ਬਾਬਾ ਫ਼ਰੀਦ ਵਿਰਾਸਤੀ ਮੇਲੇ ਵਿਚ ਮੇਲਿਆਂ ਦੇ ਹੋਰ ਰੰਗਾਂ ਦੇ ਨਾਲ਼ ਨਾਲ਼ ਸਾਹਿਤ ਰੰਗ ਦਾ ਜਲਵਾ ਬਿਖ਼ੇਰਨ ਲਈ ਲਿਟਰੇਰੀ ਕਲੱਬ ਫ਼ਰੀਦਕੋਟ ਵੱਲੋਂ ਸਥਾਨਕ ਪ੍ਰਸ਼ਾਸਨ ਅਤੇ ਬਾਬਾ ਫ਼ਰੀਦ ਆਗ਼ਮਨ ਪੁਰਬ ਕਮੇਟੀ ਦੇ ਸਹਿਯੋਗ ਨਾਲ਼ ਇਕ ਦਿਲਕਸ਼ ਕਵੀ ਦਰਬਾਰ ਅਮਰ ਆਸ਼ਰਮ ਵਿਖੇ ਕਰਵਾਇਆ ਗਿਆ। ਪੰਜਾਬੀ ਦੇ ਮੋਢੀ ਕਵੀ ਬਾਬਾ ਸ਼ੇਖ਼ ਫ਼ਰੀਦ ਦੀ ਜੀ ਪਵਿੱਤਰ ਯਾਦ ਨੂੰ ਸਮਰਪਿਤ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸਨ ਡਾ. ਐਸ. ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਪ੍ਰਧਾਨਗੀ ਕੀਤੀ ਪੰਜਾਬੀ ਦੇ ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਨੇ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਸਨ- ਬਾਬਾ ਫ਼ਰੀਦ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ-ਕੁਲਪਤੀ ਡਾ. ਐਸ. ਐਸ. ਗਿੱਲ ਅਤੇ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ। ‘ਜੀ ਆਇਆਂ ਨੂੰ’ ਕਹਿਣ ਦੀ ਰਸਮ ਸੁਨੀਲ ਚੰਦਿਆਣਵੀ ਪ੍ਰਧਾਨ ਲਿਟਰੇਰੀ ਕਲੱਬ ਵੱਲੋਂ ਨਿਭਾਈ ਗਈ। ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਕਵਿਤਾ ਦੇ ਜਾਣੇ-ਪਛਾਣੇ ਹਸਤਾਖ਼ਰ ਹਰਮੀਤ ਵਿਦਿਆਰਥੀ ਵੱਲੋਂ ਕਾਵਿਕ ਅੰਦਾਜ਼ ਵਿਚ ਕੀਤਾ ਗਿਆ। ਸਭ ਤੋਂ ਪਹਿਲਾਂ ਵਾਰੀ ਦਿੱਤੀ ਗਈ ਲੁਧਿਆਣਿਉਂ ਆਏ ਚਰਚਿਤ ਸ਼ਾਇਰ ਤਰੈਲੋਚਨ ਲੋਚੀ ਨੂੰ,ਜਿਸ ਨੇ ਆਪਣੇ ਸੁਰਮਈ ਅੰਦਾਜ਼ ਵਿਚ ਧੀਆਂ ਦੇ ਮਹੱਤਵ ਅਤੇ ਚਿੰਤਾ ਦੀ ਨਿਸ਼ਾਨਦੇਹੀ ਕਰਦੀਆਂ ਰਚਨਾਵਾਂ ਨਾਲ਼ ਆਪਣੀ ਹਾਜ਼ਰੀ ਲਵਾਈ-
ਅੱਧੀ ਰਾਤੀਂ ਕੋਈ ਉਠਿਆ, ਉੱਠਿਆ ਕੂਕਾ ਮਾਰ
ਜਾਂ ਤਾਂ ਓਸ ਦੇ ਵਿਹੜੇ ਧੀਆਂ, ਜਾਂ ਕੋਈ ਰੂਹ ’ਤੇ ਭਾਰ
ਸਾਜਾਂ ਦੀ ਤੌਹੀਨ ਦੇਖ ਕੇ ਹੁੰਦਾ ਬਹੁਤ ਖ਼ੁਆਰ
ਮੇਰੇ ਅੰਦਰ ਨਿੱਤ ਹੀ ਰੋਂਦਾ ਰੁੜਦਾ ਇਕ ਫ਼ਨਕਾਰ
ਫ਼ਿਰ ਵਾਰੀ ਆਈ ਰੋਪੜ ਤੋਂ ਆਏ ਡਾ. ਸ਼ਮਸ਼ੇਰ ਮੋਹੀ ਦੀ ਜਿਸ ਨੇ ਵਾਤਾਵਰਣ ਮੁਤੱਲਕ ਆਪਣੀ ਗੱਲ ਕੁਝ ਇੰਜ ਕਹੀ-
ਖ਼ਤਾ ਕੀਤੀ ਮੈਂ ਘਰ ਦੇ ਬਿਰਖ਼ ਤੋਂ ਪੰਛੀ ਉਡਾ ਕੇ
ਉਦਾਸੀ ਬਹਿ ਗਈ ਘਰ ਦੀ ਹਰ ਨੁੱਕਰ ’ਚ ਆਕੇ
ਫ਼ਿਰੋਜ਼ਪੁਰੀਏ ਡਾ. ਜਸਪਾਲ ਘਈ ਦਾ ਸ਼ਹੀਦ ਭਗਤ ਸਿੰਘ ਦੀ ਸੋਚ ਵਿਹਾਰਕ ਤੌਰ ’ਤੇ ਅਪਨਾਉਣ ਦਾ ਸੁਨੇਹਾ ਦਿੰਦੀ ਰਚਨਾ ਦੇ ਬੋਲ ਸਨ-
ਸ਼ੀਸ਼ੇ ਦਾ ਇਹ ਤਨ ਲੈ ਕੇ ਪੱਥਰ ਸੰਗ ਟਕਰਾਏਂਗਾ
ਕਾਰ ਦੇ ਪਿੱਛੇ ਫ਼ੋਟੋ ਲਾ ਕੇ ਭਗਤ ਸਿੰਘ ਬਣ ਜਾਏਂਗਾ!
