ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ..........ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 6 ਅਗਸਤ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਸਭ ਵਲੋਂ ਪਰਵਾਨ ਕੀਤੀ ਗਈ। ਮੰਚ ਸੰਚਾਲਕ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ, ਜੱਸ ਚਾਹਲ ਨੇ ਚੰਡੀਗੜ ਤੋਂ ਆਈ ਕਵਿਤ੍ਰੀ ਸੁਦਰਸ਼ਨ ਵਾਲੀਆ ਨੂੰ, ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਕਾਰਵਾਈ ਦੀ ਸ਼ੂਰੁਆਤ ਕਰਦਿਆਂ ਫੋਰਮ ਸਕੱਤਰ ਨੇ ਗੁਰਦਿਆਲ ਸਿੰਘ ਖੈਹਰਾ ਹੋਰਾਂ ਦੇ ਪਰਿਵਾਰ ਨਾਲ ਵਾਪਰੇ ਹਾਦਸੇ ਦੀ ਦੁਖਦਾਈ ਖ਼ਬਰ ਭਾਰੀ ਦਿਲ ਨਾਲ ਸਾਂਝੀ ਕੀਤੀ। ਇਕ ਭਿਆਨਕ ਕਾਰ ਹਾਦਸੇ ਵਿਚ ਅਮਰੀਕਾ ਵਿਚ ਰਹਿਂਦੇ ਉਹਨਾਂ ਦੇ ਹੋਨਹਾਰ ਦਮਾਦ ਡਾ. ਅਮਰਇੰਦਰ ਸਿੰਘ ਸੰਧੂ ਦੀ ਬੇਵਕਤ ਮੌਤ ਹੋ ਗਈ। ਪੂਰੀ ਸਭਾ ਨੇ ਇਕ ਮਿੰਟ ਦਾ ਮੌਨ ਧਾਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੂਰੇ ਪਰਿਵਾਰ ਨਾਲ ਹਮਦਰਦੀ ਪਰਗਟ ਕੀਤੀ।



ਪਹਿਲੇ ਬੁਲਾਰੇ ਤਾਰਿਕ ਮਲਿਕ ਨੇ ਮਸ਼ਹੂਰ ਉਰਦੂ ਸ਼ਾਇਰ ਬਸ਼ੀਰ ਬਦਰ ਦੇ ਕੁਝ ਸ਼ੇਅਰ ਸੁਣਾਏ

‘ਮੈਂ ਜ਼ਿੰਦਗੀ ਕੀ ਰਾਹਗੁਜ਼ਰ ਪਰ ਦਰਬਦਰ ਹੁੰ ਇਸ ਲਿਯੇ
 ਕਿ ਜੁਨੂੰ ਕੇ ਸ਼ਹਰ ਮੇਂ, ਦਿਲ ਹੈ, ਮਕਾਂ ਹੈ ਆਜ ਭੀ।
 ਮੇਰੀ ਆਰਜ਼ੂ ਹੈ ਬਹੁਤ ਮਗਰ ਮੇਰੀ ਪੰਹੁਚ ਨਹੀਂ ਹੈ ਇਸ ਕਦਰ
 ਮੇਰੀ ਖ਼ਾਹਿਸ਼ੋਂ ਕੇ ਵਾਸਤੇ ਤੋ, ਆਸਮਾਂ ਹੈ ਆਜ ਭੀ’।

