ਕੈਲਗਰੀ
: ਪੰਜਾਬੀ ਲਿਖਾਰੀ ਸਭਾ ਕੈਲਗਰੀ ਕੈਨੇਡਾ ਦੀ ਦਸੰਬਰ ਮਹੀਨੇ ਦੀ ਮੀਟਿੰਗ 18 ਦਸੰਬਰ
2011 ਦਿਨ ਐਤਵਾਰ ਨੂੰ ਕੋਸੋ ਹਾਲ ਵਿਚ ਹੋਈ ਸਭ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ
ਤਰਲੋਚਨ ਸੈਂਭੀ ਨੇ ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਅਤੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼
ਜਨਾਗਲ ਜੀ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ । ਪ੍ਰਸਿੱਧ ਲੋਕ ਗਾਇਕ
ਕੁਲਦੀਪ ਮਾਣਕ, ਫਿਲਮ ਨਗਰੀ ਦੇ ਸਦਾਬਹਾਰ ਰਹੇ ਹੀਰੋ ਦੇਵ ਅਨੰਦ, ਪ੍ਰਸਿੱਧ ਕਹਾਣੀਕਾਰ
ਗੁਰਮੇਲ ਮਡਾਹੜ ਤੇ ਬਰਤਾਨਵੀ ਪੰਜਾਬੀ ਲੇਖਕ ਡਾ. ਸਵਰਨ ਚੰਦਨ ਜੀ ਦੇ ਹਮੇਸ਼ਾ ਲਈ ਇਸ
ਜਹਾਨ ਵਿਚੋਂ ਚਲੇ ਜਾਣ ‘ਤੇ ਇੱਕ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਬਲਵੀਰ ਗੋਰਾ ਰਕਬੇ ਵਾਲਾ ਅਤੇ ਬੀਜਾ ਰਾਮ ਨੇ ਆਪਣੀਆਂ ਰਚਨਾਵਾਂ ਸੁਣਾਈਆਂ । ਇਸ ਤੋਂ
ਬਾਅਦ ਦਰਸ਼ਨ ਸਿੰਘ ਗੁਰੂ ਦੀ ਕਿਤਾਬ ‘ਧੂੰਏ ਹੇਠਲੀ ਅੱਗ’ ਰਿਲੀਜ਼ ਸਮਾਰੋਹ ਸ਼ੁਰੂ ਹੋਇਆ।
ਬਲਜਿੰਦਰ ਸੰਘਾ ਨੇ ਉਹਨਾਂ ਦੀਆਂ ਕਹਾਣੀਆਂ ਦੀ ਸੂਖਮਤਾ ਬਾਰੇ ਪ੍ਰਭਾਵਸ਼ਾਲੀ ਪਰਚਾ
ਪੜ੍ਹਦਿਆਂ ਕਿਹਾ ਕਿ ਕਹਾਣੀਕਾਰ ਕੋਲ ਘਟਨਾਵਾਂ ਨੂੰ ਸੂਖਮ ਤਰੀਕੇ ਨਾਲ ਸਿਰਜਣ ਦੀ ਕਲਾ ਹੈ
ਤੇ ਕਹਾਣੀ ਵਿਧਾ ਦਾ ਗਿਆਨ ਹੈ । ਉਨ੍ਹਾਂ ਆਸ ਕੀਤੀ ਕਿ ਲੇਖਕ ਆਪਣੀਆਂ ਕਹਾਣੀਆਂ ਵਿਚ
ਹੋਰ ਵੀ ਕੋਮਲ ਵਿਸ਼ੇ ਕੀਲੇਗਾ । ਹਰੀਪਾਲ ਜੀ ਨੇ ਇਸ ਕਿਤਾਬ ਦੇ ਰਿਲੀਜ਼ ਕਰਨ ਬਾਰੇ ਆਪਣੇ
ਵਿਚਾਰ ਪੇਸ਼ ਕੀਤੇ।
ਸਭਾ ਦੇ ਫਾਊਂਡਰ
ਮੈਂਬਰ ਜਸਵੰਤ ਸਿੰਘ ਗਿੱਲ ਨੇ ਜਨਵਰੀ 2012 ਤੋਂ ਦੋ ਸਾਲ ਲਈ ਸਭਾ ਦੀ ਐਗਜੈਕਟਿਵ ਕਮੇਟੀ
ਅਨਾਊਂਸ ਕੀਤੀ, ਜਿਸ ਵਿਚ ਪ੍ਰਧਾਨ ਮਹਿੰਦਰ ਪਾਲ ਐਸ. ਪਾਲ, ਮੀਤ ਪ੍ਰਧਾਨ ਹਰੀਪਾਲ, ਜਨਰਲ
ਸਕੱਤਰ ਬਲਜਿੰਦਰ ਸੰਘਾ, ਸਕੱਤਰ ਸੁਖਪਾਲ ਪਰਮਾਰ, ਖਜ਼ਾਨਚੀ ਬਲਵੀਰ ਗੋਰਾ, ਮੈਂਬਰ
ਜੋਗਿੰਦਰ ਸੰਘਾ, ਜ਼ੋਰਾਵਰ ਬਾਂਸਲ, ਅਵਨਿੰਦਰ ਨੂਰ, ਪਰਮਜੀਤ ਸੰਦਲ, ਰਣਜੀਤ ਲਾਡੀ ਅਤੇ
ਬੀਜਾ ਰਾਮ ਚੁਣੇ ਗਏ । ਸਾਬਕਾ ਪ੍ਰਧਾਨ ਗੁਰਬਚਨ ਬਰਾੜ ਅਤੇ ਸਾਬਕਾ ਜਨਰਲ ਸਕੱਤਰ ਤਰਲੋਚਨ
ਸਿੰਘ ਸੈਂਭੀ ਸਹਿਯੋਗੀ ਮੈਂਬਰਾਂ ਵਜੋਂ ਐਗਜ਼ੈਕਟਿਵ ਕਮੇਟੀ ਵਿੱਚ ਪੂਰੀ ਤਨਦੇਹੀ ਨਾਲ ਕੰਮ
ਕਰਨਗੇ । ਜਿਸਨੂੰ ਸਭ ਮੈਬਰਾਂ ਨੇ ਤਾੜੀਆਂ ਦੀ ਗੂੰਜ ਨਾਲ ਪ੍ਰਵਾਨ ਕੀਤਾ । ਗੁਰਬਚਨ
ਬਰਾੜ ਵੱਲੋਂ ਨਵੇਂ ਪ੍ਰਧਾਨ ਮਹਿੰਦਰਪਾਲ ਐਸ. ਪਾਲ ਨੂੰ ਅਤੇ ਜਨਰਲ ਸਕੱਤਰ ਤਰਲੋਚਨ ਸੈਂਭੀ
ਵੱਲੋਂ ਨਵੇਂ ਜਨਰਲ ਸਕੱਤਰ ਬਲਜਿੰਦਰ ਸੰਘਾ ਨੂੰ ਸਭਾ ਦੀ ਰਸਮੀ ਜਿ਼ੰਮੇਵਾਰੀ ਸੰਭਾਲਦਿਆਂ
ਆਪਣੇ ਅਧਿਕਾਰ ਤਬਦੀਲ ਕੀਤੇ ਗਏ । ਦਵਿੰਦਰ ਮਲਹਾਂਸ ਨੇ ਲਕੀਰ ਮੈਗਜ਼ੀਨ ਵਿਚ ਛਪੀ ਆਪਣੀ
ਕਹਾਣੀ “ਨਾਈਨ ਇਲੈਵਨ” ਪੜ੍ਹੀ, ਜੋ ਸਰੋਤਿਆਂ ਨੇ ਸਾਹ ਰੋਕ ਕੇ ਸੁਣੀ। ਜੋਗਿੰਦਰ ਸੰਘਾ ਜੀ
ਨੇ ਇਸ ਕਹਾਣੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕਹਾਣੀ ਪੜ੍ਹਨ ਕਲਾ ਬਾਰੇ ਕੁਝ ਨੁਕਤੇ
ਸਾਂਝੇ ਕੀਤੇ। ਖ਼ਰਾਬ ਮੌਸਮ ਦੇ ਬਾਵਜ਼ੂਦ ਰੈਡ ਡੀਅਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ
ਸਭਾ ਦੇ ਐਗਜਿਕਟਿਵ ਮੈਬਰ ਜ਼ੋਰਾਵਰ ਸਿੰਘ ਬਾਂਸਲ ਨੇ ਇੱਕ ਪ੍ਰਭਾਵਸ਼ਾਲੀ ਗ਼ਜ਼ਲ ਸਾਂਝੀ
ਕੀਤੀ। ਚਾਹ ਦੀ ਬਰੇਕ ਤੋਂ ਬਾਅਦ ਮੰਗਲ ਚੱਠਾ ਨੇ ਪੋਹ ਦੇ ਮਹੀਨੇ ਨਾਲ ਸਬੰਧਤ ਗੰਭੀਰ ਗੀਤ
ਸੁਣਾਇਆ। ਇਸ ਤੋਂ ਬਾਅਦ ਸੰਸਾਰ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਜੀ ਨੇ ਪ੍ਰੋ.
