ਥ੍ਰੀ ਜ਼ੀ ਐਂਟਰਟੇਨਰ ਦਾ ਐਡੀਲੇਡ ’ਚ ਇਕ ਹੋਰ ਸਫਲ "ਵਤਨੋਂ ਦੂਰ ਮੇਲਾ"……… ਕਰਨ ਬਰਾੜ

ਐਡੀਲੇਡ : ਥ੍ਰੀ ਜ਼ੀ ਐਂਟਰਟੇਨਰ ਵੱਲੋਂ ਕਰਵਾਏ ਗਏ ਭੰਗੜਾ ਵੋਰੀਅਰਸ ਨਾਂ ਦੇ ਅਮਰਿੰਦਰ ਗਿੱਲ, ਫ਼ਿਰੋਜ਼ ਖਾਨ ਅਤੇ ਕਮਲ ਗਰੇਵਾਲ ਦੇ ਸ਼ੋਅ ਦੀ ਕਾਮਯਾਬੀ ਦਾ ਸਿਹਰਾ ਇਕ ਬਾਰ ਫੇਰ ਤਿਰਮਾਨ ਗਿੱਲ, ਅਮਰਜੀਤ ਗਰੇਵਾਲ, ਰਿਪਨ ਗਿੱਲ, ਭਰਤ ਕੈਂਥ ਅਤੇ ਪ੍ਰਭਜੋਤ ਸਾਹਨੀ ਦੀ ਸੁਚੱਜੀ ਅਗਵਾਈ ਨੂੰ ਜਾਂਦਾ ਹੈ। ਹਮੇਸ਼ਾ ਦੀ ਤਰ੍ਹਾਂ ਵਕਤ ਦੀ ਬੇਕਦਰੀ ਨਾਲ ਸ਼ੁਰੂ ਹੋਇਆ ਇਹ ਸ਼ੋਅ ਆਪਣੇ ਸਾਰੇ ਗਿਲੇ ਸ਼ਿਕਵੇ ਦੂਰ ਕਰਦਾ ਹੋਇਆ ਮੁਕਾਮ ਤੇ ਪਹੁੰਚਿਆ। ਸ਼ੋਅ ਦਾ ਆਗਾਜ਼ ਆਸਟ੍ਰੇਲੀਆ ਦੇ ਲੋਕਲ ਗਾਇਕ ਵੀਰ ਭੰਗੂ ਦੀ ਰਸ ਭਰੀ ਅਤੇ ਬੁਲੰਦ ਆਵਾਜ਼ ਨਾਲ ਹੋਇਆ। ਉਨ੍ਹਾਂ ਉੱਤੇ ਥੱਲੇ ਤਿੰਨ ਗੀਤ ਗਾ ਕੇ ਆਪਣੇ ਆਉਣ ਵਾਲੇ ਭਵਿੱਖ ਦੇ ਸੰਕੇਤ ਕਲਾਕਾਰਾਂ ਅਤੇ ਦਰਸ਼ਕਾਂ ਨੂੰ ਦਿੱਤੇ। ਇਸ ਤੋਂ ਬਾਅਦ ਨੌਜਵਾਨ ਗਾਇਕ ਕਮਲ ਗਰੇਵਾਲ ਨੇ ਆਪਣੇ ਹਿੱਟ ਗੀਤਾਂ ਦੇ ਨਾਲ ਨਾਲ ਕੁਝ ਇਕ ਹੋਰ ਗਾਇਕਾਂ ਦੇ ਲੋਕਪ੍ਰਿਆ ਗੀਤ ਗਾ ਕੇ ਦਰਸ਼ਕਾਂ ਦਾ ਪਿਆਰ ਕਬੂਲਿਆ। ਪਰ ਲੋਕਾਂ ਵਿਚ ਉਨ੍ਹਾਂ ਦੀ ਪੇਸ਼ਕਾਰੀ ਬਾਰੇ ਆਮ ਚਰਚਾ ਸੀ ਕਿ ਜਿਵੇਂ ਉਹ ਬੱਬੂ ਮਾਨ ਦੇ ਨਕਸ਼ੇ ਕਦਮ ਤੇ ਚੱਲ ਰਹੇ ਹੋਣ।