ਅਤੇ ਆਪਣਾ ਲਿਖਿਆ ਪਲੇਠਾ ਲੇਖ ਵੀ ਸਾਂਝਾ ਕੀਤਾ, ਜਿਸਤੇ ਸਭਾ ਵਲੋਂ ਪੂਰੀ ਪ੍ਰਸ਼ੰਸਾ ਮਿਲੀ।

ਜਸਵੀਰ ਸਿੰਘ ਸਿਹੋਤਾ ਨੇ ਅੱਜਕੱਲ ਦੀ ਬਦਲਦੀ ਸੋਚ ਬਾਰੇ ਆਪਣੀ ਕਵਿਤਾ ਪੜ੍ਹੀ

‘ਤੇਰੇ ਸ਼ੌਕ ਅਵੱਲੇ ਤੂੰ ਚਾਹੁੰਦੀ ਏ ਹਰਿਕ ਸ਼ਹਿਰ ਬੰਗਲਾ
 ਭੁਲੀ ਪੇਂਡੂ ਰਹਿਣ ਬਹਿਣ ਤੇਰਾ ਏ ਸੁਭਾਅ ਰੰਗਲਾ
 ਸ਼ਹਿਰ ਆਉਣਾ ਜਾਣਾ ਆਪਣੇ ਲਈ ਕਿਡਾ ਕੁ ਮਸਲਾ
 ਹਾਲੇ ਚੰਗਾ ਭਲਾ ਵੈਰਨੇ, ਆਪਣਾ ਪਿੰਡ’ਚ ਮਕਾਨ ਅਗਲਾ’

ਸਲਾਹੁਦੀਨ ਸਬਾ ਸ਼ੇਖ਼ ਨੇ ਉਰਦੂ ਵਿਚ ਆਪਣੀਆਂ ਤਿੰਨ ਰਚਨਾਵਾਂ ਸਾਂਝੀਆਂ ਕੀਤੀਆਂ-

1-‘ਕਹੀਂ ਕੋਈ ਤੋ ੲੈਸਾ ਗੋਸ਼ਾਏ-ਤਨਹਾਈ ਹੋ
    ਪਲ ਭਰ ਭੀ ਨਾ ਹਮ ਮੇਂ ਜੁਦਾਈ ਹੋ’

2-‘ ਜ਼ਾਹਿਰੀ ਆਂਖ ਸੇ ਹੀ ਕਰਤਾ ਰਹਾ ਨਜ਼ਾਰਾ ਤੋ ਕਯਾ ਹਾਸਿਲ
    ਨਾ ਹੁਈ ਕਭੀ ਬਸੀਰਤ-ਏ-ਕਲਬ ਹੀ ਵਾ ਤੋ ਕਯਾ ਹਾਸਿਲ’

3-‘ਤਮੱਨਾ ਥੀ ਕਭੀ ਸ਼ਾਖੇ ਗੁਲ ਪੇ ਬਨਤਾ ਆਸ਼ਿਆਂ ਅਪਨਾ
    ਸਦਾ ਕਾਂਟੋਂ ਮੇਂ ਹੈ ਉਲਝਤਾ ਰਹਾ ਦਾਮਾਂ ਅਪਨਾ’                          

ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਕੁਝ ਰੁਬਾਇਆਂ ਅਤੇ ਇਕ ਖ਼ੂਬਸੂਰਤ ਗੀਤ ਨਾਲ ਸਭਨੂੰ ਖ਼ੁਸ਼ ਕਰ ਦਿੱਤਾ -

ਇਕਰਾਰ ਕੀਤਾ, ਕੁਝ ਬੁਰਾ ਨਹੀਂ ਕੀਤਾ
ਇਜ਼ਹਾਰ ਕੀਤਾ, ਕੁਝ ਬੁਰਾ ਨਹੀਂ ਕੀਤਾ।
ਵਿੱਭਚਾਰ  ਹੀ  ਮਾੜਾ  ਏ  ‘ਪੰਨੂੰਆ’
ਪਿਆਰ ਕੀਤਾ, ਕੁਝ ਬੁਰਾ ਨਹੀਂ ਕੀਤਾ।

ਉਹਨਾਂ ਦਸਿਆ ਕਿ ਗ਼ਜ਼ਲ ਲਿਖਣ ਤੋਂ ਕਿਤੇ ਪਹਿਲਾਂ ਉਹਨਾਂ 1953 ਵਿਚ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ।

