ਕੈਲਗਰੀ: ਦੇਸ ਪੰਜਾਬ ਟਾਇਮਜ਼ ਵੀਕਲੀ ਅਖਬਾਰ ਦੀ ਵਰ੍ਹੇ ਗੰਢ ਮੌਕੇ ਕੈਲਗਰੀ ਦੇ ਆਪਣਾ ਪੰਜਾਬ ਰੈਂਸਟੋਰੈਂਟ ਵਿੱਚ 7ਵਾਂ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਸਮਾਰੋਹ ਬੜੀ ਸਜ ਧਜ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਸਰੀ ਬੀ. ਸੀ. ਦੇ ਉਂਘੇ ਸਮਾਜ ਸੇਵਕ ਚਰਨਪਾਲ ਗਿੱਲ ਨੂੰ ਉਨ੍ਹਾਂ ਵਲੋਂ ਕਮਿਉਨਿਟੀ ਪ੍ਰਤੀ ਉਂਘੀਆਂ ਸੇਵਾਵਾਂ ਪ੍ਰਦਾਨ ਕਰਨ ਬਦਲੇ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਯਾਦ ਰਹੇ ਇਸ ਤੋਂ ਪਹਿਲਾਂ 6 ਉਂਘੀਆਂ ਹਸਤੀਆਂ ਨੂੰ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਵਿੱਚ ਉਂਘਾ ਯੋਗਦਾਨ ਪਾਇਆ ਸੀ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਅਵਾਰਡ ਵਿੱਚ $1000 ਡਾਲਰ ਨਕਦ ਪੁਰਸਕਾਰ ਅਤੇ ਇੱਕ ਯਾਦਗਾਰੀ ਪਲੇਕ ਪ੍ਰਦਾਨ ਕੀਤੇ ਜਾਂਦੇ ਹਨ। ਪਹਿਲਾ ਅਵਾਰਡ ਬੀ. ਸੀ. ਦੇ ਅਮਨਪਾਲ ਸਾਰਾ ਨੂੰ (ਸਾਹਿਤ ਤੇ ਫਿਲਮ ਨਿਰਮਾਣ) 2000, ਇਕਬਾਲ ਅਰਪਨ (ਸਾਹਿਤ) 2001, ਉਂਜਲ ਦੁਸਾਂਝ (ਰਾਜਨੀਤੀ) 2002, ਬਲਵੰਤ ਰਾਮੂਵਾਲੀਆ (ਪਰਿਵਾਸੀਆਂ ਪ੍ਰਤੀ ਸੇਵਾਵਾਂ) 2004, ਬਰਕਤ ਸਿੱਧੂ (ਸੂਫੀ ਗਾਇਕ) 2005, ਡਾ. ਰਾਜ ਪੰਨੂੰ (ਲੈਜਿਸਲੇਚਰ ਯੋਗਦਾਨ) 2006 ਅਤੇ ਇਸ ਸਾਲ ਚਰਨਪਾਲ ਗਿੱਲ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਕੁਲਦੀਪ ਸਿੰਘ ਸੁਰ ਸੰਗਮ ਰੇਡੀਓ, ਹਰਚਰਨ ਸਿੰਘ ਸਿੱਖ ਵਿਰਸਾ ਵੀ ਹਾਜ਼ਰ ਸਨ। ਦੇਸ ਪੰਜਾਬ ਟਾਇਮਜ਼ ਵੀਕਲੀ ਦੇ ਐਡਮਿੰਟਨ ਦੀ ਬ੍ਰਾਂਚ ਆਫਿਸ ਦੇ ਲਾਟ ਭਿੰਡਰ ਅਤੇ ਅਮਰਜੀਤ ਪੁਰੇਵਾਲ ਵੀ ਹਾਜ਼ਰ ਸਨ।
ਲਾਟ ਭਿੰਡਰ ਨੇ ਮਾਸਟਰ ਆਫ ਸੈਰੇਮਨੀਜ਼ ਵਜੋਂ ਵੀ ਫਰਜ ਨਿਭਾਇਆ। ਲਾਟ ਭਿੰਡਰ ਦਾ ਇਸ ਫਰਜ਼ ਨੂੰ ਨਿਭਾਉਣ ਦਾ ਨਿਵੇਕਲਾ ਹੀ ਅੰਦਾਜ਼ ਹੈ। ਪ੍ਰਧਾਨਗੀ ਮੰਡਲ ਵਿੱਚ ਡਾ. ਰਾਜ ਪੰਨੂੰ, ਗੁਰਦੀਪ ਢਿੱਲੋਂ, ਪ੍ਰੋ. ਮਨਜੀਤ ਸਿੰਘ ਸਿੱਧੂ, ਪ੍ਰਮਿੰਦਰਜੀਤ ਰੰਧਾਵਾ ਅਤੇ ਚਰਨਪਾਲ ਗਿੱਲ ਸੁਸ਼ੋਭਤ ਸਨ। ਗਿਆਨੀ ਪ੍ਰੇਮ ਸਿੰਘ ਕੈਲਗਰੀ ਦੇ ਮਸ਼ਹੂਰ ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕਰਕੇ ਸ੍ਰੋਤਿਆਂ ਦਾ ਮਨੋਰੰਜਨ ਕੀਤਾ ਅਤੇ ਖੂਬ ਦਾਦ ਖੱਟੀ।
ਲਾਟ ਭਿੰਡਰ ਨੇ ਬੁਲਾਰਿਆਂ ਨੂੰ ਨਿਮੰਤ੍ਰਤ ਕੀਤਾ ਕਿ ਉਹ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਨ। ਬੁਲਾਰਿਆਂ ਵਿੱਚ ਪ੍ਰਸ਼ੋਤਮ ਭਾਰਦਵਾਜ, ਜੀ. ਕੇ. ਟਿਵਾਣਾ ਸਾਬਕਾ ਨਿਊਜ ਡਾਇਰੈਕਟਰ, ਦੂਰਦਰਸ਼ਨ ਜਲੰਧਰ, ਰਾਜ ਕੈਲਗਰੀ, ਗੁਰਪ੍ਰੀਤ ਸਹੋਤਾ, ਪ੍ਰਮਿੰਦਰ ਗਰੇਵਾਲ, ਭਾਈ ਗੁਰਨਾਮ ਸਿੰਘ, ਪਰਮਜੀਤ ਸੰਦਲ ਤਲਵੰਡੀ ਵੀਡੀਓ ਆਦਿ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ ਅਤੇ ਬ੍ਰਹਮ ਪ੍ਰਕਾਸ਼ ਲੁੱਡੂ ਚੀਫ ਐਡੀਟਰ ਦੇਸ ਪੰਜਾਬ ਟਾਇਮਜ਼ ਦੀ ਪ੍ਰਸੰਸਾ ਕੀਤੀ ਕਿ ਉਹ ਇਹ ਸਮਾਗਮ ਸੱਤ ਸਾਲ ਤੋਂ ਬਿਨਾਂ ਨਾਗਾ ਕਰਦੇ ਆ ਰਹੇ ਹਨ। ਬੁਲਾਰਿਆਂ ਨੇ ਇਸ ਗੱਲ ਦੀ ਵੀ ਵਧਾਈ ਦਿੱਤੀ ਕਿ ਇਸ ਸਪਤਾਹਕ ਪਰਚੇ ਨੇ ਇੱਕ ਸਾਲ ਦੇ ਥੋੜ੍ਹੇ ਜਿੰਨੇ ਅਰਸੇ ਵਿੱਚ ਨਾ ਕੇਵਲ ਆਪਣੇ ਆਪ ਨੂੰ ਸਥਾਪਤ ਹੀ ਕੀਤਾ ਹੈ ਸਗੋਂ ਇਸਨੂੰ ਦੋਭਾਸ਼ੀ ਬਣਾਕੇ ਅਤੇ ਕੈਲਗਰੀ ਤੋਂ ਐਡਮਿੰਟਨ ਤੱਕ ਇਸਦਾ ਘੇਰਾ ਅਤੇ ਸਰਕੂਲੇਸ਼ਨ ਵੀ ਵਧਾਈ ਹੈ। ਇਸ ਅਖਬਾਰ ਦੀ ਪਾਠਕਾਂ ਵਲੋਂ ਮੰਗ ਵੀ ਵਧ ਗਈ ਹੈ। ਅਖਬਾਰ ਆਪਣੇ ਸੰਪਾਦਕੀਆਂ, ਲੇਖਾਂ, ਰਾਸ਼ਟਰੀ, ਅੰਤਰਰਾਸ਼ਟਰੀ ਖਬਰਾਂ ਅਤੇ ਦੂਜੇ ਫੀਚਰਾਂ ਕਾਰਨ ਹਰਮਨ ਪਿਆਰਾ ਬਣ ਗਿਆ ਹੈ। ਇਸਦਾ ਸਿਹਰਾ ਬ੍ਰਹਮ ਪ੍ਰਕਾਸ਼ ਨੂੰ ਜਾਂਦਾ ਹੈ।
ਸੁਕੈਡਰਨ ਲੀਡਰ ਸੋਹਣ ਸਿੰਘ ਪ੍ਰਮਾਰ ਪ੍ਰਧਾਨ ਇੰਡੀਅਨ ਐਕਸ ਸਰਵਿਸ ਮੈਨ ਇਮੀਗਰਾਂਟ ਐਸੋਸੀਏਸ਼ਨ ਨੇ ਵੀ ਸਮਾਗਮ ਵਿੱਚ ਬ੍ਰਹਮ ਪ੍ਰਕਾਸ਼ ਲੁੱਡੂ ਨੂੰ ਦੇਸ ਪੰਜਾਬ ਟਾਇਮਜ਼ ਦੀ ਪਹਿਲੀ ਵਰ੍ਹੇ ਗੰਢ ਮੌਕੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਅਖਬਾਰ ਇੱਕ ਸਾਲ ਵਿੱਚ ਹੀ ਪਾਠਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਹੈ। ਪ੍ਰਮਾਰ ਸਾਹਿਬ ਨੇ ਚਰਨਪਾਲ ਗਿੱਲ ਨੂੰ ਵੀ ਸੱਤਵੇ ਮੇਵਾ ਸਿੰਘ ਲੋਪੋਕੇ ਅਵਾਰਡ ਨਾਲ ਸਨਮਾਨਿਤ ਕਰਨ ਦੀ ਪ੍ਰਸੰਸਾ ਕੀਤੀ।
ਇਸ ਉਪਰੰਤ ਲਾਟ ਭਿੰਡਰ ਨੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਫੇਰ ਚਰਨਪਾਲ ਗਿੱਲ ਵਲੋਂ ਕਮਿਉਨਿਟੀ ਪ੍ਰਤੀ ਕੀਤੀਆਂ ਸੇਵਾਵਾਂ ਦਾ ਵੀ ਜ਼ਿਕਰ ਕੀਤਾ।
ਪ੍ਰੋ. ਮਨਜੀਤ ਸਿੰਘ ਸਿੱਧੂ ਨੇ ਚਰਨਪਾਲ ਗਿੱਲ ਨਾਲ ਜਾਣ ਪਹਿਚਾਣ ਕਰਵਾਉਂਦਿਆ ਦੱਸਿਆ ਕਿ ਚਰਨਪਾਲ ਗਿੱਲ ਦੀਆਂ ਰਗਾਂ ਵਿੱਚ ਤਾਂ ਸਮਾਜ ਸੇਵਾ ਦਾ ਲਹੂ ਹੈ। ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਚਰਨਪਾਲ ਸਵ: ਗਦਰੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਦੋਹਤੇ ਹਨ। ਇਸ ਲਈ ਉਸਨੂੰ ਆਪਣੇ ਨਾਨੇ ਤੋਂ ਹੀ ਸਮਾਜ ਸੇਵਾ ਦੀ ਚੇਟਕ ਲੱਗੀ। ਪ੍ਰੋਫੈਸਰ ਮਨਜੀਤ ਸਿੰਘ ਨੇ ਸੰਖੇਪ ਵਿੱਚ ਕਨੇਡਾ ਵਿੱਚ ਆ ਕੇ ਲੋਕ ਹਿੱਤਾਂ ਲਈ ਕੀਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਜਿਸ ਵਿੱਚ ਅੱਸੀਵਿਆਂ ਵਿੱਚ ਗੋਰੇ ਨਸਲਵਾਦੀ ਕੂ ਕਲੈਕਸ ਕਲੈਨ (ਖਖਖ) ਵਲੋਂ ਭਾਰਤੀ ਪ੍ਰਵਾਸੀਆਂ ਤੇ ਹੁੰਦੇ ਹਮਲਿਆਂ ਦਾ ਇੱਕ ਸੰਗਠਨ ਬਣਾ ਕੇ ਮੁਕਾਬਲਾ ਕੀਤਾ ਅਤੇ ਇਸ ਤਰ੍ਹਾਂ ਜਥੇਬੰਦ ਹੋ ਕੇ ਨਸਲਵਾਦੀਆਂ ਦੀਆਂ ਹਰਕਤਾਂ ਨੂੰ ਨੱਥ ਪਾਈ। ਚਰਨਪਾਲ ਗਿੱਲ ਇਸ ਸੰਗਠਨ ਦੇ ਪ੍ਰਧਾਨ ਬਣੇ ਕਿਉਂਕਿ ਹੋਰ ਕੋਈ ਡਰਦਾ ਮੂਹਰੇ ਨਹੀਂ ਸੀ ਆਉਂਦਾ ਕਿਉਂਕਿ ਪ੍ਰਵਾਸੀ ਨੇਤਾ ਨਸਲਵਾਦੀਆਂ ਦੇ ਨਿਸ਼ਾਨੇ ‘ਤੇ ਆ ਜਾਂਦੇ ਸਨ। ਚਰਨਪਾਲ ਗਿੱਲ ਨੇ ਫਾਰਮ ਵਰਕਰਜ਼ ਦੀ ਯੂਨੀਅਨ ਸਥਾਪਤ ਕਰਕੇ 30 ਸਾਲ ਲੰਮੇ ਸੰਘਰਸ਼ ਬਾਅਦ ਫਾਰਮ ਵਰਕਰਜ਼ ਦੀ ਹਾਲਤ ਸੁਧਾਰੀ। ਹੋਰ ਵੀ ਕਈ ਸਭਾਵਾਂ ਦੀ ਸਥਾਪਤੀ ਵਿੱਚ ਉਂਘਾ ਯੋਗਦਾਨ ਪਾਇਆ।
