‘ਸ਼ਾਇਰੀ ਦੇ ਰੰਗ’ ਸਮਗਾਮ ’ਚ ਰਜਿੰਦਰਜੀਤ ਦੀ ਸ਼ਾਇਰੀ ’ਤੇ ਹੋਈ ਵਿਚਾਰ ਗੋਸ਼ਟੀ.......... ਵਿਚਾਰ ਗੋਸ਼ਟੀ / ਸਪਨ ਮਨਚੰਦਾ

ਮਾਲਵੇ ਦੀ ਨਾਮਵਾਰ ਸਾਹਿਤਕ ਸੰਸਥਾ ਲਿਟਰੇਰੀ ਫੋਰਮ ਵੱਲੋਂ ਅੱਜ ਇਥੇ ਇਕ ਸਾਹਿਤਕ ਸਮਾਗਮ ‘ਸ਼ਾਇਰੀ ਦੇ ਰੰਗ ’ ਅਦਬ ਤੇ ਸੰਜੀਦਾ ਤਰੀਕੇ ਨਾਲ ਰਚਾਇਆ ਗਿਆ। ਜਿਸ ਵਿੱਚ ਜਿੱਥੇ ਪ੍ਰਵਾਸੀ ਸ਼ਾਇਰ ਰਜਿੰਦਰਜੀਤ ਦੀ ਪਲੇਠੀ ਪੁਸਤਕ ‘ਸਾਵੇ ਅਕਸ’ ਉਪਰ ਨਾਮਵਾਰ ਚਿੰਤਕਾਂ ਵੱਲੋਂ ਵਿਚਾਰ-ਚਰਚਾ ਕੀਤੀ ਗਈ ਉਥੇ ਪੰਜਾਬ ਦੇ ਨਾਮਵਾਰ ਸ਼ਾਇਰਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕਰਨ ਦੇ ਨਾਲ- ਨਾਲ ਰਜਿੰਦਰਜੀਤ ਦੀ ਸ਼ਾਇਰੀ ਦਾ ਗਜ਼ਲ ਗਾਇਨ ਦਾ ਵੀ ਸੈਕੜੇ ਸਾਹਿਤਕ ਪ੍ਰੇਮੀਆਂ ਵੱਲੋਂ ਖੂਬ ਆਨੰਦ ਮ੍ਯਾਣਿਆ ਗਿਆ।
ਬੇਹੱਦ ਸਧਾਰਨ ਤੇ ਪ੍ਰਭਾਵਸ਼ਾਲੀ ਇਸ ਸਮਾਗਮ ’ਚ ਮੁੱਖ ਮਹਿਮਾਨ ਵੱਜੋਂ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਪ੍ਰੋ. ਅਵਤਾਰ ਜੋੜਾ, ਪ੍ਰੋ. ਸੁਰਜੀਤ ਜੱਜ, ਸ਼ਾਇਰ ਜਸਵਿੰਦਰ, ਸ਼ਾਇਰ ਗੁਰਤੇਜ ਕੁਹਾਰਵਾਲਾ, ਸ਼ਾਇਰ ਸੁਰਿੰਦਰਪ੍ਰੀਤ ਘਣੀਆ, ਸ਼ਾਇਰ ਵਿਜੇ ਵਿਵੇਕ ਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਜਗਜੀਤ ਚਾਹਲ ਬਿਰਾਜਮਾਨ ਹੋਏ।

ਸਮਾਗਮ ਦੀ ਸ਼ੁਰੂਆਤ ਕਰਦਿਆਂ ਗਾਇਕ ਵਿਕਟਰ ਨੇ ਜਦੋਂ ਆਪਣੀ ਸੋਹਜਮਈ ਅਵਾਜ਼ ’ਚ ਸ਼ਾਇਰ ਰਜਿੰਦਰਜੀਤ ਦੀਆਂ ਗ਼ਜ਼ਲਾਂ ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲੀ ’ਚ ਭਰ ਲਈਏ, ਚਲੋ ਇਸੇ ਬਹਾਨੇ ਵਿਸਰਿਆ ਨੂੰ ਯਾਦ ਕਰ ਲਈਏ’ ਤੇ ‘ ਇਹ ਲੋਕ ਵਕਤ ਦਾ ਚਿਹਰਾ ਜੇ ਪੜ• ਗਏ ਹੁੰਦੇ ਉਤਰ ਕੇ ਅਰਸ਼ ਤੋਂ ਸੂਲੀ ’ਤੇ ਇਹ ਚੜ• ਗਏ ਹੁੰਦੇ ’ ਪੇਸ਼ ਕੀਤੀਆਂ ਤਾਂ ਸੈਕੜੇ ਸਾਹਿਤਕ ਪ੍ਰੇਮੀਆਂ ਨੇ ਅੰਤਾਂ ਦੀ ਠੰਡ ’ਚ ਵੀ ਗਰਮਾਹਟ ਮਹਿਸੂਸ ਕੀਤੀ। ਬਾਲ ਗਾਇਕ ਯਸ਼ਦੀਪ ਤੇ ਸਿਮਰਤਾ ਸ਼ਰਮਾਂ ਨੇ ਜਦੋਂ ਸਾਹਿਤਕ ਗੀਤਾਂ ਨਾਲ ਭਰਵੀ ਹਾਜ਼ਰੀ ਲਗਵਾਈ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਸਮਾਗਮ ਦੇ ਅਸਲ ਮੰਤਵ ਵੱਲ ਵਧਦਿਆਂ ਪ੍ਰੋ.