ਸਿਡਨੀ : ਕਿਸੇ ਨੇ ਸੱਚ ਹੀ ਕਿਹਾ ਹੈ ਕਿ “ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ” ਇਹੋ ਜਿਹੇ ਜਿੰਦਾ ਤੇ ਨੌਜਵਾਨ ਦਿਲ ਦੇ ਮਾਲਿਕ ਹਨ ਆਸਟ੍ਰੇਲੀਆ ਵਸਦੇ ਬਜਰੁਗ ਡਾ.ਗੁਰਚਰਨ ਸਿੱਧੂ।ਸੰਨ 1951 ਤੋਂ ਪੰਜਾਬ ਦੇ ਪਿੰਡ ਰਾਣੀ ਮਾਜਰਾ ਤੋਂ ਆਸਟ੍ਰੇਲੀਆ ਆ ਕੇ ਵਸੇ ਆਸਟ੍ਰੇਲੀਆ ‘ਚ ਪਹਿਲੇ ਪੰਜਾਬੀ ਸਾਇੰਸਦਾਨ ਡਾ .ਗੁਰਚਰਨ ਸਿੱਧੂ ਨੇ ਵਾਰਿਸ ਸ਼ਾਹ ਦੀ ਹੀਰ ਨੂੰ ਸਿਡਨੀ ਦੇ ਭਾਰੀ ਗਿਣਤੀ ਪਤਵੰਤਿਆਂ ‘ਚ ਚਾਰ ਸੀ.ਡੀਆਂ ਦਾ ਸੈੱਟ ਬਣਾ ਕੇ ਰਿਲ਼ੀਜ ਕੀਤਾ।ਜਿਕਰਯੋਗ ਹੈ ਕਿ 1951 ਵਿਚ ਆਸਟ੍ਰੇਲੀਆ ਪੜ੍ਹਨ ਲਈ ਆਏ ਡਾਕਟਰ ਸਿੱਧੂ ਨੇ ਇੱਥੇ ਆ ਕੇ ਐਮ ਐਸ ਸੀ ਮੈਲਬੌਰਨ ਤੋਂ ਕਰਨ ਬਾਅਦ ਭਾਰਤ ਵਾਪਿਸ ਜਾ ਕੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।1951 ਵਿਚ ਅਸਟ੍ਰੇਲੀਆ ਵਿਚ ਭਾਰਤੀ ਕੋਈ ਵਿਰਲਾ ਟਾਵਾਂ ਹੀ ਹੁੰਦਾ ਸੀ, 1951 ਵਿਚ ਹੀ ਇਨ੍ਹਾ ਦੀ ਮੁਲਾਕਾਤ ਘੋੜਾ ਗੱਡੀ ਤੇ ਹੋਕਾ ਦੇ ਕਾ ਸਮਾਨ ਵੇਚਣ ਵਾਲ਼ੇ ਇੱਕ ਸਿੱਖ ਪੰਜਾਬੀ ਬਜੁਰਗ ਨਾਲ਼ ਹੋਈ ਤੇ ਉਸ ਬਜੁਰਗ ਨੇ 21 ਸਾਲ ਦੇ ਇਸ ਛਟੀਕ ਗੱਭਰੂ (ਡਾ ਸਿੱਧੂ) ਨੂੰ ਉਰਦੂਵਿਚ ਲਿਖੀ ਤੇ 1930 ਵਿਚ ਸੰਤ ਸਿੰਘ ਪ੍ਰਕਾਸ਼ਨ ਲਾਹੌਰ ਤੋਂ ਛਪੀ “ਹੀਰ” ਭੇਂਟ ਕੀਤੀ।ਹਰੀ ਕ੍ਰਾਂਤੀ ਉਪਰੰਤ 1966 ਵਿਚ ਡਾ ਸਿੱਧੂ ਭਾਰਤ ਛੱਡ ਕੇ ਪੱਕੇ ਤੌਰ ‘ਤੇ ਆਸਟ੍ਰੇਲੀਆ ਰਹਿਣ ਆਏ ਤੇ ਸੀ ਐਸ ਆਰ ਓ ਵਿਚ ਬਤੌਰ ਸਰਕਾਰੀ ਸਾਇੰਸਦਾਨ ਦੀ ਸੇਵਾ ਨਿਭਾਉਂਦਿਆਂ 1971 ਵਿਚ ਆਸਟ੍ਰੇਲੀਆ ਵਿਚ ਪਹਿਲਾ ਪੰਜਾਬੀ ਰੇਡੀਓ ਸਟੇਸ਼ਨ ਸੁਰੂ ਕੀਤਾ।