ਉਨ੍ਹਾਂ ਦਾ ਮਾਅਰਕੇ ਦਾ ਕਾਰਨਾਮਾ ‘ਪਿਕਸ’ ਨਾਂ ਦੀ (ਪ੍ਰਾਗਰੈਸਿਵ ਇੰਟਰਕਲਚਰਲ ਕਮਿਉਨਿਟੀ ਸਰਵਿਸਜ਼) ਸੁਸਾਇਟੀ ਦੀ ਸਥਾਪਨਾ ਹੈ। ਇਸ ਸੁਸਾਇਟੀ ਦਾ ਸਾਰੇ ਕਨੇਡਾ ਵਿੱਚ ਕੋਈ ਸਾਨੀ ਸੁਸਾਇਟੀ ਨਹੀਂ ਹੈ। ਇਸ ਸੁਸਾਇਟੀ ਨੇ ਇੰਨਾ ਸਮਾਜ ਸੇਵਾ ਦਾ ਕੰਮ ਕੀਤਾ ਹੈ ਕਿ ਕੋਈ ਸਰਕਾਰੀ ਵਿਭਾਗ ਵੀ ਨਹੀਂ ਕਰ ਸਕਦਾ।
ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਚਰਨਪਾਲ ਗਿੱਲ ਦਾ ਝੋਲਾ ਪਹਿਲਾਂ ਹੀ ਮਾਨਾਂ ਸਨਮਾਨਾਂ ਨਾਲ ਭਰਿਆ ਹੋਇਆ ਹੈ। ਜਿਨ੍ਹਾਂ ਵਿੱਚ ਆਰਡਰ ਆਫ ਬ੍ਰਿਟਿਸ਼ ਕੋਲੰਬੀਆ, ਗੋਪੀਓ ਇੰਟਰਨੈਸ਼ਨਲ ਸਰਵਿਸਜ਼ ਸਨਮਾਨ ਜਿਹੜਾ ਉਨ੍ਹਾਂ ਨੂੰ 2006 ਵਿੱਚ ਦਿੱਲੀ ਵਿਖੇ ਐਨ. ਆਰ. ਆਈ ਸੰਮੇਲਨ ਸਮੇਂ ਦਿੱਤਾ ਗਿਆ। ਗੋਪੀਓ ਤੋਂ ਭਾਵ ਗਲੋਬਲ ਆਰਗੇਨਾਈਜੇਸ਼ਨ ਆਫ ਪੀਪਲ ਆਫ ਇੰਡੀਆ ਆਰਿਜਨ ਹੈ।
ਇਸ ਤੋਂ ਉਪਰੰਤ ਚਰਨਪਾਲ ਗਿੱਲ ਨੇ ਦੇਸ ਪੰਜਾਬ ਟਾਇਮਜ਼ ਵੀਕਲੀ ਦੀ ਮੈਨੇਜਮੈਂਟ ਅਤੇ ਸਟਾਫ, ਵਿਸ਼ੇਸ਼ ਕਰਕੇ ਬ੍ਰਹਮ ਪ੍ਰਕਾਸ਼ ਲੁੱਡੂ ਦਾ ਧੰਨਵਾਦ ਕੀਤਾ। ਜਿਸਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦਾ ਉਪਰਾਲਾ ਕੀਤਾ ਹੈ। ਚਰਨਪਾਲ ਗਿੱਲ ਨੇ ਪਿਕਸ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਹ ਸੰਸਥਾ ਜਿਹੜੀ ਅੱਠ ਮੈਂਬਰਾਂ ਨੇ 80 ਡਾਲਰਾਂ ਨਾਲ ਸ਼ੁਰੂ ਕੀਤੀ ਸੀ ਵੀਹ ਸਾਲਾਂ ਵਿੱਚ ਇਸ ਹੱਦ ਤੱਕ ਤਰੱਕੀ ਕਰ ਗਈ ਹੈ ਕਿ ਇਸ ਵੇਲੇ ਇਸ ਵਿੱਚ 80 ਕਰਮਚਾਰੀ ਵੱਖ ਵੱਖ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਤੋਂ ਬਿਨਾਂ ਜਿਹੜਾ ਮਾਅਰਕੇ ਦਾ ਕੰਮ ਇਸਨੇ ਕੀਤਾ ਹੈ ਜਿਸਦੀ ਸਾਰੇ ਕਨੇਡਾ ਵਿੱਚ ਚਰਚਾ ਹੈ ਉਹ ਹੈ ਸੀਨੀਅਰਜ਼ ਲਈ 54 ਯੂਨਿਟ ਰਹਾਇਸ਼ੀ ਬਿਲਡਿੰਗ ਤੇ 72 ਬੈਂਡ ਅਸਿਸਟਡ ਲਿਵਿੰਗ ਬਿਲਡਿੰਗ ਹੈ ਜਿਸ ਵਿੱਚ ਹਰਪ੍ਰਕਾਰ ਦੀ ਸੇਵਾ ਸੀਨੀਅਰਜ਼ ਨੂੰ ਉਪਲਬਧ ਹੈ। ਅੱਜ ਇਸਦਾ ਬੱਜਟ ਕਈ ਲੱਖਾਂ ਡਾਲਰਾਂ ਦਾ ਹੈ। ਕਈ ਸ਼ਹਿਰਾਂ ਤੋਂ ਉਨ੍ਹਾਂ ਨੂੰ ਅਜੇਹੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸੰਸਥਾਵਾਂ ਸਥਾਪਤ ਕਰਨ ਵਿੱਚ ਸਹਾਇਤਾ ਕਰਨ ਲਈ ਸੱਦੇ ਆ ਰਹੇ ਹਨ। ਚਰਨਪਾਲ ਗਿੱਲ ‘ਪਿਕਸ’ ਦੇ ਸੀ. ਈ. ਓ ਹਨ। ਉਨ੍ਹਾਂ ਨੇ ਪੇਸ਼ਕਸ਼ ਕੀਤੀ ਕਿ ਜਿਹੜੇ ਵੀ ਸ਼ਹਿਰ ਤੋਂ ਉਨ੍ਹਾਂ ਨੂੰ ਸੱਦਾ ਆ ਜਾਵੇਗਾ ਉਹ ਬੜੀ ਖੁਸ਼ੀ ਨਾਲ ਉਨ੍ਹਾਂ ਦੀ ਅਗਵਾਈ ਕਰਨਗੇ ਅਤੇ ਸਹਾਇਤਾ ਕਰਨਗੇ। ਸੋ ਇਸ ਤਰ੍ਹਾਂ ਚਰਨਪਾਲ ਗਿੱਲ ਨੇ ਆਪਣੇ 40 ਸਾਲਾ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਅਤੇ ਅੰਤ ਵਿੱਚ ਬ੍ਰਹਮ ਪ੍ਰਕਾਸ਼ ਲੁੱਡੂ ਅਤੇ ਕੈਲਗਰੀ ਨਿਵਾਸੀਆਂ ਨੇ ਉਨ੍ਹਾਂ ਨੂੰ ਸ਼ਹੀਦ ਮੇਵਾ ਸਿੰਘ ਲੋਪੋਕੇ ਵਰਗੀ ਮਹਾਨ ਹਸਤੀ ਦੀ ਯਾਦ ਵਿੱਚ ਸਥਾਪਤ ਅਵਾਰਡ ਪ੍ਰਾਪਤ ਕਰਨ ਦੇ ਯੋਗ ਸਮਝਿਆ ਹੈ। ਜਿਸ ਲਈ ਉਹ ਧੰਨਵਾਦੀ ਹਨ।
ਗੁਰਦੀਪ ਢਿੱਲੋਂ, ਹਰਦੀਪ ਢਿੱਲੋਂ ਵਲੋਂ 1000 ਡਾਲਰ ਦਾ ਚੈਂਕ ਅਤੇ ਯਾਦਗਾਰੀ ਪਲੇਕ ਪ੍ਰੋ. ਮਨਜੀਤ ਸਿੰਘ ਸਿੱਧੂ, ਬ੍ਰਹਮ ਪ੍ਰਕਾਸ਼ ਲੁੱਡੂ, ਡਾ. ਰਾਜ ਪੰਨੂੰ, ਪਰਮਿੰਦਰਜੀਤ ਰੰਧਾਵਾ, ਲਾਟ ਭਿੰਡਰ ਵਲੋਂ ਪ੍ਰਦਾਨ ਕੀਤੀ ਗਈ। ਇਸ ਮੌਕੇ ਪ੍ਰੋ. ਮਨਜੀਤ ਸਿੰਘ ਸਿੱਧੂ ਨੇ ਆਪਣੀ ਪੁਸਤਕ ‘ਵੰਨ-ਸੁਵੰਨ’ ਵੀ ਚਰਨਪਾਲ ਗਿੱਲ ਨੂੰ ਭੇਂਟ ਕੀਤੀ।
ਮੇਵਾ ਸਿੰਘ ਲੋਪੋਕੇ ਅਵਾਰਡ ਨਾਲ 2002 ਤੋਂ ਇੱਕ ਅਵਾਰਡ ਪੰਜਾਬੀ ਸਟਾਰ ਵੀ ਸਥਾਪਤ ਕੀਤਾ ਗਿਆ ਜਿਹੜਾ ਸਥਾਨਕ ਵਿਅਕਤੀਆਂ ਨੂੰ ਆਪਣੇ ਆਪਣੇ ਖੇਤਰ ਵਿੱਚ ਪਾਏ ਉਂਘੇ ਯੋਗਦਾਨ ਲਈ ਪ੍ਰਦਾਨ ਕੀਤਾ ਜਾਂਦਾ ਹੈ। ਪਹਿਲਾ ਪ੍ਰੋ. ਮਨਜੀਤ ਸਿੰਘ ਸਿੱਧੂ (ਪੱਤਰਕਾਰੀ), ਦੂਜਾ ਹਰਪ੍ਰਕਾਸ਼ ਜਨਾਗਲ (ਚਿੱਤਰਕਾਰੀ), ਤੀਜਾ ਸਵਾਤੀ ਅਲ ਫਰਨਾਂਡੋ (ਸਮਾਜ ਸੇਵਾ), ਚੌਥਾ ਭਗਵੰਤ ਸਿੰਘ ਰੰਧਾਵਾ (ਕਲਾ ਅਤੇ ਸ੍ਰੇਸ਼ਟਤਾ), ਇਸ ਸਾਲ ਦੇ ਇਸ ਅਵਾਰਡ ਲਈ ਸੁਕੈਡਰਨ ਲੀਡਰ ਜੋਗਿੰਦਰ ਸਿੰਘ ਬੈਂਸ ਨੂੰ ਇੰਡੋ-ਕਨੇਡੀਅਨ ਕਮਿਉਨਿਟੀ ਪ੍ਰਤੀ ਸੇਵਾਵਾਂ ਬਦਲੇ ਦੇਣ ਦਾ ਪ੍ਰਸਤਾਵ ਹੋਇਆ ਹੈ। ਜਸਵੰਤ ਸਿੰਘ ਗਿੱਲ ਨੇ ਜੋਗਿੰਦਰ ਸਿੰਘ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਦੱਸਿਆ ਕਿ ਬੈਂਸ ਸਾਹਿਬ ਨੇ ਕਿਸ ਤਰ੍ਹਾਂ 1948 ਵਿੱਚ ਮੈਥ ਏ. ਬੀ. ਕੋਰਸ ਨਾਲ ਬੀ. ਏ. ਪਾਸ ਕਰਕੇ ਏਅਰ ਫੋਰਸ ਵਿੱਚ ਭਰਤੀ ਹੋ ਕੇ ਟੈਕਨੀਕਲ ਇੰਜਨੀਅਰਿੰਗ ਦਾ ਕੋਰਸ ਬੰਗਲੌਰ ਕਾਲਿਜ ਤੋਂ ਪਾਸ ਕੀਤਾ ਅਤੇ ਤਰੱਕੀ ਕਰਕੇ 31 ਸਾਲ ਦੀ ਸੇਵਾ ਉਪਰੰਤ ਸੁਕੈਡਰਨ ਲੀਡਰ ਦੇ ਅਹੁਦੇ ਤੋਂ ਰੀਟਾਇਰ ਹੋ ਕੇ ਕੈਲਗਰੀ ਆਏ ਸਨ। ਉਨ੍ਹਾਂ ਦੀ ਸਖਸ਼ੀਅਤ ਦਾ ਖਾਸ ਪੱਖ ਈਮਾਨਦਾਰੀ, ਵੈਸ਼ਨੂ ਹੋਣਾ ਅਤੇ ਸ਼ਰਾਬ ਦਾ ਸੇਵਨ ਨਾ ਕਰਨਾ ਹੈ। ਇਥੇ ਆ ਕੇ ਉਹ ਸਾਬਕਾ ਸੈਨਕਾਂ ਦੀ ਸੰਸਥਾ ਦੀ ਟੀਮ ਨਾਲ ਮਿਲਕੇ ਕਮਿਉਨਿਟੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੀ ਈਮਾਨਦਾਰੀ ਤੇ ਨਿਰਪੱਖਤਾ ਸਦਕਾ ਹੀ ਉਨ੍ਹਾਂ ਨੂੰ ਦਸ਼ਮੇਸ਼ ਕਲਚਰ ਸੈਂਟਰ ਅਤੇ ਹੋਰ ਸੰਸਥਾਵਾਂ ਦੀਆਂ ਚੋਣਾਂ ਕਰਵਾਉਣ ਦੀ ਜ਼ਿੰਮੇਦਾਰੀ ਸੌਂਪੀ ਜਾਂਦੀ ਹੈ। ਜਸਵੰਤ ਸਿਘ ਗਿੱਲ ਨੇ ਆਪਣੀ ਵਿਸ਼ੇਸ਼ ਸ਼ੈਲੀ ਵਿੱਚ ਬੋਲਦਿਆਂ ਹੋਇਆ ਬ੍ਰਹਮ ਪ੍ਰਕਾਸ਼ ਲੁੱਡੂ ਨੂੰ ਯੋਗ ਵਿਅਕਤੀਆਂ ਦਾ ਸਨਮਾਨ ਕਰਨ ਲਈ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਇਸ ਪ੍ਰਸੰਸਾਯੋਗ ਉਂਦਮ ਨੂੰ ਜਾਰੀ ਰੱਖਣ ਲਈ ਪ੍ਰੇਰਣਾ ਦਿੱਤੀ। ਜੋਗਿੰਦਰ ਸਿੰਘ ਬੈਂਸ ਨੂੰ 500 ਡਾਲਰ ਦਾ ਚੈਂਕ ਜੈਗ ਗਰੇਵਾਲ ਅਤੇ ਹਨੀ ਡਰਾਈਵਾਲ ਦੇ ਦੇਵ ਸਿੱਧੂ ਨੇ ਪੇਸ਼ ਕੀਤਾ ਅਤੇ ਡਾ. ਰਾਜ ਪੰਨੂੰ, ਜਸਵੰਤ ਗਿੱਲ ਤੇ ਬ੍ਰਹਮ ਪ੍ਰਕਾਸ਼ ਨੇ ‘ਪੰਜਾਬੀ ਸਟਾਰ’ ਯਾਦਗਾਰੀ ਪਲੇਕ ਪ੍ਰਦਾਨ ਕੀਤੀ।
