ਇਸ 36 ਲੇਖਾਂ, 172 ਸਫਿਆਂ ਵਾਲੀ ਪੁਸਤਕ ‘ਵੰਨ-ਸੁਵੰਨ’ ਦੀ ਵੰਨਗੀ ਇਹ ਹੈ ਕਿ ਸਾਰੇ ਲੇਖ ਛੋਟੇ ਆਕਾਰ ਦੇ ਹਨ, ਅਨੋਖਾ ਢੰਗ ਤੇ ਢੁਕਵੀਂ ਵਾਰਤਕ ਦੀ ਚੋਣ ਕਰਕੇ ਪ੍ਰੋ. ਮਨਜੀਤ ਸਿੰਘ ਸਿੱਧੂ ਦੀ ਇਹ ਪੁਸਤਕ ਪੜ੍ਹਨ ਯੋਗ ਹੈ। ਇਸ ਪੁਸਤਕ ਦੀ ਵਾਰਤਕ ਪੜ੍ਹਕੇ ਡਾ. ਨਰਿੰਦਰ ਸਿੰਘ ਕਪੂਰ ਤੇ ਜਤਿੰਦਰ ਪੰਨੂੰ ਦੀ ਵਾਰਤਕ ਵਾਲਾ ਆਨੰਦ ਮਾਣਿਆ ਜਾ ਸਕਦਾ ਹੈ।
ਇਸ ਪੁਸਤਕ ਦੇ ਰੇਖਾ ਚਿੱਤਰਾਂ ਦੀ ਚੋਣ ਕਰਨ ਵੇਲੇ ਮਨਜੀਤ ਸਿੱਧੂ ਨੇ ਬਹੁਤੇ ਰੇਖਾ ਚਿੱਤਰ ਉਨ੍ਹਾਂ ਲੋਕਾਂ ਦੇ ਉਲੀਕੇ ਹਨ ਜਿਨ੍ਹਾਂ ਨੂੰ ਕੋਈ ਮੈਡਲ ਜਾਂ ਸਰਕਾਰ ਵਲੋਂ ਸਨਮਾਨਿਆ ਨਹੀਂ ਗਿਆ ਹੈ। ਜਿਵੇਂ ਇਕਬਾਲ ਅਰਪਨ, ਗਿਆਨ ਸਿੰਘ ਬਸਰਾ, ਕਾਮਰੇਡ ਰੂਲਦੂ ਖਾਂ, ਬਾਈ ਜਗਤ, ਸੂਫੀ ਗਾਇਕ ਬਰਕਤ ਸਿੱਧੂ ਆਦਿ। ਇਨ੍ਹਾਂ ਰੇਖਾ ਚਿੱਤਰਾਂ ਰਾਹੀਂ ਸੁਨੇਹਾ ਹੈ ਕਿ ਸਾਨੂੰ ਉਨ੍ਹਾਂ ਵਿਅਕਤੀਆਂ ਨੂੰ ਵਿਸਾਰਨਾ ਨਹੀਂ ਚਾਹੀਦਾ ਜੋ ਛੁਪੇ ਰੁਸਤਮ ਰਹੇ ਹਨ ਤੇ ਜਿਨ੍ਹਾਂ ਲਈ ਇਨਸਾਨੀਅਤ ਤੇ ਸਮਾਜ ਦੀ ਸੇਵਾ ਹੀ ਸਭ ਤੋਂ ਉਂਤਮ ਧਰਮ ਹੈ।
ਮਨਜੀਤ ਸਿੰਘ ਸਿੱਧੂ ਦਾ ਪ੍ਰੋ. ਸੁਰਿੰਦਰ ਨਰੂਲਾ, ਹੈਰੀ ਸੋਹਲ, ਇਕਬਾਲ ਅਰਪਨ, ਜੁਗਿੰਦਰ ਸਿੰਘ ਬੈਂਸ, ਗਿਆਨ ਸਿੰਘ ਬਸਰਾ ਤੇ ਗੁਰਦਿਆਲ ਸਿੰਘ ਬਰਾੜ (ਦੋਨੋਂ ਕੈਂਸਰ ਦੀ ਬਿਮਾਰੀ ਨਾਲ ਤੁਰ ਗਏ), ਪ੍ਰੋ. ਪ੍ਰੀਤਮ ਸਿੰਘ, ਹਰਪ੍ਰਕਾਸ਼ ਸਿੰਘ ਜਨਾਗਲ, ਸਵਾਤੀ ਐਡੀਸ਼ਨ ਤੇ ਕੁਝ ਹੋਰਾਂ ਦੇ ਰੇਖਾ ਚਿੱਤਰ ਅਸਲੀਅਤ ਦੇ ਇਸ ਕਰਕੇ ਨੇੜੇ ਹਨ ਕਿਉਂਕਿ ਜ਼ਿੰਦਗੀ ਦੇ ਸਫਰ ‘ਚ ਮਨਜੀਤ ਸਿੱਧੂ ਨੇ ਇਹਨਾਂ ਦੇ ਨਾਲ ਬਹੁਤ ਘੰਟੇ ਗੁਜ਼ਾਰੇ ਹਨ ਤੇ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਜੋ ਕੁਝ ਇਨ੍ਹਾਂ ਬਾਰੇ ਲਿਖਿਆ ਹੈ, ਉਸ ਵਿੱਚ ਅੰਧ ਵਿਸ਼ਵਾਸ਼ ਜਾਂ ਸ਼ਰਧਾ ਵਾਲੀ ਭਾਵਨਾ ਨਹੀਂ ਝਲਕਦੀ ਤੇ ਨਾ ਹੀ ਮਨਜੀਤ ਦਾ ਮੰਤਵ ਉਹਨਾਂ ਨੁੰ ਖੁਸ਼ ਕਰਨਾ ਸੀ ਜਾਂ ਉਨ੍ਹਾਂ ਦੀ ਉਸਤਤ ਕਰਨਾ ਸੀ।
‘ਵੰਨ-ਸੁਵੰਨ’ ਵਿੱਚ ਛੇ ਵਿਅੰਗ ਲੇਖ ਹਨ। ਮਨਜੀਤ ਆਪ ਭਾਵੇਂ ਘੱਟ ਹੱਸਦਾ ਹੈ ਪਰ ਵਿਅੰਗ ਰਾਹੀਂ ਕੁਝ ਅਜੇਹੇ ਵਿਸ਼ੇ ਚੁਣੇ ਹਨ ਜਿਨ੍ਹਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ ਢੰਗ ਰਾਹੀਂ ਹਾਸ-ਵਿਅੰਗ ਦਾ ਸਮਾਨ ਪੈਦਾ ਕੀਤਾ ਹੈ। ਕ੍ਰਿਕਟੇਰੀਆ ਤੇ ਮਾਫੀਆ ਅਜੇਹੇ ਵਿਸ਼ੇ ਹਨ ਜੋ ਸਾਨੂੰ ਕੁਝ ਅਜੇਹੀ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਦਾ ਬਹੁਤਿਆਂ ਨੂੰ ਗਿਆਨ ਨਹੀਂ।
ਮਨਜੀਤ ਦੇ ਲੇਖਾਂ ‘ਤੇ ਜੇ ਨਿਗਾਹ ਮਾਰੀਏ ਤੇ ਹੋਰ ਛਾਣ-ਬੀਣ ਕਰੀਏ ਤਾਂ ਇਹ ਪਤਾ ਲੱਗ ਜਾਵੇਗਾ ਕਿ ਮਨਜੀਤ ਪਹਿਲਾਂ ਮਨ-ਖਿੱਚਵਾਂ ਤੇ ਢੁਕਵਾ ਸਿਰਲੇਖ ਚੁਣਦਾ ਹੈ। ਤੇ ਫੇਰ ਉਸੇ ਚੁਣੇ ਸਿਰਲੇਖ ਨੂੰ ਦਲੀਲਾਂ ਰਾਹੀਂ ਤੇ ਯੋਗ ਵਾਰਤਕ ਤੇ ਬਿਰਤਾਂਤ ਰਾਹੀਂ ਅਜੇਹਾ ਸ਼ਿੰਗਾਰਦਾ ਹੈ ਜੋ ਦਿਲਚਸਪ ਤੇ ਵਾਕਫੀਅਤ ਭਰਪੂਰ ਬਣ ਜਾਂਦਾ ਹੈ। ਇਕਬਾਲ ਅਰਪਨ ਬਾਰੇ ਸਿਰਲੇਖ ਹੈ ‘ਨੇਕੀ ਦਾ ਨਾਇਕ ਬਲਵੰਤ ਗਾਰਗੀ ਨੂੰ ‘ਬਠਿੰਡੇ ਦਾ ਸਾਹਿਤਕ ਬੁਰਜ’ ਪ੍ਰੋ. ਪ੍ਰੀਤਮ ਸਿੰਘ ਨੂੰ ‘ਏ-ਵੰਨ ਇਨਸਾਨ’, ਨਿੰਦਰ ਘੁਗਿਆਣਵੀ ਨੂੰ ‘ਨਿੱਕਾ ਨਿੰਦਰ ਵੱਡੀਆਂ ਬਾਤਾਂ, ਡਾ. ਰਾਜ ਪੰਨੂੰ ਨੂੰ ‘ਲੋਕਹਿੱਤਾਂ ਦਾ ਰਖਵਾਲਾ’, ਦੇ ਨਾਂ ਅਜੇਹੀ ਉਤਸਕਤਾ ਪੈਦਾ ਕਰਦੇ ਹਨ ਕਿ ਪੜ੍ਹਨ ਲਈ ਇੱਛਾ ਪੈਦਾ ਹੁੰਦੀ ਹੈ ਕਿ ਇਨ੍ਹਾਂ ਬਾਰੇ ਕੀ ਤੇ ਕਿਵੇਂ ਲਿਖਿਆ ਹੈ।
ਮੈਂ ਮਨਜੀਤ ਨੂੰ 62 ਸਾਲਾਂ ਤੋਂ ਜਾਣਦਾ ਹਾਂ। ਉਸਨੇ ਮੇਰੀਆਂ ਯਾਦਾਂ ਮੇਰੇ ਅਨੁਭਵ ਦੇ ਭਾਗ ਵਿੱਚ ਸਿਰਫ ਪੰਜ ਲੇਖ ਲਿਖੇ ਹਨ, ਸ਼ਾਇਦ ਥਾਂ ਦੀ ਥੁੜ ਕਰਕੇ। ਮਨਜੀਤ ਕੋਲ ਤਾਂ ਯਾਦਾਂ ਦਾ ਭੰਡਾਰ ਹੈ ਕਿੰਨਾ ਚੰਗਾ ਹੁੰਦਾ ਜੇ ਉਹ ਆਪਣੀ 12 ਸਾਲਾਂ ਦੀ ਪੰਜਾਬ ਯੂਨੀਵਰਸਿਟੀ ਦੀ ਸੈਨੇਟਰੀ, ਸਿੰਡੀਕੇਟ ਦੀ ਮੈਂਬਰੀ ਦੇ ਅਰਸੇ ਵਿੱਚ ਉਹਨਾਂ ਦਾ ਵਾਹ ਗੁਰਦਿਆਲ ਢਿਲੋਂ, ਜਨਗਨਾਥ ਕੌਸ਼ਲ (ਦੋਨੋਂ ਕੇਂਦਰੀ ਮੰਤਰੀ) ਡਾ. ਚੁਟਾਨੀ, ਪ੍ਰੋ. ਦੀਵਾਨ ਚੰਦ ਸ਼ਰਮਾ, ਹਰਚਰਨ ਸਿੰਘ ਬਰਾੜ, ਸ੍ਰੀਮਤੀ ਗੁਰਵਿੰਦਰ ਬਰਾੜ, ਵਾਈਸ ਚਾਂਸਲਰ, ਸੂਰਜ ਭਾਨ, ਡਾ. ਪਾਲ, ਡਾ. ਰਾਮ ਪ੍ਰਕਾਸ਼ ਬਾਬਾ, ਡਾ. ਰਾਮ ਪ੍ਰਕਾਸ਼, ਡਾ. ਵਿਸ਼ਵਾ ਨਾਥ ਤਿਵਾੜੀ, ਕ੍ਰਿਸ਼ਨ ਕਾਂਤ (ਉਪ ਰਾਸ਼ਟਰਪਤੀ) ਤੇ ਹੋਰ ਉਂਘੀਆਂ ਸਖਸ਼ੀਅਤਾਂ ਨਾਲ ਪਿਆ ਸੀ। ਇਨ੍ਹਾਂ ਸਖਸ਼ੀਅਤਾਂ ਤੇ ਯੂਨੀਵਰਸਿਟੀ ਦੀ ਰਾਜਨੀਤੀ ਤੇ ਗੁੱਟ ਜੋੜਾਂ ਬਾਰੇ ਵੀ ਜੇ ਝਾਂਤ ਪੁਆ ਦਿੰਦੇ ਤਾਂ ਬੜੇ ਰੌਚਕੀ ਤੇ ਜਾਣਕਾਰੀ ਭਰਪੂਰ ਲੇਖ ਹੁੰਦੇ।
