ਬਾਈ ਸਿ਼ਵਚਰਨ ਜੱਗੀ ਕੁੱਸਾ ਦੀ ਲੇਖਣੀ ਨੂੰ ਸਲਾਮ......... ਰੀਵਿਊ / ਵਕੀਲ ਕਲੇਰ, ਕੈਨੇਡਾ


ਸ਼ਿਵਚਰਨ ਜੱਗੀ ਕੁੱਸਾ ਕਿਸੇ ਜਾਣ-ਪਛਾਣ ਦੀ ਲੋੜ ਤੋਂ ਰਹਿਤ ਹੈ, ਪੰਜਾਬੀ ਸਾਹਿਤ ਵਿੱਚ ਉਸ ਦੇ ਨਾਵਲਾਂ ਨੂੰ ਪਾਠਕ ਬੜੀ ਸ਼ਿੱਦਤ ਨਾ ਉਡੀਕਦੇ ਹਨ। ਹੁਣੇ ਹੁਣੇ ਲਿਖਿਆ ਸੱਜਰਾ ਨਾਵਲ “ਡਾਚੀ ਵਾਲਿਆ ਮੋੜ ਮੁਹਾਰ ਵੇ” ਦਾ ਖਰੜਾ ਪੜ੍ਹਨ ਨੂੰ ਮਿਲਿਆ । ਜੋ ਮੈਂ ਮਹਿਸੂਸ ਕੀਤਾ ਉਸ ਬਾਰੇ ਦੋ ਗੱਲਾਂ ਕਰਨ ਦੀ ਖੁੱਲ੍ਹ ਲੈ ਰਿਹਾ ਹਾਂ। ਇਸ ਨਾਵਲ ਦੀ ਕਹਾਣੀ ਮੁੱਖ ਤੌਰ ‘ਤੇ ਚਾਰ ਜੋੜਿਆਂ ਦੀ ਪ੍ਰੇਮ ਕਹਾਣੀ ਹੈ । ਜਿਸ ਵਿੱਚ ਅਜੋਕੇ ਸਮੇਂ ਦੀ ਤੇਜ਼ ਤਰਾਰ ਜ਼ਿੰਦਗੀ ਵਿੱਚ ਕਿਵੇਂ ਪਿਆਰ-ਮੁਹਬੱਤ ਵਰਗੇ ਸ਼ਬਦ ਅਰਥਹੀਣ ਹੋਏ ਵਿਖਾਏ ਗਏ ਹਨ । ਮਨੁੱਖ ਦੀ ਗੁਰਬਤ ਨੇ ਉਸਨੂੰ ਐਨਾ ਮਜਬੂਰ ਕਰ ਦਿੱਤਾ ਹੈ ਕਿ ਉਸ ਨੂੰ ਆਪਣੇ ਜ਼ਜਬਾਤਾਂ ਦਾ ਗਲਾ ਘੋਟਕੇ ਮਜਬੂਰੀ ਵੱਸ ਆਪਣੇ ਪਿਆਰ ਨੂੰ ਤਿਲਾਂਜਲੀ ਦੇਣੀ ਪੈਂਦੀ ਹੈ। ਪਰ ਕਈ ਵਾਰੀ ਉਸ ਦਾ ਜਾਂ ਉਸ ਦੇ ਰਿਸ਼ਤੇਦਾਰਾਂ, ਮਾਂ ਬਾਪ ਦੇ ‘ਚੰਗੀ’ ਜ਼ਿੰਦਗੀ ਜਿਉਣ ਦੀ ਲਾਲਸਾ ਅਧੀਨ ਲਏ ਫ਼ੈਸਲੇ ਅਤੇ ਉਸ ਦੀ ਆਪਣੀ ਕਮੀਨਗੀ ਅਧੀਨ ਉਪਜੇ ਵਿਚਾਰਾਂ ਨੂੰ ਅੰਜਾਮ ਦੇਣ ਲਈ ਧੋਖੇ ਕਰਨ ਲਈ ਪੁੱਟੇ ਕਦਮ ਵੀ ਬੜੇ ਘਿਨਾਉਣੇ ਨਤੀਜਿਆਂ ਦੇ ਜਿ਼ੰਮੇਵਾਰ ਹੋ ਨਿੱਬੜਦੇ ਨੇ। ਜਿਵੇਂ ਇਸ ਨਾਵਲ ਵਿੱਚ ਜਿੰਮੀ ਦੀ ਮੌਤ ਦਾ ਕਾਰਣ ਉਸ ਦੀ ਕਮੀਨਗੀ ਤੇ ਲਾਲਚ ਨੇ ਉਸ ਦੀ ਜਾਨ ਲੈ ਲਈ। ਇਸ ਤੋਂ ਇਲਾਵਾ ਜੱਗੀ ਕੁੱਸਾ ਵੀਰ ਨੇ ਇੱਕ ਸਰਪੰਚ ਦਾ ਆਪਣੀ ਹੀ ਧੀ, ਸਵੀਟੀ ਦਾ, ਇਸ ਗੱਲੋਂ ਹੀ ਕਤਲ ਕਰ ਦੇਣਾ ਕਿ ਉਹ ਇੱਕ ਮੁਸਲਮਾਨ ਮੁੰਡੇ ਨੂੰ ਪਿਆਰ ਕਰਦੀ ਸੀ, ਵਿਖਾ ਕੇ ਇਸ ਪਾਸੇ ਧਿਆਨ ਦਿਵਾਇਆ ਹੈ ਕਿ ਭਾਵੇਂ ਅੱਜ ਸੰਸਾਰ ਇੱਕੀਵੀਂ ਸਦੀ ਦਾ ਸਫ਼ਰ ਕਰ ਰਿਹਾ ਹੈ, ਪਰ ਸਾਡੇ ਕਈ ਭਲੇਮਾਣਸਾਂ ਦੀ ਸੋਚ ਅਜੇ ਕੱਚ ਮਕਰਾਨ ਦੇ ਟਿੱਬਿਆਂ ‘ਚੋਂ ਸੱਸੀ ਦੀਆਂ ਪੈੜਾਂ ਹੀ ਭਾਲਦੀ ਫਿਰਦੀ ਐ। 


ਨਾਵਲ ਦੀ ਸ਼ੁਰੂਆਤ ਇੱਕ ਰੇਲ ਗੱਡੀ ਦੇ ਰੁਕਣ ਨਾਲ ਸ਼ੁਰੂ ਹੁੰਦੀ ਹੈ ਜੋ ਕੋਟਕਪੂਰੇ ਤੋਂ ਦਿੱਲੀ ਜਾ ਰਹੀ ਹੈ ਅਤੇ ਬਠਿੰਡੇ ਦਾ ਸਟੇਸ਼ਨ ਲੰਘਦਿਆਂ ਹੀ ਇੱਕ ਦਮ ਬ੍ਰੇਕਾਂ ਮਾਰ ਕੇ ਰੁਕ ਜਾਂਦੀ ਐ। ਇਥੇ ਡਾਲੀ ਤੇ ਦੀਪ ਦੇ ਪਿਆਰ ਦਾ ਕਿੱਸਾ ਸੁਣਾਇਆ ਜਾਂਦਾ ਹੈ ਕਿ ਉਹ ਦੋਵੇਂ ਇੱਕ ਦੂਜੇ ਨੂੰ ਅੰਤਾਂ ਦੀ ਮੁਹੱਬਤ ਕਰਦੇ ਸਨ। ਪਰ ਆਰਥਿਕ ਤੰਗੀਆਂ ਕਰਕੇ ਦੀਪ ਦਾ ਡਾਲੀ ਨੂੰ ਪਿੱਛੇ ਛੱਡ ਕੇ ਕੈਨੇਡਾ ਤੁਰ ਜਾਣਾ ਤੇ ਡਾਲੀ ਦਾ ਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲੈਣੀ। ਆਰਥਿਕ ਹਾਲਾਤਾਂ ਨੂੰ ਉਜਾਗਰ ਕਰਨ ਲਈ ਲਿਖਾਰੀ ਨੇ ਦੀਪ ਦੇ ਦੋਸਤ, ਮਣੀ ਕੋਲੋਂ ਇਹ ਕਹਾਇਆ ਕਿ, “ ....ਜਦ ਬੰਦੇ ਦੀ ਆਰਥਿਕ ਹਾਲਤ ਪਤਲੀ ਪੈਂਦੀ ਐ, ਤਾਂ ਮੋਹ ਪਿਆਰ ਵੀ ਖੰਭ ਲਾ ਕੇ ਉੱਡ ਜਾਂਦੈ, ਹੁਣ ਭਵਿੱਖ ਦੀ ਬਾਜ਼ੀ ਤੇਰੇ ਹੱਥ ਐ ।” ਅਤੇ ਉਸ ਨੂੰ ਸਲਾਹ ਦਿੰਦਾ ਹੈ ਕਿ ਡਾਲੀ ਦੇ ਪਿਆਰ ਵੱਲ ਨਾ ਧਿਆਨ ਦੇ ਕੇ ਆਪਣੇ ਭਵਿੱਖ ਨੂੰ ਰੌਸ਼ਨ ਕਰਨ ਲਈ ਕੈਨੇਡਾ ਉਡਾਰੀ ਮਾਰ ਜਾਵੇ ਤੇ ਉਸ ਨੇ ਉਵੇਂ ਹੀ ਕੀਤਾ। ਪਰ ਡਾਲੀ ਨੇ ਆਪਣੀ ਜਾਨ ਦੇ ਕੇ ਪਿਆਰ ਦੇ ਕਿੱਸੇ ਤੇ ਮੋਹਰ ਲਾ ਦਿੱਤੀ। ਅੱਗੇ ਚੱਲ ਕੇ ਜੋਤ ਦਾ ਰਿਸ਼ਤਾ ਕੈਨੇਡਾ ‘ਚ ਰਹਿੰਦੇ ਪੁੱਜ ਕੇ ਨਿਕੰਮੇ, ਨਸ਼ੇੜੀ ਪ੍ਰਤੀਕ ਨੂੰ ਹੋ ਜਾਣਾ ਤੇ ਜੋਤ ਦੇ ਪਿਤਾ ਦਾ ਆਪਣੀ ਜ਼ਮੀਨ ਵੇਚ ਕੇ ਵਿਆਹ ਤੇ ਵਿਤੋਂ ਜਿ਼ਆਦਾ ਖ਼ਰਚ ਕਰਨਾ । ਇਸ ਆਸ ਨਾਲ ਕਿ ਚਲੋ ਜੋਤ ਦੇ ਕੈਨੇਡਾ ਜਾਣ ਪਿੱਛੋਂ ਸਾਰਾ ਟੱਬਰ ਹੀ ਕੈਨੇਡਾ ਚਲਾ ਜਾਵੇਗਾ ਤੇ ਸਾਰੇ ਧੋਣੇ ਧੋਤੇ ਜਾਣਗੇ । ਇਸ ਤਰਾਂ ਲਿਖ ਕੇ ਜੱਗੀ ਕੁੱਸਾ ਬਾਈ ਨੇ ਅਜੋਕੇ ਪੰਜਾਬੀ-ਭਾਰਤੀਆਂ ਦੀ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਜਿ਼ੰਦਗੀ ਨੂੰ ਖੁਸ਼ਹਾਲ ਬਨਾਉਣ ਦੀ ਲਾਲਸਾ ਅਧੀਨ ਆਪਣੇ ਧੀਆਂ ਪੁੱਤਰਾਂ ਦੀ ਬਲੀ ਦੇਣੋਂ ਵੀ ਗੁਰੇਜ ਨਾ ਕਰਨਾ ਦਰਸਾਇਆ ਹੈ। 
ਜੋਤ ਜਦੋਂ ਕੈਨੇਡਾ ਪੁੱਜ ਜਾਦੀ ਹੈ ਤਾਂ ਪ੍ਰਤੀਕ ਉਸ ਨੂੰ ਕਾਫੀ ਦੇਰ ਮਿਲਦਾ ਹੀ ਨਹੀਂ ਤੇ ਉਸ ਦੇ ਗਹਿਣੇ ਵੀ ਇਹ ਕਹਿ ਕੇ ਠੱਗ ਕੇ ਲੈ ਜਾਂਦਾ ਹੈ ਕਿ ਘਰ ਲੈਣਾ ਹੈ। ਪਰ ਡਰੱਗੀ ਹੋਣ ਕਰਕੇ ਸਭ ਡਰੱਗ ‘ਤੇ ਹੀ ਉਡਾ ਦਿੰਦਾ ਹੈ । ਅਖੀਰ ਜਦੋਂ ਉਸ ਦਾ ਮਾਸੜ ਉਸ ਨੂੰ ਸਮਝਾ-ਬੁਝਾ ਕੇ ਘਰ ਲੈ ਵੀ ਆਉਂਦਾ ਹੈ ਤਾਂ ਉਹ ਰਾਤ ਨੂੰ ਜੋਤ ਦੇ ਲੱਖ ਯਤਨ ਕਰਨ ਤੇ ਵੀ ਅੱਖ ਹੀ ਨਹੀਂ ਮਿਲਾਉਂਦਾ ਤੇ ਅਗਲੇ ਦਿਨ ਓਵਰ ਡੋਜ਼ ਲੈ ਕੇ ‘ਨਮੋਸ਼ੀ’ ਦਾ ਮਾਰਿਆ ਆਤਮ ਹੱਤਿਆ ਕਰ ਲੈਂਦਾ ਹੈ। ਉਸ ਦਾ ਬਾਪ ਰਘਬੀਰ ਸਿੰਘ ਜੋਤ ਨੂੰ ਬੁੱਕਲ ‘ਚ ਲੈ ਕੇ ਕਹਿੰਦਾ ਹੈ, “ਤੈਨੂੰ ਰੁਲਣ ਨੀ ਦਿੰਦਾ ਪੁੱਤ....ਤੇਰਾ ਵਿਆਹ ਮੈਂ ਆਪ ਕਰੂੰ ਆਪ......ਤੇਰਾ ਪਿਉ ਬਣਕੇ......ਕਿਸੇ ਹੋਰ ਗੱਲੋਂ ਚਿੰਤਾ ਨਾ ਕਰੀਂ ਅੱਜ ਤੋਂ ਮੈਂਨੂੰ ਆਪਣਾ ਸਕਾ ਪਿਉ ਸਮਝ... ਤੇਰਾ ਵਿਆਹ ਮੈਂ ਕਰੂੰ....ਅੱਜ ਤੋ ਮੈਂ ਸਮਝੂੰ ਕਿ ਮੇਰੇ ਕੋਈ ਪੁੱਤ ਜੰਮਿਆ ਹੀ ਨਹੀਂ ਸੀ । ਮੇਰੇ ਘਰੇ ਤਾਂ ਇੱਕੋ ਧੀ ਨੇ ਜਨਮ ਲਿਆ ਸੀ ਤੇ ਉਹ ਧੀ ਐ, ਜੋਤ!” ਇਸ ਤਰਾਂ ਕਰਕੇ ਜੱਗੀ ਕੁੱਸਾ ਵੀਰ ਨੇ ਸਾਡੇ ਸਮਾਜ ਦਾ ਸਿਹਤਮੰਦ ਪੱਖ ਵੀ ਵਿਖਾਇਆ ਹੈ ਕਿ ਰਘਬੀਰ ਸਿੰਘ ਵਰਗੇ ਇਨਸਾਨ ਵੀ ਹਨ, ਜੋ ਨੂੰਹ ਦਾ ਆਪਣੇ ਹੱਥੀਂ ਵਿਆਹ ਕਰਨ ਦਾ ਜਿਗਰਾ ਰੱਖਦੇ ਨੇ। 
ਸ਼ਿਵਚਰਨ ਜੱਗੀ ਕੁੱਸਾ ਨੇ ਸਾਡੇ ਸਮਾਜ ਦਾ ਇੱਕ ਹੋਰ ਪੱਖ ਸਾਹਮਣੇ ਲਿਆਂਦਾ ਹੈ ਕਿ ਕਿਵੇਂ ਲੋਕ ਬਾਹਰਲੇ ਮੁਲਕ ‘ਚ ਜਾਣ ਵਾਸਤੇ ਆਪਣੀਆਂ ਧੀਆਂ ਨੂੰ ਉਸ ਤੋਂ ‘ਦੁੱਗਣੀ’ ਉਮਰ ਦੇ ਬੰਦਿਆਂ ਨਾਲ ਵਿਆਹ ਦਿੰਦੇ ਹਨ ਤੇ ਪਿੱਛੋਂ ਉਹਨਾਂ ਦਾ ਕੀ ਹਸ਼ਰ ਹੁੰਦਾ ਹੈ। ਇਸ ਘਟਨਾ ਦੀ ਪਾਤਰ ਲੱਕੀ ਪ੍ਰੀਤ ਨਾਮ ਦੇ ਮੁੰਡੇ ਨੂੰ ਪਿਆਰ ਕਰਦੀ ਹੈ। ਪਰ ਉਸ ਦਾ ਬਾਪ ਉਸ ਤੋਂ ਗਿਆਰਾਂ ਸਾਲ ਵੱਡੇ ਸ਼ੇਰ ਸਿੰਘ ਨਾਲ ਵਿਆਹ ਕੇ ਇੰਗਲੈਂਡ ਤੋਰ ਦਿੰਦਾ ਹੈ । ਸ਼ੇਰ ਸਿੰਘ ਵੱਡੀ ਉਮਰ ਅਤੇ ਬਿਮਾਰੀ ਕਾਰਣ ਲੱਕੀ ਦੀ ਸਰੀਰਕ ਭੁੱਖ ਮਿਟਾਉਣ ਤੋਂ ਅਸਮਰੱਥ ਹੋਣ ਕਰਕੇ ਲੱਕੀ ਜਿੰਮੀਂ ਨਾਮ ਦੇ ਮੁੰਡੇ ਨਾਲ ਦੋਸਤੀ ਕਰ ਲੈਂਦੀ ਹੈ। ਜੋ ਉਹਨਾਂ ਦੇ ਘਰੇ ਕਿਰਾਏ ਤੇ ਰਹਿੰਦਾ ਹੈ। ਲੱਕੀ ਉਸ ਦੇ ਮਾਂ-ਬਾਪ ਨੂੰ ਆਪਣੇ ਪਤੀ ਤੋਂ ਚੋਰੀਓਂ ਪੈਸੇ ਵੀ ਭੇਜਦੀ ਹੈ । ਘਰ, ਕਾਰ ਸਭ ਕੁਝ ਲੈ ਕੇ ਦਿੰਦੀ ਹੈ। ਪਰ ਜਦੋਂ ਜਿੰਮੀ ਯੂ. ਕੇ. ਦੀ ਇੰਮੀਗ੍ਰੇਸ਼ਨ ਲੈ ਕੇ ਪੱਕਾ ਹੋ ਜਾਂਦਾ ਹੈ ਤਾਂ ਉਹ ਲੱਕੀ ਵੱਲੋਂ ਅੱਖਾਂ ਫੇਰ ਕੇ ਇੱਕ 17-18 ਸਾਲ ਦੀ ਕੁੜੀ ਮੀਤ ਨਾਲ ਇੱਕ-ਮਿੱਕ ਹੋ ਜਾਣਾ ਤੇ ਲੱਕੀ ਦਾ ਬਦਲਾ-ਲਊ ਭਾਵਨਾ ਅਧੀਨ ਜਿੰਮੀ ਤੇ ਮੀਤ ਦੋਹਾਂ ਨੂੰ ਖਾਣੇ ਵਿੱਚ ਜ਼ਹਿਰ ਦੇ ਦੇਣਾ, ਜਿੰਮੀ ਦੀ ਮੌਤ ਹੋ ਜਾਣੀ, ਪਰ ਲੱਕੀ ਦਾ ਬਚ ਜਾਣਾ, ਤੇ ਲੱਕੀ ਨੂੰ ਕਤਲ ਦੇ ਅਤੇ ਇਰਾਦਾ ਕਤਲ ਦੇ ਜ਼ੁਰਮ ਵਿੱਚ ਉਮਰ ਕੈਦ ਹੋ ਜਾਣੀ, ਇਹ ਸਾਰਾ ਖਾਕਾ ਖਿੱਚ ਕੇ ਜੱਗੀ ਬਾਈ ਨੇ ਸਾਡੇ ਸਮਾਜ ਦੇ ਇਸ ਘਿਨਾਉਣੇ ਪਹਿਲੂ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਲਈ ਉਹ ਵਧਾਈ ਦਾ ਪਾਤਰ ਹੋ ਨਿੱਬੜਿਆ ਹੈ । 
ਇਸ ਨਾਵਲ ਵਿੱਚ ਇੱਕ ਹੋਰ ਘਟਨਾ ਵੀ ਉਜਾਗਰ ਕੀਤੀ ਗਈ ਹੈ। ਇੱਕ ‘ਜੈਸ’ ਨਾਮ ਦੀ ਔਰਤ ਦਾ ਮੁਹਾਲੀ ਵਿਖੇ ਬਚਨ ਸਿੰਘ ਨਾਮ ਦੇ ‘ਵੇਟਰ’ ਨਾਲ ਪਿਆਰ ਹੋ ਜਾਣਾ, ਬਚਨ ਸਿੰਘ ਦਾ ਕੈਨੇਡਾ ਚਲੇ ਜਾਣਾ ਤੇ ਫਿਰ ਉੱਥੇ ਆਪਣੀ ਜਿ਼ੰਦਗੀ ਨੂੰ ਅਯਾਸ਼ੀਆਂ ਅਧੀਨ ਕੁਰਾਹੇ ਪਾ ਕੇ ਜੈਸ ਨੂੰ ਧੋਖਾ ਦੇ ਕੇ ਕਲੱਬਾਂ ਵਿੱਚ ਹੋਰ ਤੀਵੀਆਂ ਕੋਲ ਜਾ ਕੇ ਪੈਸਾ ਬਰਬਾਦ ਕਰਨਾ, ਅਖੀਰ ਜੈਸ ਨੂੰ ਮਾਰਨ ਦੀ ਧਮਕੀ ਦੇਣਾ ਤੇ ਆਪਣੇ ਆਪ ਨੂੰ ਗੈਸ ਛੱਡ ਕੇ ਪੁਲਿਸ ਨੂੰ ਇਹ ਕਹਿਣਾ ਕਿ ਜੇ ਮੇਰੇ ਨੇੜੇ ਆਏ ਤਾਂ ਮੈਂ ਅੱਗ ਲਾ ਦੇਣੀ ਹੈ, ਪਰ ਪੁਲਿਸ ਦਾ ਉਸ ਨੂੰ ਫੜ ਕੇ ਕੇਸ ਚਲਾ ਕੇ ਇੰਡੀਆ ਡਿਪੋਰਟ ਕਰਾ ਦੇਣਾ। ਇਸ ਘਟਨਾ ਤੋਂ ਵੀ ਮਨੁੱਖ ਦੀ ਲਾਲਚ, ਕਮੀਣਗੀ ਅਤੇ ਧੋਖਾ ਦੇਣ ਵਾਲੀ ਬਿਰਤੀ ਉਜਾਗਰ ਹੁੰਦੀ ਹੈ। ਇਸ ਤੋਂ ਇਲਾਵਾ ਜੱਗੀ ਬਾਈ ਨੇ ਅੱਜ-ਕੱਲ੍ਹ ਜੋ ਸਾਧ-ਸੰਤ ਕਰਤੂਤਾਂ ਕਰਦੇ ਹਨ, ਉਹਨਾਂ ਦਾ ਭਾਂਡਾ ਵੀ ਭੰਨਿਆ ਹੈ। ਝੰਗ ਵਾਲੇ ਬਾਬਾ ਜੀ, ਜਿਸ ਦੀ ਉਮਰ 75 ਸਾਲ ਦੀ ਹੈ, 23-24 ਸਾਲ ਦੀ ਡਾਲੀ ਨਾਲ ਵਿਆਹ ਕਰਾ ਜਾਂਦਾ ਹੈ ਤੇ ਪੁਲਿਸ ਜਾਂ ਪੰਚੈਤ ਕੁਝ ਨਹੀ ਕਰ ਸਕਦੀ ਤੇ ਡਾਲੀ ਨੇ ਉਸ ਨੂੰ ਪਤੀ ਦੇ ਰੂਪ ਵਿੱਚ ‘ਸਵੀਕਾਰ’ ਕਰ ਲਿਆ ਹੈ। ਇਹ ਇੱਕ ਹੋਰ ਘਿਨੌਣਾ ਚਿਹਰਾ ਹੈ ਸਾਡੇ ਸਮਾਜ ਦਾ, ਜਿਹੜਾ ਧਿਆਨ ਦੀ ਮੰਗ ਕਰਦਾ ਹੈ ਕਿ ਕਿਵੇਂ ਇਹ ਬੂਬਣੇ ਭੋਲੇ ਤੇ ਅਨਪ੍ਹੜ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਨੇ । 

ਸ਼ਿਵਚਰਨ ਜੱਗੀ ਕੁੱਸਾ ਦੀ ਲਿਖਣ ਕਲਾ ਨੇ, ਪਾਤਰਾਂ ਦੇ ਮੂੰਹੋਂ ਲੱਛੇਦਾਰ ਫਿ਼ਕਰੇ ਕਹਾ ਕੇ ਨਾਵਲ ਨੂੰ ਐਨਾਂ ਰੌਚਕ ਬਣਾ ਦਿੱਤਾ ਹੈ ਕਿ ਇੱਕ ਵਾਰੀ ਪੜ੍ਹਨਾ ਸ਼ੁਰੂ ਕਰਕੇ ਖਤਮ ਕੀਤੇ ਬਿਨਾਂ ਹਟ ਨਹੀਂ ਸਕਦੇ । ਕੁਝ ਫਿ਼ਕਰੇ ਮਿਸਾਲ ਦੇ ਤੌਰ ‘ਤੇ ਮੁਲਾਹਿਜ਼ਾ ਫ਼ਰਮਾਉ: ਕਾਰ ਦੀ ਸਪੀਡ ਦੀ ਸੂਈ ਨੱਬੇ ਦੇ ਨਿਸ਼ਾਨ ਤੇ ਨੈਣ ਦੀ ਅੱਖ ਵਾਂਗੂੰ ਟਿਕੀ ਖੜ੍ਹੀ ਸੀ ।