾਰ ਅਤੇ ਹਸਮੁਖ ਸੁਭਾਅ ਦੇ ਮਾਲਿਕ ਕੁਲਜੀਤ ਮਾਨ ਨੇ ਮੰਚ ਸੰਭਾਲਿਆ । ਉਨ੍ਹਾਂ ਨੇ ਸਭ ਨੂੰ ਜੀਅ ਆਇਆਂ ਕਹਿਣ ਉਪਰੰਤ ਮੇਜਰ ਮਾਂਗਟ, ਬਲਬੀਰ ਕੌਰ ਸੰਘੇੜਾ ਅਤੇ ਮਿਨੀ ਗਰੇਵਾਲ ਦੇ ਨਾਲ ਨਾਲ ਭਾਰਤ ਤੋਂ ਕੈਨੇਡਾ ਦੇ ਦੌਰੇ ਤੇ ਆਈ ਹੋਈ ਨਾਮਵਰ ਕਵਿੱਤਰੀ ਡਾ: ਗੁਰਮਿੰਦਰ ਸਿੱਧੂ ਨੂੰ ਵੀ ਸਮਾਗਮ ਦੇ ਪ੍ਰਧਾਨਗੀ-ਮੰਡਲ ਵਿਚ ਮੰਚ ਤੇ ਸ਼ਾਮਿਲ ਹੋਣ ਲਈ ਸੱਦਾ ਦਿਤਾ । ਗੌਰਮਿੰਟ ਕਾਲਜ, ਚੰਡੀਗੜ ਤੋਂ ਆਏ ਤੇ ਨਾਟਕ ਦੇ ਖੇਤਰ ਦੀ ਮਸ਼ਹੂਰ ਸਖਸ਼ੀਅਤ, ਜੋ ਕਿ ਦਰਜਨ ਫਿਲਮਾਂ ਵਿਚ ਵੀ ਕੰਮ ਕਰ ਚੁੱਕੇ ਹਨ, ਪ੍ਰੋ: ਕਮਲਜੀਤ ਕੌਰ ਢਿੱਲੋਂ ਦੁਆਰਾ ਸ਼ਮਾ ਰੌਸ਼ਨ ਕਰਵਾਕੇ ਸਮਾਗਮ ਦਾ ਆਰੰਭ ਕੀਤਾ।

ਕੁਲਜੀਤ ਜੀ ਨੇ ਸ੍ਰੋਤਿਆਂ ਨੂੰ ਦਸਿਆ ਕਿ ਅਜ ਮੇਜਰ ਮਾਂਗਟ ਦੁਆਰਾ ਰਚਿਤ ‘ਮੋਮਬੱਤੀ’,  ਬਲਬੀਰ ਸੰਘੇੜਾ ਦੁਆਰਾ ਸੰਪਾਦਿਤ ‘ਉੱਤਰੀ ਅਮਰੀਕਾ ਦੀਆਂ ਕਹਾਣੀਆਂ ਔਰਤਾਂ ਦੀਆਂ ਕਲਮਾਂ ਤੋਂ’ ਅਤੇ ਮਿਨੀ ਗਰੇਵਾਲ ਦੁਆਰਾ ਲਿਖਿਆ ਸਫਰਨਾਮਾ ‘ਅਣਜਾਣੀਆਂ ਧਰਤੀਆਂ’ ਰਿਲੀਜ਼ ਕੀਤੀਆਂ ਜਾਣਗੀਆਂ ਤੇ ਇਨ੍ਹਾਂ ਤੇ ਗੋਸ਼ਟੀ ਵੀ ਹੋਵੇਗੀ ।
ਸਭ ਤੋਂ ਪਹਿਲਾਂ ਬਲਬੀਰ ਸੰਘੇੜਾ ਜੀ ਦੁਆਰਾ ਸੰਪਾਦਿਤ ਕਹਾਣੀਆਂ ਦੀ ਪੁਸਤਕ ‘ਉੱਤਰੀ ਅਮਰੀਕਾ ਦੀਆਂ ਕਹਾਣੀਆਂ ਔਰਤਾਂ ਦੀਆਂ ਕਲਮਾਂ ਤੋਂ’ ਉਨ੍ਹਾਂ ਦੀ ਪੋਤਰੀ ਤੇ ਨਵੀਂ ਪੀੜ੍ਹੀ ਦੀ ਪ੍ਰਤੀਨਿੱਧ ਕਮੀਲ ਸੰਘੇੜਾ ਨੇ ਰਿਲੀਜ਼ ਕੀਤੀ। ਕਮੀਲ ਨੇ ਕਿਹਾ ਕਿ ਮੇਰੇ ਦਾਦੀ ਜੀ ਮਹਾਨ ਹਨ ਅਤੇ ਮੈਂ ਇਨ੍ਹਾਂ ਵਰਗੀ ਬਨਣਾ ਚਾਹਾਂਗੀ । ਇਸ ਪੁਸਤਕ ਤੇ ਡਾ। ਜਤਿੰਦਰ ਕੌਰ ਰੰਧਾਵਾ ਨੇ ਬਹੁਤ ਵਧੀਆ ਪਰਚਾ ਪੜ੍ਹਿਆ ਅਤੇ ਇਸ ਸੰਗ੍ਰਹਿ ਵਿਚ ਸ਼ਾਮਿਲ ਹਰ ਇਕ ਕਹਾਣੀ ਤੇ ਖੁੱਲ ਕੇ ਚਰਚਾ ਕੀਤੀ ।
ਬਲਬੀਰ ਕੌਰ ਸੰਘੇੜਾ ਇਕ ਸਮਰੱਥ ਕਹਾਣੀਕਾਰਾ ਹੈ ਜਿਸਨੇ ਕਹਾਣੀ ਲਿਖਣ ਦੇ ਨਾਲ ਨਾਲ ਸਫਲ ਨਾਵਲ ਵੀ ਲਿਖੇ ਹਨ । ਇਸ ਬਾਰ ਬਲਬੀਰ ਸੰਘੇੜਾ ਨੇ ਕੈਨੇਡਾ ਤੇ ਅਮਰੀਕਾ ਦੀਆਂ 14 ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਪੁਸਤਕ ਸੰਪਾਦਿਤ ਕੀਤੀ ਹੈ । ਸੂਝਵਾਨ ਸੰਪਾਦਿਕਾ ਨੇ ਜਰੂਰ ਇਹ ਸੋਚਿਆ ਹੋਵੇਗਾ ਕਿ ਸਾਹਿਤ ਦੇ ਬਹੁਤ ਸਾਰੇ ਸੰਗ੍ਰਹਿ ਛਪਦੇ ਹਨ ਜਿਨ੍ਹਾਂ ਵਿਚ ਇੱਕਾ-ਦੁੱਕਾ ਲੇਖਿਕਾਵਾਂ ਨੂੰ ਹੀ ਸ਼ਾਮਿਲ ਕੀਤਾ ਜਾਂਦਾ ਹੈ ਤੇ ਕਿਉਂ ਨਾ ਇਕ ਅਜਿਹਾ ਸੰਗ੍ਰਹਿ ਤਿਆਰ ਕੀਤਾ ਜਾਵੇ ਜਿਸ ਵਿਚ ਕੇਵਲ ਤੇ ਕੇਵਲ ਔਰਤ ਕਹਾਣੀਕਾਰਾਂ ਨੂੰ ਹੀ ਸ਼ਾਮਿਲ ਕੀਤਾ ਜਾਵੇ । ਇਸ ਲਈ ਉਨ੍ਹਾਂ ਨੇ ਉਹੀ ਕਹਾਣੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਜਿਹੜੀਆਂ ਔਰਤ-ਮਨ, ਉਸਦੇ ਫਿਕਰ ਤੇ ਉਸਦੇ ਅੰਦਰ ਵਸਦੇ ਡਰ ਦੀ ਤਰਜ਼ਮਾਨੀ ਕਰਦੀਆਂ ਹਨ । ਬਲਬੀਰ ਸੰਘੇੜਾ ਨੇ ਔਰਤ ਦੀਆਂ ਸਮੱਸਿਆਵਾਂ, ਉਨ੍ਹਾਂ ਦੀਆਂ ਸੀਮਾਂਵਾਂ, ਉਨ੍ਹਾਂ ਦਾ ਚਿੰਤਨ, ਉਨ੍ਹਾਂ ਦੀ ਵੇਦਨਾ, ਅੰਦਰਲੀ ਭਟਕਣ ਦੇ ਅਨੰਤ ਰੰਗਾਂ ਦਾ ਇਕ ਲਾਜਵਾਬ ਕੌਲਾਜ ਤਿਆਰ ਕੀਤਾ ਹੈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ । ਇਸ ਪੁਸਤਕ ਵਿਚਲੀਆਂ ਔਰਤਾਂ ਪ੍ਰਦੇਸਾਂ ਵਿਚ ਇਕੱਲਤਾ ਦਾ ਸਰਾਪ ਹੰਢਾਉਂਦੀਆਂ ਹਨ, ਇਕੱਲੀਆਂ ਬੱਚੇ  ਪਾਲਦੀਆਂ ਹਨ, ਹੱਡ ਭੰਨਵੀਂ ਮੁਸ਼ੱਕਤ ਕਰਦੀਆਂ ਹਨ, ਆਪਣੇ ਹੱਕਾਂ ਲਈ ਲੜਦੀਆਂ ਵੀ ਹਨ । ਕਦੇ ਕਦੇ ਉਹਨਾਂ ਵਿਚੋਂ ਕੋਈ ਪੜ੍ਹ ਲਿਖਕੇ ‘ਪਰਫੈਕਟ ਹਸਬੈਂਡ’ ਨੂੰ ਭਾਲਦੀ ਇਕੱਲੀ ਵੀ ਰਹਿ ਜਾਂਦੀ ਹੈ ਤੇ ਸਭ ਕਾਸੇ ਦੇ ਹੁੰਦਿਆਂ ਵੀ ਇਕ ਉਦਾਸੀਨ ਅਵਸਥਾ ਹੰਢਾਉਂਦੀ ਹੈ ਕਿਉਂਕਿ ਸੁਭਾਵਿਕ ਤੌਰ ਤੇ ਔਰਤ ਇਕ ਘਰ-ਪਰਿਵਾਰ ਹੀ ਸਿਰਜਣਾ ਚਾਹੁੰਦੀ ਹੈ ਜਿਸ ਦੀਆਂ ਚਾਰੇ ਕੰਧਾਂ ਸਾਬਤ-ਸਬੂਤ ਹੋਣ । ਬਲਬੀਰ ਸੰਘੇੜਾ ਨੇ ਨਾ ਕੇਵਲ ਇਨ੍ਹਾਂ ਕਥਾਵਾਂ ਨੂੰ ਇਕੱਠਿਆਂ ਕਰਕੇ ਪੇਸ਼ ਕੀਤਾ ਸਗੋਂ ਇਸਦੇ ਮੁਖਬੰਦ ਵਜੋਂ ਇਸ ਪੁਸਤਕ ਦੀ ਇਕ ਇਕ ਕਹਾਣੀ ਤੇ ਉਸਦੀ ਲੇਖਿਕਾ ਬਾਰੇ ਵੀ ਭਰਪੂਰ ਜਾਣਕਾਰੀ ਦਿਤੀ ।
ਸਫਰਨਾਮਾ ਲਿਖਣਾ ਬਹੁਤ ਮੁਸ਼ਕਲ ਕਾਰਜ ਹੁੰਦਾ ਹੈ । ਇਹ ਕੇਵਲ ਕਿਸੇ ਦੀ ਯਾਤਰਾ ਹੀ ਨਹੀਂ ਹੁੰਦੀ ਸਗੋਂ ਯਾਤਰੂ ਹਰ ਘਟਨਾ, ਹਰ ਦ੍ਰਿਸ਼ ਨੂੰ ਜੀਉਂਦਾ ਹੈ ਅਤੇ ਮਹਿਸੂਸ ਕਰਕੇ ਲਿਖਦਾ ਹੈ । ਸਫਰ ਦੌਰਾਨ ਬਹੁਤ ਕੁਛ ਵਾਪਰਦਾ ਹੈ ਜਿਸਦੀ ਚੋਣ ਕਰਕੇ ਲੇਖਕ ਪਾਠਕਾਂ ਤਕ ਪਹੁੰਚਾਉਂਦਾ ਹੈ ਤੇ ਪਾਠਕ ਲੇਖਕ ਦੀ ਨਜ਼ਰ ਤੋਂ ਕਿਸੇ ਬਿਗਾਨੀ ਧਰਤੀ ਨੂੰ ਵੇਖਦਾ ਹੈ । ਪੰਜਾਬੀ ਵਿਚ ਬਹੁਤ ਘਟ ਸਫਰਨਾਮੇ ਲਿਖੇ ਗਏ ਹਨ ਅਤੇ ਮਿਨੀ ਗਰੇਵਾਲ ਨੂੰ ਪੰਜਾਬੀ ਦੀ ਪਹਿਲੀ ਔਰਤ ਸਫਰਨਾਮਾ ਲੇਖਕ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ । ਇਹ  ਸਾਰੀਆਂ ਪੰਜਾਬਣਾਂ ਲਈ ਬੜੇ ਮਾਣ ਵਾਲੀ ਗਲ ਹੈ ਕਿ ਉਨ੍ਹਾਂ ਦੀ ਇਕ ਸਾਥਣ, ਮਿਨੀ ਗਰੇਵਾਲ ਨੇ ਇਕਿਲਆਂ ਸੇਂਟ ਪੀਟਰਜ਼ਬਰਗ, ਰੂਸ, ਸਾਇਬੇਰੀਆ ਤੇ ਚੀਨ ਦਾ ਸਫਰ ਕੀਤਾ ਤੇ ਇਸ ਸਫਰ ਦੇ ਅਨੁਭਵਾਂ ਨੂੰ ਸਾਡੇ ਨਾਲ ਸ਼ਬਦਾਂ ਤੇ ਤਸਵੀਰਾਂ ਦੀ ਜੁਬਾਨੀ ਸਾਂਝੇ ਕੀਤਾ । ਉਨਾਂ ਦੁਆਰਾ ਲਿਖੇ ਸਫਰਨਾਮੇ, ‘ਅਣਜਾਣੀਆਂ ਧਰਤੀਆਂ’ ਦੇ ਸਰਵਰਕ ਉਪਰ ਵੀ ਸਾਇਬੇਰੀਆ ਦੇ ਇਕ ਪਿੰਡ ਦੀ ਹੀ ਤਸਵੀਰ ਛਪੀ ਹੋਈ ਹੈ ਅਤੇ ਉਨ੍ਹਾਂ ਇਸ ਸਫਰ ਨੂੰ ਨਕਸ਼ੇ ਰਾਹੀਂ ਵੀ ਪੁਸਤਕ ਦੇ ਮੂਹਰਲੇ ਪੰਨੇ ਤੇ ਦਰਸਾਇਆ ਹੈ ।
ਮਿਨੀ ਗਰੇਵਾਲ ਹੋਰਾਂ ਦੁਆਰਾ ਰਚਿਤ ‘ਅਣਜਾਣੀਆਂ ਧਰਤੀਆਂ’ ਨੂੰ ਸਮੂਹ ਗਰੇਵਾਲ ਪਰਿਵਾਰ, ਕਿਰਪਾਲ ਸਿੰਘ ਪੰਨੂ ਤੇ ਮੰਚ ਤੇ ਸੁਸ਼ੋਭਿਤ ਸਮੂਹ ਹਸਤੀਆਂ ਵਲੋਂ ਰਿਲੀਜ ਕੀਤਾ ਗਿਆ । ਹੁਣ ਮੇਜਰ ਸਿੰਘ ਨਾਗਰਾ ਹੋਰੀ ਮੰਚ ਸੰਚਾਲਨ ਦੀ ਜਿੰਮੇਵਾਰੀ ਸੰਭਾਲੀ ਹੋਈ ਸੀ । ਉਨ੍ਹਾਂ ਨੇ ਮੰਨੇ ਪ੍ਰਮੰਨੇ ਕਹਾਣੀਕਾਰ ਕੁਲਜੀਤ ਮਾਨ ਜੀ ਨੂੰ ਇਸ ਪੁਸਤਕ ਤੇ ਪਰਚਾ ਪੜਣ ਲਈ ਸੱਦਾ ਦਿਤਾ । ਕੁਲਜੀਤ ਹੋਰੀਂ ‘ਅਣਜਾਣੀਆਂ ਧਰਤੀਆਂ’ ਤੇ ਆਪਣਾ ਲਿਖਿਆ ਬੇਹਦ ਕਾਵਿਕ ਸ਼ੈਲੀ ਵਿਚ ਲਿਖਿਆ ਪਰਚਾ ਬੇਹਦ ਰੌਚਕ ਅੰਦਾਜ਼ ਵਿਚ ਪੜਿਆ । ਕੁਲਜੀਤ ਮਾਨ ਜੀ ਨੇ ਮਿਨੀ ਗਰੇਵਾਲ ਦੀ ਖੂਬਸੂਰਤ ਸ਼ਖਸੀਅਤ, ਉਨਾਂ ਦੇ ਖੂਬਸੂਰਤ ਸਫਰ ਤੇ ਸਫਰਨਾਮੇ ਦੀ ਭਰਪੂਰ ਚਰਚਾ ਤੇ ਸ਼ਲਾਘਾ ਕੀਤੀ ।

