ਨਵੇਂ ਸ਼ਾਇਰਾਂ ਨੂੰ ਸਮਰਪਿਤ ‘ਅਦਬੀ ਮਹਿਫ਼ਿਲ’ ਕਰ ਗਈ ਸਰੋਤਿਆਂ ਨੂੰ ਅਨੰਦਿਤ.......... ਜਸਬੀਰ ਕੌਰ

“ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹੀ ਹੈ ਕਿ ਸਾਡੇ ਨਵੇਂ ਸ਼ਾਇਰ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਨਾਂ ਸ਼ਾਇਰਾਂ ਨੂੰ ਭਾਸ਼ਾ, ਵਿਆਕਰਨ ਅਤੇ ਰਵਾਨਗੀ ਦੀ ਪੂਰਨ ਸਮਝ ਹੈ”, ਇਹ ਵਿਚਾਰ ਡਾ. ਦਵਿੰਦਰ ਸੈਫ਼ੀ ਨੇ ਨਵੀਂ ਪੰਜਾਬੀ ਕਵਿਤਾ ਨੂੰ ਸਮਰਪਿਤ “ਅਦਬੀ ਮਹਿਫਿ਼ਲ” ‘ਚ ਪੇਸ਼ ਕੀਤੇ ਜਦ ਕਿ ਉਹ ਸਾਹਿਤਕ ਗਤੀਵਿਧੀਆਂ ਨੂੰ ਸਮਰਪਿਤ ਸੰਸਥਾ ਲਿਟਰੇਰੀ ਫੋਰਮ, ਫਰੀਦਕੋਟ ਵੱਲੋਂ ਰਚੇ ਗਏ ਇਸ ਸਮਾਗਮ ‘ਚ ਬੋਲ ਰਹੇ ਸਨ । ਇਸ ਮੌਕੇ ‘ਤੇ ਉਨ੍ਹਾਂ ਨੇ ਹਰ ਕਵੀ ਦੀ ਵਿੱਲਖਣਤਾ ਬਾਰੇ ਸਿਧਾਂਤਕ ਨੁਕਤੇ ਵੀ ਦੱਸੇ।
ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਸੀਨੀਅਰ ਸੈਕੰਡਰੀ ਲੜਕੀਆਂ ਫ਼ਰੀਦਕੋਟ ਵਿਖੇ ਕਰਵਾਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸਾਹਿਤਕਾਰ ਹਰਮੰਦਰ ਸਿੰਘ ਕੁਹਾਰਵਾਲਾ, ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਡਾ. ਦੇਵਿੰਦਰ ਸੈਫ਼ੀ, ਪ੍ਰੋ. ਸਾਧੂ ਸਿੰਘ ਅਤੇ ਨਾਵਲਕਾਰ ਬਾਬੂ ਸਿੰਘ ਬਰਾੜ ਸੁਸ਼ੋਭਿਤ ਹੋਏ। ਸਮਾਗਮ ਦਾ ਆਗਾਜ਼ ਖੂਬਸੂਰਤ ਆਵਾਜ਼ ਦੇ ਮਾਲਿਕ ਵਿਜੈ ਦੇਵਗਨ ਨੇ ਰਾਜਿੰਦਰਜੀਤ ਇੰਗਲੈਂਡ ਦੀ .ਗਜ਼ਲ ਨਾਲ ਕੀਤੀ। ਫਿਰ ਉਭਰਦੇ ਗਾਇਕ ਸੁਖਜਿੰਦਰ ਸੰਧੂ ਨੇ ਸਾਹਿਤਕ ਗੀਤ ਤੇ ਮਿੱਠੀ ਆਵਾਜ਼ ਦੇ ਸੁਮੇਲ ਨਾਲ ਸਰੋਤਿਆਂ ਨੂੰ ਆਨੰਦਿਤ ਕੀਤਾ । ਇਸ ਮੌਕੇ ‘ਤੇ ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਤੇ ਦੱਸਿਆ ਕਿ ਅੱਜ ਦਾ ਸਮਾਗਮ ਕਰਾਉਣ ਦਾ ਉਦੇਸ਼ ਇਲਾਕੇ ਦੇ ਉਭਰ ਰਹੇ ਸ਼ਾਇਰਾਂ ਨੂੰ ਸਰੋਤਿਆਂ ਦੇ ਰੂਬਰੂ ਕਰਨਾ ਹੈ। ਇਸ ਮੌਕੇ ਨੌਜਵਾਨ ਸ਼ਾਇਰ ਹਰਪ੍ਰੀਤ ਨੇ ‘ਸਹਿਯੋਗ’ ਅਤੇ ‘ਅੰਤਰ ਸਹਿਯੋਗ’, ਕਾਗਜ਼ ਚੁਗਣ ਵਾਲਾ ਰਚਨਾਵਾਂ ਪੇਸ਼ ਕਰਦਿਆਂ ਮਨੁੱਖੀ ਮਨ ਦੀਆਂ ਅੰਤਰੀਵ ਪਰਤਾਂ ਬਾਖੂਬੀ ਖੋਲੀਆਂ। ਸ਼ਾਇਰ ਨਵੀ ਨਿਰਮਾਣ ਨੇ ਬਹੁਤ ਹੀ ਮਖ਼ਸੂਸ ਅੰਦਾਜ਼ ’ਚ ਸਮਾਜਿਕ ਢਾਂਚੇ ਉਪਰ ਚੋਟ ਕਰਦਿਆਂ ਨਜ਼ਮਾਂ ‘ਮੇਰੀ ਕਵਿਤਾ ਦਾਮਿਨੀ ਦੇ ਨਾਮ’, ਅਤੇ ‘ਕੌਣ’ ਕਮਾਲ ਦੇ ਅੰਦਾਜ਼ ’ਚ ਪੇਸ਼ ਕੀਤੀਆਂ। ਫ਼ਿਰ ਵਾਰੀ ਆਈ ਸ਼ਾਇਰਾ ਅਨੰਤ ਗਿੱਲ ਦੀ, ਜਿਸ ਨੇ ‘ਕ੍ਰਾਂਤੀ’, ‘ਇਨਸਾਨੀਅਤ’ ਅਤੇ ‘ਔਰਤ ਦੀ ਤ੍ਰਸਾਦੀ ’ ਰਾਹੀਂ ਔਰਤ ਦੀਆਂ ਭਾਵਨਾਵਾਂ ਨੂੰ ਪੇਸ਼ ਕਰਦਿਆਂ ਪ੍ਰਭਾਵਿਤ ਕੀਤਾ। ਸ਼ਾਇਰ ਕੁਲਵਿੰਦਰ ਵਿਰਕ ਅਤੇ ਜਗਦੀਪ ਹਸਰਤ ਨੇ ਵੀ ਆਪਣੀ ਨਜ਼ਮਾਂ ਨਾਲ ਸਰੋਤਿਆਂ ਨਾਲ ਇਕਮਿਕਤਾ ਬਣਾਈ ਅਤੇ ਭਰਪੂਰ ਦਾਦ ਹਾਸਲ ਕੀਤੀ।

