ਪੰਜਾਬੀ ਸੱਥ ਲਾਂਬੜਾ ਵੱਲੋਂ ਬੀਬੀ ਦੇਵਿੰਦਰ ਕੌਰ ਤੇ ਤਰਲੋਚਨ ਸਿੰਘ ਦੁਪਾਲਪੁਰ ਦਾ ਸਨਮਾਨ........ ਸਨਮਾਨ ਸਮਾਰੋਹ / ਬਿਊਰੋ



ਵੈਸਟ ਸੈਂਕਰੋਮੈਂਟ, ਕੈਲੇਫੋਰਨੀਆ ਦੇ ਗੁਰਦੁਆਰਾ ਸਾਹਿਬ ਦੇ ਹਾਲ ‘ਚ ਪੰਜਾਬੀ ਸੱਥ ਲਾਂਬੜਾ (ਪੰਜਾਬ) ਵੱਲੋਂ ਪੰਜਾਬੀ ਸਾਹਿਤ ਦੀ ਸੇਵਾ ਕਰਨ ਬਦਲੇ ਸ਼ਾਇਰਾ ਬੀਬੀ ਦੇਵਿੰਦਰ ਕੌਰ ਨੂੰ ਰਾਣੀ ਸਾਹਿਬ ਕੌਰ ਸਾਹਿਤਕ ਪੁਰਸਕਾਰ ਤੇ ਲੇਖਕ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਨੂੰ ਲਾਲ ਸਿੰਘ ਕਮਲਾ ਅਕਾਲੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਸ ਪ੍ਰੋਗਰਾਮ ‘ਚ ਪੰਜਾਬੀ ਸੱਥ ਲਾਂਬੜਾ ਤੋਂ ਡਾ. ਨਿਰਮਲ ਸਿੰਘ ਤੇ ਡਾ. ਕੁਲਵੰਤ ਕੌਰ, ਇੰਗਲੈਂਡ ਤੋਂ ਮੋਤਾ ਸਿੰਘ ਸਰਾਏ ਤੇ ਹਰਜਿੰਦਰ ਸਿੰਘ ਸੰਧੂ ਖਾਸ ਤੌਰ ‘ਤੇ ਪੁੱਜੇ ਹੋਏ ਸਨ । ਡਾ. ਨਿਰਮਲ ਸਿੰਘ ਨੇ ਪੰਜਾਬੀ ਸੱਥ ਲਾਂਬੜਾ ਤੇ ਸਨਮਾਨਿਤ ਹੋਣ ਵਾਲੀਆਂ ਹਸਤੀਆਂ ਬਾਰੇ ਜਾਣੂ ਕਰਵਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ‘ਤੇ ਪੰਜਾਬੀ ਸੱਥ ਇੰਗਲੈਂਡ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੂੰ ਵੀ ਸਨਮਾਨਿਆ ਗਿਆ । ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ‘ਚ ਇਸ ਸੰਸਥਾ ਦੀਆਂ ਇੱਕੀ ਇਕਾਈਆਂ ਹਨ । ਹਰ ਸਾਲ ਇੱਕ ਇਕਾਈ ਸਲਾਨਾ ਪ੍ਰੋਗਰਾਮ ਕਰਦੀ ਹੈ । ਪੰਜਾਬੀ ਸੱਥ ਹੁਣ ਤੱਕ ਤਿੰਨ ਸੌ ਸਖ਼ਸ਼ੀਅਤਾਂ ਨੂੰ ਸਨਮਾਨਿਤ ਕਰ ਚੁੱਕੀ ਹੈ । ਸਨਮਾਨ ਦੇਣ ਦਾ ਫੈਸਲਾ ਕਿਸੇ ਸਿਫ਼ਾਰਸ਼ ‘ਤੇ ਨਹੀਂ, ਸਗੋਂ ਇਸ ਦਾ ਫੈਸਲਾ ਸੰਸਥਾ ਖੁਦ ਕਰਦੀ ਹੈ । ਰਾਜਵੀਰ ਕੌਰ ਵੱਲੋਂ ਇਹ ਪ੍ਰੋਗਰਾਮ ਬੜੇ ਹੀ ਸਲੀਕੇ ਨਾਲ਼ ਉਲੀਕਿਆ ਤੇ ਨਿਭਾਇਆ ਗਿਆ । 



ਇਸ ਮੌਕੇ ‘ਤੇ ਹਰਜਿੰਦਰ ਸਿੰਘ ਸੰਧੂ ਨੇ ਮਾਂ ਬੋਲੀ ਲਈ ਭਾਵਪੂਰਤ ਦੋ ਕਵਿਤਾਵਾਂ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ । ਮੇਜਰ ਸਿੰਗ ਮੌਜੀ ਨੇ ਕਾਵਿ ਕਵਿਤਾਵਾਂ ਪੇਸ਼ ਕੀਤੀਆਂ । ਤ੍ਰਿਪਤ ਸਿੰਘ ਭੱਟੀ ਨੇ ਦੋ ਮਿੰਨੀ ਕਹਾਣੀਆਂ ਤੇ ਜਸਵੰਤ ਸਿੰਘ ਨੇ ਦੋ ਕਵਿਤਾਵਾਂ ਸੁਣਾਈਆਂ । ਹੁਸਨ ਲੜੋਆ ਨੇ ਇਸ ਪ੍ਰੋਗਰਾਮ ਨੂੰ ਆਪਣੇ ਕੈਮਰੇ ‘ਚ ਕੈਦ ਕੀਤਾ । ਬੱਚਿਆਂ ਦੁਆਰਾ ਕੀਰਤਨ ਨਾਲ਼ ਅਰੰਭਿਆ ਇਹ ਪ੍ਰੋਗਰਾਮ ਕਵਿਤਾਵਾਂ ਦੇ ਦੌਰ ਨਾਲ਼ ਖਤਮ ਹੋਇਆ । ਪ੍ਰੋਗਰਾਮ ਦੇ ਅੰਤ ‘ਚ ਲੰਗਰ ਵਰਤਾਇਆ ਗਿਆ ।

****

No comments:

Post a Comment