ਕਾਵਿਕ ਮਾਹੌਲ ਨੂੰ ਹੋਰ ਖ਼ੂਬਸੂਰਤ ਬਨਾਉਣ ਦੇ ਮਕਸਦ ਨਾਲ਼ ਹਰਮੀਤ ਵਿਦਿਆਰਥੀ ਨੇ ਅਜੋਕੀ ਪੰਜਾਬੀ ਕਵਿਤਾ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਲੈਣ ਵਾਲ਼ੀ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੂੰ ਮੰਚ ਵੱਲ ਆਉਣ ਦਾ ਸੱਦਾ ਦਿੱਤਾ। ਅੰਮ੍ਰਿਤ ਨੇ ਨਾਰੀ ਸੰਵਦਨਾ ਨਾਲ਼ ਲਬਰੇਜ਼ ਆਪਣੀਆਂ ਰਚਨਾਵਾਂ ਖ਼ੂਬਸੂਰਤ ਅਦਾ ਸਹਿਤ ਸਾਂਝੀਆਂ ਕੀਤੀਆਂ। ਨਾਭੇ ਤੋਂ ਆਏ ਇਕ ਚੰਗੇ ਸਾਹਿਤ ਉਤਸਵ ਪ੍ਰਬੰਧਕ ਵਜੋਂ ਜਾਣੇ ਜਾਂਦੇ ਅਤੇ ਵਿਲੱਖਣ ਕਾਵਿ ਸ਼ੈਲੀ ਦੀਆਂ ਰਚਨਾਵਾਂ ਕਹਿਣ ਵਾਲ਼ੇ ਸ਼ਾਇਰ ਦਰਸ਼ਨ ਬੁੱਟਰ ਨੇ ਆਪਣੀ ਕਵਿਤਾ ‘ਬਚਪਨ ਜੁਆਨੀ ਅਧਖੜ ਅਤੇ ਬੁਢਾਪਾ ਪੇਸ਼ ਕੀਤੀ ਅਤੇ ਆਪਣੀ ਨਵ ਪ੍ਰਕਾਸ਼ਤ ਪੁਸਤਕ ‘ਮਹਾਂ ਕੰਬਣੀ’ ਵਿਚੋਂ ਕਵਿਤਾਵਾਂ ਸੁਣਾਈਆਂ। ਰੋਪੜ ਤੋਂ ਆਏ ਇਕ ਹੋਰ ਸੰਜੀਦਾ ਤੇ ਨਿਵੇਕਲੀ ਰੰਗਤ ਦੀ ਗ਼ਜ਼ਲ ਕਹਿਣ ਵਾਲ਼ੇ ਸ਼ਾਇਰ ਜਸਵਿੰਦਰ ਨੇ ਆਪਣੇ ਆਸ਼ਾਵਾਦੀ ਸੁਰ ਸੰਗ ਆਪਣੇ ਕਲਾਮ ਦੀ ਸ਼ੁਰੂਆਤ ਕੀਤੀ-
ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ
ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ਼ ਛੱਡਾਂਗੇ
ਦਿੱਲੀ ਤੋਂ ਉਚੇਚੇ ਪੁੱਜੇ ਅਤੇ ਬਾਬਾ ਫ਼ਰੀਦ ਸਾਹਿਤ ਪੁਰਸਕਾਰ ਨਾਲ਼ ਸਨਮਾਨਤ ਸ਼ਾਇਰ ਪ੍ਰੋ. ਬਰਜਿੰਦਰ ਚੌਹਾਨ ਨੇ ਬੇਬਾਕ ਸ਼ੈਲੀ ’ਚ ਆਪਣੀਆਂ ਰਚਨਾਵਾਂ ਦੀ ਸ਼ੁਰੂਆਤ ਕਰਦਿਆਂ ਕਿਹਾ-
ਸ਼ਾਇਦ ਏਦਾਂ ਹੀ ਬਦਲੇ ਮੌਸਮ ਦਾ ਰੰਗ ਜ਼ਰਾ
ਨੰਗ-ਮੁਨੰਗੇ ਰੁੱਖਾਂ ਉੱਤੇ ਕੁਝ ਪੱਤੇ ਟੰਗ ਜ਼ਰਾ
ਉਹ ਮੈਨੂੰ ਇਸ ਕਰਕੇ ਹੀ ਬਾਗ਼ੀ ਨੇ ਸਮਝ ਰਹੇ
ਮੈਂ ਦਰਿਆ ਵਿਚ ਤੈਰਨ ਦਾ ਬਦਲ ਲਿਆ ਹੈ ਢੰਗ ਜ਼ਰਾ
