ਪ੍ਰਸਿੱਧ ਨਾਵਲਕਾਰ ਸ੍ਰੀ ਸ਼ਾਹ ਚਮਨ ਭਾਰਤੀ ਸਾਹਿਤ ਅਕੈਡਮੀ ਦੇ ਅਨੁਵਾਦਕ ਪੁਰਸਕਾਰ ਨਾਲ ਸਨਮਾਨਿਤ.......... ਸਨਮਾਨ ਸਮਾਰੋਹ

ਭਾਰਤੀ ਸਾਹਿਤ ਅਕੈਡਮੀ ਵੱਲੋਂ ਦਿੱਤੇ ਜਾਂਦੇ ਹਰ ਸਾਲ ਦੇ ਅਨੁਵਾਦਿਕ ਪੁਰਸਕਾਰ ਲਈ, ਇਸ ਸਾਲ ਪ੍ਰਸਿੱਧ ਨਾਵਲਕਾਰ ਅਤੇ ਅਨੁਵਾਦਕ ਸ਼ਾਹ ਚਮਨ ਭਾਰਤੀ ਸਾਹਿਤ ਅਕੈਡਮੀ ਵੱਲੋਂ ਪ੍ਰੇਮ ਚੰਦ ਦੇ ਚਰਚਿਤ ਨਾਵਲ ‘ਕਰਬਲਾ’ ਦਾ ਅਨੁਵਾਦ ਕਰਨ ਤੇ ਸਲਾਨਾ ਅਨੁਵਾਦ ਪੁਰਸਕਾਰ ਪ੍ਰਦਾਨ ਕਰਨ ਦਾ ਐਲਾਨ ਹੋਇਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੇ ਪੰਜ ਮੂਲ ਨਾਵਲ ਹਨ੍ਹੇਰੇ ਵਿੱਚ ਘਿਰਿਆ ਮਨੁੱਖ, ਜ਼ਖ਼ਮੀ ਗੁਲਾਬ, ਮਾਤਮਖਾਨਾ, ਜੁਆਲਾਮੁਖੀ ਅਤੇ ਰਾਗ ਇਸ਼ਕ ਤੋਂ ਇਲਾਵਾ ਤਿੰਨ ਕਾਵਿ ਸੰਗ੍ਰਹਿ ਸੂਰਜ ਚੜ੍ਹਨ ਤੋਂ ਪਹਿਲਾਂ, ਬੇਦਾਵਾ ਅਤੇ ਕਿਰਚਾਂ ਦਾ ਆਲ੍ਹਣਾ ਪ੍ਰਕਾਸਿ਼ਤ ਹੋ ਚੁੱਕੇ ਹਨ । ਅਨੁਵਾਦਿਕ ਦੇ ਖੇਤਰ ਵਿੱਚ ਕਰਬਲਾ ਤੋਂ ਇਲਾਵਾ ਉਨ੍ਹਾਂ ਅੰਤਰ ਚੈਖ਼ਵ ਦੇ ਨਾਵਲ ਤਿੰਨ ਵਰ੍ਹੇ, ਬੰਕਮ ਚੰਦਰ ਚਟੋਪਾਧਿਆ ਦੇ ਨਾਵਲ ਅਨੰਦ ਮੱਠ, ਮਿਖਾਇਲ ਬਲਗਾਕੋਵ ਦੇ ਨਾਵਲ ਕੁੱਤਾ ਆਦਮੀ ਅਤੇ ਹਾਰਡੀ ਦੇ ਨਾਵਲ ਸਪਾਰਟੈਕਸ ਦਾ ਪੰਜਾਬੀ ਅਨੁਵਾਦ ਕੀਤਾ ਹੈ । ਇਸ ਤਰ੍ਹਾਂ ਉਨ੍ਹਾਂ ਨੇ ਅੰਤਰਰਾਸ਼ਟਰੀ ਸਾਹਿਤ ਨੂੰ ਪੰਜਾਬੀ ਦੇ ਪਾਠਕਾਂ ਤੱਕ ਪਹੁੰਚਾਉਣ ਦਾ ਭਰਪੂਰ ਯੋਗਦਾਨ ਪਾਇਆ ਹੈ । ਪਾਕਿਸਤਾਨੀ ਪੰਜਾਬ ਦੇ ਪੰਜਾਬੀ ਸਾਹਿਤ ਦਾ ਲਿਪੀਅੰਤਰ ਕਰਨ ਵਿਚ ਵੀ ਉਨ੍ਹਾਂ ਦਾ ਸ਼ਲਾਘਾਯੋਗ ਯੋਗਦਾਨ ਹੈ । ਫ਼ਖ਼ਰ ਜ਼ਮਾਨ ਦੇ ਨਾਵਲ ਤੂੰ ਕਿ ਮੈਂ, ਸ਼ੌਕਤ ਅਲੀ ਦੇ ਗੀਤ ਸੰਗ੍ਰਹਿ ਹੰਝੂਆਂ ਦੇ ਆਲਣੇ ਤੋਂ ਇਲਾਵਾ ਪ੍ਰਸਿੱਧ ਸ਼ਾਇਰ ਤੇ ਫਿ਼ਲਮਸਾਜ਼ ਗੁਲਜ਼ਾਰ ਦੀ ਉਰਦੂ ਸ਼ਾਇਰੀ ਰਾਤ ਪਸ਼ਮੀਨੇ ਕੀ ਦਾ ਸ਼ਾਹਮੁਖੀ ਤੋਂ ਗੁਰਮੁਖੀ ਲਿਪੀ ਵਿੱਚ ਲਿਪੀਅੰਤਰ ਕੀਤਾ ਹੈ । ਉਨ੍ਹਾਂ ਨੇ ਪੰਜਾਬ ਦੇ ਬੋਲ ਕਾਵਿ ਸੰਗ੍ਰਹਿ, ਕਲਾਮ ਬੁੱਲ੍ਹੇ ਸ਼ਾਹ ਜੀਵਨ ਤੇ ਰਚਨਾ, ਜੰਗਨਾਮਾ ਹਿੰਦ ਪੰਜਾਬ, ਕਲਾਮ ਸ਼ਾਹ ਹੁਸੈਨ, ਹੀਰ ਵਾਰਿਸ ਜੀਵਨ ਤੇ ਰਚਨਾ ਅਤੇ ਕਲਾਮ ਸੁਲਤਾਨ ਬਾਹੂ, ਪੁਸਤਕਾਂ ਦਾ ਸੰਪਾਦਨ ਕੀਤਾ ਹੈ । ਸ਼ਾਹ ਚਮਨ ਜੀ ਤ੍ਰਿਸ਼ੰਕੂ ਤ੍ਰੈ-ਮਾਸਿਕ ਦੇ ਸਰਪ੍ਰਸਤ ਹਨ ਅਤੇ ਅੱਜਕੱਲ ਕੋਟਕਪੂਰਾ ਵਿਖੇ ਚੇਤਨਾ ਪ੍ਰਕਾਸ਼ਨ ਦੇ ਖੇਤਰੀ ਦਫ਼ਤਰ ਦਾ ਸੰਚਾਲਨ ਬਾਖੂਬੀ ਕਰ ਰਹੇ ਹਨ । ਉਹ ਪਿਛਲੇ 45 ਸਾਲ ਤੋਂ ਪੰਜਾਬੀ ਸਾਹਿਤ ਨਾਲ਼ ਜੁੜੇ ਹੋਏ ਹਨ ਅਤੇ ਲਗਾਤਾਰ ਸੰਸਾਰ ਦੀਆਂ ਸਰਵਸ੍ਰੇਸ਼ਟ ਪੁਸਤਕਾਂ ਦਾ ਅਨੁਵਾਦ ਕਰਨ ਵਿਚ ਰੁਝੇ ਹੋਏ ਹਨ । ਉਨ੍ਹਾਂ ਨੂੰ ਇਹ ਪੁਰਸਕਾਰ ਮਿਲਣ ਤੇ ਬਹੁਤ ਸਾਰੇ ਅਦਾਰਿਆਂ ਤੇ ਸਾਹਿਤਕਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ । ਦੇਸ਼ ਵਿਦੇਸ਼ ਅਤੇ ਸਥਾਨਕ ਲੇਖਕਾਂ ਜਿਨ੍ਹਾਂ ਵਿਚ ਸਰਵ ਸ੍ਰੀ ਸੁਰਜੀਤ ਪਾਤਰ, ਅਮਰਜੀਤ ਗਰੇਵਾਲ, ਦੀਪਕ ਮਨਮੋਹਨ, ਡਾ. ਸੁਤਿੰਦਰ ਸਿੰਘ ਨੂਰ, ਸਵਰਨਜੀਤ ਸਵੀ, ਡਾ. ਗੁਰਇਕਬਾਲ ਸਿੰਘ, ਪ੍ਰੋ. ਗੁਰਭਜਨ ਗਿੱਲ, ਡਾ. ਰਵਿੰਦਰ ਭੱਠਲ, ਜਸਵੰਤ ਜ਼ਫ਼ਰ, ਡਾ. ਰਜਨੀਸ਼ ਬਹਾਦਰ ਸਿੰਘ, ਗੁਰਬਚਨ ਸਿੰਘ ਭੁੱਲਰ, ਅਮਰਦੀਪ ਗਿੱਲ, ਸ਼ਾਇਰ ਰਾਮ ਸਿੰਘ, ਮਨੋਜ ਸਿੰਘ, ਸਵਰਨ ਚੰਦਨ, ਹਰਬੰਸ ਮਾਛੀਵਾੜਾ, ਲੋਕ ਨਾਥ, ਡਾ. ਦਰਸ਼ਨ ਗਿੱਲ, ਜਰਨੈਲ ਸੇਖਾ, ਨਦੀਮ ਪਰਮਾਰ, ਡਾ. ਇੰਦਰਜੀਤ ਭਿੰਡਰ, ਬਲਬੀਰ ਪਰਵਾਨਾ ਆਦਿ ਨੇ ਉਨ੍ਹਾਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ।

No comments:

Post a Comment