ਨਿਹਾਲ ਸਿੰਘ ਵਾਲਾ : ਮਾਲਵੇ ਦੇ ਪ੍ਰਸਿੱਧ ਪਿੰਡ ਤਖਤੂਪੁਰਾ ਵਿਖੇ ਅੱਜ ਸਹੀਦ ਸਾਧੂ ਸਿੰਘ ਜੀ ਦੀ ਪਹਿਲੀ ਬਰਸ਼ੀ ਬੜੇ ਉਤਸਾਹ ਤੇ ਜੋਸ਼ੋ ਖ਼ਰੋਸ਼ ਨਾਲ ਮਨਾਈ ਗਈ। ਪੰਜਾਬ ਦੇ ਕੋਨੇ-ਕੋਨੇ ਤੋਂ ਇਕੱਠੇ ਹੋਏ ਹਜਾਰਾਂ ਲੋਕਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਹੀਦ ਮਾ: ਸਾਧੂ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਤਕਰੀਬਨ 35 ਤੋਂ 40 ਹਜਾਰ ਦੇ ਭਰਵੇ-ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਮਜਦੂਰਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਅਜਿਹਾ ਫੈਸਲਾਕੁੰਨ ਸੰਘਰਸ ਲੜਿਆ ਜਾਵੇਗਾ ਕਿ ਸਰਕਾਰਾਂ ਦੇ ਨੱਕ ਵਿਚ ਦਮ ਆ ਜਾਵੇਗਾ। ਇਹਨਾਂ ਵਿਚਾਂਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਕੀਤਾ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂਆਂ ਜੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ ਅਤੇ ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ, ਝੰਡਾ ਸਿੰਘ ਜੇਠੂਕੇ ਆਦਿ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਤੋਂ ਸਬਸਿਡੀਆਂ ਖੋਹਣ, ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਦੀਆਂ
ਸਾਮਰਾਜੀ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਦਾ ਭਾਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਪੁਰਜੋਰ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਸਾਧੂ ਸਿੰਘ ਤਖਤੂਪੁਰਾ, ਪ੍ਰਿਥੀਪਾਲ ਸਿੰਘ ਚੱਕ ਅਲੀ ਸੇ਼ਰ ਅਤੇ ਖੰਨਾ ਚਮਾਰਾ ਪਿੰਡ ਵਿਚ ਕਿਸਾਨਾਂ ਦਾ ਕਤਲ ਲੋਕ ਲਹਿਰਾਂ ਨੂੰ ਦਬਾਉਣ ਦਾ ਸਰਕਾਰਾਂ ਦਾ ਇਕ ਕੋਝਾ ਯਤਨ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਅਜਿਹੇ ਜਾਬਰ ਕਦਮਾਂ ਦੇ ਬਾਬਜੂਦ ਪੰਜਾਬ ਦੀਆਂ ਵੱਖ-ਵੱਖ 17 ਜੱਥੇਬੰਦੀਆਂ ਇਕ ਮੁੱਠ ਹੋ ਕੇ ਲੋਕਾਂ ੳੁੱਪਰ ਹੋ ਰਹੇ ਜੁਲਮਾਂ ਲਈ ਢਾਲ ਬਣ ਕੇ ਖੜ੍ਹਨਗੀਆਂ। ਮਾ: ਸਾਧੂ ਸਿੰਘ ਦੇ ਵਾਰਸ ਸਰਕਾਰ ਦੇ ਕੋਝੇ ਮਨਸੂਬਿਆਂ ਨੂੰ ਪੈਰਾਂ ਹੇਠ ਰੋਲ ਕੇ ਰੱਖ ਦੇਣਗੇ। ਸਮਾਗਮ ਵਿਚ ਹਾਜਰ ਹਜਾਰਾਂ ਲੋਕਾਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਆਪਣੇ ਵਿਛੜੇ ਹੋਏ ਆਗੂ ਨੂੰ ਸਰਧਾਂਜਲੀ ਭੇਂਟ ਕਰਕੇ ਤਣੇ ਹੋਏ ਮੁੱਕਿਆਂ ਨਾਲ ਸਿਰੜੀ ਅਤੇ ਜਾਨ ਹੂਲਵੇਂ ਸੰਘਰਸਾਂ ਦੇ ਰਾਹ ਅੱਗੇ ਵਧਣ ਦਾ ਪ੍ਰਣ ਕੀਤਾ। ਇਸ ਮੌਕੇ ਕਿਸਾਂਨਾਂ ਮਜਦੂਰਾਂ ਦੇ ਸਾਂਝੇ ਸੰਘਰਸ ਵਿਚ ਸਾਂਮਲ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਬੂਟਾ ਸਿੰਘ ਬੁਰਜ ਗਿੱਲ, ਬੀ ਕੇ ਯ (ਕ੍ਰਾਂਤੀਕਾਰੀ) ਦੇ ਸੁਰਜੀਤ ਸਿੰਘ ਫੂਲ, ਜਮਹੂਰੀ ਕਿਸਾਨ ਸਭਾ ਦੇ ਸਤਨਾਮ ਸਿੰਘ, ਕਿਸਾਨ ਸੰਘਰਸ ਕਮੇਟੀ ਦੇ ਕਮਲਪ੍ਰੀਤ ਸਿੰਘ ਪੰਨੂੰ, ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ ਅਤੇ ਸਤਨਾਮ ਪੰਨੂੰ ਦੇ ਇਲਾਵਾ ਰੁਲਦੂ ਸਿੰਘ ਮਾਨਸਾ, ਟੀ ਐਸ ਯੂ ਦੇ ਗੁਰਦੀਪ ਸਿੰਘ, ਮੋਲਡਰ ਅਤੇ ਸਟੀਲ ਵਰਕਰ ਯੂਨੀਅਨ ਦੇ ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਠਾਠਾਂ ਮਾਰਦੇ ਇਕੱਠ ਦਾ ਇੱਥੋਂ ਪਤਾ ਚਲਦਾ ਹੈ ਕਿ ਭਾਰਤੀ ਕਿਸਾਨ ਯੁਨੀਅਨ ਦੇ ਸੁਖਚੈਨ ਸਿੰਘ ਰਾਜੂ ਰਾਮਾਂ ਦੀ ਯੋਗ ਅਗਵਾਈ ਹੇਠ ਲੱਗੇ ਹੋਏ ਲੰਗਰ ਵੀ ਥੋੜ੍ਹੇ ਟਾਈਮ ਬਾਅਦ ‘ਮਸਤ’ ਹੋਣ ਦੇ ਰਾਹ ਤੁਰ ਪੈਂਦੇ ਸਨ। ਟ੍ਰੈਫਿਕ ਅਤੇ ਆੳਣ ਜਾਣ ਲਈ ਪੀਲੀਆਂ ਪੱਗਾਂ ਬੰਨ੍ਹੀ ਵਲੰਟੀਅਰ ਬੜੀ ਤਨਦੇਹੀ ਤੇ ਅਨੁਸ਼ਾਸ਼ਨ ਨਾਲ ਡਿਊਟੀ ਨਿਭਾ ਰਹੇ ਸਨ। ਆਪਣੇ ਮਰਹੂਮ ਆਗੂ ਦੀ ਯਾਦ ‘ਚ ਆਯੋਜਿਤ ਇਸ ਸਮਾਗਮ ਦੀ ਵਿਸੇਸਤਾ ਇਹ ਸੀ ਕਿ ਔਰਤਾਂ ਵੀ ਬਹੁਤ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ ਸਨ। ਸਮਾਗਮ ਦੇ ਅੰਤ ਵਿਚ ਪਿੰਡ ਤਖਤੂਪੁਰਾ ਵਿਖੇ ਕਿਸਾਨ ਲਹਿਰ ਦੇ ਸਹੀਦ ਸਾਧੂ ਸਿੰਘ ਤਖਤੂਪੁਰਾ ਦੀ ਯਾਦ ਵਿਚ ਯਾਦਗਾਰ ਕਮੇਟੀ ਵੱਲੋਂ ਬਣਾਈ ਜਾ ਰਹੀ ਸਹੀਦੀ ਯਾਦਗਾਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ।****
No comments:
Post a Comment