ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸੰਜੀਦਗੀ ਨਾਲ ਯਤਨ ਕਰ ਰਿਹਾ ਹਾਂ -ਕੈਪਟਨ ਬਲਬੀਰ ਸਿੰਘ ਬਾਠ


ਮਿਲਪੀਟਸ (ਕੈਲੀਫੋਰਨੀਆ)-ਵੱਖ-ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਭਲੀ-ਭਾਂਤ ਜਾਣੂ ਹਾਂ ਤੇ ਇਨ੍ਹਾਂ ਸਾਰੀਆਂ ਹੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਸੰਜੀਦਗੀ ਨਾਲ ਯਤਨ ਕਰ ਰਿਹਾ ਹਾਂ। ਇਹ ਗੱਲ ਅਮਰੀਕਾ ਫੇਰੀ ਤੇ ਆਏ ਪੰਜਾਬ ਸਰਕਾਰ ਵਿਚ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਬਾਰੇ ਮੰਤਰੀ ਕੈਬਿਨੇਟ ਬਲਬੀਰ ਸਿੰਘ ਬਾਠ ਨੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੇ ਦਫਤਰ ਵਿਚ ਐਸੋਸੀਏਸ਼ਨ ਦੇ ਆਗੂਆਂ ਨਾਲ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕਹੀ। ਐਸੋਸੀਏਸ਼ਨ ਦੇ ਆਗੂਆਂ ਨੇ ਮੀਟਿੰਗ ਦੌਰਾਨ ਮੰਤਰੀ ਜੀ ਨੂੰ ਦੱਸਿਆ ਕਿ ਵੱਖ-ਵੱਖ ਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀਆਂ ਨੂੰ ਪੰਜਾਬ ਜਾਣ ਸਮੇਂ ਜਿਹੜੀਆਂ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਵਿਚ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਲੋਕਾਂ ਦੀਆਂ ਪੰਜਾਬ ਵਿਚਲੀਆਂ ਜਾਇਦਾਦਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਸਮੱਸਿਆ ਹੈ। ਇਸ ਦੇ ਜਵਾਬ ਵਿਚ ਮੰਤਰੀ ਜੀ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ  ਜਾਇਦਾਦਾਂ ਉਪਰ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪੰਜਾਬ ਸਰਕਾਰ ਵੱਲੋਂ ਕਾਨੂੰਨ ਬਣਾਏ ਗਏ ਹਨ, ਜਿਸ ਤਹਿਤ ਕਿਸੇ ਵੀ ਪ੍ਰਵਾਸੀ ਪੰਜਾਬੀ ਦੀ ਜ਼ਮੀਨ-ਜਾਇਦਾਦ ਉਪਰ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਕਾਨੂੰਨੀ ਤੌਰ ਤੇ ਚਾਰਾਜੋਈ ਕੀਤੀ ਜਾ ਸਕਤੀ ਹੈ। ਨਾਪਾ ਦੇ ਆਗੂਆਂ ਵੱਲੋਂ ਸਥਾਨਕ ਭਾਰਤੀ ਕੌਂਸਲੇਟ ਜਨਰਲ ਵੱਲੋਂ ਪੰਜਾਬੀਆਂ ਨੂੰ ਭਾਰਤ ਲਈ ਵੀਜ਼ਾ ਤੇ ਪਾਸਪੋਰਟ ਦੇਣ ਦੇ ਮਾਮਲੇ ਵਿਚ ਕੀਤੀ ਜਾ ਰਹੀ ਖੱਜਲ-ਖੁਆਰੀ ਦੀ ਚਰਚਾ ਕਰਦਿਆਂ ਕੈਪਟਨ ਬਾਠ ਨੇ ਕਿਹਾ ਕਿ ਉਹ ਪੰਜਾਬ ਜਾ ਕੇ ਲੋਕ ਸਭਾ ਤੇ ਰਾਜ ਸਭਾ ਵਿਚ ਅਕਾਲੀ ਦਲ ਦੇ ਮੈਂਬਰਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਨਗੇ ਕਿ ਉਹ ਇਹ ਸਾਰੇ ਮਸਲੇ ਪਾਰਲੀਮੈਂਟ ਦੇ ਆਉਣ ਵਾਲੇ ਮੌਨਸੂਨ ਵਿਚ ਉਠਾਉਣ ਤਾਂ ਕਿ ਪ੍ਰਵਾਸੀ ਪੰਜਾਬੀਆਂ ਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਸੁਰਖੂਰ ਕਰਵਾਇਆ ਜਾ ਸਕੇ। ਮੀਟਿੰਗ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕੈਪਟਨ ਬਾਠ ਨੇ ਦੱਸਿਆ ਕਿ ਜਿਥੇ ਉਨ੍ਹਾਂ ਕੋਲ ਵਿਦੇਸ਼ੀ ਲਾੜਿਆਂ ਵੱਲੋਂ ਪੰਜਾਬ ਦੀਆਂ ਲੜਕੀਆਂ ਨਾਲ ਧੋਖਾ ਕਰਨ ਦੀਆਂ ਜਿਥੇ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹਨ, ਉਥੇ ਵਿਦੇਸ਼ੀ ਲਾੜੀਆਂ ਵੱਲੋਂ ਪੰਜਾਬ ਦੇ ਮੁੰਡਿਆਂ ਨਾਲ ਧੋਖਾ ਕਰਨ ਦੀਆਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਸ਼ਿਕਾਇਤਾਂ ਸੁਣ ਕੇ ਬਹੁਤ ਦੁਖ ਹੁੰਦਾ ਹੈ ਕਿ ਅੱਜ ਅਸੀਂ ਕਿਸ ਹੱਦ ਤਕ ਆਪਣੀਆਂ ਸਮਾਜਿਕ ਕਦਰਾਂ-ਕੀਮਤਾਂ ਨੂੰ ਭੁਲਦੇ ਜਾ ਰਹੇ ਹਾਂ। ਇਸ ਮੌਕੇ ’ਤੇ ਨਾਪਾ ਵਲੋਂ ਉਨ੍ਹਾਂ ਨੂੰ ਇਕ ਸਨਮਾਨ ਪੱਤਰ ਤੇ ਸ਼ਾਲ ਦੇ ਕੇ ਸਨਮਾਨਤ ਵੀ ਕੀਤਾ ਗਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਦਲਵਿੰਦਰ ਸਿੰਘ ਧੂਤ, ਸਤਨਾਮ ਸਿੰਘ ਚਾਹਲ, ਕੁਲਵੰਤ ਸਿੰਘ ਨਿੱਝਰ, ਸੰਤੋਖ ਸਿੰਘ ਜੱਜ, ਉਮਰਜੀਤ ਸਿੰਘ ਰਾਜੂ, ਟੋਨੀ ਸਿੰਘ ਬੱਲ, ਅਜੀਤ ਸਿੰਘ ਬੱਲ, ਲਾਲ ਸੰਧੂ, ਸੁਖਜਿੰਦਰ ਸਿੰਘ ਸੰਧੂ, ਹਰਭਜਨ ਸਿੰਘ, ਨਵਦੀਪ ਸਿੰਘ ਅਟਲਾਂਟਾ, ਜਸਵਿੰਦਰ ਸਿੰਘ ਸੋਹਲ ਤੇ ਯਾਦਵਿੰਦਰ ਸਿੰਘ ਵੀ ਸ਼ਾਮਲ ਸਨ।

No comments:

Post a Comment