ਸੁਰਜੀਤ ਜੱਜ ਨੇ ਰਜਿੰਦਰਜੀਤ ਦੀ ਸ਼ਾਇਰੀ ਤੇ ਮੂਲ ਤੱਤਾਂ ਦੀ ਪਛਾਣ ਕਰਦਿਆਂ ਕਿਹਾ ਕਿ ਰਾਜਿੰਦਰਜੀਤ ਦੀ ਸ਼ਾਇਰੀ ਅਜੋਕੀ ਅਣਮਨੁੱਖੀ ਪ੍ਰਸਿਥਤੀਆਂ ’ਚ ਖੰਡਿਤ ਹੋ ਰਹੇ ਆਮ ਆਦਮੀ ਨੂੰ ਇਸਦੇ ਕਾਰਨਾਂ ਦਾ ਬੋਧ ਹੀ ਨਹੀਂ ਕਰਾਉਂਦੀ ਸਗੋਂ ਇਸ ’ਚੋਂ ਆਪਾ ਬਚਾਉਣ ਲਈ ਉਸਨੂੰ ਤਰਕੀਬ ਵੀ ਦੱਸਦੀ ਹੈ। ਮੁੰਡੀ ਸੱਭਿਆਚਾਰ ਮਨੁੱਖ ਨੂੰ ਸਮੂਹਿਕ ਤੌਰ ’ਤੇ ਤੋੜਕੇ ਨਿੱਜ ਵੱਲ ਧੱਕ ਰਿਹਾ ਹੈ। ਜਿਸ ਕਰਕੇ ਅੱਜ ਦਾ ਮਨੁੱਖ ਇੱਕਲਤਾ ਪੂਰਵਕ ਜਵੀਨ ਜਿਉਂਣ ਲਈ ਮਜਬੂਰ ਹੈ ਇਸ ਦਾ ਬੋਧ ਰਜਿੰਦਰਜੀਤ ਦੀ ਸ਼ਾਇਰੀ ਤੋਂ ਵੀ ਹੁੰਦਾ ਹੈ। ਤਕਰੀਬ ਇਸ ਮਗਰੋਂ ਕ੍ਰਮਵਾਰ ਪ੍ਰੋ ਜਲੌਰ ਸਿੰਘ ਖੀਵਾ, ਵਿਜੇ ਵਿਵੇਕ ਡਾ. ਜਗਵਿੰਦਰ ਯੋਧਾ, ਅਵਤਾਰ ਜੌੜਾ, ਗੁਰਤੇਜ ਕੋਹਾਰਵਾਲਾ ਨੇ ਰਜਿੰਦਰਜੀਤ ਦੀਆਂ ਗਜ਼ਲਾਂ ਤੇ ਉਸਦੀ ਸ਼ੈਲੀ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਰਜਿੰਦਰਜੀਤ ਨੂੰ ਅੱਜ ਦਾ ਸ਼ਾਇਰ ਐਲਾਨਿਆ। ਵਿਚਾਰ ਗੋਸ਼ਟੀ ਤੋਂ ਬਾਅਦ ਚੱਲੇ ਰਚਨਾਵਾਂ ਦੇ ਦੌਰ ’ਚ ਜਸਵਿੰਦਰ, ਸੁਰਜੀਤ ਜੱਜ, ਵਿਜੇ ਵਿਵੇਕ, ਗੁਰਤੇਜ ਕੋਹਾਰਵਾਲਾ, ਸਤੀਸ਼ ਬੇਦਾਗ, ਜਗਵਿੰਦਰ ਯੋਧਾ, ਹਰਦਮ ਸਿੰਘ ਮਾਨ, ਸੁਰਿੰਦਰਪ੍ਰੀਤ ਘਣੀਆ, ਨਵਦੀਪ ਜ਼ੀਰਾ ਨੇ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਨੂੰ ਮੰਤਰ ਮੁੰਗਧ ਕੀਤਾ। ਰਜਿੰਦਰਜੀਤ ਨੇ ਵੀ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਦੇ ਮਨਾਂ ਨੂੰ ਖੂਬ ਟੁੰਭਿਆ। ਇਸ ਮੌਕੇ ਮੁੱਖ ਮਹਿਮਾਨ ਇੰਦਰਜੀਤ ਸਿੰਘ ਖਾਲਸਾ ਵੱਲੋਂ ਫੋਰਮ ਦੇ ਸਲਾਨਾ ਸਨਮਾਨ ਸ਼ੇਖ਼ ਫ਼ਰੀਦ ਸਾਹਿਤਕ ਪੁਰਸਕਾਰ ਨਾਲ ਜਸਵਿੰਦਰ ਤੇ ਸਵ.