ਇਤਿਹਾਸਕਾਰ ਪ੍ਰੋਫ਼ੈਸਰ ਸੁਭਾਸ਼ ਪਰਿਹਾਰ ਦੀ ਸੇਵਾ ਮੁਕਤੀ ’ਤੇ ਹੋਈ ਸਨਮਾਨ ਮਿਲਣੀ........... ਬਲਜੀਤ ਕੌਰ ਤੱਗੜ

ਕੋਟਕਪੂਰਾ : ਇਤਿਹਾਸ ਖੇਤਰ ਵਿਚ ਭਾਰਤ ਭਰ ਦੇ ਜਾਣੇਪਛਾਣੇ ਇਤਿਹਾਸਕਾਰ ਅਤੇ ਕਲਾ ਖੋਜੀ ਪ੍ਰੋਫ਼ੈਸਰ (ਡਾ) ਸੁਭਾਸ਼ ਪਰਿਹਾਰ ਦੀ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਇਤਿਹਾਸ ਵਿਭਾਗ ’ਚੋਂ ਹੋਈ ਸੇਵਾਮੁਕਤੀ ਨੂੰ ਯਾਦਗਾਰੀ ਬਨਾਉਣ ਦੇ ਉਦੇਸ਼ ਨਾਲ਼ ‘ਮਿੱਤਰ ਮੰਚ’ ਕੋਟਕਪੂਰਾ ਦੀ ਤਰਫ਼ੋ ‘ਸਨਮਾਨ ਮਿਲਣੀ’ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਪ੍ਰੋਫ਼ੈਸਰ (ਡਾ) ਸੁਭਾਸ਼ ਪਰਿਹਾਰ ਤੋਂ ਇਲਾਵਾ ਪੰਜਾਬੀ ਗ਼ਜ਼ਲਕਾਰੀ ਵਿਚ ਵਿਕਲੋਤਰਾ ਸਥਾਨ ਰੱਖਦੇ ਪ੍ਰਿੰਸੀਪਲ ਹਰੀ ਸਿੰਘ ਮੋਹੀ, ਕਹਾਣੀਕਾਰ ਜ਼ੋਰਾ ਸਿੰਘ ਸੰਧੂ ਅਤੇ ਵਿਅੰਗਕਾਰ ਰਾਜਿੰਦਰ ਜੱਸਲ ਸਤਿਕਾਰਤ ਮਹਿਮਾਨਾਂ ਵਜੋਂ ਸ਼ੁਮਾਰ ਸਨ। ਗ਼ੈਰਰਸਮੀ ਅਤੇ ਰਸਮੀ ਅੰਦਾਜ਼ ਵਿਚ ਹੋਈ ਇਸ ਮਿਲਣੀ ਦਾ ਸੰਚਾਲਨ ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਫ਼ੈਸਰ (ਡਾ) ਪਰਮਿੰਦਰ ਸਿੰਘ ਤੱਗੜ ਨੇ ਆਪਣੇ ਦਿਲਕਸ਼ ਅੰਦਾਜ਼ ’ਚ ਕਰਦਿਆਂ ਸਭ ਤੋਂ ਪਹਿਲਾਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ। 


ਉਪਰੰਤ ਇਸ ਮਿਲਣੀ ਦੇਸੂਤਰਧਾਰ, ਪੰਜਾਬੀ ਚਿੰਤਕ ਗੁਰਮੀਤ ਸਿੰਘ ਕੋਟਕਪੂਰਾ ਨੇ ਡਾ: ਪਰਿਹਾਰ ਦੀ ਸ਼ਖ਼ਸੀਅਤ ਬਾਰੇ ਵਿਸਤ੍ਰਿਤ ਚਰਚਾ ਕਰਦਿਆਂ ਉਸ ਦੀਆਂ ਪ੍ਰਾਪਤੀਆਂ ਤੇ ਉਸ ਦੁਆਰਾ ਰਚੀਆਂ ਕਲਾ ਇਤਿਹਾਸ ਨਾਲ਼ ਸਬੰਧਤ ਕੌਮਾਂਤਰੀ ਪੱਧਤੀ ਦੀਆਂ ਛੇ ਪੁਸਤਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਾਬਲੀਅਤ ਤੇ ਮਿਹਨਤ ਨਾਲ਼ ਕੋਟਕਪੂਰੇ ਦਾ ਨਾਂਅ ਸੰਸਾਰ ਪੱਧਰ ’ਤੇ ਸੁਰਖ਼ੀਆਂ ਵਿਚ ਲਿਆਉਣ ਲਈ ਡਾ: ਪਰਿਹਾਰ ਪ੍ਰਤੀ ਧਨਵਾਦ ਵਿਅਕਤ ਕੀਤਾ।ਮਿੱਤਰਾਂ ’ਚ ਸ਼ਾਮਲ ਪ੍ਰਸਿੱਧ ਆਈ ਸਰਜਨ ਡਾ: ਪ੍ਰਭਦੇਵ ਸਿੰਘ ਬਰਾੜ ਨੇ ਡਾ: ਪਰਿਹਾਰ ਨਾਲ਼ ਆਪਣੀ ਸਾਂਝਦੀਆਂ ਪਰਤਾਂ ਖੋਲਦਿਆਂ ਉਸ ਨੂੰ ਇਕ ਚੜਦੀ ਕਲਾ ਵਾਲਾ ਇਨਸਾਨ ਕਿਹਾ ਅਤੇ ਉਸ ਦੀ ਖੋਜ ਘਾਲਣਾ ਨੂੰ ਨਤਮਸਤਕ ਹੋਣ ਦੀ ਭਾਵਨਾ ਪ੍ਰਗਟ ਕੀਤੀ। ਪ੍ਰਿੰਸੀਪਲ ਹਰੀ ਸਿੰਘ ਮੋਹੀ ਨੇ ਡਾ: ਪਰਿਹਾਰ ਦੇ ਸੰਗੀਤਕ ਅਤੇ ਫ਼ੋਟੋਗ਼ਰਾਫ਼ੀ ਦੇ ਸ਼ੌਕ ਬਾਰੇ ਯਾਦਾਂ ਤਾਜ਼ਾ ਕਰਵਾਈਆਂ। ਡੈਂਟਲ ਸਰਜਨ ਡਾ। ਜਸਵਿੰਦਰ ਸਿੰਘ ਨੇ ਵਿਲੱਖਣ ਪ੍ਰਕਾਰ ਦੀ ਇਸ ਮਿਲਣੀ ਨੂੰ ਯਾਦਗਾਰੀ ਦਸਦਿਆਂ ਡਾ: ਪਰਹਾਰ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਮਾਹੌਲ ਨੂੰ ਸੁਰਬੱਧ ਕਰਦਿਆਂ ਕੁਲਦੀਪ ਮਾਣੂੰਕੇ ਨੇ ਲੋਕ ਕਵੀ ਸੰਤ ਰਾਮ ਉਦਾਸੀ ਦਾ ਆਪਣੀ ਮਿੱਟੀ ’ਤੇ ਰਹਿਕੇ ਲੋਕਾਈ ਦੀ ਸੇਵਾ ਕਰਨ ਦਾ ਸੁਨੇਹਾ ਦਿੰਦਾ ਗੀਤ ਭਾਵਪੂਰਤ ਅੰਦਾਜ਼ ਵਿਚ ਗਾਇਆ। ਮਿਲਣੀ ਮੌਕੇ ਮਿੱਤਰਤਾ ਵੰਡਣ ਵਾਲ਼ਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਤਲਵੰਡੀ ਸਾਬੋ ਕੈਂਪਸ ਵਿਖੇ ਸਥਿਤ ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਦੇ ਇੰਚਾਰਜ ਪ੍ਰੋਫ਼ੈਸਰ (ਡਾ) ਅਮਨਦੀਪ ਸਿੰਘ, ਅਮਰੀਕ ਸਿੰਘ ਸਿਬੀਆ ਅਤੇ ਗੁਰਮਨਦੀਪ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਮਿੱਤਰਾਂ ਵੱਲੋਂ ਡਾ: ਪਰਹਾਰ ਦੀ ਪੰਜਾਬ ਕੇਂਦਰੀਯੂਨੀਵਰਸਿਟੀ ਬਠਿੰਡਾ ਵਿਚ ਹੋਈ ਨਵੀਂ ਨਿਯੁਕਤੀ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ 500 ਦੇ ਕਰੀਬ ਪ੍ਰਾਚੀਨ ਇਤਿਹਾਸਕ ਇਮਾਰਤਾਂ ਬਾਰੇ ਮਿਲੇ ਤਾਜ਼ਾ ਖੋਜ ਪ੍ਰਾਜੈਕਟ ਲਈ ਵਧਾਈ ਦਿੱਤੀ ਅਤੇ ਸ਼ੁਭ ਕਾਮਨਾਵਾਂ ਭੇਟਕੀਤੀਆਂ। ਮਿੱਤਰਾਂ ਦੁਆਰਾ ‘ਸਨਮਾਨ ਮਿਲਣੀ’ ਦੇ ਰੂਪ ’ਚ ਦਿੱਤੇ ਸਤਿਕਾਰ ਲਈ ਡਾ: ਪਰਿਹਾਰ ਨੇ ਧਨਵਾਦ ਪੇਸ਼ ਕੀਤਾ ਅਤੇ ਭਵਿੱਖ ਵਿਚ ਵੀ ਮਿੱਤਰਾਂ ਦੀਆਂ ਅਕਾਦਮਕ ਆਸਾਂ ’ਤੇ ਪੂਰਾ ਉਤਰਨ ਦਾ ਅਹਿਦ ਦੁਹਰਾਇਆ।
****

No comments:

Post a Comment