"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ ਖ਼ਜ਼ਾਨਾ- ਐੱਮ. ਪੀ. ਵਰਿੰਦਰ ਸ਼ਰਮਾ

"ਹਿੰਮਤਪੁਰਾ ਡੌਟ ਕੌਮ" ਦੀ ਪਹਿਲੀ ਵਰ੍ਹੇਗੰਢ ਭਗਤ ਸਿੰਘ ਦੇ ਸ਼ਹੀਦੀ ਦਿਨ ਵਜ਼ੋਂ ਮਨਾਈ।
ਲੰਡਨ- ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਸੰਗ੍ਰਹਿ ਵਜੋਂ ਜਾਣੀ ਜਾਂਦੀ ਵੈੱਬਸਾਈਟ "ਹਿੰਮਤਪੁਰਾ ਡੌਟ ਕੌਮ" ਦੀ ਪਹਿਲੀ ਵਰ੍ਹੇਗੰਢ ਵਿਸ਼ਵ ਸ਼ਾਂਤੀ ਦੀ ਮੁਦੱਈ ਸੰਸਥਾ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਅਤੇ ਉੱਘੇ ਸਾਹਿਤਕਾਰ ਡਾ: ਤਾਰਾ ਸਿੰਘ ਆਲਮ ਜੀ ਦੇ ਵਿਸ਼ੇਸ਼ ਸਹਿਯੋਗ ਸਦਕਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਵਜ਼ੋਂ ਮਨਾਈ ਗਈ। ਜਿਸਦੀ ਪ੍ਰਧਾਨਗੀ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਉੱਘੀ ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ, ਸਾਹਿਤਕਾਰ ਤੇ ਬਹੁ-ਭਾਸ਼ਾਈ ਰੇਡੀਓ ਪੇਸ਼ਕਾਰ
ਡਾ: ਸਾਥੀ ਲੁਧਿਆਣਵੀ, ਉਸਤਾਦ ਸ਼ਾਇਰ ਚਮਨ ਲਾਲ ਚਮਨ, ਕਾਮਰੇਡ ਹਰਦੀਪ ਦੂਹੜਾ ਅਤੇ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਦੇ ਚੇਅਰਮੈਨ ਜਸਵੀਰ ਸਿੰਘ ਮਠਾੜੂ ਨੇ ਕੀਤੀ। ਸਮਾਗਮ ਦੇ ਪ੍ਰਧਾਨਗੀ ਭਾਸ਼ਣ ਦੌਰਾਨ ਬੋਲਦਿਆਂ ਐੱਮ.ਪੀ. ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ "ਆਪਣੇ ਪਿੰਡ ਦੇ ਨਾਂ ਨੂੰ ਮਨ 'ਚ ਵਸਾ ਕੇ ਮਨਦੀਪ ਖੁਰਮੀ ਨੇ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਨੂੰ ਆਪਣੀ ਵੈੱਬਸਾਈਟ ਰਾਹੀਂ ਇਕੱਤਰ ਕਰਨ ਦਾ ਪੰਜਾਬੀਅਤ ਲਈ ਜੋ ਉੱਦਮ ਕੀਤਾ ਹੈ ਓਹ ਸ਼ਲਾਘਾਯੋਗ ਹੈ। ਵਿਸ਼ਵ ਭਰ ਦੀ ਖ਼ਬਰ ਸਾਰ ਲੈਣ ਲਈ ਉਹ ਖੁਦ ਵੀ "ਹਿੰਮਤਪੁਰਾ ਡੌਟ ਕੌਮ" ਰਾਹੀਂ ਦੇਸ਼ ਵਿਦੇਸ਼ ਦੇ ਅਖ਼ਬਾਰਾਂ 'ਤੇ ਝਾਤ ਪਾਉਂਦੇ ਰਹਿੰਦੇ ਹਨ। ਅਸੀਂ ਕਹਿ ਸਕਦੇ ਹਾਂ ਕਿ ਹਿੰਮਤਪੁਰਾ ਸਚਮੁੱਚ ਹੀ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦਾ ਖ਼ਜ਼ਾਨਾ ਹੈ।" ਇਸ ਉਪਰੰਤ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਨੂੰ ਸਪਰਪਿਤ ਕਵੀ ਦਰਬਾਰ ਵਿੱਚ ਸਰਵ ਸ੍ਰੀ ਚਮਨ ਲਾਲ ਚਮਨ, ਸਾਥੀ ਲੁਧਿਆਣਵੀ, ਡਾ: ਤਾਰਾ ਸਿੰਘ ਆਲਮ, ਸਿ਼ਵਚਰਨ ਜੱਗੀ ਕੁੱਸਾ, ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, 'ਮੁੰਡਾ ਸਾਊਥਾਲ ਦਾ' ਫੇਮ ਗਾਇਕ ਤੇ ਪੇਸ਼ਕਾਰ ਮੇਜਰ ਸੰਧੂ, ਸ਼ਾਇਰ ਮੋਹਨ ਜੁਟਲੇ,  ਮਨਪ੍ਰੀਤ ਸਿੰਘ ਬੱਧਨੀ ਸੰਪਾਦਕ "ਬੱਧਨੀ", ਰਵਿੰਦਰ ਰਵੀ ਨੱਥੋਵਾਲ, ਹਰਮਨਦੀਪ ਧੂੜਕੋਟ, ਤੋਚਾ ਨੱਥੋਵਾਲ, ਮਨਜੀਤ ਸਿੰਘ ਬੜੈਂਚ, ਗੁਰਦੀਪ ਸਿੰਘ ਚੌਹਾਨ, ਸਰਪੰਚ ਗੁਰਵਿੰਦਰ ਸਿੰਘ ਬਘੇਲਾ, ਸੁਖਵਿੰਦਰ ਸਿੰਘ ਹੈਰੀ, ਈਲਿੰਗ ਇਨ ਬਲੂਮ ਐਵਾਰਡ ਦੇ ਲਗਾਤਾਰ ਦਸਵੀਂ ਵਾਰ ਦੇ ਵਿਜੇਤਾ ਅਜੀਤ ਸਿੰਘ ਚੱਘਰ, ਪ੍ਰਿਤਪਾਲ ਸਿੰਘ ਪੱਡਾ, ਦਲਬੀਰ ਸਿੰਘ ਪੱਤੜ ਅਤੇ ਮਨਜਿੰਦਰ ਕੌਰ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਪੁਸ਼ਪ ਅਰਪਣ ਕੀਤੇ। ਇਸ ਸਮੇਂ ਸੰਬੋਧਨ ਕਰਦਿਆਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ "ਬੇਸ਼ੱਕ ਜਨਮ ਭੂਮੀ, ਕਰਮ ਭੂਮੀ, ਮਾਂ-ਬਾਪ ਅਤੇ ਮਾਂ-ਬੋਲੀ ਦਾ ਕਰਜ਼ ਕਦੇ ਵੀ ਉਤਾਰਿਆ ਨਹੀਂ ਜਾ ਸਕਦਾ ਪਰ "ਹਿੰਮਤਪੁਰਾ ਡੌਟ ਕੌਮ" ਜ਼ਰੀਏ ਮਾਂ-ਬੋਲੀ ਦੀ ਸੇਵਾ ਉਸ ਕਰਜ਼ ਦਾ ਵਿਆਜ਼ ਮੋੜਨ ਵਾਂਗ ਹੀ ਹੈ।" ਇਸ ਸਮੇਂ ਜਿੱਥੇ ਸ੍ਰੀ ਵਰਿੰਦਰ ਸ਼ਰਮਾ, ਜਸਵੀਰ ਸਿੰਘ ਮਠਾੜੂ, ਕਾਮਰੇਡ ਹਰਦੀਪ ਦੂਹੜਾ ਆਦਿ ਸ਼ਖਸ਼ੀਅਤਾਂ ਵੱਲੋਂ ਮਨਦੀਪ ਖੁਰਮੀ ਦਾ ਸਨਮਾਨ ਕੀਤਾ ਗਿਆ ਉੱਥੇ "ਹਿੰਮਤਪੁਰਾ ਡੌਟ ਕੌਮ" ਨਾਲ ਜੁੜੇ ਕਲਮਕਾਰਾਂ ਨੂੰ ਵੀ ਪ੍ਰਸੰਸਾ ਪੱਤਰਾਂ ਨਾਲ ਨਿਵਾਜਿਆ ਗਿਆ। ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਚੇਅਰਮੈਨ ਜਸਵੀਰ ਸਿੰਘ ਮਠਾੜੂ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵਿਸ਼ਵ ਸ਼ਾਂਤੀ ਦੇ ਨਾਲ ਨਾਲ ਆਪਣੀ ਮਾਂ-ਬੋਲੀ ਲਈ ਉਚੇਚੇ ਯਤਨ ਕਰ ਰਹੇ ਹਰ ਕਲਮਕਾਰ ਦਾ ਮਾਨ ਸਨਮਾਨ ਕਰਨ ਲਈ ਹਮੇਸ਼ਾ ਵਚਨਬੱਧ ਰਹੇਗੀ।



No comments:

Post a Comment