‘ ਗੱਡੀ ਦੇ ਰੁਕਣ ਤੇ ਬਜੁਰਗ ਕਹਿੰਦਾ, “ਓਏ ਕੀ ਗੋਲੀ ਵੱਜਗੀ ਸਹੁਰੀ ਨੂੰ ਚੰਗੀ ਭਲੀ ਤਾਂ ਤੁਰੀ ਜਾਂਦੀ ਸੀ”

ਭਈਏ ਦੇ ਦੱਸਣ ਤੇ ਕਿ ਕੁੜੀ ਨੇ ਕਿਵੇਂ ਆਤਮ ਹੱਤਿਆ ਕੀਤੀ ਸੀ, ਇੱਕ ਬਿਰਧ ਮਾਤਾ ਉਸ ਨੂੰ ਕਹਿੰਦੀ, “ਤੂੰ ਰੱਬ ਦਾ ਨਾਂ ਲੈ ਵੇ ਕਾਲੇ ਮੂੰਹ ਆਲਿਆ! ਜੇ ਤੇਰਾ ਮੂੰਹ ਘਸਮੈਲਾ ਜਿਐ ਤਾਂ ਗੱਲ ਤਾਂ ਚੰਗੀ ਕਰ!”

ਜਦੋਂ ਜੋਤ ਦੀ ਮਾਂ ਜੋਤ ਦੇ ਪਿਉ ਨੂੰ ਸਲਾਹ ਦਿੰਦੀ ਐ ਬਈ ਜਮੀਨ ਵੇਚ ਕੇ ਕੁੜੀ ਦਾ ਵਿਆਹ ਕਰਦੀਏ ਤਾਂ ਉਹ ਕਹਿੰਦਾ ਐ, “ਪਿਉ ਦਾਦੇ ਦੀ ਬਣਾਈ ਪੈਲੀ ਐਂ ਮੈਂ ਮਿੰਟ ‘ਚ ਕਿਵੇਂ ਫੂਕ ਦਿਆਂ...? ਤੂੰ ਤਾਂ ਬੁੜ੍ਹੀਆਂ ਆਲੀ ਮੱਤ ਵਰਤਕੇ ਮਿੰਟ ‘ਚ ਆਖਤਾ...! ਥੋਡੀ ਮੱਤ ਤਾਂ ਹੁੰਦੀ ਈ ਗਿੱਚੀ ਪਿੱਛੇ ਐ........ਤੇਰੇ ਤਾਂ ਮੈਂਨੂੰ ਮੈਦ ਐ ਉਹ ਵੀ ਹੈਨੀ!”

ਜਦੋਂ ਸਰਪੰਚ ਆਪਣੀ ਪਤਨੀ ਜੀਤ ਕੌਰ ਨੂੰ ਲੱਫ਼ੜ ਮਾਰਦਾ ਐ ਤਾਂ ਉਹ ਕਹਿੰਦੀ, “ਸਾਰੀ ਜਿੰਦਗੀ ਤੇਰੇ ਦੈਂਤ ਨਾਲ ਮੱਚਦੀ ਤੇ ਧੇਹ ਧੇਹ ਕੁੱਟ ਖਾਂਦੀ ਨੇ ਕੱਟੀ ਐ, ਲੈ ਮਾਰ ਦੇ ਅੱਜ ਮੈਂਨੂੰ ....ਯੱਭ ਨਬੇੜ ਜੇ ਤੇਰੀ ਪਰੇਤ ਆਤਮਾਂ ਨੂੰ ਰੱਜ ਆਜੂ, ਬਥੇਰਾ ਲੋਕਾਂ ਦਾ ਤੂੰ ਖੂਨ ਪੀਤੈ ਪਾਪੀਆ....ਬਥੇਰੇ ਲੋਕਾਂ ਦੀਆਂ ਦੁਰਸੀਸਾਂ ਲਈਐਂ ਤੂੰ ਕੋਈ ਕਸਰ ਨੀ ਛੱਡੀ!”