ਚੰਡੀਗੜ ਤੋਂ ਆਏ ਆਰ ਐੱਸ ‘ਫ਼ਰਾਜ਼’ ਨੇ ਆਪਣੀ ਇੱਕ ਬਹੁਤ ਪਿਆਰੀ ਗ਼ਜ਼ਲ ਸਾਂਝੀ ਕੀਤੀ

ਚੇਤੇ ਕਰ ਉਹ ਕਸਮਾਂ ਸੱਜਣਾ ਰੁੱਸੇ ਯਾਰ ਮਨਾਉਣ ਦੀਆਂ
ਕਿਉਂ ਭੁਲਿਆ ਹੈਂ ਦੱਸ ਦੇ ਜ਼ਾਲਮ ਕਸਮਾਂ ਤੋੜ ਨਿਭਾਉਣ ਦੀਆਂ।
ਮੈਂ ਮਨਫ਼ੀ ਨਾ ਹੋਵੇ ਮਨ ਤੋਂ ਤੇ ਗੱਲ ਗੱਲ ਵਿਚ ਮੈਂ ਹੀ ਅੱਗੇ
ਮਨ ਨੂੰ ਕਿਹੜਾ ਮੱਤਾਂ ਦੇਵੇ ਮੈਂ ਨੂੰ ਪਿੱਛੇ ਲਾਉਣ ਦੀਆਂ।
ਕਿਉਂ ਉਲਫ਼ਤ ਦਾ ਪੱਲੂ ਛੱਡ ਕੇ ਨਫ਼ਰਤ ਸਿਰ ਤੇ ਢੋਈ ਫਿਰਦੈਂ
ਪੈੜਾਂ ਪਾ ਕੁਝ ਜੱਗ’ਚ ਯਾਰਾ ਦੁਸ਼ਮਨ ਯਾਰ ਬਨਾਉਣ ਦੀਆਂ।

ਗੁਰਦਿਆਲ ਸਿੰਘ ਖੈਹਰਾ ਹੋਰਾਂ ਏਨੇ ਗ਼ਮਗ਼ੀਨ ਹਾਲਾਤ ਹੋਣ ਦੇ ਬਾਵਜੂਦ ਕੁਝ ਢੁਕਵੇਂ ਸ਼ੇਅਰ ਸੁਣਾਕੇ ਬੁਲਾਰਿਆਂ ਵਿੱਚ ਆਪਣੀ ਹਾਜ਼ਰੀ ਲਵਾਈ

ਪਿੱਪਲ, ਬੋਹ੍ਹੜ ਤੇ ਨਿੱਮ ਤੇ ਕਾਂ, ਪੰਛੀ ਗਾਂਉਦੇ ਲਾ ਲਾ ਹੇਕਾਂ
ਦਿਲ ਕਰਦਾ ਹੈ ਮੈਂ ਉੱਡ ਜਾਵਾਂ, ਜਾਕੇ ਆਪਣਾ ਆ੍ਹਲਣਾ ਦੇਖਾਂ।

ਪਿਛਲੇ ਕੁਝ ਹਫਤਿਆਂ ਤੋਂ ਕੈਲਗਰੀ ਵਿੱਚ ਕਬੱਡੀ ਦੇ ਟੂਰਨਾਮੈਂਟ ਚਲ ਰਹੇ ਹਨ। ਸੋ ਜਸਵੰਤ ਸਿੰਘ ਸੇਖੋਂ ਨੇ ਕਬੱਡੀ ਤੇ ਹੀੇ ਲਿਖੀ ਤਾਜ਼ੀ ਕਵਿਤਾ ਸੁਣਾਕੇ ਖ਼ੁਸ਼ ਕਰ ਦਿੱਤਾ

ਜੌਹਰ ਦਿਖਾਉਣ ਆਗੇ, ਭਾਰਤ ਤਾਂ ਦੇਸ਼ ਤੋਂ
ਕਰਨੀ ਫਕੀਰੀ ਬਿਨਾਂ, ਸਾਧਾਂ ਦੇ ਭੇਸ ਤੋਂ
ਅਖਾੜੇ ਵਿੱਚ ਵੱਧ ਫੁੰਕਾਰਾ, ਨਾਗ ਤੋਂ ਸੇਸ ਤੋਂ
ਕਬੱਡੀ ਦੀ ਕਾਢ ਕੱਢੀ, ਵੱਡਿਆਂ ਪਿਆਰੀ ਐ
ਇਹ ਤਾਂ ਖੇਡ ਭਰਾਵੋਂ, ਹਰਮਨ ਪਿਆਰੀ ਐ।