ਇਸੇ ਦੌਰਾਨ ਇਨ੍ਹਾਂ ਨੂੰ 1890 ਤੋਂ ਲੈ ਕੇ 1971 ਤੱਕ ਵੱਖ ਵੱਖ ਭਾਰਤੀ ਤੇ ਪਾਕਿਸਤਾਨੀ ਗਾਇਕਾਂ ਵਲੋਂ ਗਾਏ ਗਏ ਹੀਰ ਦੇ ਰਿਕਾਰਡ ਮਿਲ਼ੇ।ਇਨ੍ਹਾ ਅਨਮੋਲ ਰਿਕਾਰਡਾਂ ਨੂੰ ਡਾ ਸਿੱਧੂ ਨੇ ਸਾਂਭ ਕੇ ਰੱਖਿਆ ਤੇ ਇਕ ਸੀ ਡੀ ਰੂਪੀ ਮਾਲ਼ਾ ਵਿਚ ਆਪਣੀ ਕਮੈਂਟਰੀ ਨਾਲ਼ ਪਰੋ ਕੇ ਪੇਸ਼ ਕੀਤਾ।ਇੱਥੋਂ ਦੇ ਇਲਾਕੇ ਕੌਂਕਰਡ ਦੇ ਕੌਂਕਰਡ ਫੰਕਸ਼ਨ ਸੈਂਟਰ ‘ਚ ਹੋਏ ਇਸ ਸਮਾਗਮ ‘ਚ ਭਾਰੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਵਾਰਿਸ ਸ਼ਾਹ ਦੀ ਹੀਰ ਦੀ ਇਸ ਸੀ ਡੀ ਵਿਚਲੇ ਕੁਝ ਗੀਤਾਂ ਨੂੰ ਸਿਡਨੀ ਦੇ ਲੋਕਲ ਕਲਾਕਾਰਾਂ ਰਿਆਜ ਸ਼ਾਹ,ਭੁਪਿੰਦਰ ਮਿੰਟੂ,ਮਦਨ ਲੈਪਚਾ,ਪ੍ਰੀਤ ਸਰਗਮ,ਜੈਸਮੀਨ ਗਿੱਲ ਤੇ ਸੁਨੀਤਾ ਸੇਠੀ ਕੋਲੋਂ ਸੁਣ ਕੇ ਇਸ ਖੂਬਸੂਰਤ ਸ਼ਾਮ ਦਾ ਆਨੰਦ ਮਾਣਿਆ।ਇਸ ਮੌਕੇ ਕੈਨਬਰਾ ‘ਚ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਹਾਈ ਕਮਿਸ਼ਨ ਤਸੱਵਰ ਖਾਨ ਤੇ ਭਾਰਤੀ ਹਾਈ ਕਮਿਸ਼ਨ ਤੋਂ ਵੀ ਨੁਮਾਇੰਦੇ ਮੌਜੂਦ ਸਨ।ਇਸ ਮੌਕੇ ਮੰਚ ਸੰਚਾਲਨਾ ਨੌਜਵਾਨ ਗਜਲਗੋ ਹਰਜਿੰਦਰ ਜੌਹਲ ਤੇ ਦਿੱਲੀ ਦੂਰਦਰਸ਼ਨ ਤੇ ਥੀਏਟਰ ‘ਚ ਲੰਬਾ ਸਮਾਂ ਕੰਮ ਕਰ ਚੁੱਕੀ ਲੱਕੀ ਸਿੰਘ ਵਲੋਂ ਨਿਭਾਈ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਹਰਜੀਤ ਸੋਮਲ,ਅਮਰਜੀਤ ਖੇਲਾ, ਪ੍ਰੋਫੈਸਰ ਜਤਿੰਦਰ ਗਿੱਲ, ਰਣਜੀਤ ਖੈੜਾ,ਮਨਜੀਤ ਗੁਜਰਾਲ,ਹਰਮੋਹਨ ਵਾਲੀਆ,ਜਾਹਿਦ ਮਿਨਹਾਸ,ਸੰਤੋਖ ਸਿੰਘ ਮਿਨਹਾਸ,ਪੱਪੂ ਭੋਗਲ,ਡਾ.ਜਗਵਿੰਦਰ ਵਿਰਕ,ਮੋਨਿੰਦਰ ਸਿੰਘ,ਮਾ.ਮਨਮੋਹਣ ਸਿੰਘ ਤੇ ਹੋਰ ਬਹੁਤ ਸਾਰੇ ਪਤਵੰਤੇ ਮੌਜੂਦ ਸਨ।ਅਖੀਰ ‘ਚ ਡਾ.ਗੁਰਚਰਨ ਸਿੱਧੂ ਨੇ ਹਾਜਿਰ ਸਭਨਾਂ ਦਾ ਧੰਨਵਾਦ ਕੀਤਾ।
No comments:
Post a Comment