ਇਟਲੀ ਵਿੱਚ ਪੰਜਾਬੀਆਂ ਨੇ ਪਿਛਲੇ ਕੁਝ ਕੁ ਸਾਲਾਂ ਵਿੱਚ ਜਿੱਥੇ ਵਪਾਰ ਦੇ ਖੇਤਰ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਉੱਥੇ ਗਾਇਕੀ ਦੇ ਖੇਤਰ ਵਿੱਚ ਵੀ ਕਈ ਨਾਂ ਉੱਭਰ ਕੇ ਸਾਹਮਣੇ ਆਏ ਹਨ। ਇਸ ਸਾਲ ਜਿਹੜਾ ਨਾਂ ਸਾਹਮਣੇ ਆਇਆ ਹੈ ਉਹ ਭਾਵੇਂ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਆਉਣ ਦੀ ਤਿਆਰੀ ਤਾਂ ਕਰਦਾ ਆ ਰਿਹਾ ਹੈ ਪਰ ਉਸਨੇ ਆਪਣੇ ਆਪ ਨੂੰ ਸਰੋਤਿਆਂ ਦੀ ਕਚਿਹਰੀ ਵਿੱਚ ਉਹਦੋਂ ਤੱਕ ਹਾਜ਼ਰ ਨਹੀਂ ਕੀਤਾ ਜਦ ਤੱਕ ਉਸ ਨੇ ਪ੍ਰਮਾਤਮਾ ਵੱਲੋਂ ਗਾਉਣ ਲਈ ਬਖਸ਼ੀ ਜਾਦੂਮਈ ਆਵਾਜ਼ ਦੀ ਦਾਤ ਨੂੰ ਇਬਾਦਤ ਵਾਂਗ ਰਿਆਜ ਕਰ ਕੇ ਪਰਪੱਕ ਨਹੀਂ ਕਰ ਲਿਆ। ਗਾਇਕੀ ਦੇ ਅੰਬਰ 'ਤੇ ਚਮਕੇ ਇਸ ਸਿਤਾਰੇ ਦਾ ਨਾਂ ਹੈ ਅਵਤਾਰ ਰੰਧਾਵਾ।
ਅਵਤਾਰ ਰੰਧਾਵਾ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਆਸ ਦਿਲ ਵਿੱਚ ਲੈ ਕੇ ਸੰਨ 1997 ਵਿੱਚ ਪਿੰਡ ਲਟੌਰ(ਫਤਿਹਗੜ੍ਹ ਸਾਹਿਬ) ਨੂੰ "ਛੇਤੀ ਵਾਪਿਸ ਆਵਾਂਗਾ" ਕਹਿ ਕੇ, ਆਪਣੀ ਮੰਜਿਲ ਦੀ ਭਾਲ ਕਰਦਾ ਸਵਿੱਸ ਫਰਾਂਸ ਤੇ ਬੈਲਜੀਅਮ ਵਰਗੇ ਦੇਸ਼ਾਂ ਵਿੱਚੋਂ ਵਿਚਰਦਾ ਸੰਨ 1998 ਵਿੱਚ ਪੱਕੇ ਤੌਰ 'ਤੇ ਇਟਲੀ ਆ ਵਸਿਆ। ਹੁਣ ਉਹ ਲੰਬੇ ਸਮੇਂ ਤੋਂ ਇਟਲੀ ਦੇ ਸ਼ਹਿਰ ਮੋਦੇਨਾ ਵਿੱਚ ਰਹਿ ਕੇ ਕੈਫੇ ਚਲਾ ਰਿਹਾ ਹੈ। ਕਾਰੋਬਾਰ ਦੇ ਨਾਲ-ਨਾਲ ਪ੍ਰਮਾਤਮਾ ਵੱਲੋਂ ਮਿਲੀ ਦਾਤ ਨੂੰ ਸੰਭਾਲਦਿਆਂ ਤੇ ਪਰਪੱਕ ਕਰਦਿਆਂ ਦੋ ਕੁ ਸਾਲ ਪਹਿਲਾਂ ਇਸ ਨੂੰ ਇੱਕ ਐਲਬਮ ਰਾਹੀਂ ਸੰਗੀਤ ਪ੍ਰੇਮੀਆਂ ਤੱਕ ਪਹੁੰਚਾਉਣ ਦਾ ਫੈਸਲਾ ਲੈਂਦਿਆਂ ਅਵਤਾਰ ਰੰਧਾਵਾ ਨੇ ਮਸ਼ਹੂਰ ਗੀਤਕਾਰ ਹਰਵਿੰਦਰ ਉਹੜਪੁਰੀ ਨਾਲ ਸੰਪਰਕ ਕਾਇਮ ਕੀਤਾ। ਉਨ੍ਹਾਂ 'ਤੇ ਅਵਤਾਰ ਦੀ ਆਵਾਜ਼ ਦਾ ਜਾਦੂ ਚੱਲਿਆ ਤੇ ਉਨ੍ਹਾਂ ਐਲਬਮ ਦੀ ਤਿਆਰੀ ਵਿੱਚ ਮੱਦਦ ਕਰਨ ਲਈ ਹਾਮੀ ਭਰ ਦਿੱਤੀ। ਲੰਬੀ ਤਿਆਰੀ ਤੋਂ ਬਾਅਦ ਇਸ ਸਾਲ ਹਰਵਿੰਦਰ ਉਹੜਪੁਰੀ, ਪ੍ਰੀਤ ਨੰਗਲ ਤੇ ਚੰਨੀ ਫਰਾਂਸ ਦੇ ਰਚੇ ਗੀਤਾਂ, ਅਸ਼ੋਕ ਸ਼ਰਮਾ ਦੇ ਸੰਗੀਤ ਅਤੇ ਆਪਣੀ ਜਾਦੂਮਈ ਆਵਾਜ਼ ਨਾਲ ਸ਼ਿੰਗਾਰੀ ਆਪਣੀ ਪਹਿਲੀ ਐਲਬਮ 'ਬਿੱਲੋ' ਲੈ ਕੇ ਅਵਤਾਰ ਰੰਧਾਵਾ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। 'ਬਿੱਲੋ' ਐਲਬਮ ਨੂੰ ਅਸਟਰੇਲੀਆ ਵਿੱਚ ਸੱਗੂ ਡਰੀਮਸ, ਇੰਡੀਆ ਵਿੱਚ ਮਿਉਜਿਕ ਮਾਂਈਡਜ਼, ਇਟਲੀ ਵਿੱਚ ਜੁਗਨੀ ਰਿਕੋਰਡਜ, ਇੰਗਲੈਂਡ ਵਿੱਚ ਸਾਹਿਲ ਮਿਉਜਿਕ ਅਤੇ ਕੈਨੇਡਾ ਵਿੱਚ ਮਿਉਜਿਕ ਵੇਵਸ ਵੱਲੋਂ ਬੜੀ ਧੂਮਧਾਮ ਨਾਲ ਰੀਲੀਜ ਕੀਤਾ ਗਿਆ ਹੈ। ਇਸ ਐਲਬਮ ਵਿੱਚ ਇੱਕ ਦੋਗਾਣਾ ਤੇ ਸੱਤ ਸੋਲੋ ਗੀਤ ਸ਼ਾਮਿਲ ਹਨ। ਜਿੰਨ੍ਹਾਂ ਵਿੱਚੋਂ ਛੇ ਗੀਤ ਹਰਵਿੰਦਰ ਉਹੜਪੁਰੀ, ਇੱਕ ਗੀਤ ਪ੍ਰੀਤ ਨੰਗਲ ਅਤੇ ਇੱਕ ਗੀਤ ਚੰਨੀ ਫਰਾਂਸ ਦਾ ਲਿਖਿਆ ਹੋਇਆ ਹੈ। ਐਲਬਮ ਦਾ ਪਹਿਲਾ ਗੀਤ 'ਬਿੱਲੋ' ਜੋ ਇਸ ਦਾ ਟਾਈਟਲ ਗੀਤ ਹੈ, ਇਹ ਇੱਕ ਮਿੱਠਾ ਜਿਹਾ ਸ਼ਰਾਰਤੀ ਗੀਤ ਹੈ। ਦੂਜਾ ਗੀਤ 'ਫੁਲਕਾਰੀ', ਤਾਜ਼ਾ-ਤਾਜ਼ਾ ਹੋਏ ਪਿਆਰ ਵਿੱਚ ਹੁੰਦੀਆਂ ਜੱਗੋਂ ਬਾਹਰੀਆਂ ਹੁੰਦੀਆਂ ਗੱਲਾਂ ਨੂੰ ਬਿਆਨ ਕਰਦਾ ਹੈ। ਤੀਜਾ ਗੀਤ 