ਡਾ. ਹਰਭਜਨ ਸਿੰਘ ਢਿੱਲੋਂ ਨੇ ਇਸ ਮੌਕੇ ਬੋਲਦਿਆਂ ਸਨਮਾਨਤ ਕਰਨ ਲਈ ਚੁਣੇ ਵਿਅਕਤੀਆਂ ਦੀ ਯੋਗਤਾ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਹ ਹਸਤੀਆਂ ਵਾਕਈ ਇਸ ਸਨਮਾਨ ਦੇ ਯੋਗ ਹਨ। ਉਸਨੇ ਕਿਹਾ ਕਈ ਵਿਅਕਤੀਆਂ ਨੂੰ ਕੁਰਸੀ ਮਹੱਤਵਪੂਰਣ ਬਣਾ ਦਿੰਦੀ ਹੈ। ਜਦੋਂ ਉਹ ਕੁਰਸੀ ਖੁੱਸ ਜਾਂਦੀ ਹੈ ਤਾਂ ਲੋਕ ਉਨ੍ਹਾਂ ਨੂੰ ਚੱਲੇ ਕਾਰਤੂਸ ਦੱਸਦੇ ਹਨ ਅਤੇ ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਰਹਿੰਦੀ। ਦੂਜੇ ਪਾਸੇ ਉਹ ਵਿਅਕਤੀ ਹਨ ਜਿਹੜੇ ਕੁਰਸੀ ਨੂੰ ਮਹਾਨਤਾ ਪ੍ਰਦਾਨ ਕਰ ਦਿੰਦੇ ਹਨ। ਸੋ ਚਰਨਪਾਲ ਗਿੱਲ ਅਤੇ ਬੈਂਸ ਸਾਹਿਬ ਉਨ੍ਹਾਂ ਵਿਅਕਤੀਆਂ ਵਿੱਚੋਂ ਹਨ ਜਿਹੜੇ ਕੁਰਸੀ ਨੂੰ ਮਹਾਨਤਾ ਬਖਸ਼ਦੇ ਹਨ। ਦੇਸ ਪੰਜਾਬ ਟਾਇਮਜ਼ ਨੂੰ ਸਫਲਤਾ ਪੂਰਬਕ ਜਾਰੀ ਕਰਨ ਲਈ ਉਨ੍ਹਾਂ ਨੂੰ ਬ੍ਰਹਮ ਪ੍ਰਕਾਸ਼ ਲੁੱਡੂ ਨੂੰ ਵਧਾਈ ਦਿੱਤੀ। ਮੀਡੀਆ ਦਾ ਕੰਮ ਇਨਫਾਰਮੇਸ਼ਨ ਦੇਣਾ ਹੈ। ਇਨਫਾਰਮੇਸ਼ਨ ਅਤੇ ਮਿਸਇਨਫਾਰਮੇਸ਼ਨ ਵਿੱਚ ਬਹੁਤ ਘੱਟ ਅੰਤਰ ਹੁੰਦਾ ਹੈ। ਮੀਡੀਆ ਉਹੋ ਹੀ ਸਾਰਥਕ ਹੁੰਦਾ ਹੈ ਜਿਹੜਾ ਮਿਸਇਨਫਾਰਮੇਸ਼ਨ ਨਾ ਦੇ ਕੇ ਲੋਕਾਂ ਤੀਕ ਠੀਕ ਸੂਚਨਾਵਾਂ ਪ੍ਰਦਾਨ ਕਰੇ।
ਅੰਤ ਵਿੱਚ ਡਾ. ਰਾਜ ਪੰਨੂੰ ਨੇ ਬ੍ਰਹਮ ਪ੍ਰਕਾਸ਼ ਨੂੰ ਵਧਾਈ ਦਿੱਤੀ ਕਿ ਉਹ ਸਮਾਰੋਹ ਕਰਕੇ ਸ਼ਹੀਦ ਮੇਵਾ ਸਿੰਘ ਦੀ ਯਾਦ ਵਿੱਚ ਅਵਾਰਡ ਸਥਾਪਤ ਕਰਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਘਾਲਨਾਵਾਂ ਨੂੰ ਵਰਤਮਾਨ ਪੀੜ੍ਹੀ ਨੂੰ ਯਾਦ ਕਰਵਾ ਰਹੇ ਹਨ ਤਾਂ ਜੋ ਉਹ ਆਪਣੇ ਪੁਰਖਿਆਂ ਦੇ ਕੀਤੇ ਸੰਘਰਸ਼ ਦੇ ਇਤਹਾਸ ਨੂੰ ਨਾ ਭੁੱਲ ਜਾਣ। ਨਾਲ ਹੀ ਉਨ੍ਹਾਂ ਦੱਸਿਆਂ ਕਿ ਅੱਜ ਕਨੇਡਾ ਪਿਛਲੇ 40-50 ਸਾਲਾਂ ਨਾਲੋਂ ਬਹੁਤ ਬਦਲ ਗਿਆ ਹੈ ਅਤੇ ਇੱਥੇ ਹੁਣ ਸਹਿਣਸ਼ੀਲਤਾ ਆ ਗਈ ਹੈ। ਸਾਨੂੰ ਵੀ ਸਾਰੀਆਂ ਕਮਿਉਨਟੀਆਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਹੁਣ ਆਪਣੇ ਆਪ ਨੂੰ ਪਰਾਏ ਨਹੀਂ ਸਮਝਣਾ ਚਾਹੀਦਾ। ਕਨੇਡਾ ਸਾਡਾ ਆਪਣਾ ਦੇਸ਼ ਹੈ। ਇਸਦੀ ਤਰੱਕੀ ਲਈ ਸਾਨੂੰ ਸਾਰੇ ਕਨੇਡੀਅਨ ਕਮਿਉਨਿਟੀਜ਼ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਹੈ। ਡਾ. ਰਾਜ ਪੰਨੂੰ ਨੇ ਚਰਨਪਾਲ ਗਿੱਲ ਅਤੇ ਜੋਗਿੰਦਰ ਸਿੰਘ ਬੈਂਸ ਨੂੰ ਆਪਣੀਆਂ ਸਮਾਜਕ ਸੇਵਾਵਾਂ ਲਈ ਅਵਾਰਡ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸਦੇ ਉਹ ਹੱਕਦਾਰ ਹਨ।
