ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ……… ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 3 ਮਾਰਚ 2012 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਵਿਚ ਹੋਈ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਸ. ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਨੂੰ ਸਭਾ ਦੀ ਪ੍ਰਧਾਨਗੀ ਕਰਨ ਦਾ ਸੱਦਾ ਦਿੱਤਾ।
   
ਅੱਜ ਦੀ ਕਾਰਵਾਈ ਦੀ ਸ਼ੁਰੂਆਤ ਕਰਦਿਆਂ ਜੱਸ ਚਾਹਲ ਨੇ ਤਰਸੇਮ ਸਿੰਘ ਪਰਮਾਰ ਹੋਰਾਂ ਦੇ ਨਿਧਨ ਦੀ ਦੁਖਦਾਈ ਖ਼ਬਰ ਭਾਰੇ ਦਿਲ ਨਾਲ ਸਭਾ ਨਾਲ ਸਾਂਝੀ ਕੀਤੀ। ਸਭਾ ਵਲੋਂ ਇਕ ਮਿੰਟ ਦਾ ਮੌਨ ਰਖਕੇ ਇਸ ਪਿਆਰੇ ਸਾਥੀ ਨੂੰ ਸ਼ਰਧਾਂਜਲੀ ਪੇਸ਼ ਕੀਤੀ ਗਈ।

ਅਜਾਇਬ ਸਿੰਘ ਸੇਖੋਂ ਹੋਰਾਂ ਦੀ ਕਵਿਤਾ ‘ਹੱਥ’ ਨਾਲ ਅੱਜ ਦਾ ਸਾਹਿਤਕ ਦੌਰ ਸ਼ੁਰੂ ਹੋਇਆ –

‘ਨਾ ਕੋਈ ਭੁਖਾਂ ਕੱਟੇ, ਨਾ ਗ਼ਰੀਬੀ ਹੰਢਾਏ
 ਜੇ ਸਰਕਾਰੀ ਮੁਲਾਜ਼ਮ ਨਾ ਕਰਨ ਕਾਲੇ ਹੱਥ।
 ਹਰਦਮ ਭਲਾ ਕਰੀਂ, ਬੁਰਾ ਨਾ ਕਰੀਂ
 ਜੇ ਰੱਬ ਨੇ ਦਿੱਤੇ ਤੈਨੂੰ  ਸੇਖੋਂ ਦੋ ਹੱਥ’

ਅਮਰੀਕ ਸਿੰਘ ਸਰੋਆ ਨੇ, ਸਭਾ ਦੇ ਨਵੇਂ ਮੈਂਬਰ ਹੋਣ ਦੇ ਨਾਤੇ, ਆਪਣੇ ਅਤੇ ਆਪਣੇ ਸ਼ਹਿਰ ਦਿੱਲੀ ਬਾਰੇ ਰੋਚਕ ਜਾਨਕਾਰੀ ਸਾਂਝੀ ਕੀਤੀ।

ਡਾ. ਮਨਮੋਹਨ ਸਿੰਘ ਬਾਠ ਨੇ ਤਰੱਨਮ ਵਿੱਚ ਮੁਹੰਮਦ ਰਫ਼ੀ ਦੇ ਗਾਏ ਇਹ ਦੋ ਮਸ਼ਹੂਰ ਹਿੰਦੀ ਗੀਤ ਗਾ ਕੇ ਸਮਾਂ ਬੰਨ੍ਹ ਦਿੱਤਾ –

1-‘ਮੇਰੇ ਮਹਬੂਬ ਤੁਝੇ ਮੇਰੀ ਮੁਹਬੱਤ ਕੀ ਕਸਮ’

2-‘ਇਤਨੀ ਹਸੀਨ ਇਤਨੀ ਜਵਾੰ ਰਾਤ ਕਯਾ ਕਰੇਂ’

ਜਤਿੰਦਰ ਸਿੰਘ ‘ਸਵੈਚ’ ਨੇ ਨਵੇਂ ਸਾਲ ਤੇ ਲਿਖੀ ਆਪਣੀ ਕਵਿਤਾ ਰਾਹੀਂ ਕੁਝ ਇਸ ਤਰਾਂ ਸਭਦੀ ਖੈਰ ਮੰਗੀ –