ਜਗਜੀਤ ਸਿੰਘ ਚੌਹਾਨ, ‘ਇੱਕ ਸੱਤਾ ਲਈ ਤੜਪਦੀ ਆਤਮਾ’ ਵਾਲਾ ਲੇਖ ਮਨੋਵਿਗਿਆਨਕ ਪੱਖ ਤੋਂ ਬੜਾ ਵਧੀਆ ਤੇ ਜਾਣਕਾਰੀ ਭਰਪੂਰ ਹੈ। ਜਗਜੀਤ ਸਿੰਘ ਨੇ ਆਪਣੇ ਹੀਣਤਾ ਭਾਵ ਨੂੰ ਲੁਕੋਣ ਲਈ ਕਿੰਨੀਆ ਕਲਾ ਬਾਜੀਆਂ ਲਾਈਆਂ ਤੇ ਪੈਂਤੜੇ ਦਿਖਾਏ, ਇਸ ਲੇਖ ਵਿੱਚ ਪੜ੍ਹਿਆ ਜਾ ਸਕਦਾ ਹੈ।
ਮਨਜੀਤ ਨੇ ਬਲਵੰਤ ਗਾਰਗੀ ਪ੍ਰੋ. ਪ੍ਰੀਤਮ ਸਿੰਘ ਜੀ, ਪ੍ਰੋ. ਨਰੂਲਾ ਵਾਂਗ ਨਿਰੋਲ ਸਾਹਿਤਕਾਰਾਂ ਦੇ ਚਿੱਤਰ ਹੀ ਨਹੀਂ ਲਿਖੇ, ਸਗੋਂ ਚੋਣ ਕਰਨ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਸਮੁੱਚੇ ਖੇਤਰਾਂ ਦੇ ਵਿਅਕਤੀਆਂ ਬਾਰੇ ਲਿਖਿਆ ਜਾਵੇ ਜਿਵੇਂ ਨਾਮਵਰ ਰਾਜਨੀਤਕ ਵਿਅਕਤੀ ਗਿਆਨੀ ਜ਼ੈਲ ਸਿੰਘ, ਕ੍ਰਿਸ਼ਨ ਕਾਂਤ, ਰਾਜ ਪੰਨੂੰ (ਐਮ.ਐਲ. ਏ. ਅਲਬਰਟਾ), ਹੈਰੀ ਸੋਹਲ (ਕੈਲਗਰੀ ਦੇ ਪਹਿਲੇ ਇੰਡੋ ਕਨੇਡੀਅਨ ਅਲਬਰਟਾ ਅਸੈਂਬਲੀ ਮੈਂਬਰ), ਸਾਹਿਤਕਾਰ ਸੁਰਿੰਦਰ ਸਿੰਘ ਨਰੂਲਾ, ਬਲਵੰਤ ਗਾਰਗੀ, ਪ੍ਰੋ. ਪ੍ਰੀਤਮ ਸਿੰਘ, ਦੇਵਿੰਦਰ ਸਤਿਆਰਥੀ, ਆਰਟ ਤੇ ਕਲਾ ਦੇ ਖੇਤਰ ‘ਚੋਂ ਹਰਪ੍ਰਕਾਸ਼ ਜਨਾਗਲ, ਭਗਵੰਤ ਸਿੰਘ ਰੰਧਾਵਾ, ਸੂਫੀ ਗਾਇਕ ਬਰਕਤ ਸਿੱਧੂ, ਲੋਕਾਂ ਦੇ ਦਿਲਾਂ ਦਾ ਜਾਨੀ: ਇਕਬਾਲ ਅਰਪਨ, ਜੁਗਿੰਦਰ ਸਿੰਘ ਬੈਂਸ, ਗਿਆਨ ਸਿੰਘ ਬਸਰਾ, ਕਾਮਰੇਡ ਰੁਲਦੂ ਖਾਂ, ਸਵਾਤੀ ਐਡੀਸਨ, ਬਾਈ ਜਗਤ, ਤਾਰਾ ਸਿੰਘ ਹੇਅਰ ਬਾਰੇ ਲਿਖਦਿਆ ਮਨਜੀਤ ਦੀ ਧਾਰਨਾ ਇਹ ਹੈ ਕਿ ਤਸ਼ੱਦਦ ਤੋ ਕੰਮ ਲੈਣਾ ਇਨਸਾਨੀਅਤ ਨਹੀਂ। ਮੱਤਭੇਦ ਤਾਂ ਹੁੰਦੇ ਹੀ ਹਨ ਤੇ ਹੁੰਦੇ ਵੀ ਰਹਿਣਗੇ ਪਰ ਕਿਸੇ ਦੀ ਜਾਨ ਲੈ ਲੈਣਾ ਕਿਸੇ ਸਿਰ ਫਿਰੇ ਦਾ ਹੀ ਕੰਮ ਹੋ ਸਕਦਾ ਹੈ।
ਨਰੂਲਾ ਸਾਹਿਬ ਤੇ ਗਿਆਨੀ ਜ਼ੈਲ ਸਿੰਘ ਬਾਰੇ ਹੋਰਨਾਂ ਲੇਖਕਾਂ ਨੇ ਵੀ ਲਿਖਿਆ ਹੈ, ਪਰ ਮਨਜੀਤ ਦੇ ਲੇਖਾਂ ਦੀ ਵਡਿੱਤਣ ਇਹ ਹੈ ਕਿ ਉਸਨੇ ਅਜੇਹੀਆਂ ਗੱਲਾਂ ਸਾਡੇ ਸਾਹਮਣੇ ਪੇਸ਼ ਕੀਤੀਆਂ ਹਨ। ਜਿਨ੍ਹਾਂ ਬਾਰੇ ਜਾਨਣ ਦਾ ਪਾਠਕਾਂ ਨੂੰ ਅਵਸਰ ਨਹੀਂ ਮਿਲਿਆ, ਜਿਵੇਂ ਨਰੂਲਾ ਸਾਹਿਬ ਦਾ ਦੋ ਅੱਖਾਂ ਦੀ ਥਾਂ ਇੱਕ ਨੇਤਰ ਦਾਨ ਕਰਨਾ ਤਾਂ ਕਿ ਜੇ ਰੱਬ ਹੈ ਤਾਂ ਉਸਨੂੰ ਦੇਖਿਆ ਜਾ ਸਕੇ। ਗਿਆਨੀ ਜ਼ੈਲ ਸਿੰਘ ਬਾਰੇ ਲਿਖਣਾ ਕਿ ਉਹ ਜੀਵਨ ਦੀ ਯੂਨੀਵਰਸਿਟੀ ਦੇ ਡਾਕਟਰੇਟ ਸਨ ਤੇ ਗਾਰਗੀ ਕੋਲ ਜਿਹੜਾ ਵੀ ਸਾਹਿਤਕਾਰ ਆਪਣਾ ਰੇਖਾ ਚਿੱਤਰ ਲਿਖਵਾਉਣ ਜਾਂਦਾ, ਉਹ ਦਰੋਪਤੀ ਦੀ ਕਥਾ ਵਾਂਗ ਉਸਦੇ ਚੀਰ ਹਰਨ ਕਰਨ ਲੱਗ ਜਾਂਦਾ। ਸ਼ਾਇਦ ਇਸੇ ਲਈ ਸੰਤ ਸਿੰਘ ਸੇਖੋਂ ਗਾਰਗੀ ਨਾਲ ਨਾਰਾਜ਼ ਹੋ ਗਿਆ ਸੀ।