ਸਰਪੰਚ ਆਪਣੀ ਕੁੜੀ ਨੂੰ ਮਾਰਨ ਪਿੱਛੋਂ ਉਸ ਦੇ ਟੁਕੜੇ ਬੋਰੀ ‘ਚ ਪਾਉਂਦਾ ਕਹਿੰਦਾ, “ਤੂੰ ਵੀ ਮੇਰੀ ਇੱਕ ਨਾ ਮੰਨੀ ਮਰ ਜਾਣੀਏ, ਆਬਦੀ ਜਿਦ ਤੇ ਹੀ ਅੜੀ ਰਹੀ ....ਤੇ ਦੂਜਾ ਭੈਣ ਚੋਦ ਲੋਕਾਂ ਦੀਆਂ ਉਂਗਲਾਂ ਨੇ ਟਿਕਣ ਨਾ ਦਿੱਤਾ, ਨਸ਼ਤਰਾਂ ਲਾ ਲਾ ਦੇਖਦੇ ਰਹੇ ਬਈ ਹੈਗਾ ਕੋਈ ਲਹੂ ਦਾ ਤੁਪਕਾ ਜਾਂ ਸਾਰਾ ਈ ਪਾਣੀ ਐ?”

ਲੱਕੀ ਜਿੰਮੀ ਨਾਲ ਆ ਪੈਂਦੀ ਐ ਤੇ ਕਹਿੰਦੀ ਐ, “ਖਾ ਲੈ ਦੁਸ਼ਮਣਾ ਮੈਂਨੂੰ.....ਕਰਦੇ ਮੇਰੀ ਮੱਚਦੀ ਛਾਤੀ ਠੰਢੀ..!” ...ਲੱਕੀ ਜਿੰਮੀ ਨੂੰ ਕਹਿੰਦੀ, “ਚੰਦਰਿਆ ਐਨਾ ਮੋਹ ਕਰ ਕੇ ਮੂੰਹ ਮੋੜ ਲਵੇਂਗਾ, ਤੇਰੀ ਲੱਕੀ ਨੇ ਜਿੰਦਗੀ ‘ਚ ਕਦੇ ਨੀ ਸੋਚਿਆ ਸੀ.....!”

ਸਰਪੰਚ ਦੇ ਮਾਮੇ ਦਾ ਮੁੰਡਾ ਬਿੱਕਰ ਉਸ ਨੂੰ ਕਹਿੰਦਾ, “ਲੋਕ ਕੱਛਾਂ ਵਿਚਦੀ ਗੱਲਾਂ ਕਰਦੇ ਐ ਸਰਪੈਂਚਾ.....ਜ਼ਰੇ ਨੀ ਜਾਂਦੇ......! ਕੱਲ੍ਹ ਨੂੰ ਮੇਰੇ ਸਾਲੇ ਮੂੰਹ ਤੇ ਵੀ ਮੂਤਣਗੇ.....! ਬੱਤੀਆਂ ਪਿੰਡਾਂ ‘ਚ ਕੋਈ ਆਪਣਾ ਮੂਤ ਨੀ ਸੀ ਉਲੰਘਦਾ ਹੁੰਦਾ...!” ਇਉਂ ਜੱਗੀ ਬਾਈ ਨੇ ਲੱਛੇਦਾਰ ਫਿ਼ਕਰੇ ਪਾ ਕੇ ਨਾਵਲ ‘ਚ ਰੂਹ ਫੂਕਤੀ ਐ, ਉਸ ਨੇ ਇੱਕ ਹੋਰ ਉੱਚ-ਦਰਜੇ ਦਾ ਨਾਵਲ ਪਾਠਕਾਂ ਦੀ ਝੋਲੀ ਪਾਇਐ, ਪੜ੍ਹਨ ਤੇ ਆਨੰਦ ਮਾਨਣ! ਮੈਂ ਆਪਣੇ ਵੱਲੋਂ ਬਾਈ ਜੱਗੀ ਕੁੱਸਾ ਨੂੰ ਐਨਾਂ ਉਚ-ਪੱਧਰੀ ਨਾਵਲ ਲਿਖਣ ‘ਤੇ ਸਲਾਮ ਪੇਸ਼ ਕਰਦਾ ਹਾਂ, ਆਮੀਨ!

****

No comments:

Post a Comment