ਪੰਜਾਬੀ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਹੋਈ……… ਪਰਮਿੰਦਰ ਸਿੰਘ ਤੱਗੜ (ਡਾ.)

ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਕਰਵਾਈ ਗਈ, ਜਿਸ ਦੇ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਸਨ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ਼: ਜਨਰਲ ਡਾ. ਦਵਿੰਦਰ ਦਿਆਲ ਸਿੰਘ ਅਤੇ ਪ੍ਰਧਾਨਗੀ ਮੇਜ਼ਬਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕੀਤੀ। ਆਪਣੇ ਉਦਘਾਟਨੀ ਭਾਸ਼ਨ ਵਿਚ ਡਾ. ਸਿੰਘ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੰਦਰਭ ਵਿਚ ਬਿਜਲਈ ਸਾਧਨਾਂ ਰਾਹੀਂ ਪੰਜਾਬੀ ਦੀ ਵਰਤੋਂ ਅਤੇ ਇੰਟਰਨੈਟ ਜ਼ਰੀਏ ਇਸ ਦੇ ਪਾਸਾਰ ’ਤੇ ਜ਼ੋਰ ਦਿੱਤਾ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਰੋਜ਼-ਮਰ੍ਹਾ ਦੇ ਕਾਰ-ਵਿਹਾਰ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਨਾਉਣ ਦੀ ਲੋੜ ਹੈ ਅਤੇ ਪੰਜਾਬੀ ਜ਼ੁਬਾਨ ਦੀ ਵਰਤੋਂ ਕੇਵਲ ਸਾਹਿਤ ਰਚਨਾ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਬਲਕਿ ਦੂਜੇ ਅਕਾਦਮਿਕ ਅਨੁਸ਼ਾਸਨਾਂ ਦੀ ਪੜ੍ਹਾਈ ਨੂੰ ਪੰਜਾਬੀ ਜ਼ੁਬਾਨ ਵਿਚ ਉਪਲਬਧ ਕਰਾਉਣਾ ਵੀ ਬੜਾ ਲਾਜ਼ਮੀ ਹੈ। ਆਪਣੇ ਕੁੰਜੀਵਤ ਭਾਸ਼ਣ ਵਿਚ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਜਗਬੀਰ ਸਿੰਘ ਨੇ ਪ੍ਰਾਚੀਨ ਅਤੇ ਮਧਕਾਲੀ ਪੰਜਾਬੀ ਸਾਹਿਤ ਪਰੰਪਰਾ ਵਿਚ ਭਗਤ ਬਾਣੀ ਅਤੇ ਗੁਰਬਾਣੀ ਜਿਹੇ ਅਮੀਰ ਵਿਰਸੇ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਹਾਸ਼ੀਏ ’ਤੇ ਵਸਦੇ ਲੋਕਾਂ ਨੇ ਜੇ ਆਪਣਾ ਜਿਉਣ ਬਿਹਤਰ ਬਨਾਉਣਾ ਹੈ ਤਾਂ ਉਨ੍ਹਾਂ ਨੂੰ ਆਪਣੀ ਭਾਸ਼ਾ ਅਤੇ ਸਭਿਆਚਾਰ ਨੂੰ ਦਿਲੋਂ ਅਪਨਾਉਣਾ ਪਵੇਗਾ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਰਿੰਦਰ ਵਾਲੀਆ ਨੇ ਨਾਭਾ ਤੇ ਪਟਿਆਲਾ ਰਿਆਸਤਾਂ ਦੁਆਰਾ ਪੰਜਾਬੀ ਭਾਸ਼ਾ ਵਿਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ। 