‘ਰੱਬ ਕਰੇ ਨਵੇਂ ਸਾਲ ਵਿੱਚ.....
 ਰਾਂਝੇ ਦੀ ਸੁਣ ਲਏ ਹੀਰ, ਰੋਗੀ ਨੂੰ  ਕਾਇਮ ਸਰੀਰ
 ਭੈਣ ਨੂੰ ਵੀਰ ਮਿਲ ਜਏ, ਪੰਡਤਾਂ ਨੂੰ ਖੀਰ ਮਿਲ ਜਏ
 ਦੁਖੀਆਂ ਨੂੰ  ਤਾਰੇ ਪੀਰ,  ਸੂਬੇ  ਨੂੰ  ਕਾਬਲ  ਮੀਰ
 ਨਦੀਆਂ ਨੂੰ ਨੀਰ ਮਿਲ ਜਏ, ਹਮਦਰਦ ਵਜ਼ੀਰ ਮਿਲ ਜਏ’

ਜਸਵੀਰ ਸਿੰਘ ਸਿਹੋਤਾ ਨੇ ਸਹੀ ਸਿਆਸੀ ਲੀਡਰਾਂ ਦੀ ਚੋਣ ਕਰਨ ਤੇ ਜ਼ੋਰ ਦਿੰਦਿਆਂ ਇਹ ਕਵਿਤਾ ਸੁਣਾਈ –

‘ਨਾ ਮੂੰਹ ਲਾਵੋ ਉਨ੍ਹਾਂ ਨੂੰ ਜੋ ਭੁੱਖਾ ਹੈ ਤਾਕਤ ਸਰਕਾਰੀ ਦਾ
 ਵੋਟਾਂ ਪਾਵੋ ਉਨ੍ਹਾਂ ਨੂੰ, ਜੀਹਨੂੰ ਮੋਹ ਹੈ  ਦੇਸ਼ ਉਸਾਰੀ ਦਾ।
 ਬੇਨਤੀ ਸੁਣੋ ਜਸਵੀਰ ਦੀ, ਭਾਲ ਕਰੋ ਕਿਸੇ ਰਣਵੀਰ ਦੀ
 ਜੋ ਕੱਟੇ ਦੁਖ ਸਰੀਰਾਂ ਦੇ, ਭਲਾ ਲੋੜੇ ਖਲਕਤ ਸਾਰੀ ਦਾ’

ਪ੍ਰਭਦੇਵ ਸਿੰਘ ਗਿੱਲ ਨੇ ਆਪਣੀ ਇਕ ਖ਼ੂਬਸੂਰਤ ਰਚਨਾ ਸਾਂਝੀ ਕੀਤੀ –
‘ਸਮੁੰਦਰ ਕੀ ਸਮੁੰਦਰ ਏ, ਖ਼ੁਦਾ ਦੀ ਅੱਖ ਦਾ ਹੰਝੂ
 ਬੰਦਾ ਅੰਸ਼ ਕੁਦਰਤ ਦੀ, ਹੰਝੂ ਉਸ ਦਾ ਵੀ ਖਾਰਾ’
ਬੀਜਾ ਰਾਮ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਸ਼ਿਵ ਬਟਾਲਵੀ ਦੇ ਦੋ ਗੀਤ ਸੁਣਾਏ –

1-‘ਆਤਮ ਹਤਿਆ ਦੇ ਰਥ ਉਤੇ, ਜੀ ਕਰਦਾ ਚੜ੍ਹ ਜਾਵਾਂ ਮੈਂ
    ਪਰ ਕਾਇਰਤਾ ਦੇ ਦਮਾਂ ਦਾ, ਕਿੱਥੋਂ ਦਿਆਂ  ਕਿਰਾਇਆ ਮੈਂ’

2-‘ਭੱਠੀ ਵਾਲੀਏ, ਚੰਬੇ ਦੀਏ ਡਾਲੀਏ, ਪੀੜਾਂ ਦਾ ਪਰਾਗਾ ਭੁੰਨ ਦੇ’