ਚੰਦ ਸਿੰਘ ਚਾਹਲ ਯਾਦਗਾਰੀ ਪੁਰਸਕਾਰ ਨਾਲ ਰਜਿੰਦਰਜੀਤ ਨੂੰ ਨਿਵਾਜਿਆ ਗਿਆ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਨੇ ਫੋਰਮ ਵੱਲੋਂ ਸਮੇਂ ਸਮੇਂ ’ਤੇ ਕਰਵਾਏ ਜਾਂਦੇ ਸਾਹਿਤਕ ਸਮਾਗਮ ਨੂੰ ਇਲਾਕੇ ਲਈ ਵਰਦਾਨ ਦੱਸਦਿਆਂ ਇਕ ਚੰਗਾ ਉਪਰਾਲਾ ਦੱਸਿਆ। ਸਮਾਗਮ ’ਚ ਹਾਜਰ ਮਹਿਮਾਨਾਂ ’ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਫੋਰਮ ਦੇ ਸਰਪ੍ਰਸਤ ਪ੍ਰੋ ਸਾਧੂ ਸਿੰਘ ਨੇ ਅੱਗੋਂ ਤੋਂ ਵੀ ਸਾਹਿਤਕ ਸਮਾਗਮ ’ਤੇ ਵੱਖ -ਵੱਖ ਪੁਸਤਕਾਂ ’ਤੇ ਸੰਵਾਦ ਰਚਾਉਂਦੇ ਰਹਿਣ ਦਾ ਵਾਅਦਾ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਫੋਰਮ ਦੇ ਸਕੱਤਰ ਨਿਰਮੋਹੀ ਫ਼ਰੀਦਕੋਟੀ ਨੇ ਬੇਹੱਦ ਪ੍ਰਭਾਵਸ਼ਾਲੀ ਤੇ ਸਲੀਕਾਬੱਧ ਤਰੀਕੇ ਨਾਲ ਕੀਤਾ। ਇਸ ਮੌਕੇ 'ਤੇ ਲਿਟਰੇਰੀ ਫੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਫੋਰਮ ਦੀ ਸਲਾਨਾ ਰਿਪੋਰਟ ਪੜ੍ਹੀ । ਇਸ ਮੌਕੇ ਕਹਾਣੀਕਾਰਾਂ ਵਿਸ਼ਵਜੋਤੀ ਧੀਰ, ਡਾ.ਦਵਿੰਦਰ ਸੈਫੀ, ਗੁਰਮੀਤ ਸਿੰਘ ਕੋਟਕਪੂਰਾ, ਗੀਤਕਾਰ ਗੁਰਾਦਿੱਤਾ ਸਿੰਘ ਸੰਧੂ, ਲਖਵਿੰਦਰ ਹਾਲੀ, ਸਪਨ ਮਨਚੰਦਾ, ਗੁਰਦੀਪ ਸਿੰਘ ਢੁੱਡੀ, ਗਾਇਕ ਕੁਲਵਿੰਦਰ ਕੰਵਲ, ਰਤਨ ਸਿੰਘ ਰਾਹੀਕਾ, ਸੁਰਿੰਦਰ ਮਚਾਕੀ, ਨਵਰਾਹੀ ਘੁਗਿਆਣਵੀ, ਲਾਲ ਸਿੰਘ ਕਲਸੀ, ਕਹਾਣੀਕਾਰ ਜੋਰਾ ਸਿੰਘ ਸੰਧੂ, ਪ੍ਰੋ ਧਰਮਿੰਦਰ ਸਿੰਘ, ਪ੍ਰੋ ਜਲੋਰ ਸਿੰਘ ਖੀਵਾ, ਜਸਬੀਰ ਜੱਸੀ, ਜਸਵਿੰਦਰ ਮਿੰਟੂ, ਉਦੈ ਰਣਦੇਵ, ਹਰਪ੍ਰੀਤ ਹੈਪੀ, ਮਨਜੀਤ ਪੁਰੀ, ਗੁਰਜਿੰਦਰ ਮਾਹੀ, ਰਜਿੰਦਰ ਜੱਸਲ, ਸੁਨੀਲ ਵਾਟਸ, ਐਸ ਬਰਜਿੰਦਰ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਹਿਤਕ ਪ੍ਰੇਮੀ ਹਾਜ਼ਰ ਸਨ।








No comments:

Post a Comment