ਸਥਾਨਕ ਸ਼ਾਇਰ ਹਰਮਿੰਦਰ ਸਿੰਘ ਕੋਹਾਰਵਾਲ਼ਾ ਨੇ ਵੀ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ਼ ਹਾਜ਼ਰੀ ਲਵਾਈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਹੁਣੇ-ਹੁਣੇ ਵੱਕਾਰੀ ਸਾਹਿਤਕ ਸਨਮਾਨ ‘ਸਰਸਵਤੀ ਪੁਰਸਕਾਰ’ ਨਾਲ਼ ਨਿਵਾਜੇ ਡਾ. ਸੁਰਜੀਤ ਪਾਤਰ ਨੇ ਬਾਬਾ ਸ਼ੇਖ਼ ਫ਼ਰੀਦ ਜੀ ਦੀ ਰਚਨਾ ਨੂੰ ਨਤ-ਮਸਤਕ ਹੁੰਦਿਆਂ ਉਨ੍ਹਾਂ ਦੁਆਰਾ ਪੰਜਾਬੀ ਜ਼ੁਬਾਨ ਲਈ ਪਾਏ ਮਹਾਨ ਯੋਗਦਾਨ ਨੂੰ ਸਰਵ-ਉੱਤਮ ਕਿਹਾ। ਅੱਠ ਸਦੀਆਂ ਬੀਤ ਜਾਣ ਬਾਅਦ ਵੀ ਉਨ੍ਹਾਂ ਰਚਨਾਵਾਂ ਦਾ ਮਹੱਤਵ ਬਰਕਰਾਰ ਹੀ ਨਹੀਂ ਬਲਕਿ ਦਿਨ-ਬ-ਦਿਨ ਹੋਰ ਵਧਦਾ ਮਹਿਸੂਸ ਹੋ ਰਿਹਾ ਹੈ। ਪ੍ਰਸਿੱਧੀ ਹਾਸਲ ਕਰ ਚੁੱਕੇ ਲੇਖਕਾਂ ਨੇ ਵੀ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ ’ਚੋਂ ਸ਼ਬਦ ਜਾਂ ਵਾਕਾਂਸ਼ ਲੈ ਕੇ ਆਪਣੀਆਂ ਪੁਸਤਕਾਂ ਦੇ ਸਿਰਲੇਖਾਂ ਦੇ ਰੂਪ ਵਿਚ ਮੁਕਟ ਵਾਂਗ ਸਜਾਏ ਹਨ। ਸਾਹਿਤਕ ਸਮਾਗਮ ਵਿਚ ਗੁਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ ਦਫ਼ਤਰ ਅਜੀਤ ਫ਼ਰੀਦਕੋਟ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਰੀਦਕੋਟ, ਪ੍ਰੋ. ਸਾਧੂ ਸਿੰਘ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਅਵਤਾਰ ਗੋਂਦਾਰਾ, ਨਿਰਮਲ ਪਟਵਾਰੀ, ਜਸਵੰਤ ਜੱਸ, ਨਵਦੀਪ ਸਿੰਘ ਜ਼ੀਰਾ, ਜਸਬੀਰ ਜੱਸੀ, ਗੁਰਚਰਨ ਸਿੰਘ ਭੰਗੜਾ ਕੋਚ, ਮੇਹਰ ਸਿੰਘ ਸੰਧੂ, ਰਾਜਿੰਦਰ ਸਿੰਘ ਜੱਸਲ, ਐਸ ਬਰਜਿੰਦਰ, ਪ੍ਰੋ. ਪਰਮਿੰਦਰ ਸਿੰਘ, ਮੱਖਣ ਸਿੰਘ, ਨਿਰਮੋਹੀ ਫ਼ਰੀਦਕੋਟੀ,ਜਸਵਿੰਦਰ ਮਿੰਟੂ, ਸੁਨੀਲ ਵਾਟਸ ਤੋਂ ਇਲਾਵਾ ਸਥਾਨਕ ਦਰਸ਼ਕ, ਪੰਜਾਬ ਦੇ ਵਿਭਿਨ੍ਹ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ-ਢਾਣੀਆਂ ਤੋਂ ਆਏ ਸੈਂਕੜੇ ਸਾਹਿਤ ਰਸੀਏ ਸ਼ਾਮਲ ਸਨ।
Mubarkan Sunil te baaki dostaan nu..
ReplyDelete