ਕਵਿਤ੍ਰੀ ਸੁਦਰਸ਼ਨ ਵਾਲੀਆ ਹੋਰਾਂ ਆਪਣੀਆਂ ਦੋ ਖ਼ੂਬਸੂਰਤ ਗ਼ਜ਼ਲਾਂ ਸੁਣਾਈਆਂ
1- ਕਿਸ ਬਿਰਹਨ ਨੇ ਨੈਣੋਂ ਹੰਜੂ ਚੋਇਆ ਹੈ
   ਚਾਰ ਚੁਫੇਰੇ ਜਲਥਲ, ਜਲਥਲ ਹੋਇਆ ਹੈ।
   ਕਿਸ ਨੇ ਰਾਤ ਦੇ ਨੈਣੀ ਮੋਤੀ ਸ਼ਬਨਮ ਦਾ
   ਦਰਦ ਦਿਲਾਂ ਦਾ ਭਰਕੇ ਆਣ ਪਰੋਇਆ ਹੈ।

2- ਰੀਝਾਂ ਦੀ ਝੋਲੀ ਵਿਚ ਸੁੱਕੇ, ਕੁਝ ਫੁੱਲ ਪੱਤੇ ਸਨ ਗਰਜ਼ਾਂ ਦੇ
   ਕਿਉਂ ਫੇਰ ਹਠੀਲੇ ਚਾਵਾਂ ਨੇ ਭਰ ਲਏ ਦਾਮਨ ਅੰਗਿਆਰਾਂ ਦੇ।
   ਅਗਨੀ ਵਿਚ ਪਰਖ ਗਿਆ ਕੋਈ, ਕੋਈ ਜੂਏ ਦੇ ਵਿਚ ਹਾਰ ਗਿਆ
   ਹੈ ਨਾਰ ਸਰਾਪੀ ਉਹਨਾ ਹੀ ਜੋ ਪਾਤਰ ਸਨ ਸਤਿਕਾਰਾਂ ਦੇ।
   ਨਾ ਰੁੱਤ ਬਸੰਤ ਰਹੀ ਆਪਣੀ ਨਾ ਸਾਵਣ ‘ਦਰਸ਼ਨ’ ਹੋ ਸਕਿਆ
   ਸਿਰ ਲੈ ਫੁਲਕਾਰੀ ਪਤਝੜ ਦੀ ਚਾਅ ਮਰ ਗਏ ਨੇ ਗੁਲਜ਼ਾਰਾਂ ਦੇ।

ਸੁਦਰਸ਼ਨ ਵਾਲੀਆ ਕੋਲ ਸ਼ਬਦਾਂ ਦਾ ਅਮੁੱਲ ਭੰਡਾਰ ਹੈ ਜਿਸ ਨਾਲ ਉਹ ਆਪਣੀਆਂ ਗ਼ਜ਼ਲਾਂ ਦੀ ਸੁੰਦਰ ਫੁਲਕਾਰੀ ਕੱਢਦੀ ਹੈ। ਉਸ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਬਿਫਰੇ ਮੌਸਮ’ ਰਾਈਟਰਜ਼ ਫੋਰਮ ਕੈਲਗਰੀ ਦੀ 3 ਸਤੰਬਰ ਦੀ ਇਕਤਰਤਾ ਵਿਚ ਰੀਲੀਜ਼ ਕੀਤਾ ਜਾਵੇਗਾ।ਸ਼ਮਸ਼ੇਰ ਸਿੰਘ ਸੰਧੂ ‘ਬਿਫਰੇ ਮੌਸਮ’ ਬਾਰੇ ਆਪਣਾ ਪਰਚਾ ਪੜ੍ਹਣਗੇ।

