ਕੋਟਕਪੂਰੇ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਲੈਕਚਰ ਹਾਲ ਵਿਚ ਪ੍ਰਿੰਸ ਕੰਵਲਜੀਤ ਸਿੰਘ ਦੀ ਪਲੇਠੀ ਨਾਟ-ਪੁਸਤਕ ‘ਚੰਦ ਜਦੋਂ ਰੋਟੀ ਲੱਗਦਾ ਹੈ’ ਉਤੇ ਭਰਵਾਂ ਵਿਚਾਰ ਗੋਸ਼ਟੀ ਸਮਾਗਮ ਰਚਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਪੰਜਾਬੀ ਨਾਟ-ਜਗਤ ਦੀ ਮਾਣਮੱਤੀ ਸੁਪ੍ਰਸਿਧ ਸ਼ਖ਼ਸੀਅਤ-ਪ੍ਰੋ.ਅਜਮੇਰ ਸਿੰਘ ਔਲਖ। ਇਸ ਮੁਬਾਰਕ ਮੌਕੇ ਗਠਿਤ ਪ੍ਰਧਾਨਗੀ ਮੰਡਲ ਵਿਚ ਪ੍ਰੋ. ਔਲਖ ਤੋਂ ਇਲਾਵਾ ਪੰਜਾਬੀ ਰੰਗਮੰਚ ਦੀ ਬਹੁਤ ਸੀਨੀਅਰ ਅਦਾਕਾਰਾ ਸਰਦਾਰਨੀ ਮਨਜੀਤ ਕੌਰ ਔਲਖ (ਸੁਪਤਨੀ ਪ੍ਰੋ. ਔਲਖ), ਜਗਤ ਪ੍ਰਸਿੱਧ ਪੰਜਾਬੀ ਆਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਕਹਾਣੀਕਾਰ ਜ਼ੋਰਾ ਸਿੰਘ ਸੰਧੂ, ਪੰਜਾਬੀ ਪੱਤਰਕਾਰੀ ਦੇ ਸਨਮਾਨਯੋਗ ਹਸਤਾਖ਼ਰ ਗੁਰਮੀਤ ਸਿੰਘ ਕੋਟਕਪੂਰਾ ਅਤੇ ਨਾਟਕਕਾਰ ਪ੍ਰਿੰਸ ਕੰਵਲਜੀਤ ਸਿੰਘ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਮੌਕੇ ਪ੍ਰਿੰਸ ਕੰਵਲਜੀਤ ਸਿੰਘ ਦੇ ਨਾਟਕ ਰੱਬਾ-ਰੱਬਾ ਮੀਂਹ ਵਰਸਾਅ ਅਧਾਰਤ ਟੈਲੀ-ਫ਼ਿਲਮ ਦਾ ਪ੍ਰਦਰਸ਼ਨ ਕੀਤਾ ਗਿਆ ਜਿਹੜੀ ਕਿ ਵਿਸ਼ੇਸ਼ ਚੋਣ ਰਾਹੀਂ ਕਨੇਡਾ ਦੇ ਟੋਰਾਂਟੋ ਸ਼ਹਿਰ ਵਿਖੇ ਹੋਏ ਸਪਿਨਿੰਗ ਵਹੀਲ ਫ਼ਿਲਮ ਫ਼ੈਸਟੀਵਲ ਲਈ ‘ ਰੇਨ-ਰੇਨ ਕਮ ਅਗੇਨ ’ ਨਾਂ ਹੇਠ ਪ੍ਰਦਰਸ਼ਤ ਹੋ ਚੁੱਕੀ ਹੈ। ਉਸ ਉਪਰੰਤ ਅਜੀਤ ਦੇ ਫ਼ਰੀਦਕੋਟ ਸਥਿਤ ਉਪ-ਦਫ਼ਤਰ ਦੇ ਮੁਖ਼ੀ ਸ੍ਰ. ਗੁਰਮੀਤ ਸਿੰਘ ਨੇ ਆਏ ਸਾਹਿਤਕਾਰਾਂ ਅਤੇ ਸਾਹਿਤ-ਰਸੀਆਂ ਦਾ ਸੁਆਗਤ ਕਰਦਿਆਂ ਪ੍ਰਿੰਸ ਦੀ ਉਕਤ ਕਿਤਾਬ ਦੇ ਛਪਣ-ਸਬੱਬ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਅਤੇ ਉਸ ਦੀ ਨਾਟ ਰਚਨਾ ਵਿਚਲੀਆਂ ਬਾਰੀਕੀਆਂ ਬਾਰੇ ਚਰਚਾ ਛੋਹੀ। ਪ੍ਰਿੰਸ ਦੇ ਸਾਰੇ ਨਾਟਕਾਂ ’ਚ ਪਿੱਠ-ਭੂਮੀ ਗਾਇਨ ਪੇਸ਼ ਕਰਨ ਵਾਲੇ ਸੁਰੀਲੇ ਗਾਇਕ ਦਰਸ਼ਨਜੀਤ ਨੇ ਨਾਟਕਾਂ ਦੇ ਹੀ ਪਿੱਠ-ਭੂਮੀ ’ਚ ਗਾਏ ਕਾਵਿ ਟੋਟਿਆਂ ਦਾ ਗਾਇਨ ਕਰਕੇ ਸਰੋਤਿਆਂ ਨੂੰ ਮੰਤਰ ਮੁਗ਼ਧ ਕੀਤਾ। ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ਆਪਣੇ ਦਿਲਕਸ਼ ਅੰਦਾਜ਼ ਵਿਚ ਪਰਚਾ ਪੇਸ਼ ਕਰਨ ਵੇਲ਼ੇ ਪੰਜਾਬੀ ਨਾਟ-ਪ੍ਰੰਪਰਾ ਵਿਚ ਪ੍ਰਿੰਸ ਕੰਵਲਜੀਤ ਸਿੰਘ ਦਾ ਸਥਾਨ ਨਿਸ਼ਚਿਤ ਕਰਨ ਲਈ ਪੰਜਾਬੀ ਨਾਟਕ ਦੇ ਇਤਿਹਾਸਕ ਪਰਿਪੇਖ਼ ਵਿਚ ਪ੍ਰੋ. ਅਜਮੇਰ ਔਲਖ ਤੋਂ ਲੈ ਕੇ ਹੁਣ ਤੱਕ ਦੇ ਨਾਟਕਕਾਰਾਂ ਦਾ ਸੰਖ਼ੇਪ ਵਿਚ ਜ਼ਿਕਰ ਕਰਦਿਆਂ ਪ੍ਰਿੰਸ ਨੂੰ ‘ਅਜਮੇਰ ਔਲਖ ਪੰਜਾਬੀ ਨਾਟ-ਦਰਿਆ’ ਦਾ ਹੀ ਇਕ ਖ਼ੂਬਸੂਰਤ ਅੰਗ ਬਿਆਨ ਕੀਤਾ। ਵਿਚਾਰ-ਚਰਚਾ ਨੂੰ ਅੱਗੇ ਵਧਾਉਂਦਿਆਂ ਬਰਤਾਨੀਆ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਰੰਗਕਰਮੀ ਨਾਹਰ ਸਿੰਘ ਗਿੱਲ, ਨਿਰਦੇਸ਼ਕ ਕੀਰਤੀ ਕਿਰਪਾਲ, ਰੰਗਕਰਮੀ ਦੀਪਤੀ ਸ਼ਰਮਾਂ, ਹਰਵਿੰਦਰ ਤਿਵਾੜੀ ਅਤੇ ਡਾ. ਨਰਾਇਣ ਸਿੰਘ ਮੰਘੇੜਾ ਨੇ ਪ੍ਰਿੰਸ ਦੀ ਨਾਟ-ਪੁਸਤਕ ਬਾਰੇ ਆਪਣੀ ਰਾਏ ਸਾਂਝੀ ਕਰਦਿਆਂ ਉਸ ਦੀਆਂ ਨਾਟ-ਕ੍ਰਿਤਾਂ ਦੀ ਸ਼ਲਾਘਾ ਕੀਤੀ। ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੀ ਸਿਰਜਣ-ਪ੍ਰਕਿਰਿਆ ਤੋਂ ਸਰੋਤਿਆਂ ਨੂੰ ਵਾਕਫ਼ ਕਰਵਾਉਂਦੇ ਹੋਏ ਭਾਵੁਕ ਸੁਰ ਵਿਚ ਉਸ ਦੀਆਂ ਕ੍ਰਿਤਾਂ ਨੂੰ ਸ਼ਬਦ-ਜੜਤ ਤੋਂ ਲੈ ਕੇ ਪੁਸਤਕ ਰੂਪ ਵਿਚ ਪੇਸ਼ ਕਰਵਾਉਣ ਤੱਕ ਨਿਭਾਏ ਸਮੁੱਚੇ ਯੋਗਦਾਨ ਲਈ ਸ੍ਰ. ਗੁਰਮੀਤ ਸਿੰਘ ਕੋਟਕਪੂਰਾ ਪ੍ਰਤੀ ਭਰੀ ਸਭਾ ਵਿਚ ਆਭਾਰ ਵਿਅਕਤ ਕੀਤਾ। ਸਮਾਗਮ ਦੇ ਸਿਖ਼ਰ ’ਤੇ ਪ੍ਰੋ. ਅਜਮੇਰ ਔਲਖ ਨੇ ਪੰਜਾਬੀ ਨਾਟਕ ਦੀ ਸਥਾਪਤ ਹੋਂਦ ਵਿਚ ਨਵੇਂ ਨਾਟਕਕਾਰਾਂ ਦੇ ਕਾਬਲੇ-ਤਾਰੀਫ਼ ਯਤਨਾਂ ੳਤੇ ਡੂੰਘੀ ਤਸੱਲੀ ਪ੍ਰਗਟ ਕੀਤੀ ਅਤੇ ਪ੍ਰਿੰਸ ਦੁਆਰਾ ਪ੍ਰੰਪਰਾਗਤ ਨਾਟ-ਸ਼ੈਲੀ ਦੇ ਨਾਲ਼-ਨਾਲ਼ ਆਧੁਨਿਕ ਤਕਨੀਕਾਂ ਦੀ ਮੌਲਿਕਤਾ ਭਰਪੂਰ ਸੁਯੋਗ ਵਰਤੋਂ ਲਈ ਦਾਦ ਦਿੱਤੀ। ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਪਰਮਿੰਦਰ ਸਿੰਘ ਤੱਗੜ ਨੇ ਨਿਭਾਈ। ਇਸ ਮੌਕੇ ਹਾਜ਼ਰ ਸਾਹਿਤਕਾਰਾਂ ਅਤੇ ਸਾਹਿਤ ਰਸੀਆਂ ਵਿਚ ਗੁਰਾਂਦਿੱਤਾ ਸਿੰਘ ਸੰਧੂ, ਕਾਮਰੇਡ ਦਰਸ਼ਨ ਸਿੰਘ ਢਿਲਵਾਂ, ਪ੍ਰੀਤਮ ਸਿੰਘ ਚਹਿਲ, ਖ਼ੁਸ਼ਵੰਤ ਬਰਗਾੜੀ, ਰਾਜਪਾਲ ਸਿੰਘ, ਰਾਜਿੰਦਰ ਸਿੰਘ ਜੱਸਲ, ਪਵਨ ਗੁਲਾਟੀ, ਕੁਲਦੀਪ ਮਾਣੂੰਕੇ, ਵੀਰ ਵਿਕਰਮਜੀਤ ਸਿੰਘ, ਡਾ.ਕਰਮ ਸਿੰਘ ਢਿਲਵਾਂ, ਵਿਜੈ ਸ਼ਰਮਾਂ, ਸ਼ਵਿੰਦਰ ਕੌਰ, ਐਸ.ਐਸ. ਦੁਸਾਂਝ, ਪ੍ਰਿੰ. ਹਰੀ ਸਿੰਘ ਮੋਹੀ, ਸੀਮਾ ਚਾਵਲਾ, ਐਸ. ਬਰਜਿੰਦਰ, ਰਾਜਿੰਦਰ ਸਿੰਘ ਸਰਾਂ, ਇੰਜ. ਜ਼ੀਰ ਸਿੰਘ ਬਰਾੜ, ਹਰਮੰਦਰ ਸਿੰਘ ਕੋਹਾਰਵਾਲਾ, ਬਲਦੇਵ ਬੰਬੀਹਾ, ਡਾ. ਪਰਮਜੀਤ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਵਿਚ ਸਰੋਤੇ ਸ਼ਾਮਲ ਸਨ।
No comments:
Post a Comment