'ਭਾਬੋ', ਭੰਗੜੇ ਵਾਲ਼ਾ ਗੀਤ ਹੈ। ਚੌਥਾ ਗੀਤ 'ਯਾਰੀ' ਵਿੱਚ ਉਡਜੂੰ-ਉਡਜੂੰ ਕਰਦੇ ਦਿਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਵਾਂ ਗੀਤ 'ਗੋਰਾ ਰੰਗ', ਸੋਹਣਿਆਂ ਦੇ ਸਹੁੱਪਣ ਦੀ ਤਰੀਫ ਵਿੱਚ ਹੈ। ਛੇਵਾਂ ਗੀਤ 'ਡੀ ਸੀ', ਵਿੱਚ ਇੱਕ ਹਾਣੀ ਆਪਣੀ ਹਾਨਣ ਦੀ ਟੌਹਰ ਦਾ ਮੇਲ ਇੱਕ ਉੱਚ ਅਫਸਰ ਦੀ ਟੌਹਰ ਨਾਲ ਕਰਦਾ ਹੈ। ਸੱਤਵਾਂ ਗੀਤ 'ਲੰਡਨ', ਮਾਹੀ ਦੀ ਉਡੀਕ ਵਿੱਚ ਬੂਹੇ ਵੱਲ ਨਜ਼ਰਾਂ ਟਿਕਾਈ ਬੈਠੀ ਮੁਟਿਆਰ ਦੇ ਦਿਲ ਦੀ ਹੂਕ ਹੈ। ਅੱਠਵਾਂ ਗੀਤ 'ਵੇਟ', ਇੱਕ ਦੋਗਾਣਾ ਹੈ ਜਿਸ ਨੂੰ ਅਵਤਾਰ ਰੰਧਾਵਾ ਨੇ ਪੰਜਾਬ ਦੀ ਮਸ਼ਹੂਰ ਗਾਇਕਾ ਸੁਦੇਸ਼ ਕੁਮਾਰੀ ਨਾਲ ਗਾਇਆ ਹੈ। ਜੋ ਕੋਈ ਵੀ ਇਸ ਐਲਬਮ ਨੂੰ ਸੁਣੇਗਾ ਉਹ ਖੁਦ ਹੀ ਅੰਦਾਜਾ ਲਾ ਲਵੇਗਾ ਕਿ ਗਾਇਕ ਨੇ ਇਸ ਐਲਬਮ ਲਈ ਕਿੰਨੀ ਮਿਹਨਤ ਕੀਤੀ ਹੈ। ਜਿੰਨ੍ਹਾਂ ਨੇ ਅਵਤਾਰ ਰੰਧਾਵਾ ਦੀ 'ਬਿੱਲੋ' ਐਲਬਮ ਸੁਣੀ ਹੈ ਉਹਨਾਂ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਅਵਤਾਰ ਰੰਧਾਵਾ ਕੋਈ ਮੌਸਮੀ ਗਾਇਕ ਨਹੀਂ, ਇਹ ਤਾਂ ਆਉਣ ਵਾਲ਼ੇ ਸਮੇਂ ਵਿੱਚ ਪੰਜਾਬੀ ਗਾਇਕੀ ਦੇ ਅੰਬਰ 'ਤੇ ਧਰੂੰ ਤਾਰੇ ਵਾਂਗ ਚਮਕੇਗਾ। ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਆਉਣ ਵਾਲ਼ੇ ਸਮੇਂ ਵਿੱਚ ਹਰ ਤਰ੍ਹਾਂ ਦੇ ਵਿਸ਼ਿਆਂ ਵਾਲ਼ੇ ਵਧੀਆ ਗੀਤ ਗਾ ਕੇ ਆਪਣੇ ਸਰੋਤਿਆਂ ਦਾ ਘੇਰਾ ਹੋਰ ਵਿਸ਼ਾਲ ਕਰਨ ਵਿੱਚ ਕਾਮਯਾਬ ਹੋਵੇ।
****
No comments:
Post a Comment