ਜਾਵੇਦ ਨਿਜ਼ਾਮੀਂ ਨੇ ਉਰਦੂ ਦੀਆਂ ਦੋ ਖੂਬਸੂਰਤ ਗ਼ਜ਼ਲਾਂ ਸੁਣਾਈਆਂ –

1-‘ਜ਼ਿੰਦਗੀ ਮੇਂ  ਮੌਤ ਕਾ  ਮਜ਼ਾ ਦੇ ਰਹੇ ਹੈਂ ਲੋਗ
   ਕਿਤਨੀ ਅਜੀਬ ਕੜਵੀ ਦਵਾ ਦੇ ਰਹੇ ਹੈਂ ਲੋਗ’

2-‘ਮੇਰੇ ਨਸੀਬ ਮੇਂ ਕਹਾਂ ਥਾ ਪਿਆਰ ਕਾ ਜ਼ਾਇਕਾ
   ਗ਼ਮੋਂ ਕੀ ਧੂਪ ਪੀ-ਪੀਕਰ  ਜਵਾਂ ਹੁਆ ਹੂੰ ਮੈਂ’

ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਕੁਝ ਖ਼ੂਬਸੂਰਤ ਰੁਬਾਈਆਂ ਅਤੇ ਦੋ ਗ਼ਜ਼ਲਾਂ ਸੁਣਾ ਕੇ ਖ਼ੁਸ਼ ਕਰ ਦਿੱਤਾ –
1-‘ਕੱਲ ਅੱਜ ਤੇ ਭਲਕ ‘ਚ ਮੁੱਕ ਜਾਏ ਸਮਿਆਂ ਦੀ ਉਡਾਰੀ
    ਮੈਂ, ਤੂੰ ਤੇ ਉਹ ਮਿਲਕੇ  ਹੀ ਬਣੀ  ਮਨੁੱਖਤਾ ਸਾਰੀ’

2-‘ਮੇਹਰ ਕੀਤੀ ਮੇਹਰਬਾਨਾਂ ਕਿਸ ਤਰਾਂ
    ਪਿਆਰ ਦਾ ਬਣਿਆ ਫ਼ਸਾਨਾ ਕਿਸ ਤਰਾਂ।
    ਜ਼ਿੰਦਗੀ ਦਾ ਸਾਜ਼ ਬੇ-ਆਵਾਜ਼ ਹੈ
    ਛੇੜੀਏ ਕੋਈ ਤਰਾਨਾ ਕਿਸ ਤਰਾਂ’

ਜੱਸ ਚਾਹਲ, ਇਸ ਰਿਪੋਰਟ ਦੇ ਲਿਖਾਰੀ, ਨੇ ਆਪਣੀ ਉਰਦੂ ਨਜ਼ਮ ‘ਜ਼ਿੰਦਗੀ’ ਸਾਂਝੀ ਕੀਤੀ –

‘ਐ ਜ਼ਿੰਦਗੀ ਜਾਨੂੰ ਨਹੀਂ, ਤੁਮ ਹੋ  ਚੀਜ਼ ਕਯਾ?
 ਜਾਨੂੰ ਮਗਰ ਹੋ ਜਾਏਂਗੇ, ਇਕ ਦਿਨ ਹਮ ਜੁਦਾ।
 ਸ਼ੁਕਰੀਆ, ਚਲਤੀ ਰਹੀ ਹੋ, ਤੁਮ ਸਾਥ  ਜੋ ਮੇਰੇ
 ਥਾ ਵਕਤ ਵੋ ਖ਼ੁਸ਼ੀ ਕਾ ਯਾ ਗ਼ਮ ਸੇ ਭਰਾ ਹੁਆ’

ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ।

ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ, ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।

ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿੱਚਰਵਾਰ 7 ਅਪ੍ਰੈਲ  2012 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912, ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 403-988-3961 ਜਾਂ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 403-681-8281 ਤੇ ਸੰਪਰਕ ਕਰ ਸਕਦੇ ਹੋ।

****


No comments:

Post a Comment