ਇਸ ਮੌਕੇ ਸਾਹਿਤਕਾਰ ਹਰਮੰਦਰ ਕੋਹਾਰਵਾਲਾ ਨੇ ਕਿਹਾ ਕਿ ਇਹ ਸ਼ਾਇਰ ਲੋੜੀਂਦੇ ਵਰਤਮਾਨ ਸਰੋਕਾਰਾਂ ਦੀ ਨਬਜ਼ ਫ਼ੜਦੇ ਹਨ ਤੇ ਸੰਭਾਵਨਾਵਾਂ ਭਰਪੂਰ ਹਨ। ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਕਵਿਤਾ ਸਮਾਜਿਕ ਘਟਨਾਵਾਂ ਦਾ ਪ੍ਰਤੀਰੂਪ ਹੈ ਅਤੇ ਇਹ ਆਪ ਮੁਹਾਰਾ ਵਹਿਣ ਹੈ ਸੋ ਇਨਾਂ ਸ਼ਾਇਰਾਂ ਦੀ ਕਵਿਤਾ ਸਾਡੇ ਲਈ ਸ਼ੁਭ ਸ਼ਗਨ ਹੈ। ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਅਤੇ ਨਾਵਲਕਾਰ ਬਾਬੂ ਸਿੰਘ ਬਰਾੜ ਨੇ ਇਨਾਂ ਸ਼ਾਇਰਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਸ਼ਾਇਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਫ਼ੋਰਮ ਦੇ ਸਕੱਤਰ ਨਿਰਮੋਹੀ ਫ਼ਰੀਦਕੋਟੀ ਨੇ ਕੀਤਾ। ਮੰਚ ਸੰਚਾਲਨ ਜਸਵੀਰ ਸਿੰਘ ਨੇ ਬੜੇ ਸੋਹਣੇ ਅੰਦਾਜ਼ ’ਚ ਕੀਤਾ। ਇਸ ਮੌਕੇ ਸ਼ਾਇਰਾਂ ਨੂੰ ਫ਼ੋਰਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ’ਚ ਸੰਗੀਤਕਾਰ/ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਸੁਰਜੀਤ ਗਿੱਲ, ਤੇਜੀ ਜੌੜਾ, ਮੁੱਖ ਅਧਿਆਪਕ ਜਸਵਿੰਦਰ ਸਿੰਘ ਮਿੰਟੂ, ਲੇਖਕ ਸੁਰਿੰਦਰ ਮਚਾਕੀ, ਜਾਗੀਰ ਸੱਧਰ, ਤਰਕਸ਼ੀਲ ਆਗੂ ਐਡਵੋਕੇਟ ਜਸਵੰਤ ਜੱਸ, ਜਰਨੈਲ ਸਿੰਘ ਨਿਰਮਲ, ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ, ਗੁਰਤੇਜ ਪੱਖੀ,ਗੁਰਮੇਲ ਸਿੰਘ ਜੱਸਲ, ਡਾ. ਗਗਨਪ੍ਰੀਤ, ਲਾਲ ਸਿੰਘ ਕਲਸੀ, ਸਰਤਾਜ ਢਿੱਲੋਂ, ਮਨਜੀਤ ਪੁਰੀ, ਰਤਨ ਸਿੰਘ ਰਾਈਕਾ, ਸੁਖਦੇਵ ਦੁਸਾਂਝ, ਮਨਦੀਪ ਮਿੰਟਾ ਚੰਮੇਲੀ, ਰਾਜਪਾਲ ਸਿੰਘ ਹਰਦਿਆਲੇਆਣਾ ਅਤੇ ਗੀਤਕਾਰ ਜਸਵਿੰਦਰ ਸੰਧੂ ਹਾਜ਼ਰ ਸਨ।

No comments:

Post a Comment