ਮੇਰੀਆਂ ਯਾਦਾਂ, ਮੇਰੇ ਅਨੁਭਵ (ਸਫਾ 135) ਵਾਲੇ ਲੇਖ ਵਿੱਚ, ਮਨਜੀਤ ਨੇ ਵਾਈਸ ਚਾਂਸਲਰ ਸੂਰਜ ਭਾਨ ਦੇ ਚਰਿੱਤਰ ਬਾਰੇ ਰੌਸ਼ਨੀ ਪਾਈ ਹੈ। ਕਿ ਉਹ ਆਪਣੀ ਮਨ ਮਰਜ਼ੀ ਕਰਦਾ ਸੀ, ਪਰ ਮਨਜੀਤ ਦੇ ਸੈਨੇਟ ਤੇ ਸਿੰਡੀਕੇਟ ‘ਚ ਪੁੱਛੇ ਸੁਆਲਾਂ ਤੋਂ ਤਲਮਲਾ ਉਠਦਾ ਸੀ। ਮਨਜੀਤ ਜੇ ਚਾਹੁੰਦਾ ਤਾਂ ਸੂਰਜ ਭਾਨ ਨੂੰ ਖੁਸ਼ ਕਰਕੇ ਰਜਿਸਟਰਾਰ ਦੀ ਪਦਵੀ ਤੇ ਪਹੁੰਚ ਸਕਦਾ ਸੀ ਜਿਸ ਬਾਰੇ ਜਗਜੀਤ ਸਿੰਘ ਰਜਿਸਟਰਾਰ ਨੇ ਇਸ਼ਾਰਾ ਦੀ ਕਰ ਦਿੱਤਾ ਸੀ, ਪਰ ਅਸੂਲੀ ਮਨਜੀਤ ਸਿੰਘ ਦੀ ਆਤਮਾ ਨੂੰ ਇਹ ਮਨਜ਼ੂਰ ਨਹੀਂ ਸੀ ਤੇ ਉਹ ਆਪਣੇ ਵੋਟਰਾਂ ਨਾਲ ਤੇ ਉਹਨਾਂ ਲੋਕਾਂ ਜਿਨ੍ਹਾਂ ਨਾਲ ਯੂਨੀਵਰਸਿਟੀ ਵਿੱਚ ਬੇਇਨਸਾਫੀ ਹੋਈ ਹੈ, ਨੂੰ ਪਿੱਠ ਨਹੀਂ ਦਿਖਾ ਸਕਦਾ ਸੀ।
ਵਿਅੰਗ ਲੇਖ 6 ਹਨ। ਕ੍ਰਿਕਟ ਦੀ ਖੇਡ ਵੇਲੇ ਅੱਧਾ ਭਾਰਤ ਸੜਕਾਂ ਤੇ ਖੜਾ ਰੇਡੀਓ ਜਾਂ ਟੀ ਵੀ ਦੀ ਕੁਮੈਂਟਰੀ ਸੁਣ ਰਿਹਾ ਹੁੰਦਾ ਹੈ ਤੇ ਦਫਤਰਾਂ ਦੇ ਬਾਬੂ ਕੰਮ ਠੱਪ ਕਰਕੇ ਖਿਡਾਰੀਆਂ ਦੇ ਸਕੋਰ ਸੁਣਨ ਲੱਗ ਜਾਂਦੇ ਹਨ। ‘ਫੋਟੋ ਖਿਚਵਾਉਣ ਦਾ ਖਬਤ’ ‘ਚ ਮੀਟਿੰਗਾਂ ਵਿੱਚ ਹਾਜ਼ਰੀ ਵਧਾਉਣ ਲਈ ਅਖਬਾਰਾਂ ‘ਚ ਫੋਟੋ ਛੁਪਵਾਉਣੀ ਬਹੁਤ ਕਾਰਗਰ ਹੁੰਦੀ ਹੈ। ‘ਅਖਾੜਾ’ ਲੇਖ ਵਿੱਚ ਬਰਕਤੀ ਲਚਾਰ ਤੇ ਮਹਾਰਾਜਾ ਫਰੀਦਕੋਟ ਦਾ ਮਿਹਰਬਾਨ ਹੋ ਜਾਣ ਵਾਲੀ ਘਟਨਾ ਬੜੀ ਦਿਲਚਸਪੀ ਨਾਲ ਬਿਆਨ ਕੀਤੀ ਗਈ ਹੈ। ਰਾਜਨੀਤਕ ਪਹਿਲਵਾਨ ਪ੍ਰਕਾਸ਼ ਸਿੰਘ ਬਾਦਲ ਤੇ ਅਮ੍ਰਿੰਦਰ ਸਿੰਘ ਨੂੰ ਵੀ ਸਿਆਸੀ ਅਖਾੜੇ ਦੇ ਪਹਿਲਵਾਨ ਦੱਸਿਆ ਗਿਆ ਹੈ। ਭਾਣਾ ਕੀ ‘ਤਮਾਸ਼ਾ ਖਤਮ ਪੈਸੇ ਹਜ਼ਮ’। ‘ਮਾਫੀਆ’ ਲੇਖ ਵਿੱਚ ਵਿਸ਼ਵੀਕਰਨ ਦਾ ਦੂਜਾ ਰੂਪ ਹੈ ਤੇ ਇਸਦਾ ਇਲਾਜ ਸਿਰਫ ਇੱਕੋ ਹੀ ਹੈ ਤੇ ਉਹ ਹੈ ਮਨੁੱਖ ਨੂੰ ਸਰਮਾਏ ਦਾ ਮਾਲਕ ਬਣਾਕੇ ਸਰਮਾਏ ਦੀ ਗੁਲਾਮੀ ਤੋਂ ਮੁਕਤ ਕਰਵਾਉਣਾ। ਇਹ ਹੈ ਮਨਜੀਤ ਦਾ ਥੀਸਸ। ‘ਮੈਡਲਾਂ ਦਾ ਮੀਂਹ’ ਲੇਖ ਵਿੱਚ ਉਹਨਾਂ ਲੋਕਾਂ ਦਾ ਮੌਜੂ ਕੱਸਿਆ ਗਿਆ ਹੈ ਜੋ ਮੈਡਲ ਲੈਣ ਲਈ ਤਨ ਤੇ ਮਨ ਲਾ ਦਿੰਦੇ ਹਨ ਤੇ ਕਈ ਵਾਰ ਇੱਕ ਮੈਡਲ ਨਾਲ ਵੀ ਤਸੱਲੀ ਨਹੀਂ ਹੁੰਦੀ।
ਮਨਜੀਤ ਸਿੰਘ ਪੰਜਾਬ ਵਿੱਚ ਵੀ ਅੰਗਰੇਜ਼ੀ ਟ੍ਰਿਬਿਊਨ ਨੂੰ ਖਬਰਾਂ ਭੇਜਦਾ ਹੁੰਦਾ ਸੀ ਪਰ ਉਹ ਅਜੇਹਾ ਪੱਤਰਕਾਰ ਸੀ ਜੋ ਕਿਸੇ ਵਿਸ਼ੇਸ਼ ਅਖਬਾਰ ਨਾਲ ਸੰਬੰਧਿਤ ਨਹੀਂ ਸੀ, ਭਾਵ ਫਰੀ ਲੈਂਸਰ ਰਿਪੋਰਟਰ ਸੀ। ਕਨੇਡਾ ਵਿੱਚ ਵੀ ਉਹ ਇਹੀ ਸ਼ੁਗਲ ਦੋ ਦਹਾਕਿਆਂ ਤੋਂ ਕਰ ਰਿਹਾ ਹੈ। ਉਸਦੀ ਭੇਜੀ ਹੋਈ ਖਬਰ ਸਾਰੇ ਅਖਬਾਰਾਂ ਵਾਲੇ ਬੜੇ ਉਤਸ਼ਾਹ ਨਾਲ ਛਾਪਦੇ ਹਨ। ਪੱਤਰਕਾਰੀ ਕਰਦਿਆਂ ਕਰਦਿਆਂ ਉਹ ਆਪਣੀ ਪਲੇਠੀ ਪੁਸਤਕ ‘ਵੰਨ-ਸੁਵੰਨ’ ਰਾਹੀਂ ਸਾਹਿਤਕ ਖੇਤਰ ਵਿੱਚ ਬੜੇ ਧਮਾਕੇ ਨਾਲ ਆ ਹਾਜ਼ਰ ਹੋਇਆ ਹੈ। ਉਸਦੀ ਸ਼ੈਲੀ ਵਾਕ ਬਣਤਰ ਤੇ ਸ਼ਬਦਾਵਲੀ ਨੂੰ ਪੜ੍ਹਕੇ ਹਰ ਕੋਈ ਰਸ਼ਕ ਕਰ ਸਕਦਾ ਹੈ।
ਪੁਸਤਕ ‘ਵੰਨ-ਸੁਵੰਨ’ ਵਿਸ਼ਵ ਭਾਰਤੀ ਪ੍ਰਕਾਸ਼ਨ ਕੱਚਾ ਕਾਲਜ ਰੋਡ ਬਰਨਾਲਾ ਨੇ ਪ੍ਰਕਾਸ਼ਤ ਕੀਤੀ ਹੈ। ਜਿਸਦੀ ਪੇਪਰ ਬੈਕ ਜਿਲਦ ਦੀ ਕੀਮਤ 100 ਰੁਪਏ ਹੈ।
No comments:
Post a Comment