ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਰਿਲੀਜ਼ “ਸੱਜਣਾਂ ਦਾ ਖੂਹ”ਹੁਣ ਪਾਠਕਾਂ ਦੀ ਪਿਆਸ ਬੁਝਾਵੇਗਾ.......... ਪੁਸਤਕ ਰਿਲੀਜ਼ / ਤਰਲੋਚਨ ਸੈਂਭੀ


ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ 11 ਜੁਲਾਈ 2010 ਨੂੰ ਫਾਲਕਿਨਰਿਜ਼ / ਕੈਸਲਰਿਜ਼ ਕਮਿਊਨਟੀ ਹਾਲ ਵਿੱਚ, ਕੈਲਗਰੀ ਸਹਿਰ ਦੇ ਪਤਵੰਤੇ ਸੱਜ਼ਣਾਂ ਦੀ ਭਰਵੀਂ ਹਾਜ਼ਰੀ ਵਿੱਚ ਪੰਜਾਬੀ ਦੇ ਪ੍ਰਸਿੱਧ ਗੀਤਕਾਰ “ਮੰਗਲ ਹਠੂਰ” ਦੇ ਲਿਖੇ ਹੋਏ ਗੀਤਾਂ ਦੀ ਕਿਤਾਬ “ਸੱਜ਼ਣਾਂ ਦਾ ਖੂਹ” ਰਿਲੀਜ਼ ਕਰਨ ਦਾ ਪ੍ਰੋਗ੍ਰਾਮ ਰਾਮਪਾਲ ਸੋਹੀ ਦੇ ਉਪਰਾਲੇ ਨਾਲ ਉਲੀਕਿਆ ਗਿਆ। ਦਿਨ ਦੇ ਦੋ ਵਜੇ ਸਟੇਜ ਸਕੱਤਰ ਦੀ ਜਿੰਮੇਵਾਰੀ ਸਾਂਭਦਿਆਂ ਹਰਬੰਸ ਬੁੱਟਰ ਨੇ ਪ੍ਰਧਾਨਗੀ ਮੰਡਲ ਲਈ ਸਭਾ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ, ਪ੍ਰੋ: ਮਨਜੀਤ ਸਿੰਘ ਸਿੱਧੂ ਅਤੇ ਅੱਜ ਦੇ ਮੁੱਖ ਮਹਿਮਾਨ ਮੰਗਲ ਹਠੂਰ ਨੂੰ ਮੰਚ ਉੱਪਰ ਆਉਣ ਲਈ ਸੱਦਾ ਦਿੱਤਾ। ਗੋਰਾ ਰਕਵੇ ਵਾਲਾ ਦੇ ਗੀਤ “ਹੁਣ ਰੰਗਲਾ ਪੰਜਾਬ ਗੀਤਾਂ ਦੇ ਵਿੱਚ ਹੀ ਰਹਿ ਗਿਆ ਏ” ਨਾਲ ਪ੍ਰੋਗਰਾਮ ਦੀ ਸੁਰੂਆਤ ਹੋਈ। ਸੱਤਪਾਲ ਕੌਸਿਲ ਨੇ ਮੰਗਲ ਹਠੂਰ ਨਾਲ ਆਪਣੇ ਪਿੰਡਾਂ ਦੀ ਮਿੱਟੀ ਦੀ ਮਹਿਕ ਦੀ ਸਾਂਝ ਬਾਰੇ ਗੱਲ ਕਰਦਿਆਂ ਮੰਗਲ ਹਠੂਰ ਨੂੰ ਜੀ ਆਇਆਂ ਕਿਹਾ। ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ “ਸੱਜਣਾਂ ਦੇ ਖੂਹ” ਬਾਰੇ ਗੱਲ ਕਰਦਿਆਂ ਕਿਹਾ ਕਿ ਮੰਗਲ ਹਠੂਰ ਨੇ ਦੁਨੀਆ ਭਰ ਦੇ ਸਮਾਜ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਆਪਣੀ ਕਲਮ ਰਾਹੀਂ ਕਹਿਣ ਦੀ ਸਫਲ ਕੋਸਿ਼ਸ ਕੀਤੀ ਹੈ।


“ਰੱਬਾ ਇਹ ਈਰਖਾ ਦੀ ਵੇਲ ਸੁੱਕ ਜਾਏ।ਦੁਨੀਆਂ ਚੋਂ ਸਦਾ ਲਈ ਲੜਾਈ ਮੁੱਕ ਜਾਏ”

“ਇਉਂ ਨਾ ਕਰ ਮਿੱਤਰਾ ਪਾਣੀ ਦੀ ਬਰਬਾਦੀ”

“ਮਾਂ ਵੀ ਧੀ ਸੀ ਭੁੱਲ ਇਸ ਗੱਲ ਨੂੰ ,ਰੋਜ ਸਾਡੇ ਤੇ ਜ਼ੁਲਮ ਕਮਾਉਣ ਲੱਗੀ”

ਜਿਸ ਵੇਲੇ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ “ਸੱਜਣਾਂ ਦੇ ਖੂਹ” ਦੀ ਘੁੰਢ ਚੁਕਾਈ ਕੀਤੀ ਤਾਂ ਉਸ ਵੇਲੇ ਮੰਚ ਉਤੇ ਰਾਮਪਾਲ ਸੋਹੀ, ਹਰਬੰਸ ਬੁੱਟਰ, ਪ੍ਰੋ: ਮਨਜੀਤ ਸਿੰਘ ਸਿੱਧੂ, ਸਾਹਬਾਜ਼ ਹੁੰਦਲ, ਰਾਣਾ ਸੰਧੂ, ਬਲਦੇਵ ਸੰਘਾ, ਵੀਰਪਾਲ ਸੋਹੀ ਅਤੇ ਨਵਦੀਪ ਵੀ ਹਾਜ਼ਰ ਸਨ। ਮੰਗਲ ਹਠੂਰ ਨੇ ਤਕਰੀਬਨ ਇੱਕ ਘੰਟਾ ਸਰੋਤਿਆਂ ਨਾਲ ਆਪਣੀ ਕਲਮ ਦੇ ਸਫਰ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਰੇਡੀਓ ਸੁਰ ਸੰਗਮ ਵਾਲਾ ਰਣਜੀਤ ਸਿੱਧੂ ਵੀ ਆਪਣਾ ਸਾਜ਼ੋ ਸਾਮਾਨ ਲੈ ਕੇ ਉੱਥੇ ਪਹੁੰਚਿਆ ਹੋਇਆ ਸੀ, ਜਿਸ ਨੇ ਹਾਲ ਵਿੱਚੋਂ ਹੀ ਸਿੱਧੇ ਪ੍ਰਸਾਰਣ ਰਾਹੀਂ ਸਮੁੱਚੇ ਕੈਲਗਰੀ ਨਿਵਾਸੀਆਂ ਨੂੰ ਇਸ ਪ੍ਰੋਗਰਾਮ ਨਾਲ ਜੋੜੀ ਰੱਖਿਆ। “ਸੱਜਣਾਂ ਦਾ ਖੂਹ” ਨੂੰ ਖਰੀਦ ਕੇ ਪੜ੍ਹਨ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ, ਉੱਧਰ ਮੰਗਲ ਹਠੂਰ ਆਪਣੇ ਹੱਥੀਂ ਬਹੁਤ ਹੀ ਪਿਆਰ ਸਤਿਕਾਰ ਨਾਲ ਕਿਤਾਬ ਉੱਤੇ ਆਪਣੇ ਦਸਤਖਤ ਕਰਕੇ ਆਪਣੀ ਕਲਮ ਦੇ ਪ੍ਰਸ਼ੰਸਕਾਂ ਦਾ ਮਾਣ ਰੱਖ ਰਿਹਾ ਸੀ। ਸਮਾਗਮ ਦੇ ਅਖੀਰ ਉੱਤੇ ਰਾਮਪਾਲ ਸੋਹੀ ਨੇ ਸਾਰੇ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਦਿਆਂ ਨਾਲ ਹੀ ਵਾਅਦਾ ਵੀ ਕੀਤਾ ਕਿ ਮੰਗਲ ਹਠੂਰ ਜਿੰਨਾਂ ਵੀ ਲਿਖੇਗਾ, ਉਸ ਦੀਆਂ ਕਿਤਾਬਾਂ ਦੀ ਛਪਵਾਈ ਦਾ ਖ਼ਰਚਾ ਕਰਨ ਦੀ ਜਿੰਮੇਵਾਰੀ ਰਾਮਪਾਲ ਸੋਹੀ ਬਾਜਾਖਾਨਾ ਖੁਦ ਚੁੱਕੇਗਾ। ਇਸ ਤੋਂ ਪਹਿਲਾਂ ਵੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਹੀ ਮੰਗਲ ਹਠੂਰ ਦਾ ਨਾਵਲ “ਸਬਰ” ਰਿਲੀਜ਼ ਕੀਤਾ ਗਿਆ ਸੀ। ਚੰਗੀ ਸੋਚ ਵਾਲੀਆਂ ਕਲਮਾਂ ਨੂੰ ਪੰਜਾਬੀ ਲਿਖਾਰੀ ਸਭਾ ਹਮੇਸ਼ਾ ਹੀ ਜੀ ਆਇਆਂ ਕਹਿੰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। 

***


No comments:

Post a Comment