ਮੇਜਰ ਮਾਂਗਟ ਮੁਖ ਧਾਰਾ ਦਾ ਕਹਾਣੀਕਾਰ ਹੈ ਜਿਸਦੇ ਪਾਠਕਾਂ ਦਾ ਦਾਇਰਾ ਬਹੁਤ ਵੱਡਾ ਹੈ । ਉਸਨੇ ਗਿਣਤੀ ਤੇ ਗੁਣਾਂ ਦੋਹਾਂ ਪੱਖੋਂ ਹੀ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ । ‘ਮੋਮਬੱਤੀ’ ਮੇਜਰ ਮਾਂਗਟ ਦਾ ਨਵ-ਪ੍ਰਕਾਸ਼ਤ ਕਹਾਣੀ ਸੰਗ੍ਰਹਿ ਹੈ, ਜਿਸ ਨੂੰ ਸ੍ਰੀ ਸੁਰਜਨ ਜੀਰਵੀ, ਬਲਰਾਜ ਚੀਮਾਂ, ਸੁਖਮਿੰਦਰ ਰਾਮਪੁਰੀ, ਜਸਵੀਰ ਕਾਲਰਵੀ, ਡਾ:ਗੁਰਮਿੰਦਰ ਸਿੱਧੂ ਅਤੇ ਮਾਂਗਟ ਪਰਿਵਾਰ ਨੇ ਰਿਲੀਜ਼ ਕੀਤਾ । ਪੰਜਾਬੀ ਸਾਹਿਤ ਦੇ ਪ੍ਰਸਿੱਧ ਤੇ ਹਰਮਨ ਪਿਆਰੇ ਲੇਖਕ ਜਸਵੀਰ ਕਾਲਰਵੀ ਜੀ ਨੇ ‘ਮੋਮਬੱਤੀ’ ਤੇ ਆਪਣਾ ਪਰਚਾ ਪੇਸ਼ ਕੀਤਾ ਜਿਸ ਵਿੱਚ ਉਨ੍ਹਾਂ ਨੇ ਮੇਜਰ ਮਾਂਗਟ ਦੀ ਕਹਾਣੀ-ਕਲਾ ਦੀ ਭਰਪੂਰ ਸਮੀਖਿਆ ਤੇ ਰਜ ਕੇ ਸ਼ਲਾਘਾ ਕੀਤੀ । ਇਹ ਪਰਚਾ ਵੀ ਖੂਬ ਪ੍ਰਭਾਵ ਛੱਡ ਗਿਆ ।
‘ਮੋਮਬੱਤੀ’ ਵਿਚ ਮੇਜਰ ਮਾਂਗਟ ਦੀ ਕਹਾਣੀ ਕਲਾ ਸਿਖਰ ਤੇ ਹੈ । ਇਸ ਵਿਚ ਚੁਣੇ ਹੋਏ ਵਿਸ਼ੇ ਪਰਦੇਸਾਂ ਤੇ ਖਾਸ ਕਰਕੇ ਕੈਨੇਡਾ ਵਿਚ ਵਸਦੇ ਪੰਜਾਬੀਆਂ ਦੇ ਜੀਵਨ ਨਾਲ ਸੰਬੰਧਿਤ ਹਨ । ਉਹ ਪਰਵਾਸ ਕਰ ਰਹੇ ਲੋਕਾਂ ਦੀਆਂ ਆਰਥਿਕ ਤੰਗੀਆਂ, ਸਮਾਜਿਕ ਸਮੱਸਿਆਵਾਂ, ਨਿਘਰ ਰਹੇ ਘਰੇਲੂ ਰਿਸ਼ਤਿਆਂ, ਮਾਂ ਬਾਪ ਤੇ ਬੱਚਿਆਂ ਵਿਚਲੇ ਪਾੜੇ ਤੇ ਕੈਨੇਡਾ ਵਿਚ ਸਥਾਪਿਤ ਹੋਣ ਲਈ ਜਦੋਜਹਿਦ ਕਰਦੇ ਲੋਕਾਂ ਦੀਆਂ ਸਮਸਿਆਵਾਂ ਅਤੇ ਖਾਸ ਕਰਕੇ ਪ੍ਰਦੇਸਾਂ ਵਿਚਲੇ ਅਜਨੀਬੀਅਤਪੁਣੇ ਨਾਲ ਪੀੜਿਤ ਲੋਕਾਂ ਦੀ ਗਲ ਕਰਦਾ, ਲੋਕਾਂ ਦਾ ਕਹਾਣੀਕਾਰ ਹੈ । ਉਸਦੀਆਂ ਕਹਾਣੀਆਂ ਪਾਠਕ ਨੂੰ ਕਦੇ ਰਿਸ਼ਤਿਆਂ ਅਤੇ ਸਮਾਜ ਨੂੰ ਸਮਝਣ ਵਿਚ ਸਹਾਈ ਹੁੰਦੀਆਂ ਹਨ ਅਤੇ ਕਦੇ ਨਿਰਾਸ਼ਾ ਵਿਚੋਂ ਨਿਕਲਣ ਦੇ ਹਲ ਸੁਝਾਉਂਦੀਆਂ ਹਨ । ਮੋਮਬੱਤੀ ਕਹਾਣੀ ਵਿਚ ਉਹ ਪੈਸੇ ਦੀ ਖਾਤਿਰ ਵਿਦੇਸ਼ਾਂ ਵਿਚ ਦੇਹ-ਵਪਾਰ ਦੇ ਨਰਕ ਵਿਚ ਰੁਲ ਰਹੀਆਂ ਕੁੜੀਆਂ ਤੇ ਸਮਾਜ ਵਿਚ ਮੰਨੇ ਪ੍ਰਮੰਨੇ ਵਿਅਕਤੀਆਂ ਦਾ, ਜੋ ਇਨ੍ਹਾਂ ਦੇ ਰਖਵਾਲੇ ਬਨਣ ਦੀ ਬਜਾਇ ਇਨ੍ਹਾਂ ਦੇ ਖਰੀਦਦਾਰ/ਗਾਹਕ ਬਣੇ ਹੋਏ ਹਨ, ਦਾ ਪਰਦਾ-ਫਾਸ਼ ਕਰਦਾ ਹੈ । ਸਾਰੇ ਸ੍ਰੋਤਿਆਂ ਨੇ ਇਸ ਪੁਸਤਕ ਦਾ ਵੀ ਭਰਪੂਰ ਇਸਤਕਬਾਲ ਕੀਤਾ। ਮਾਂਗਟ ਹੋਰੀਂ ਇਸ ਲਈ ਵਧਾਈ ਦੇ ਹੱਕਦਾਰ ਹਨ ।
ਗੋਸ਼ਟੀ ਦੇ ਸੰਜੀਦਾ ਮਾਹੌਲ ਵਿਚੋਂ ਕੱਢਣ ਲਈ ਸ਼ਿਵਰਾਜ ਸਨੀ, ਇਕਬਾਲ ਬਰਾੜ, ਸੁਖਮਿੰਦਰ ਰਾਮਪੁਰੀ ਅਤੇ ਹਰਮੇਸ਼ ਨੇ ਦੇ ਗੀਤ ਪੇਸ਼ ਕੀਤੇ ਗਏ । ਪਰਚਿਆਂ ਤੇ ਬਹਿਸ ਦੇ ਦੌਰਾਨ ਸੁਰਜੀਤ,   ਜਸਵਿੰਦਰ ਸੰਧੂ, ਕਮਲਜੀਤ ਕੌਰ ਢਿੱਲੋਂ, ਬਲਰਾਜ ਚੀਮਾ, ਸੁਖਮਿੰਦਰ ਰਾਮਪੁਰੀ, ਸੁਖਿੰਦਰ (ਸੰਪਾਦਕ ਸੰਵਾਦ) ਅੰਕਲ ਦੁੱਗਲ, ਨਾਹਰ ਔਜਲਾ, ਪ੍ਰਵੀਨ ਕੌਰ (ਚਿਤਰਕਾਰ) ਬਰਜਿੰਦਰ ਗੁਲਾਟੀ, ਗੁਰਦਾਸ ਮਿਨਹਾਸ, ਡਾ: ਅਰਵਿੰਦਰ ਕੌਰ, ਜਗਦੇਵ ਨਿੱਝਰ, ਅਤੇ ਸੁਰਜਨ ਜੀਰਵੀ ਨੇ ਹਿੱਸਾ ਲਿਆ ਅਤੇ ਤਿੰਨੋ ਲੇਖਕਾਂ ਨੂੰ ਵਧਾਈਆਂ ਦਿਤੀਆਂ । ਸਮਾਗਮ ਦੀ ਸਮਾਪਤੀ ਡਾ: ਗੁਰਮਿੰਦਰ ਸਿੱਧੂ ਦੇ ਪ੍ਰਧਾਨਗੀ ਭਾਸ਼ਨ ਅਤੇ ਇੱਕ ਖੂਬਸੂਰਤ ਕਵਿਤਾ ਨਾਲ ਹੋਈ। ਮੇਜਰ ਸਿਘ ਨਾਗਰਾ ਨੇ ਕਲਾ ਕੇਂਦਰ ਟੋਰਾਂਟੋ ਵਲੋਂ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਇਹ ਸਮਾਗਮ ਬਹੁਤ ਹੀ ਸਫਲ ਹੋ ਨਿਬੜਿਆ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਵਿੱਚ ਹੇਠ ਲਿਖੀਆਂ ਮਹੱਤਵਪੂਰਨ ਸਖਸ਼ੀਅਤਾਂ ਨੇ ਵੀ ਪ੍ਰਗਰਾਮ ਵਿੱਚ ਸ਼ਮੂਲੀਅਤ ਕੀਤੀ ਜਿਨਾ ਵਿਚ ਨਾਮਵਰ ਕਵਿੱਤਰੀ ਨੀਰੂ ਅਸੀਮ, ਸੁਰਿੰਦਰ ਸੁਰਿੰਦ, ਨਿਰਮਲ ਨਿੱਝਰ, ਰਸ਼ਪਿੰਦਰ ਮਾਂਗਟ, ਜੋਗਿੰਦਰ ਸੰਘੇੜਾ, ਤਰਿਮਨ, ਕਰਮਨ, ਬਿਸਮਨ, ਅਮਨ ਧਾਲੀਵਾਲ, ਗੁਰਪਿੰਦਰ ਬੰਟੂ, ਦਲਜੀਤ ਸਿੰਘ ਮੋਗਾ (ਸਕਾਈਡੋਮ ਆਟੋ) ਹਰਜੀਤ ਬਾਜਵਾ (ਪੱਤਰਕਾਰ) ਦਪਿੰਦਰ ਸਿੰਘ ਲੂੰਬਾ (ਫਸਟ ਚੁਅਇਸ ਟੀ ਵੀ ਚੈਨਲ), ਸਰਲਾ ( ਇੰਚਾਰਜ ਬਰੈਂਪਟਨ ਲਾਇਬਰੇਰੀ) ਗੁਰਪ੍ਰੀਤ ਕੌਰ, ਪਰਾਗ, ਮਨਮੋਹਨ ਗੁਲਾਟੀ, ਲਾਲ ਸਿੰਘ ਸੰਘੇੜਾ ਅਤੇ ਅਨੇਕਾਂ ਹੋਰ ਸਖਸ਼ੀਅਤਾਂ ਨੇ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕੁਲਜੀਤ ਮਾਨ ਤੇ ਮੇਜਰ ਸਿੰਘ ਨਾਗਰਾ ਵਲੋਂ ਬਾਖੂਬੀ ਕੀਤਾ ਗਿਆ।

****


No comments:

Post a Comment