ਇਸ ਤੋਂ ਬਾਅਦ ਵਾਰੀ ਆਈ ਸੁਰੀਲੇ ਗਾਇਕ ਫ਼ਿਰੋਜ਼ ਖਾਣ ਦੀ। ਜਿਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਨਾਲ ਦਰਸ਼ਕਾਂ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਅਸਲੀ ਅਤੇ ਵਿਰਸੇ ’ਚ ਮਿਲੀ ਗਾਇਕੀ ਕਿ ਹੁੰਦੀ ਹੈ। ਸੁਰਾਂ ਦੇ ਨਾਲ-ਨਾਲ ਉਨ੍ਹਾਂ ਦੀ ਸਟੇਜ ਪਰਫਾਰਮੈਂਸ ਵੀ ਲਾਜਵਾਬ ਸੀ। ਅਖੀਰ ਵਿਚ ਇਸ ਸ਼ੋਅ ਦੇ ਮੇਨ ਸਟਾਰ ਅਮਰਿੰਦਰ ਗਿੱਲ ਦੀ ਵਾਰੀ ਆਈ ਜਿਨ੍ਹਾਂ ਦੀ ਗਾਇਕ ਦੇ ਦੀਵਾਨੇ ਯੂਥ ਨੂੰ ਫੇਰ ਸਿਕਊਰਟੀ ਵਾਲੇ ਵੀ ਬੰਨ੍ਹ ਕੇ ਨਹੀਂ ਰੱਖ ਸਕੇ। ਇਕ ਬਾਰ ਤਾਂ ਇੰਝ ਲਗ ਰਿਹਾ ਸੀ ਕਿ ਸਾਰਾ ਹਾਲ ਹੀ ਨੱਚਣ ਲੱਗ ਪਿਆ ਹੋਵੇ। ਪਰ ਅਮਰਿੰਦਰ ਨੇ ਆਪਣੇ ਕੁਝ ਬਹੁਤ ਹੀ ਮਸ਼ਹੂਰ ਹੋਏ ਸੈਡ ਗੀਤ ਗਾ ਕੇ ਦਰਸ਼ਕਾਂ ਨੂੰ ਕੀਲ ਕੇ ਬਹਾ ਦਿੱਤਾ। ਅੰਤ ਵਿਚ ਤਿੰਨਾਂ ਕਲਾਕਾਰਾਂ ਨੇ ਇਕ ਦੂਜੇ ਦੇ ਗੀਤ ਅਤੇ ਬੋਲੀਆਂ ਪਾ ਕੇ ਸ਼ੋਅ ਨੂੰ ਅੰਜਾਮ ਦਿੱਤਾ। ਅਖੀਰ ਵਿਚ ਪ੍ਰਬੰਧਕਾਂ ਵੱਲੋਂ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਤੇ ਪ੍ਰਮੋਟਰ ਗਗਨ ਸੰਧੂ ਅਤੇ ਰਣਜੋਧ ਸਿੰਘ ਨੇ 'ਹਰਮਨ ਰੇਡੀਉ' ਅਤੇ 'ਦੀ ਪੰਜਾਬ' ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਤੇ ਐਡੀਲੇਡ ਦੀਆਂ ਮਸ਼ਹੂਰ ਹਸਤੀਆਂ ਵਿਚੋਂ ਰਿਟਾਇਰ ਕਰਨਲ ਬਿੱਕਰ ਸਿੰਘ ਬਰਾੜ, ਨਵਤੇਜ ਬਲ, ਨਿੱਕ ਆਹਲੂਵਾਲੀਆ, ਮਹਿੰਗਾ ਸਿੰਘ ਸੰਘਰ, ਨਰਿੰਦਰ ਬੈਂਸ, ਸਿੱਪੀ ਗਰੇਵਾਲ, ਵਿੱਕੀ ਭਲਾ, ਅਜੀਤ ਤੋਂ ਗੁਰਮੀਤ ਵਾਲੀਆ, ਕਰਨ ਬਰਾੜ, ਦਵਿੰਦਰ ਧਾਲੀਵਾਲ, ਸੁਲੱਖਣ ਸਿੰਘ ਸਹੋਤਾ, ਰੌਬੀ ਬੈਨੀਪਾਲ, ਦਿਲਪ੍ਰੀਤ ਸਿੰਘ ਦੀਪੀ ਆਦਿ ਸ਼ਾਮਿਲ ਸਨ। ਇਸ ਮੌਕੇ ਤੇ ਸਟੇਜ ਬਖਸ਼ਿੰਦਰ ਸਿੰਘ ਨੇ ਬਾਖ਼ੂਬੀ ਸੰਭਾਲੀ ਅਤੇ ਰਾਇਲ ਪੰਜਾਬੀ ਭੰਗੜਾ ਟੀਮ ਨੇ ਪਰਮਿੰਦਰ ਕਿੰਦਾ ਦੀ ਅਗਵਾਈ ਚ ਆਪਣੇ ਫ਼ਨ ਦਾ ਮੁਜ਼ਾਹਿਰਾ ਕੀਤਾ। 