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀਆਂ ਦੋ ਖ਼ੂਬਸੂਰਤ ਗ਼ਜ਼ਲਾਂ ਸੁਣਾਈਆਂ

1- ਸੋਚਾਂ ਉਸ ਦੀ ਯਾਦ ਭਲਾ ਮੈਂ ਕੀ ਕਰਨੀ
   ਪਰ ਨਾ ਪਿੱਛਾ ਛਡਦੀ ਨਿਸਦਿਨ ਚਿਤ ਹਰਨੀ।
   ਕਦਮ ਕਦਮ ਤੇ ਡਿਗ ਡਿਗ ਪੈਂਦਾ ਰਾਹੀ ਜੋ
   ਤਪਸ਼ ਥਲਾਂ ਦੀ ਮਾਰੂ ਉਸ ਨੇ ਕਦ ਜਰਨੀ।

2- ਚਲਦੇ ਫਿਰਦੇ ਸਾਏ ਦੇ ਸੰਗ ਕੀਕਣ ਯਾਰੀ ਲਾਵੇਂਗਾ
   ਚਲਦੀ ਬਸ ਦੀ ਛਾਂਵੇਂ ‘ਸੰਧੂ’ ਕਦ ਤਕ ਤੂੰ ਬਹਿ ਜਾਵੇਂਗਾ।
   ਰੋਜ਼ ਬਦਲਦੇ ਚਿਹਰੇ ਸਾਰੇ ਚਲਦੀ ਫਿਰਦੀ ਭੀੜ ਜੁੜੀ
   ਤਰਦੇ ਨੈਣਾਂ ਸੰਗ ਤੂੰ ਕੀਕਣ ਇਕ ਪਹਿਚਾਨ ਬਣਾਵੇਂਗਾ।

ਹਰਚਰਨ ਕੌਰ ਬਾਸੀ ਨੇ ਕਵਿਤਾ ‘ਧੀ ਜੰਮੀ’ ਸੁਣਾ ਕੇ ਸਭਾ ਵਿਚ ਆਪਣੀ ਹਾਜ਼ਰੀ ਲਵਾਈ

  ਜਦੋਂ ਜੰਮੀ ਧੀ ਤਾਂ ਹੋਇਆ ਕੀ, ਬਾਬਲ ਤੁੰ ਕਿੳਂ ਉਦਾਸ ਵੇ
  ਅਸੀਂ ਚਿੜੀਆਂ ਨੇ ਉਡ ਜਾਣਾ ਮਾਏ, ਬਾਬਲ ਰਹਿਨਾ ਨਾ ਤੇਰੇ ਪਾਸ ਵੇ’

ਪ੍ਰਭਦੇਵ ਸਿੰਘ ਗਿੱਲ ਨੇ ਸਭਾ ਨੂੰ ਇਕ ਬਹੁਤ ਵਧੀਆ ਸਵਾਲ ਪਾਇਆ ਕਿ ਲੋਕ ਵਡੀ ਉਮਰ ਵਿਚ ਪੰਹੁਚ ਕੇ ਛੋਟਿਆਂ ਨੂੰ ਸਿਖਿਆ ਕਿਓਂ ਦੇਣ ਲਗ ਜਾਂਦੇ ਹਨ? ਤੇ ਆਪ ਹੀ ਇਸ ਦਾ ਜਵਾਬ ਵੀ ਦਿੱਤਾ।

ਜਾਵੇਦ ਨਿਜ਼ਾਮੀਂ ਨੇ ਉਰਦੂ ਦਿਆਂ ਦੋ ਗ਼ਜ਼ਲਾਂ ਤੇ ਦੋ ਨਜ਼ਮਾਂ ਪੇਸ਼ ਕੀਤੀਆਂ

1- ਚਾਹਤ ਕੀ ਖ਼ੁਸ਼ਬੂਅੋਂ ਮੇਂ ਨਹਾਏ ਹੁਏ ਖ਼ਤੂਤ
   ਰਖੇ ਹੈਂ ਮੇਰੇ ਪਾਸ ਜੋ ਆਏ ਹੁਏ ਖ਼ਤੂਤ।
   ਕਹਤਾ ਥਾ ਲਫ਼ਜ਼ ਲਫ਼ਜ਼ ਜੁਦਾਈ ਕੀ ਦਾਸਤਾਂ
   ਹਾਯ ਵੋ ਆਂਸੂਓਂ ਮੇਂ ਨਹਾਏ ਹੁਏ ਖ਼ਤੂਤ।

