ਨਿੰਦਰ ਘੁਗਿਆਣਵੀ ਨੇ ਬ੍ਰਿਜ਼ਬਨ ਵਾਸੀਆਂ ਦਾ ਮਨ ਮੋਹ ਲਿਆ..........ਸਨਮਾਨ ਸਮਾਰੋਹ / ਮਨਜੀਤ ਬੋਪਾਰਾਏ

ਬ੍ਰਿਜ਼ਬਨ : ਭਾਰਤ ਤੋਂ ਆਸਟ੍ਰੇਲੀਆ ਦੀ ਯਾਤਰਾ ‘ਤੇ ਆਏ ਹੋਏ ਪ੍ਰਸਿੱਧ ਪੰਜਾਬੀ ਲੇਖਕ ਅਤੇ ਕਾਲਮ ਲੇਖਕ ਨਿੰਦਰ ਘੁਗਿਆਣਵੀ ਸਿਡਨੀ, ਮੈਲਬੌਰਨ, ਐਡੀਲੇਡ ਤੋਂ ਹੁੰਦੇ ਹੋਏ ਜਦ ਬ੍ਰਿਜ਼ਬਨ ਆਏ ਤਾਂ ਸਥਾਨਕ ਇੰਡੋਜ਼ ਕਲਚਰ ਕਮਿਊਨਿਟੀ ਸੈਂਟਰ ਵਿੱਚ ਵੱਲੋਂ ਉਹਨਾਂ ਦੇ ਸਨਮਾਨ ਹਿੱਤ ਇੱਕ ਯਾਦਗਾਰੀ ਸ਼ਾਮ ਮਨਾਈ ਗਈ, ਜਿਸ ਵਿੱਚ ਬ੍ਰਿਜ਼ਬਨ ਦੇ ਸਾਹਿਤ ਅਤੇ ਕਲਾ ਪ੍ਰੇਮੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ਵਿੱਚ ਨਿੰਦਰ ਘੁਗਿਆਣਵੀ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਉਹਨਾਂ ਆਪਣੇ ਪਾਠਕਾਂ ਨੂੰ ਪੁਸਤਕਾਂ ਉਤੇ ਆਟੋਗ੍ਰਾਫ਼ ਬੜੇ ਮਾਣ ਨਾਲ ਦਿੱਤੇ ਅਤੇ ਇਤਫ਼ਾਕ ਇਹ ਵੀ ਹੋਇਆ ਕਿ ਆਏ ਹੋਏ ਮਹਿਮਾਨ ਲੇਖਕ ਦੀਆਂ ਸਾਰੀਆਂ ਪੁਸਤਕਾਂ ਵੀ ਇੰਡੋਜ਼ ਦੀ ਲਾਇਬਰੇਰੀ ਵਿੱਚ ਮੋਜੂਦ ਸਨ। ਸਭ ਤੋਂ ਪਹਿਲਾਂ ਮਨਜੀਤ ਬੋਪਰਾਏ  ਸੰਪਾਦਕ ‘ਦਾ ਪੰਜਾਬ’ ਨੇ ਜਿੱਥੇ ਨਿੰਦਰ ਘੁਗਿਆਣਵੀ ਦੀ ਪੰਜਾਬੀ ਸਾਹਿਤ ਅਤੇ ਸਭਿਅਚਾਰ ਨੂੰ ਉਹਨਾਂ ਦੀ ਦੇਣ ਬਾਰੇ ਚਾਨਣਾ ਪਾਇਆ, ਉਥੇ ਆਏ ਹੋਏ ਸਭਨਾਂ ਸ੍ਰੋਤਿਆਂ ਨੂੰ ਜੀਓ ਆਇਆਂ ਵੀ ਕਿਹਾ। 
ਮੰਚ ਸੰਚਾਲਨ ਕਰਦਿਆਂ ਰਛਪਾਲ ਹੇਅਰ ਹੋਸਟ ਪੰਜਾਬੀ ਕਮਿਊਨਿਟੀ ਰੇਡੀਓ  ਨੇ ਕੁਝ ਕਵੀਆਂ ਨੂੰ ਆਪਣਾ ਆਪਣਾ ਕਲਾਮ ਸੁਣਾਉਣ ਦਾ ਸੱਦਾ ਦਿੱਤਾ । ਉਭਰਦੇ ਕਵੀਆਂ ਸਰਬ, ਨਾਗਰਾ, ਦਵਿੰਦਰ, ਅਮਨ ਟੱਲੇਵਾਲ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਦਲਬੀਰ ਸੁਮਨ ਹਲਵਾਰਵੀ ਨੇ ਇਸ ਮੌਕੇ ‘ਤੇ ਨਿੰਦਰ ਘੁਗਿਆਣਵੀ ਦੀਆਂ ਲਿਖਤਾਂ ਦੇ ਵਿਸ਼ੇ ਤੇ ਵਸਤੂ ਦੀ ਗੱਲ ਕਰਦਿਆਂ ਆਖਿਆ ਕਿ ਉਹਨਾਂ ਨੇ ਪੰਜਾਬ ਦੇ ਸਭਿਆਚਾਰ ਤੇ ਸੰਗੀਤ ਨੂੰ ਆਪਣੀਆਂ ਲਿਖਤਾਂ ਵਿੱਚ ਬਾਖੂਬੀ ਰੂਪਮਾਨ ਕੀਤਾ ਹੈ। ਰੇਡੀਓ ਬ੍ਰਿਜ਼ਬਾਨੀ ਦੇ ਹੋਸਟ ਮਨਮੀਤ ਅਲੀ ਸ਼ੇਰ ਨੇ ਨਿੰਦਰ ਘੂਗਿਆਣਵੀ ਦੇ ਨਾਂ ਲਿਖਿਆ ਇੱਕ ਸਾਹਿਤਕ ਪੱਤਰ ਪੜ੍ਹ ਕੇ ਸੁਣਾਇਆ। ਸ੍ਰੀ ਘੁਗਿਆਣਵੀ ਨੇ ਜਿੱਥੇ ਆਪਣੀ ਤਕਰੀਰ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਬਾਰੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਮਨਾਂ ਨੂੰ ਮੋਹਣ ਵਾਲੀਆਂ ਗੱਲਾਂ ਕੀਤੀਆਂ, ਉਥੇ ਉਹਨਾਂ ਨਾਲੋ ਨਾਲ ਆਪਣੀ ਜਿ਼ੰਦਗੀ ਦੀ ਜੱਦੋ ਜਹਿਦ ਅਤੇ ਲਿਖਣ ਪ੍ਰਕਿਰਿਆ ਬਾਰੇ ਵੀ ਬੜੇ ਦਿਲਕਸ਼ ਅੰਦਾਜ਼ ਵਿੱਚ ਚਾਨਣਾ ਪਾਇਆ। ਉਹਨਾਂ ਤੂੰਬੇ ਨਾਲ ਜਦ ਪੂਰਨ ਭਗਤ ਦੀ ਲੋਕ ਗਾਥਾ ਦਾ ਗਾਇਨ ਕੀਤਾ ਤਾਂ ਉਸਤਾਦ ਗਾਇਕ ਯਮਲਾ ਜੱਟ ਜੀ ਦੀ ਯਾਦ ਸਕਾਰ ਹੋ ਗਈ। ਨਿੰਦਰ ਘੁਗਿਆਣਵੀ ਦੇ ਸਨਮਾਨ ਵਿੱਚ ਇੰਡੋਜ਼ ਕਲਚਰ ਕਮਿਊਨਿਟੀ ਸੈਂਟਰ ਦੇ ਚੇਅਰਮੈਨ ਪਰਮਜੀਤ ਸਿੰਘ ਸਰਾਏ, ਹਰਜਿੰਦਰ ਸਿੰਘ ਬਾਸੀ  ਨੇ ਸਨਮਾਨ ਪੱਤਰ ਭੇਟ ਕੀਤਾ। ਅਦਰਾ ‘ਦਾ ਪੰਜਾਬ’ ਵੱਲੋਂ ਵੀ ਉਹਨਾਂ ਦਾ ਇਸ ਸਮੇਂ ਸਨਮਾਨ ਕੀਤਾ ਗਿਆ। ਸ੍ਰੀ ਸਰਾਏ ਨੇ ਅੰਤ ‘ਤੇ ਸਭਨਾ ਦਾ ਦਿਲੋਂ ਧੰਨਵਾਦ ਕੀਤਾ। ਰਛਪਾਲ ਹੇਅਰ ਨੇ ਸਮਾਗਮ ਦੀ ਸਮਾਪਤੀ ਕਰਦਿਆਂ ਕਿਹਾ ਕਿ ਇਹ ਅਦਾਰਾ ਅੱਗੇ ਤੋ ਵੀ ਉਹਨਾਂ ਸਾਹਿਤਕਾਰਾਂ ਤੇ ਕਲਾਕਾਰਾਂ ਦਾ ਸਨਮਾਨ ਕਰਦਾ ਰਹੇਗਾ, ਜੋ ਆਪਣੀ ਮਾਂ ਬੋਲੀ ਪ੍ਰਤੀ ਬਹੁਤ ਸੁਿਹਰਦ ਤੇ ਸੰਜੀਦਾ ਸੋਚ ਰੱਖਦੇ ਹਨ ।

*****

No comments:

Post a Comment