ਇਸ ਸ਼ੋਅ ਤੋਂ ਇਕ ਘੰਟਾ ਪਹਿਲਾਂ ਪ੍ਰਬੰਧਕਾਂ ਵੱਲੋਂ ਇਕ ਪ੍ਰੈੱਸ ਮੀਟ ਸਾਰੇ ਕਲਾਕਾਰਾਂ ਨਾਲ ਰੱਖੀ ਗਈ। ਜਿਸ ਵਿਚ ਪੱਤਰਕਾਰਾਂ ਮੂਹਰੇ ਆਪਣੇ ਵਿਚਾਰ ਪੇਸ਼ ਕਰਦੀਆਂ ਇਹਨਾਂ ਕਲਾਕਾਰਾਂ ਨੇ ਲੱਚਰਤਾ ਅਤੇ ਪਾਇਰੇਸੀ ਨੂੰ ਪੰਜਾਬੀ ਗਾਇਕੀ ਦਾ ਘੁਣ ਦੱਸਿਆ। ਜੋ ਕਿ ਲਗਾਤਾਰ ਇਸ ਨੂੰ ਨਿਗਲ ਰਿਹਾ ਹੈ । ਨਾਲ ਹੀ ਫ਼ਿਲਮਾਂ ਵੱਲ ਪੰਜਾਬੀ ਸਿੰਗਰਾਂ ਦੇ ਵੱਧ ਰਹੇ ਰੁਝਾਨ ਬਾਰੇ ਗੱਲ ਕਰਦਿਆਂ ਅਮਰਿੰਦਰ ਗਿੱਲ ਨੇ ਦੱਸਿਆ ਕਿ ਦੁਨੀਆਂ ਭਰ ’ਚ ਫ਼ਿਲਮਾਂ ਦਾ ਇਤਿਹਾਸ ਦੱਸਦਾ ਹੈ ਕਿ ਕਿਸੇ ਵੀ ਭਾਸ਼ਾ ਦੀਆਂ ਫ਼ਿਲਮਾਂ ਦੇ ਸ਼ੁਰੂ ਵਿਚ ਉਸ ਵਿਚ ਕੰਮ ਕਰਨ ਵਾਲੇ ਉਸ ਭਾਸ਼ਾ ਦੇ ਗਾਇਕ ਹੀ ਹੋਏ ਹਨ। ਉਨ੍ਹਾਂ ਐਡੀਲੇਡ ਦੀ ਪ੍ਰੈੱਸ ਸਾਹਮਣੇ ਇਹ ਵਾਅਦਾ ਕੀਤਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਜਿਵੇਂ ਹੁਣ ਤੱਕ ਉਨ੍ਹਾਂ ਦੀ ਗਾਇਕੀ ਦਾ ਸਫ਼ਰ ਸਾਫ਼ ਸੁਥਰਾ ਰਿਹਾ ਉਸੇ ਤਰ੍ਹਾਂ ਹੀ ਅੱਗੇ ਤੋਂ ਵੀ ਜਾਰੀ ਰੱਖਣਗੇ।

****

No comments:

Post a Comment