ਉਦਘਾਟਨੀ ਸੈਸ਼ਨ ਉਪਰੰਤ ਕਰਵਾਈ ਗਈ ਪੈਨਲ ਡਿਸਕਸ਼ਨ ਵਿਚ ਵਿਗਿਆਨ ਦੀ ਪੜ੍ਹਾਈ ਲਈ ਪੰਜਾਬ ਜ਼ੁਬਾਨ ਦੀ ਵਰਤੋਂ ਬਾਰੇ ਡਾ. ਸੁਰਜੀਤ ਸਿੰਘ ਢਿੱਲੋਂ, ਪੰਜਾਬੀ ਯੂਨੀਵਰਸਿਟੀ ਅਤੇ ਡਾ. ਪੁਸ਼ਪਿੰਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀ ਰਾਏ ਵਿਅਕਤ ਕੀਤੀ। ਗਿਆਨ ਨੂੰ ਆਮ ਲੋਕਾਂ ਦੇ ਪੱਧਰ ਤੱਕ ਯਕੀਨੀ ਬਨਾਉਣ ਲਈ ਅਨੁਵਾਦ ਦੇ ਸੰਦਰਭ ਵਿਚ ਡਾ. ਪਰਮਜੀਤ ਸਿੰਘ ਰੋਮਾਣਾ ਕੇਂਦਰੀ ਯੂਨੀਵਰਸਿਟੀ ਬਠਿੰਡਾ ਅਤੇ ਡਾ. ਪੁਸ਼ਪਿੰਦਰ ਸਿਆਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵਿਚਾਰ ਪੇਸ਼ ਕੀਤੇ। ਬਿਜਲਈ ਅਤੇ ਪ੍ਰਿੰਟ ਮੀਡੀਆ ਵਿਚ ਕੀਤੀ ਜਾ ਰਹੀ ਪੰਜਾਬੀ ਭਾਸ਼ਾ ਦੀ ਵਰਤੋਂ ਬਾਰੇ ਪੱਤਰਕਾਰ ਬਲਜੀਤ ਬੱਲੀ ਅਤੇ ਗੁਰਭਜਨ ਗਿੱਲ ਨੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਪੈਨਲ ਡਿਸਕਸ਼ਨ ਨੂੰ ਸਿੱਟੇ ’ਤੇ ਲਿਜਾਂਦਿਆਂ ਡਾ. ਐਸ. ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸੇ ਦਿਨ ਹੋਏ ਪ੍ਰਵਾਸੀ ਸਾਹਿਤ ਸਬੰਧੀ ਸੈਸ਼ਨ ਵਿਚ ਪ੍ਰਵਾਸੀ ਕਵੀ ਨਵਤੇਜ ਭਾਰਤੀ ਨੇ ਪ੍ਰਵਾਸ ਦੀ ਵਿਸਤ੍ਰਿਤ ਵਿਆਖਿਆ ਬਿਆਨ ਕਰਦਿਆਂ ਪ੍ਰਵਾਸ ਬਾਰੇ ਫ਼ਿਲਾਸਫ਼ੀਕਲ ਨਜ਼ਰੀਆ ਪੇਸ਼ ਕੀਤਾ। ਡਾ. ਇਕਬਾਲ ਰਾਮੂੰਵਾਲੀਆ ਨੇ ਪੰਜਾਬੀ ਜ਼ੁਬਾਨ ਦੀਆਂ ਕਈ ਅਹਿਮ ਧੁਨੀਆਂ ਦੀ ਘਟ ਰਹੀ ਵਰਤੋਂ ਪ੍ਰਤਿ ਚਿੰਤਾ ਦਾ ਇਜ਼ਹਾਰ ਕੀਤਾ। ਪ੍ਰਸਿਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਪ੍ਰਵਾਸੀ ਪੰਜਾਬੀ ਕਹਾਣੀ ਵਿਚ ਨਵੇਂ ਹਸਤਾਖ਼ਰਾਂ ਵੱਲੋਂ ਪਾਏ ਜਾਣ ਵਾਲ਼ੇ ਯੋਗਦਾਨ ’ਤੇ ਆਪਣਾ ਪਰਚਾ ਪੇਸ਼ ਕੀਤਾ। ਸ਼ਾਮ ਨੂੰ ਸੂਫ਼ੀਆਨਾ ਗਾਇਕੀ ਦੀ ਸ਼ਾਮ ਮੌਕੇ ਮਮਤਾ ਜੋਸ਼ੀ ਨੇ ਸੂਫ਼ੀਆਨਾ ਕਲਾਮ ਪੇਸ਼ ਕਰਕੇ ਕਾਨਫ਼ਰੰਸ ’ਚ ਹਿੱਸਾ ਲੈਣ ਆਏ ਡੈਲੀਗੇਟਾਂ ਦਾ ਮਨੋਰੰਜਨ ਕੀਤਾ।
 

ਕਾਨਫ਼ਰੰਸ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿਚ ਪੰਜਾਬੀ ਸਾਹਿਤ ਬਾਰੇ ਚਰਚਾ ਹੋਈ। ਜਿਸ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਜਸਪਾਲ ਕੌਰ ਕਾਂਗ ਚੇਅਰਪਰਸਨ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਨੇ ਕੀਤੀ। ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਦੇਵ ਸਿੰਘ ਸਿਰਸਾ ਨੇ ਨਾਰੀਵਾਦੀ ਕਵਿਤਾ ’ਤੇ ਆਪਣਾ ਪਰਚਾ ਪੇਸ਼ ਕਰਦਿਆਂ ਔਰਤ ਕਵੀਆਂ ਦੀਆਂ ਮਾਨਸਿਕ ਗੁੰਝਲਾਂ ਬਾਰੇ ਚਰਚਾ ਕੀਤੀ। ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਦੇ ਡਾ. ਰਵਿੰਦਰ ਰਵੀ ਨੇ ਪੰਜਾਬੀ ਕਹਾਣੀ ਦੇ ਸੰਦਰਭ ਵਿਚ ਪਰਚਾ ਪੇਸ਼ ਕੀਤਾ। ਡਾ. ਸਤੀਸ਼ ਕੁਮਾਰ ਵਰਮਾ ਨੇ ਪੰਜਾਬੀ ਸਿਨੇਮੇ ਦੇ ਗਲੋਬਲੀ ਪਰਿਪੇਖ ਵਿਚ ਭਾਵਪੂਰਤ ਵਿਚਾਰ ਸਾਂਝੇ ਕੀਤੇ ਅਤੇ ਪੰਜਾਬੀ ਸਿਨੇਮੇ ਦੀ ਇਤਿਹਾਸਕ ਹਵਾਲਿਆਂ ਸਹਿਤ ਪੰਜਾਬੀ ਸਿਨੇਮੇ ਦੀ ਗਲੋਬਲ ਪੱਧਰ ’ਤੇ ਬਣ ਰਹੀ ਸਰਦਾਰੀ ਦਾ ਬਿਓਰਾ ਪੇਸ਼ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਡਾ. ਅੰਮ੍ਰਿਤਪਾਲ ਕੌਰ ਨੇ ਯੂਨੀਵਰਸਿਟੀਆਂ ਵਿਚ ਗੁਰਬਾਣੀ ਅਧਿਐਨ ਅਤੇ ਅਧਿਆਪਨ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਪਰਚਾ ਸਾਂਝਾ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਹੀ ਡਾ. ਗੁਰਨਾਇਬ ਸਿੰਘ ਨੇ ਅਮੀਰ ਪ੍ਰੰਪਰਿਕ ਪੰਜਾਬੀ ਵਿਰਸੇ ਦੇ ਹਵਾਲਿਆਂ ਸਹਿਤ ਅਜੋਕੇ ਸਾਹਿਤ ਵਿਚ ਪੇਸ਼ ਵਿਸ਼ਾ ਵਸਤੂ ਦੀ ਪਾਇਦਾਰੀ ਦੇ ਸੰਦਰਭ ਵਿਚ ਗੰਭੀਰ ਚਰਚਾ ਕੀਤੀ। ਇਸੇ ਦਿਨ ਦਾ ਦੂਜਾ ਸੈਸ਼ਨ ਪੰਜਾਬੀ ਸਮਾਜ ਅਤੇ ਪੰਜਾਬੀ ਜ਼ੁਬਾਨ ਨੂੰ ਸਮਰਪਿਤ ਸੀ ਜਿਸ ਵਿਚ ਪੰਜਾਬੀ ਸਮਾਜਕ ਮਸਲਿਆਂ ਬਾਰੇ ਡਾ. ਨਰਿੰਦਰ ਸੋਹੀ ਨੇ ਪੰਜਾਬੀ ਸਮਾਜ ’ਚ ਔਰਤ ਦਾ ਸਥਾਨ ਵਿਸ਼ੇ ’ਤੇ ਪਰਚਾ ਪੇਸ਼ ਕੀਤਾ। ਪੰਜਾਬੀ ਜ਼ੁਬਾਨ ਦੇ ਮਸਲਿਆਂ ਬਾਰੇ ਡਾ. ਜੋਗਾ ਸਿੰਘ ਪੰਜਾਬੀ ਯੂਨੀਵਰਸਿਟੀ, ਡਾ. ਬੂਟਾ ਸਿੰਘ ਬਰਾੜ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਅਤੇ ਡਾ. ਹਰਸ਼ਿੰਦਰ ਕੌਰ ਨੇ ਆਪਣੇ ਪਰਚੇ ਪੇਸ਼ ਕੀਤੇ। ਪੰਜਾਬੀ ਤੋਂ ਹੋਰ ਭਾਸ਼ਾਵਾਂ ਵਿਚ ਅਨੁਵਾਦ ਅਤੇ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਤੋਂ ਪੰਜਾਬੀ ਵਿਚ ਅਨੁਵਾਦ ਦੇ ਵਿਭਿੰਨ੍ਹ ਪਹਿਲੂਆਂ ’ਤੇ ਡਾ. ਪਰਮਜੀਤ ਸਿੰਘ ਰੋਮਾਣਾ ਅਤੇ ਡਾ. ਦਵਿੰਦਰ ਸਿੰਘ ਨੇ ਆਪਣੀਆਂ ਰਾਵਾਂ ਵਿਅਕਤ ਕੀਤੀਆਂ। ਇਸੇ ਦਿਨ ਦੇ ਤੀਜੇ ਸੈਸ਼ਨ ਵਿਚ ਪ੍ਰਸਿਧ ਆਲੋਚਕ ਡਾ. ਜਗਬੀਰ ਸਿੰਘ ਨੇ ਬਾਇਓ ਡਾਇਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਸੁਖਪਾਲ ਸਿੰਘ ਨੇ ਪੰਜਾਬੀ ਅਰਥਚਾਰੇ  ਤੇ ਪੰਜਾਬੀ ਸਮਾਜ ਦੀਆਂ ਵਿਡੰਬਣਾਵਾਂ ਦੀ ਨਿਸ਼ਾਨਦੇਹੀ ਕਰਦਾ ਪਰਚਾ ਪੇਸ਼ ਕੀਤਾ। ਡਾ. ਪਰਮਿੰਦਰ ਸਿੰਘ ਸਾਬਕਾ ਮੁਖੀ ਅੰਗਰੇਜ਼ੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪੰਜਾਬੀ ਗ਼ਜ਼ਲ ਬਾਰੇ, ਡਾ. ਨਿਵੇਦਤਾ ਉਪਲ ਨੇ ਸੰਗੀਤ ਬਾਰੇ ਅਤੇ ਨਵਜੀਤ ਜੌਹਲ ਨੇ ਪਿੰ੍ਰਟ ਮੀਡੀਆ ਬਾਰੇ ਪੰਜਾਬੀ ਭਾਸ਼ਾਈ ਮਸਲਿਆਂ ਦੇ ਸਨਮੁਖ ਵਿਚਾਰ ਚਰਚਾ ਕੀਤੀ।
 
ਕਾਨਫ਼ਰੰਸ ਦੇ ਤੀਜੇ ਅਤੇ ਅੰਤਿਮ ਦਿਨ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਮਿਲਖਾ ਸਿੰਘ ਔਲਖ ਵਾਈਸ ਚਾਂਸਲਰ ਮਾਨੇਵਰ ਕਾਂਸ਼ੀ ਰਾਮ ਖੇਤੀ ਤੇ ਤਕਨੀਕੀ ਯੂਨੀਵਰਸਿਟੀ ਬਾਂਦਾ (ਉੱਤਰ ਪ੍ਰਦੇਸ਼) ਨੇ ਕੀਤੀ। ਇਸ ਸੈਸ਼ਨ ਵਿਚ ਡਾ. ਮਿਲਖਾ ਸਿੰਘ ਔਲਖ ਨੇ ‘ਖੇਤੀ, ਸਨਅਤੀ ਅਤੇ ਸ਼ਹਿਰੀ ਗਤੀਵਿਧੀਆਂ ਰਾਹੀਂ ਪ੍ਰਦੂਸ਼ਣ ਅਤੇ ਹਰੀਆਂ ਗੈਸਾਂ ਦਾ ਭੋਜਨ ਲੜੀ ਅਤੇ ਗਲੋਬਲ ਗਰਮਾਇਸ਼ ’ਤੇ ਪ੍ਰਭਾਵ’ ਵਿਸ਼ੇ ’ਤੇ ਚਰਚਾ ਕੀਤੀ। ਡਾ. ਪਰਵੀਨ ਬਲਗੀਰ ਪੰਜਾਬੀ ਯੂਨੀਵਰਸਿਟੀ ਨੇ ਜੈਨੇਟਿਕ ਖੋਜਾਂ ਵਿਸ਼ੇ ’ਤੇ, ਕਿਰਪਾਲ ਸਿੰਘ ਪੰਨੂ ਨੇ ਕੰਪਿਊਟਰ ਦੀ ਮੱਦਦ ਨਾਲ਼ ਪੰਜਾਬੀ ਭਾਸ਼ਾ ਦੇ ਪਾਸਾਰ ਦੇ ਸੰਦਰਭ ਵਿਚ ਅਤੇ ਡਾ. ਵਿਦਵਾਨ ਸਿੰਘ ਸੋਨੀ ਨੇ ਵਿਗਿਆਨ ਦੀ ਪੜ੍ਹਾਈ ਲਈ ਪੰਜਾਬੀ ਦੀ ਵਰਤੋਂ ਦੇ ਸੰਦਰਭ ਵਿਚ ਚਰਚਾ ਕੀਤੀ।
 
ਤਿੰਨ ਦਿਨ ਚੱਲਣ ਵਾਲ਼ੀ ਇਸ ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਮੌਕੇ ਗਠਿਤ ਪ੍ਰਧਾਨਗੀ ਮੰਡਲ ਵਿਚ ਉਪ ਕੁਲਪਤੀ ਡਾ. ਜਸਪਾਲ ਸਿੰਘ, ਪਦਮਸ੍ਰੀ ਡਾ. ਸੁਰਜੀਤ ਪਾਤਰ, ਡਾ. ਬਲਬੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਵਰਲਡ ਪੰਜਾਬੀ ਸੈਂਟਰ ਦੇ ਡਾ. ਦੀਪਕ ਮਨਮੋਹਨ ਸਿੰਘ, ਡਾ. ਪਰਮਿੰਦਰ ਸਿੰਘ ਸਾਬਕਾ ਮੁਖੀ ਅੰਗਰੇਜ਼ੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮੇਜ਼ਬਾਨ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਅਮਰਜੀਤ ਕੌਰ ਸੁਸ਼ੋਭਤ ਸਨ। ਡਾ. ਜਸਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪੰਜਾਬੀ ਯੂਨੀਵਰਸਿਟੀ ਦੇ ਪ੍ਰਾਜੈਕਟ ‘ਦ੍ਰਿਸ਼ਟੀ 2020’ ਲਈ ਦੇਸ਼ ਅਤੇ ਵਿਦੇਸ਼ ਦੇ ਪੰਜਾਬੀ ਪਿਆਰਿਆਂ ਅਤੇ ਵਿਦਵਾਨਾਂ ਤੋਂ ਪੰਜਾਬੀ ਦੀ ਪ੍ਰਫ਼ੁਲਤਾ ਲਈ ਵਿਚਾਰਾਂ ਨਾਲ਼ ਹਿੱਸਾ ਪਾਉਣ ਦਾ ਸੁਨੇਹਾ ਦਿੱਤਾ। ਵਿਦਾਇਗੀ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ‘ਪੰਜਾਬੀ, ਪੰਜਾਬੀ ਅਤੇ ਪੰਜਾਬੀ’ ਨਾਲ਼ ਸਰਸ਼ਾਰ ਛਣਕਦਾ ਮਾਹੌਲ ਸਿਰਜਣ ਲਈ ਡਾ. ਜਸਪਾਲ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਬਲਬੀਰ ਕੌਰ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਪੰਜਾਬੀ ਫ਼ੌਟਾਂ ਦੀ ਸਮੱਸਿਆ ਨੂੰ ਪੱਕੇ ਪੈਰੀਂ ਹੱਲ ਕਰਨ ਦੀ ਗੱਲ ਕਹੀ। ਡਾ. ਦੀਪਕ ਮਨਮੋਹਨ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੁਆਰਾ ਡਾ. ਜਸਪਾਲ ਸਿੰਘ ਦੀ ਅਗਵਾਈ ਵਿਚ ਕੀਤੇ ਜਾ ਰਹੇ ਪੰਜਾਬੀ ਭਾਸ਼ਾਈ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਸਮੁੱਚੀ ਕਾਨਫ਼ਰੰਸ ਦੀ ਰਿਪੋਰਟ ਡਾ. ਪਰਮਿੰਦਰ ਸਿੰਘ ਨੇ ਖ਼ੂਬਸੂਰਤ ਸ਼ੈਲੀ ਵਿਚ ਪੇਸ਼ ਕੀਤੀ ਅਤੇ ਮੰਚ ਸੰਚਾਲਨ ਦੇ ਫ਼ਰਜ਼ ਡਾ. ਅਮਰਜੀਤ ਕੌਰ ਨੇ ਬਾਖ਼ੂਬੀ ਨਿਭਾਏ। ਡਾ. ਤੇਜਿੰਦਰ ਕੌਰ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਰੇ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਹਾਰਦਿਕ ਧਨਵਾਦ ਕੀਤਾ। ਕਾਨਫ਼ਰੰਸ ਵਿਚ ਕਹਾਣੀਕਾਰ ਜਰਨੈਲ ਸਿੰਘ ਤੇ ਦਰਸ਼ਨ ਧੀਰ, ਮੇਜਰ ਮਾਂਗਟ, ਲਛਮਣ ਸਿੰਘ ਰਾਠੌਰ, ਸੁਰਿੰਦਰ ਕੌਰ ਬਿਨਰ, ਪੂਰਨ ਸਿੰਘ ਪਾਂਧੀ, ਮੁਸ਼ਤਾਕ ਸਿੰਘ, ਅਜੀਤ ਸਿੰਘ ਰਾਹੀ, ਧਨਵੰਤ ਸਿੰਘ ਸੰਧੂ, ਹਰਜੀਤ ਮੀਤ, ਸੁਦਾਗਰ ਸਿੰਘ ਬਰਾੜ, ਬਲਬੀਰ ਕੌਰ ਸੰਘੇੜਾ, ਬਚਿੰਤ ਕੌਰ, ਪ੍ਰਿੰਸੀਪਲ ਸਰਵਣ ਸਿੰਘ ਤੋਂ ਇਲਾਵਾ ਅਨੇਕਾ ਦੇਸੀ ਤੇ ਵਿਦੇਸ਼ੀ ਸਾਹਿਤਕਾਰ ਅਤੇ ਪੰਜਾਬੀ ਚਿੰਤਕ ਸ਼ਾਮਲ ਸਨ। ਕੈਨੇਡਾ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਮੁਲਕਾਂ ਤੋਂ ਆਏ ਪ੍ਰਵਾਸੀ ਡੈਲੀਗੇਟਾਂ ਨੂੰ ਪੰਜਾਬੀ ’ਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸੈੱਟ ਭੇਟ ਕੀਤੇ ਗਏ। ਅਗਲੇ ਸਾਲ ਫ਼ਿਰ ਮਿਲਣ ਦੇ ਵਾਅਦੇ ਨਾਲ਼ ਮੇਜ਼ਬਾਨ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਸਾਰੇ ਡੈਲੀਗੇਟਾਂ ਨੂੰ ਨਿੱਘੀ ਵਿਦਾਇਗੀ ਦਿੱਤੀ।
****

No comments:

Post a Comment