ਸੂਫ਼ੀ ਆਰਟਸ ਫ਼ਾਊਂਡੇਸ਼ਨ ਅਤੇ ਪੰਜਾਬੀ ਨਿਊਜ਼ ਆਨਲਾਈਨ ਵੱਲੋਂ ਡਾ. ਆਨੰਦੀ ‘ਸੰਦਲੀ ਹਵਾ’ ਲੋਕ-ਅਰਪਿਤ.......... ਸੀ.ਡੀ. ਰਿਲੀਜ਼ / ਪਰਮਿੰਦਰ ਸਿੰਘ ਤੱਗੜ (ਡਾ.)


ਬਠਿੰਡਾ: ਸਥਾਨਕ ਸਿਵਲ ਲਾਈਨਜ਼ ਕਲੱਬ ਵਿਖੇ ਸੂਫ਼ੀ ਆਰਟਸ ਫ਼ਾਊਂਡੇਸ਼ਨ ਬਠਿੰਡਾ ਅਤੇ ਅੰਤਰ ਰਾਸ਼ਟਰੀ ਰੋਜ਼ਾਨਾ ਪੰਜਾਬੀ ਇੰਟਰਨੈਟ ਅਖ਼ਬਾਰ ‘ਪੰਜਾਬੀ ਨਿਊਜ਼ ਆਨਲਾਈਨ’ ਦੇ ਉੱਦਮ ਦੇ ਸਦਕਾ ਇੱਕ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਦੌਰਾਨ ਪ੍ਰਸਿੱਧ ਅੰਗਰੇਜ਼ੀ ਅਤੇ ਪੰਜਾਬੀ ਸਾਹਿਤਕਾਰ ਡਾ. ਜੇ. ਐਸ. ਆਨੰਦ ਦੀ ਪੁਸਤਕ ‘ਸਾਰੀਆਂ ਪੌਣਾਂ ਸਾਰੀ ਚਾਨਣੀ’ ’ਚੋਂ ਚੋਣਵੀਆਂ ਰਚਨਾਵਾਂ ਦੇ ਅਧਾਰਤ ਪੰਜਾਬੀ ਆਡੀਓ ਸੀ. ਡੀ. ‘ਸੰਦਲੀ ਹਵਾ’ ਨੂੰ ਲੋਕ ਅਰਪਿਤ ਕੀਤਾ ਗਿਆ। ਸੂਫ਼ੀ ਆਰਟਸ ਫ਼ਾਊਂਡੇਸ਼ਨ ਦੀ ਇਸ ਪਲੇਠੀ ਪੇਸ਼ਕਸ਼ ਵਿਚ ਖੁਸ਼ੀ-ਗ਼ਮੀ, ਮੁਹੱਬਤ ਅਤੇ ਬਿਰਹਾ ਦੀ ਤਰਜ਼ਮਾਨੀ ਕਰਦੇ ਅੱਠ ਗੀਤ ਸ਼ਾਮਲ ਹਨ। ਜਿਹਨਾਂ ਨੂੰ ਦਿਲਕਸ਼ ਆਵਾਜ਼ ਦੀ ਮਾਲਕ ਉੱਭਰਦੀ ਗਾਇਕਾ ਵਰਿੰਦਰ ਵਿੰਮੀ ਨੇ ਬਾਖ਼ੂਬੀ ਗਾਇਆ ਹੈ। ਇਸ ਨੂੰ ਸੰਗੀਤ ਦਿੱਤਾ ਹੈ ਨੌਜਵਾਨ ਸੰਗੀਤਕਾਰ ਰਾਜਿੰਦਰ ਰਿੰਕੂ ਨੇ। ਇਸ ਸੀ. ਡੀ ਨੂੰ ਲੋਕ ਅਰਪਣ ਕਰਨ ਦੀ ਰਸਮ ਸਾਹਿਤਕ ਰੁਚੀਆਂ ਦੇ ਧਾਰਨੀ ਅਤੇ ‘ਉਡਾਨ’ ਨਾਂ ਦੀ ਸੁਪ੍ਰਸਿਧ ਪੁਸਤਕ ਦੇ ਰਚਨਹਾਰ ਡਾ. ਜਤਿੰਦਰ ਜੈਨ (ਆਈ. ਪੀ. ਐਸ.) ਡੀ ਆਈ ਜੀ ਫ਼ਰੀਦਕੋਟ ਰੇਂਜ ਵੱਲੋਂ ਨਿਭਾਈ ਗਈ। ਇਸ ਮੌਕੇ ਸਰੋਤਿਆਂ ਨੂੰ ਸੰਬੋਧਤ ਹੁੰਦਿਆਂ ਡਾ. ਜੈਨ ਨੇ ਕਿਹਾ ਕਿ ਡਾ. ਆਨੰਦ ਇਕ ਬਹੁਪੱਖੀ ਸ਼ਖ਼ਸੀਅਤ ਹਨ ਜੋ ਸਫ਼ਲ ਪ੍ਰਬੰਧਕ ਦੇ ਨਾਲ਼-ਨਾਲ਼ ਇਕ ਪ੍ਰਬੁੱਧ ਸਾਹਿਤਕਾਰ, ਸਮਾਜਿਕ ਚਿੰਤਕ, ਵਾਤਾਵਰਨ ਪ੍ਰੇਮੀ ਅਤੇ ਅਧਿਆਤਮਕ ਵਿਚਾਰਧਾਰਾ ਨਾਲ਼ ਲਬਰੇਜ਼ ਵਿਅਕਤੀਤਵ ਰੱਖਦੇ ਹਨ। ਪੰਜਾਬੀ ਨਿਊਜ਼ ਆਨਲਾਈਨ ਦੀ ਟੀਮ ਵੱਲੋਂ ਡਾ. ਜਤਿੰਦਰ ਜੈਨ ਅਤੇ ਸੁਖਨੈਬ ਸਿੰਘ ਸਿੱਧੂ ਦੀ ਅਗਵਾਈ ਵਿਚ ਡਾ. ਆਨੰਦ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦੇ ਮੱਦੇਨਜ਼ਰ ਇਕ ਸਨਮਾਨ ਪੱਤਰ ਵੀ ਭੇਂਟ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਸਾਹਿਤ ਆਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ਡਾ. ਆਨੰਦ ਸਾਹਿਤ ਦਾ ਭਰਪੂਰ ਵਿਸ਼ਲੇਸ਼ਣ ਕਰਦਿਆਂ ਇਸ ਸੀ. ਡੀ. ਵਿਚਲੇ ਗੀਤਾਂ ਨੂੰ ਉਸ ਦੀ ਗੀਤਕਾਰੀ ਦੇ ਨਵੇਂ ਦਿੱਸਹੱਦਿਆਂ ਦੀ ਨਿਸ਼ਾਨਦੇਹੀ ਕਰਾਰ ਦਿੱਤਾ। ਪੰਜਾਬੀ ਨਿਊਜ਼ ਆਨਲਾਈਨ ਦੇ ਮੁੱਖ ਸੰਪਾਦਕ ਸੁਖਨੈਬ ਸਿੰਘ ਸਿੱਧੂ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਡਾ. ਆਨੰਦ ਦੀਆਂ ਪ੍ਰਾਪਤੀਆਂ ਵਜੋਂ ਇਸ ਨਵੇਂ ਅਧਿਆਇ ਨੂੰ ਪੰਜਾਬੀ ਕਾਵਿ ਦੇ ਭਵਿੱਖ ਲਈ ਸੁਨਹਿਰਾ ਸਬੱਬ ਬਿਆਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਾਮੀ ਸੂਰਯਾ ਦੇਵ ਜੀ, ਸ੍ਰੀ ਪੀ. ਡੀ. ਗੋਇਲ ਉਪ-ਚੇਅਰਮੈਨ ਸਥਾਨਕ ਪ੍ਰਬੰਧਕੀ ਕਮੇਟੀ ਡੀ ਏ ਵੀ ਕਾਲਜ ਬਠਿੰਡਾ, ਹਰਪਾਲ ਸਿੰਘ ਪੀ. ਸੀ. ਐਸ., ਪ੍ਰਸਿਧ ਮੀਡੀਆ ਹਸਤੀ ਮਿੰਟੂ ਬਰਾੜ ਆਸਟ੍ਰੇਲੀਆ, ਡਾ. ਪਰਮਜੀਤ ਰੋਮਾਣਾ, ਡਾ.ਵਿਮਲਾਂਸ਼ੂ ਮਲਿਕ ਪ੍ਰਿੰਸੀਪਲ ਮਾਤਾ ਜਸਵੰਤ ਕੌਰ ਪਬਲਿਕ ਸਕੂਲ ਬਾਦਲ, ਪ੍ਰਿੰ. ਨਸੀਬ ਕੌਰ, ਪ੍ਰਿੰ. ਅਸ਼ੋਕ ਸ਼ਾਸਤਰੀ, ਡਾ. ਰਣਜੀਤ ਕੌਰ (ਪ੍ਰਿੰ.) ਆਕਲੀਆ ਕਾਲਜ ਆਫ਼ ਐਜੂਕੇਸ਼ਨ, ਪ੍ਰੋ. ਰਜਨੀਸ਼ ਕੁਮਾਰ, ਚਰਨਜੀਤ ਭੁੱਲਰ ਪੰਜਾਬੀ ਟ੍ਰਿਬਿਊਨ, ਸੁਖਵੰਤ ਭੁੱਲਰ, ਗੁਰਭੇਜ ਚੌਹਾਨ, ਅਮਰਜੀਤ ਢਿੱਲੋਂ, ਇੰਜੀ. ਸਤਿੰਦਰਜੀਤ ਸਿੰਘ, ਗੁਰਚਰਨ ਸਿੰਘ, ਆਰਟਿਸਟ ਅਮਰਜੀਤ ਸਿੰਘ, ਪ੍ਰੋ. ਬੇਅੰਤ ਕੌਰ, ਡਾ. ਸੁਖਦੀਪ ਕੌਰ, ਕਹਾਣੀਕਾਰ ਗੁਰਦੇਵ ਖੋਖਰ, ਪ੍ਰੋ. ਭੁਪਿੰਦਰ ਜੱਸਲ, ਭੁਪਿੰਦਰ ਪੰਨੀਵਾਲੀਆ, ਸੰਗੀਤ ਨਿਰਦੇਸ਼ਕ ਰਾਜਿੰਦਰ ਰਿੰਕੂ ਸਮੇਤ ਅਨੇਕਾਂ ਸਾਹਿਤ ਅਤੇ ਸਭਿਆਚਾਰ ਨਾਲ਼ ਜੁੜੀਆਂ ਹਸਤੀਆਂ ਮੌਜੂਦ ਸਨ। ਗਾਇਕਾ ਵਰਿੰਦਰ ਵਿੰਮੀ, ਗਾਇਕ ਗੁਰਸੇਵਕ ਚੰਨ ਅਤੇ ਬਾਲ ਗਾਇਕ ਕਰਨ ਸ਼ਰਮਾਂ ਨੇ ਡਾ. ਆਨੰਦ ਦੀਆਂ ਰਚਨਾਵਾਂ ਨੂੰ ਸੰਗੀਤਕ ਸੁਰਾਂ ਸੰਗ ਪੇਸ਼ ਕਰਕੇ ਵਾਹ-ਵਾਹ ਖੱਟੀ। ਇਸ ਮੌਕੇ ਡਾ. ਜੇ. ਐਸ. ਆਨੰਦ ਦੀਆਂ ਸਾਹਿਤਕ ਪੁਸਤਕਾਂ ਅਤੇ ਤਾਜ਼ਾ ਲੋਕ-ਅਰਪਿਤ ਆਡੀਓ ਸੀ.ਡੀ. ਜ਼ ਦੀ ਪ੍ਰਦਰਸ਼ਨੀ ਵੀ ਲਾਈ ਗਈ।

No comments:

Post a Comment