ਅੰਤ ਵਿੱਚ ਬ੍ਰਹਮ ਪ੍ਰਕਾਸ਼ ਲੁੱਡੂ ਨੇ ਸਾਰੇ ਆਏ ਸ੍ਰੋਤਿਆਂ ਦਾ ਧੰਨਵਾਦ ਕੀਤਾ। ਸਪਾਂਸਰਾਂ ਦਾ ਵਿਸ਼ੇਸ਼ ਕਰਕੇ ਆਟੋ-ਫਲੀਟ ਵਾਲੇ ਢਿੱਲੋਂ ਬ੍ਰਦਰਜ਼ ਦਾ ਅਤੇ ਜੈਗ ਗਰੇਵਾਲ ਅਤੇ ਹਨੀ ਡਰਾਈਵਾਲ ਵਾਲੇ ਦੇਵ ਸਿੱਧੂ ਦਾ। ਉਨ੍ਹਾਂ ਪਾਲੀ ਵਿਰਕ ਦਾ ਵੀ ਧੰਨਵਾਦ ਕੀਤਾ ਜੋ ਹੁਣ ਤੱਕ ਮੇਵਾ ਸਿੰਘ ਲੋਪੋਕੇ ਅਵਾਰਡ ਪ੍ਰਦਾਨ ਕਰਦੇ ਆਏ ਹਨ। ਇਸ ਵਾਰ ਉਹ ਇੰਡੀਆ ਗਏ ਹੋਣ ਕਾਰਨ ਇਸ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਦੇਸ਼ ਪੰਜਾਬ ਟਾਇਮਜ਼ ਦੇ ਸਟਾਫ ਕੰਵਲਜੀਤ ਆਹਲੂਵਾਲੀਆ ਅਤੇ ਕੁਲਬੀਰ ਸ਼ੇਰਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਅਖਬਾਰ ਬਾਕਾਇਦਾ ਸਮੇਂ ਸਿਰ ਨਿਕਲਦਾ ਹੈ। ਵਿਸ਼ੇਸ਼ ਕਰਕੇ ਬ੍ਰਹਮ ਪ੍ਰਕਾਸ਼ ਨੇ ਪ੍ਰੋ. ਮਨਜੀਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਜਿਨ੍ਹਾਂ ਦਾ ਸਹਿਯੋਗ/ਸਲਾਹ ਤੇ ਅਗਵਾਈ ਉਨ੍ਹਾਂ ਨੂੰ ਇਹ ਸਮਾਰੋਹ ਕਰਨ ਅਤੇ ‘ਦੇਸ਼ ਪੰਜਾਬ ਟਾਇਮਜ਼’ ਵਿੱਚ ਸੰਪਾਦਕੀ ਤੇ ਹੋਰ ਲੇਖ ਲਿਖ ਕੇ ਅਖਬਾਰ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਸਹਾਈ ਹੁੰਦੇ ਹਨ। ਇਸ ਸਮਾਰੋਹ ਵਿੱਚ ਮਿਲੇ ਹੁੰਗਾਰੇ ਤੋਂ ਉਤਸ਼ਾਹਤ ਉਨ੍ਹਾਂ ਨੇ ਐਲਾਨ ਕੀਤਾ ਕਿ ਅਗਲੇ ਸਾਲ ਤੋਂ ਇਹ ਸਮਾਗਮ ਖੁੱਲ੍ਹੇ ਮੈਦਾਨ ਵਿੱਚ ਆਯੋਜਿਤ ਕੀਤਾ ਜਾਇਆ ਕਰੇਗਾ ਤਾਂ ਜੋ ਥਾਂ ਦੀ ਤੰਗੀ ਨਾ ਰਿਹਾ ਕਰੇ। “ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀਂ ਨਿਸ਼ਾਨ ਹੋਗਾ” ਅਗਲੇ ਸਾਲ ਇਹ ਸਮਾਗਮ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਹੀ ਹੋਵੇਗਾ।
No comments:
Post a Comment