ਮਨਜੀਤ ਸਿੰਘ ਸਿੱਧੂ ਨੂੰ ਉਹਨਾਂ ਦਾ ਚਿੱਤਰ ਭੇਂਟ ਕੀਤਾ ਤਾਂ ਉਹਨਾਂ ਦੀ ਚਿੱਤਰਕਾਰੀ
ਦੇਖਕੇ ਦਰਸ਼ਕ ਹੈਰਾਨ ਰਹਿ ਗਏ। ਪ੍ਰੋ. ਮਨਜੀਤ ਸਿੰਘ ਸਿੱਧੂ, ਜਸਵੰਤ ਸਿੰਘ ਗਿੱਲ ਤੇ
ਸੁਖਪਾਲ ਪਰਮਾਰ ਹੋਰਾਂ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਹਰਮਿੰਦਰ ਕੌਰ ਢਿੱਲੋਂ
ਨੇ ਗੀਤ, ਸੁਰਜੀਤ ਸਿੰਘ ਸੀਤਲ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਵਿਤਾ, ਹਰੀਪਾਲ,
ਅਵਨਿੰਦਰ ਨੂਰ, ਰਣਜੀਤ ਲਾਡੀ, ਜਰਨੈਲ ਤੱਗੜ ਨੇ ਆਪਣੀਆਂ ਰਚਨਾਵਾਂ, ਤਰਲੋਚਨ ਸੈਂਭੀ ਨੇ
ਸਵਰਗਵਾਸੀ ਕੁਲਦੀਪ ਮਾਣਕ ਦਾ ਗੀਤ ‘ਮੈ ਚਾਦਰ ਕੱਢਦੀ ਨੀ’ ਗਾ ਕੇ ਸਰੋਤਿਆਂ ਨੂੰ
ਮੰਤਰਮੁਗਧ ਕੀਤਾ । ਇਸਤੋਂ ਇਲਾਵਾ ਜਸਵੀਰ ਸਿੰਘ ਚੌਹਾਨ, ਅਵਤਾਰ ਸਿੰਘ ਮੁੰਜ਼ਲ, ਪਵਨਦੀਪ
ਕੌਰ ਬਾਂਸਲ, ਮਨਜੀਤ ਬਰਾੜ, ਗੁਰਲਾਲ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ। ਅਖੀਰ ਵਿਚ
ਸਭਾ ਦੇ ਪ੍ਰਧਾਨ ਗੁਰਬਚਨ ਬਰਾੜ ਨੇ ਸਭਾ ਦੇ ਪਿਛਲੇ ਦੋ ਸਾਲਾਂ ਦਾ ਲੇਖਾ ਜੋਖਾ ਪੇਸ਼
ਕੀਤਾ ਤੇ ਮਾਣ ਨਾਲ ਕਿਹਾ ਕਿ ਪਿਛਲੇ ਸਾਲ ਸਭਾ ਨੇ ਇਕ ਵਿਸ਼ਵ ਪੰਜਾਬੀ ਕਾਨਫਰੰਸ ਕੈਲਗਰੀ
ਸ਼ਹਿਰ ਵਿਚ ਕਰਵਾਕੇ ਇਤਿਹਾਸ ਰਚਿਆ ਹੈ ਤੇ ਸਾਰੀ ਸਭਾ ਦੇ ਮੈਂਬਰ, ਮੀਡੀਆ ਤੇ ਸਭਾ ਦੇ
ਸਪਾਂਸਰਜ਼ ਇਸ ਲਈ ਵਧਾਈ ਦੇ ਹੱਕਦਾਰ ਹਨ। ਨਵੀਂ ਕਮੇਟੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੀ
ਹਾਮੀ ਭਰੀ।
ਸਭਾ
ਦੀ ਅਗਲੀ ਮੀਟਿੰਗ 15 ਜਨਵਰੀ 2012 ਨੂੰ ਹੋਵੇਗੀ, ਜਿਸ ਬਾਰੇ ਹੋਰ ਜਾਣਕਾਰੀ ਲਈ ਪ੍ਰਧਾਨ
ਮਹਿੰਦਰਪਾਲ ਐਸ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ
403-680-3212 ਤੇ ਸੰਪਰਕ ਕੀਤਾ ਸਕਦਾ ਹੈ ।
****
****
No comments:
Post a Comment