ਸ਼ਾਇਰ ਮਲਕੀਅਤ ਸਿੰਘ ਹਠੂਰੀਆ ਦਾ ਪਲੇਠਾ ਕਾਵਿ ਸੰਗ੍ਰਹਿ ‘ਬੁੱਤ ਦੀ ਪੁਕਾਰ’ ਪੰਜਾਬੀ ਸਾਹਿਤ ਨੂੰ ਭੇਂਟ.......... ਪੁਸਤਕ ਰਿਲੀਜ਼ / ਬਲਵਿੰਦਰ ਚਾਹਲ

ਇਟਲੀ : ਇਟਲੀ ਨਿਵਾਸੀ ਸ਼ਾਇਰ ਮਲਕੀਅਤ ਸਿੰਘ ਹਠੂਰੀਆ ਦੀ ਪਲੇਠੀ ਕਾਵਿ-ਪੁਸਤਕ ‘ਬੁੱਤ ਦੀ ਪੁਕਾਰ’ ਬੀਤੇ ਦਿਨ ਅਪਨਾ ਮੈਰਿਜ਼ ਪੈਲਿਸ ਵਿਖੇ ‘ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਹਿਯੋਗ ਨਾਲ ਇਕ ਭਰਵੇਂ ਸਮਾਗਮ ‘ਚ ਲੋਕ ਅਰਪਣ ਕੀਤੀ ਗਈ । ਪੁਸਤਕ ਦੀ ਘੁੰਢ ਚੁਕਾਈ ਕੈਨੇਡਾ ਤੋਂ ਆਏ ਸ਼ਾਇਰ, ਨਾਟਕਕਾਰ ਹਰਕੰਵਲਜੀਤ ਸਾਹਿਲ ਨੇ ਕੀਤੀ । ਕਿਤਾਬ ਦੀ ਘੁੰਢ ਚੁਕਾਈ ਵੇਲੇ ਸਾਹਿਤ ਸੁਰ ਸੰਗਮ ਦੇ ਸਰਪ੍ਰਸਤ ਸ੍ਰੀ ਰੀਵੇਲ ਸਿੰਘ, ਪ੍ਰਧਾਨ ਪ੍ਰਭਜੀਤ ਨਰਵਾਲ, ਉੱਘੇ ਖੇਡ ਪ੍ਰੇਮੀ ਸ੍ਰੀ ਸਤਵਿੰਦਰ ਸਿੰਘ ਟੀਟਾ, ਕਲਾ ਪ੍ਰੇਮੀ ਜੱਸੀ ਬਨਵੈਤ, ਪ੍ਰੋ ਬਲਵਿੰਦਰ ਸਿੰਘ, ਉੱਘੇ ਲੋਕ ਗਾਇਕ ਅਵਤਾਰ ਸਿੰਘ ਰੰਧਾਵਾ ਤੇ ਕਿਤਾਬ ਰਚਿਤ ਲੇਖਕ ਸ੍ਰੀ ਮਲਕੀਅਤ ਹਠੂਰੀਆ ਹਾਜ਼ਿਰ ਸਨ। ਸ੍ਰੀ ਪ੍ਰਭਜੀਤ ਨਰਵਾਲ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ‘ਬੁੱਤ ਦੀ ਪੁਕਾਰ’ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਿਤਾਬ ਵਿਚਲੀ ਸ਼ਾਇਰੀ ਲੋਕ ਹਿੱਤਾਂ ਦੇ ਪੱਖ ‘ਚ ਨਿਰਪੱਖ ਹੋ ਕੇ ਨਿਤਰਦੀ ਹੈ ਤੇ ਅਜੋਕੋ ਸਮੇਂ ‘ਚ ਅਜਿਹੀਆਂ ਕਲਮਾਂ ਦੀ ਲੋੜ ਹੈ। ਹਰਕੰਵਲਜੀਤ ਸਾਹਿਲ ਨੇ ਕਿਹਾ ਕਿ ਇਸ ਕਿਤਾਬ ਵਿਚਲੀਆਂ ਕਵਿਤਾਵਾਂ, ਗੀਤ ਬਹੁਤ ਗੰਭੀਰ ਚਰਚਾ ਦੀ ਮੰਗ ਕਰਦੇ ਹਨ ਜਿੱਥੇ ਸ਼ਾਇਰ ਦੀਆਂ ਕਵਿਤਾਵਾਂ ਲੋਕਾਂ ਨੂੰ ਜਗਾਉਣ ਲਈ ਹਾਂ ਪੱਖੀ ਵਰਤਾਅ ਕਰਦੀਆਂ ਹਨ ਉੱਥੇ ਇਸ ਸ਼ਾਇਰੀ ਵਿਚਲੀ ਦਰਵੇਸ਼ਗੀ ,ਦਿਆਨਤਦਾਰੀ ਵੀ ਸਾਹਮਣੇ ਆਂਓੁਦੀ ਹੈ। ਪ੍ਰੋ ਬਲਵਿੰਦਰ ਸਿੰਘ ਨੇ ਕਿਹਾ ਕਿ ਸ਼ਾਇਰ ਹਠੂਰੀਆ  ਦੀ ਕਵਿਤਾ ਸੰਘਰਸ਼ ਦੀ ਕਵਿਤਾ ਹੈ ਇਹ ਕਵਿਤਾ ਇਕ ਖਾਸ ਮੂਵਮੈਟ ਤੋਂ ਸੁਰੂ ਹੋ ਕਿ ਸਮੇਂ ਦੇ ਸੱਚ ਨੂੰ ਪੇਸ਼ ਕਰਦੀ ਕਹਾਣੀ ਹੈ। ਉਨਾਂ ਵਿਸ਼ਵ ਪੱਧਰ ਦੀਆਂ ਰਚਨਾਵਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਲਮ ਵਿਚ ਏਨੀ ਤਾਕਤ ਹੁੰਦੀ ਹੈ ਕਿ ਰਾਜ ਪਲਟੇ ਤੱਕ ਲਿਆ ਸਕਦੀ ਹੈ। 


ਸ੍ਰੀ ਰੀਵੇਲ ਸਿੰਘ ਨੇ ਕਿਹਾ ਕਿ ਇਹ ਸ਼ਾਇਰੀ ਬਹੁਤ ਹੀ ਗੰਭੀਰ ਸ਼ਾਇਰੀ ਹੈ ਜਿਸ ਦਾ ਮੁਲਾਂਕਣ ਕਰਦਿਆਂ ਕਈ ਗੱਲਾਂ ਦਾ ਸਾਹਮਣਾ ਕਰਨਾ ਪੈਦਾਂ ਹੈ ਜੋ ਕਵਿਤਾ ਦੇ ਅੰਦਰ ਪਿਆ ਹੈ। ਵਿਸ਼ਾਲ ਨੇ ਕਿਹਾ ਕਿ ਲੇਖਕ ਨੇ ਆਪਣੀ ਸ਼ਾਇਰੀ ਨਾਲ ਬਹੁਤ ਹੀ ਇਮਾਨਦਾਰੀ ਵਾਲਾ ਰਿਸ਼ਤਾ ਨਿਭਾਇਆ ਹੈ। ਚੰਗੀ ਤੇ ਦਮਦਾਰ ਕਵਿਤਾ ਲੇਖਕ ਦੀ ਸ਼ਖਸੀਅਤ ‘ਚੋ ਹੀ ਨਿਕਲਦੀ ਹੈ। ਉਨਾਂ ਕਿਹਾ ਕਿ ਕਿਤਾਬ ਵਿਚਲੀ ਸ਼ਾਇਰੀ ਕਈ ਚਨੌਤੀਆਂ ਦਾ ਸਾਹਮਣਾ ਕਰਦੀ ਹੈ ਤੇ ਜ਼ਜਬਾਤ ਨਾਲ ਭਰੀ ਇਹ ਕਵਿਤਾ ਹਾਕਮ ਜਮਾਤ ਨਾਲ ਆਢਾ ਲੈਣ ਲਈ ਤਿਆਰ ਹੈ। ਪੱਤਰਕਾਰ ਤੇ ਲੇਖਕ  ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕਿਤਾਬ ਵਿਚਲੀਆਂ ਰਚਨਾਵਾਂ ਨੂੰ  ਪੜ੍ਹ ਕੇ  ਇਹ ਮਹਿਸੂਸ ਹੁੰਦਾ ਹੈ ਕਿ ਸੱਚ ਤੇ ਸੰਘਰਸ਼ ਚੋਂ ਹੀ ਅਜਿਹੀ ਸ਼ਾਇਰੀ ਦੇ ਦਰਸ਼ਨ ਹੁੰਦੇ ਹਨ । ਸ੍ਰੀ ਸਤਵਿੰਦਰ ਟੀਟਾ, ਪ੍ਰੋ ਬਲਦੇਵ ਸਿੰਘ ਬੋਲਾ, ਮਲਕੀਤ ਸਿੰਘ ਮੱਲ੍ਹੀ, ਪੱਤਰਕਾਰ ਬਲਦੇਵ ਸਿੰਘ ਬੂਰੇ ਜੱਟਾਂ, ਜੱਸੀ ਬਨਵੈਤ ਤੇ ਲੋਕ ਗਾਇਕ ਸ੍ਰੀ ਅਵਤਾਰ ਸਿੰਘ ਰੰਧਾਵਾ ਨੇ ਸ਼ਾਇਰ ਦੀ ਨਵ-ਪ੍ਰਕਾਸ਼ਿਤ ਪੁਸਤਕ ਨੂੰ ਖੁਸ਼ਆਮਦੀਦ ਕਹਿੰਦਿਆਂ ਕਿਹਾ ਕਿ ਲੇਖਕ ਨੇ ਕਈ ਕਿਸਮ ਦੀਆਂ ਚਨੌਤੀਆਂ ਦਾ ਸਾਹਮਣਾ ਕਰਨਾ ਹੁੰਦਾ  ਹੈ ਜਿਸ ਲਈ ਕਲਮਕਾਰ ਨੂੰ ਕਈ ਮੁਸ਼ਕਿਲਾਂ ‘ਚੋਂ ਵੀ ਲੰਘਣਾ ਪੈਂਦਾ ਹੈ ਤੇ ਅਸੀਂ ਇਸ ਪੁਸਤਕ ਨੂੰ ਜੀਅ ਆਇਆਂ ਕਹਿੰਦੇ ਹਾਂ। ਉਪਰੰਤ ਪ੍ਰਭਜੀਤ ਨਰਵਾਲ, ਅਵਤਾਰ ਰੰਧਾਵਾ,ਤੇ ਬਿੱਲਾ ਬੈਰਗਮੋਂ ਨੇ ਬਹੁਤ ਹੀ ਖੂਬਸੂਰਤ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲਿਆ । ਕਵੀ ਦਰਬਾਰ ‘ਚ ਹਰਕੰਵਲਜੀਤ ਸਾਹਿਲ, ਵਿਸ਼ਾਲ, ਕਾਮਰੇਡ ਪਵਨ ਕੁਮਾਰ ਹੈਪੀ, ਰਾਣਾ ਅਠੌਲਾ, ਦਿਲਬਾਗ ਖਹਿਰਾ, ਬਲਵਿੰਦਰ ਚਾਹਲ, ਲਾਲ ਜੰਡਾਲੀ, ਰਵੇਲ ਸਿੰਘ ਤੇ ਰਾਜੂ ਹਠੂਰੀਆ ਨੇ ਆਪਣੀਆਂ-ਆਪਣੀਆਂ ਕਵਿਤਾਵਾਂ ਸੁਣਾਈਆਂ । ਇਸ ਪ੍ਰੋਗ੍ਰਾਮ ‘ਚ ਹੋਰਨਾਂ ਤੋਂ ਇਲਾਵਾ  ਲਾਲ ਸਿੰਘ ਸੁਰਤਾਪੁਰ, ਫਹਿਤ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਜੋਰਾ ਸਿੰਘ, ਸੁੱਖ ਸੰਧੂ, ਜੱਗੀ ਹਠੂਰ, ਬਿੰਦੂ ਹਠੂਰ ਤੇ ਹੋਰ ਵੀ ਬਹੁਤ ਸਾਰੇ ਦੋਸਤ  ਸ਼ਾਮਲ ਹੋਏ।
****

No comments:

Post a Comment