2-ਅਪਨੀ ਗ਼ਜ਼ਲੋਂ ਕਾ ਤੁਝੇ ਉਨਵਾਨ ਬਨਾ ਲੂੰ ਤੋ ਚਲੂੰ
    ਤੁਝ ਕੋ ਮੈਂ ਅਪਨਾ ਈਮਾਨ ਬਨਾ ਲੁੰ ਤੋ ਚਲੁੰ।

ਜੱਸ ਚਾਹਲ ਨੇ ਆਪਣੀ ਹਿੰਦੀ ਦੀ ਇਹ ਗ਼ਜ਼ਲ ਸੁਣਾਕੇ ਗੁਰਦਿਆਲ ਸਿੰਘ ਖੈਹਰਾ ਹੋਰਾਂ ਨਾਲ ਦੁਖ ਦੀ ਸਾਂਝ ਪਾਈ

ਹੈ ਵਕਤ ਮੁਕਰਰ ਜਾਨੇ ਕਾ, ਜੋ ਕਰਨਾ ਹੈ, ਜਲਦੀ ਕਰ ਲੇ
ਜੋ ਫੂਲ ਝੜਾ ਫਿਰ ਖਿਲਾ ਨਹੀਂ, ਮੌਸਮ ਆਏ ਔ’ ਚਲੇ ਗਯੇ।
ਦਿਲ ਕੀ ਯੇ ਦੁਨਿਯਾ ਪਲ ਭਰ ਮੇਂ, ਕਯਾ ਸੇ ਕਯਾ ਹੋ ਜਾਤੀ ਹੈ
ਗਰ ਟੂਟ ਗਯਾ ਫਿਰ ਜੁੜਾ ਨਹੀਂ ਦਿਲ, ਸਾਲ ਮਹੀਨੇ ਚਲੇ ਗਯੇ’।

ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਸਭਨੇ ਅਨੰਦ ਮਾਣਿਆ।

ਇਸ ਉਪਰੰਤ ਤਾਰਿਕ ਮਲਿਕ ਨੇ ਉਰਦੂ ਦੇ ਕੁਛ ਹੋਰ ਸ਼ੇਅਰ ਪੇਸ਼ ਕੀਤੇ।

ਸਲਾਹੁਦੀਨ ਸਬਾ ਸ਼ੇਖ਼ ਨੇ ਆਪਣੀ ਉਰਦੂ ਨਜ਼ਮ ‘ਗੁਫ਼ਤਗ਼ੂ’ ਰਾਹੀਂ ਖੈਹਰਾ ਹੋਰਾਂ ਨਾਲ ਹਮਦਰਦੀ ਜਤਾਈ।

ਇਹਨਾਂ ਤੋਂ ਇਲਾਵਾ ਹਰਬੱਖਸ਼ ਸਿੰਘ ਸਰੋਆ, ਸ਼ਿੰਗਾਰਾ ਸਿੰਘ ਪਰਮਾਰ ਅਤੇ ਹਰਪਾਲ ਸਿੰਘ ਬਾਸੀ ਹੋਰਾਂ ਨੇ ਵੀ ਸਭਾ ਦੀ ਰੌਣਕ ਵਧਾਈ।
ਜੱਸ ਚਾਹਲ ਨੇ ਸਭਾ ਦੀ ਸਮਾਪਤੀ ਕਰਨ ਤੋਂ ਪਹਿਲਾਂ ਸਭ ਦਾ ਧੰਨਵਾਦ ਕਰਦਿਆਂ 3 ਸਤੰਬਰ ਦੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ। ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
****

No comments:

Post a Comment