ਰਿਵਰਲੈਂਡ (ਸਾਊਥ ਆਸਟ੍ਰੇਲੀਆ) : ਪੱਛਮੀ ਸੱਭਿਅਤਾ ਦੀ ਚਕਾਚੌਂਧ ਵਿੱਚ ਗੁਆਚ ਰਹੇ ਸਾਡੇ ਕੀਮਤੀ ਵਿਰਸੇ ਦੀ ਸਾਂਭ ਕਰਨ ਲਈ ਅਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਰਾਹੀਂ ਜੀਵਨ ਜਾਂਚ ਦੀ ਸੇਧ ਦੇਣ ਲਈ ਰਿਵਲੈਂਡ ਦੇ ਚੇਤਨਾ ਦੇ ਵਾਰਿਸ ਗੁਰਸਿੱਖਾਂ ਨੇ ਮਿਲ ਕੇ “ਰਿਵਲੈਂਡ ਸੇਵਾ” ਨਾਮ ਦੀ ਸੰਸਥਾ ਬਣਾਈ। ਇਸ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਖਾਲਸਾ, ਸੈਕਟਰੀ ਬੀਬੀ ਅੰਮ੍ਰਿਤ ਕੌਰ ਅਤੇ ਖਜ਼ਾਨਚੀ ਡਾਕਟਰ ਤੇਜਿੰਦਰ ਸਿੰਘ ਜੀ ਨੂੰ ਨਿਯੁਕਤ ਕੀਤਾ ਗਿਆ। ਇਸ ਦੇ ਮੈਂਬਰ ਸੁਸਾਨ ਸਿੰਘ, ਇੰਦਰਪ੍ਰੀਤ ਕੌਰ, ਸਤਿਵੰਤ ਕੌਰ, ਬਲਜੀਤ ਕੌਰ, ਨਵਤੇਜ ਸਿੰਘ, ਸਤਿਨਾਮ ਸਿੰਘ, ਮੁਹਿੰਦਰ ਸਿੰਘ, ਸਿਮਰਨਪ੍ਰੀਤ ਕੌਰ ਅਤੇ ਹੀਰਾ ਸਿੰਘ ਨਿਯੁਕਤ ਕੀਤੇ ਗਏ।
ਰਿਵਰਲੈਂਡ ਸੇਵਾ ਨੇ ਪਹਿਲਾ ਹੀ ਕੀਮਤੀ ਉਪਰਾਲਾ ਕਰਦਿਆਂ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਣ ਦੇ ਮਾਹਿਰ ਸਿੱਖ ਪੰਥ ਦੇ ਪ੍ਰਸਿੱਧ ਨੌਜਵਾਨ ਕਥਾਵਾਚਕ ਭਾਈ ਸਾਹਿਬ ਭਾਈ ਰਾਮ ਸਿੰਘ ਜੀ (ਗੁਰੂ ਗਿਆਨ ਮਿਸਨ) ਨੂੰ ਦੋ ਦਿਨਾਂ ਗੁਰਮਤਿ ਕੈਂਪ ਆਯੋਜਿਤ ਕਰਨ ਲਈ ਉਚੇਚੇ ਤੌਰ ਤੇ ਸੱਦਿਆ ਗਿਆ। ਭਾਈ ਰਾਮ ਸਿੰਘ ਜੀ ਵੱਲੋਂ ਇਹ ਸੋਚ ਲੈ ਕੇ ਕਿ ਬੱਚਿਆਂ ਵਿੱਚ ਇਨਸਾਨੀਅਤ ਦੇ ਬੀਜ ਬੀਜਣੇ ਹੀ ਆਦਰਸ਼ ਸਮਾਜ ਦੀ ਨੀਂਹ ਰੱਖਣੀ ਹੈ, ਮਲਟੀਮੀਡੀਏ ਨਾਲ ਕੈਂਪ ਅਯੋਜਿਤ ਕੀਤਾ ਗਿਆ, ਜਿਸ ਵਿੱਚ 60 ਤੋਂ ਉੱਪਰ ਬੱਚਿਆਂ ਨੇ ਹਿੱਸਾ ਲਿਆ। ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ “ਵਾਹਿਗੁਰੂ ਜੀ ਦਾ ਸਿਮਰਨ” ਕਰਕੇ ਕੈਂਪ ਵਿੱਚ ਆਏ ਸਾਰੇ ਬੱਚੇ ਤੇ ਨੌਜਵਾਨ ਮਿਲ ਕੇ ਸ੍ਰੀ ਜਪੁ ਜੀ ਦਾ ਪਾਠ ਕਰਦੇ ਸਨ। ਕੰਪਿਊਟਰ ਰਾਹੀਂ ਜਪੁ ਜੀ ਸਾਹਿਬ ਜੀ ਦਾ ਪਾਠ ਬੱਚੇ ਬਹੁਤ ਹੀ ਪਿਆਰ ਨਾਲ ਸੁਣਦਿਆਂ ਨਾਲੋ ਨਾਲ ਸਕਰੀਨ ਤੋਂ ਡਿਸਪਲੇਅ ਕੀਤੇ ਜਾਂਦੇ ਪਾਠ ਨੂੰ ਪੜ੍ਹਦੇ (ਫੌਲੌਅ ਕਰਦੇ) ਸਨ। ਉਸ ਤੋਂ ਬਾਅਦ ਗੁਰੁ ਸਾਹਿਬਾਨ ਜੀ ਦੇ ਇਤਿਹਾਸ ਕੋਈ ਸਟੋਰੀ ਇੱਕ ਬੱਚਾ ਅੰਗਰੇਜ਼ੀ ਵਿੱਚ ਤੇ ਦੂਸਰਾ ਬੱਚਾ ਪੰਜਾਬੀ ਵਿੱਚ ਸੁਣਾਉਂਦਾ ਸੀ। ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਸਾਡੀ ਮਾਂ ਬੋਲੀ ਪ੍ਰਤੀ ਹੋ ਰਹੇ ਅਵੇਸਲੇਪਣ ਕਾਰਣ ਬੱਚੇ ਗੁਰਮੁਖੀ / ਪੰਜਾਬੀ ਤੋਂ ਜਿੱਥੇ ਦੂਰ ਹੁੰਦੇ ਜਾ ਰਹੇ ਹਨ ਉੱਥੇ ਖੁਸ਼ੀ ਦੀ ਗੱਲ ਹੈ ਕਿ ਐਡੇਲੇਡ ਤੋਂ ਵਿਸੇਸ਼ ਤੌਰ ਤੇ ਇਸ ਕੈਂਪ ਵਿੱਚ ਪਹੁੰਚੇ ਕਾਕਾ ਅਨਮੋਲਵੀਰ ਸਿੰਘ ਨੇ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਸਾਖੀ ਪੜ੍ਹ ਕੇ ਸੁਨਾਉਣ ਦੀ ਸੇਵਾ ਕੀਤੀ। ਕਾਕਾ ਅਨਮੋਲਵੀਰ ਸਿੰਘ ਪੰਜਾਬੀ ਪੜ੍ਹਣ ਤੋਂ ਪ੍ਰਭਾਵਿਤ ਹੋ ਕੇ ਸਾਰੇ ਬੱਚੇ ਭਵਿੱਖ ਵਿੱਚ ਪੰਜਾਬੀ ਕਲਾਸਾਂ ਲਾਉਣ ਲਈ ਪ੍ਰਭਾਵਿਤ ਹੋਏ। ਨੌਜਵਾਨਾਂ ਦਾ ਪੰਜਾਬੀ ਪ੍ਰਤੀ ਉਤਸ਼ਾਹ ਦੇਖ ਕੇ ਡਾਕਟਰ ਤੇਜਿੰਦਰ ਸਿੰਘ ਜੀ ਨੇ ਭਵਿੱਖ ਵਿੱਚ ਹਰੇਕ ਸ਼ਨਿੱਚਰਵਾਰ ਨੂੰ ਪੰਜਾਬੀ ਅਤੇ ਗੁਰਮਤਿ ਕਲਾਸਾਂ ਲਾਉਣ ਦੀ ਜਿੰਮੇਂਵਾਰੀ ਸੰਭਾਲੀ। ਭਾਈ ਰਾਮ ਸਿੰਘ ਜੀ ਨੇ ਜਦੋਂ ਕੈਂਪ ਵਿੱਚ ਇੱਕ ਪੰਜਾਬੀ ਸਿੱਖਣ ਵਾਰੇ ਇੱਕ ਐਨੀਮੇਟਿਡ ਫਿਲਮ “ਆਓ ਪੰਜਾਬੀ ਸਿੱਖੀਏ” ਦਿਖਾਈ ਤਾਂ ਬਹੁਤ ਹੀ ਦਿਲਚਸਪ ਨਜ਼ਾਰਾ ਸੀ ਜੋ ਕਿ ਬਿਆਨ ਕਰਨ ਤੋਂ ਪਰ੍ਹੇ ਹੈ। ਇਸ ਤੋਂ ਇਲਾਵਾ ਸਿੱਖਿਇਜ਼ਮ ਬਾਰੇ ਧਾਰਮਿਕ ਫਿਲਮਾਂ ਵੀ ਦਿਖਾਈਆਂ ਗਈਆਂ ਅਤੇ ਮਾਨਵੀ ਤੇ ਸਮਾਜਿਕ ਕਦਰਾਂ ਕੀਮਤਾਂ ਅਤੇ ਇਨਸਾਨੀਅਤ ਵਾਰੇ ਭਾਈ ਸਾਹਿਬ ਜੀ ਵੱਲੋਂ ਬਹੁਤ ਹੀ ਆਕਰਸ਼ਕ ਢੰਗ ਨਾਲ ਬੱਚਿਆਂ ਨੂੰ ਉਪਦੇਸ਼ ਦਿੱਤੇ ਅਤੇ ਆਪਸੀ ਡਿਬੇਟ ਵੀ ਕਰਵਾਈ ਗਈ। ਭਾਈ ਰਾਮ ਸਿੰਘ ਜੀ ਦੇ ਲੈਕਚਰ ਦੀ ਖਾਸ਼ੀਅਤ ਇਹ ਹੈ ਕਿ ਉਹ ਬੱਚਿਆਂ ਤੇ ਨੌਜਵਾਨਾਂ ਨਾਲ ਇਤਨਾ ਘੁਲਮਿਲ ਜਾਂਦੇ ਹਨ ਕਿ ਸਾਰੇ ਉਹਨਾਂ ਨੂੰ ਆਪਣਾ ਫਰੈਂਡ ਸਮਝਣ ਲੱਗਦੇ ਹਨ। ਜਦੋਂ ਉਹ ਬੱਚਿਆਂ ਦੇ ਮਾਨਸਿਕ ਲੈਵਲ ਤੇ ਉਹਨਾਂ ਨੂੰ ਸਮਝ ਆਉਣ ਵਾਲੀਆਂ ਸੌਖੀਆਂ ਦਲੀਲਾਂ ਨਾਲ ਸਮਝਾਉਂਦੇ ਹਨ ਤਾਂ ਇੰਜ ਲੱਗਦਾ ਹੈ ਸੱਚਮੁੱਚ ਇਹ ਕਲਾ ਆਮ ਪ੍ਰਚਾਰਕਾਂ ਵਿੱਚ ਨਹੀਂ ਦਿਖਾਈ ਦਿੰਦੀ ਜਿਸ ਦੀ ਅੱਜ ਸਖਤ ਲੋੜ ਹੈ।
ਮੈਂ ਉਹਨਾਂ ਦੇ ਪ੍ਰਚਾਰ ਢੰਗ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਹਾਂ ਅਤੇ ਅਸਟਰੇਲੀਆ ਦੀਆਂ ਸੰਗਤਾਂ ਨਾਲ ਆਪਣੇ ਦਿਲ ਦੇ ਬਲਵਲੇ ਸਾਂਝੇ ਕਰਨੇ ਚਾਹੁੰਦਾ ਹਾਂ, ਕਿਉਂ ਕਿ ਇਸ ਤੋਂ ਪਹਿਲਾਂ ਅੱਜ ਤੱਕ ਜਿੰਨੇ ਵੀ ਪ੍ਰਚਾਰਕਾਂ ਨੂੰ ਮੈਂ ਬਤੌਰ ਪੱਤਰਕਾਰ ਦੇਖਿਆ ਹੈ, ਉਹਨਾਂ ਵਿੱਚੋਂ ਬਹੁਤੇ ਤਾਂ ਕਰਮਕਾਂਡੀ ਤੇ ਚਮਤਕਾਰੀ ਕਹਾਣੀਆਂ ਵੀ ਸੁਨਾਉਂਦੇ ਹਨ ਅਤੇ ਆਪਣੇ ਰੁੱਖੇ ਅਤੇ ਕੌੜੇ ਬੋਲਾਂ ਨਾਲ ਸਰੋਤਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਲੋਕ ਸ਼ਰਮੋ ਸ਼ਰਮੀ ਚੁੱਪ ਵੀ ਹੋ ਜਾਂਦੇ ਹਨ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਵਿੱਚ ਆਪਣਾ ਦਿਲ ਹੌਲਾ ਕਰਨ ਲਈ ਆਪਸ ਵਿੱਚ ਇੰਜ ਚਰਚਾ ਕਰਕੇ ਹਨ ਕਿ ਇਹ ਸਾਡੇ ਪ੍ਰਚਾਰਕ “21 ਵੀਂ ਸਦੀ ਸਾਇੰਟੇਫਿਕ ਦੇ ਯੁਗ ਵਿੱਚ” ਕਿਹੋ ਜਿਹੀਆਂ ਵਿਚਾਰਾਂ ਕਰਦੇ ਹਨ। ਮੈਂ ਲੋਕਾਂ ਨੂੰ ਇੱਕ ਦੂਜੇ ਤੋਂ ਇਹ ਵੀ ਪੁੱਛਦੇ ਦੇਖਿਆਂ ਕਿ “ਕੀ ਇਹਨਾਂ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਵੀ ਪ੍ਰਭਾਵਿਤ ਹੁੰਦੀ ਹੈ ਕਿ ਨਹੀਂ?”
ਅੱਜ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਮਲਟੀਮੀਡੀਏ ਨਾਲ ਗੁਰਬਾਣੀ ਪ੍ਰਚਾਰ ਕਰਨ ਵਾਲੇ ਭਾਈ ਰਾਮ ਸਿੰਘ ਕਥਾਵਾਚਕ ਅਜੋਕੇ ਯੁਗ ਦੇ “ਹਾਈਟੈਕ ਪ੍ਰਚਾਰਕ” ਹਨ ਜੋ ਕਿ ਸਮੇਂ ਦੇ ਹਾਣੀ ਬਣ ਕੇ ਪ੍ਰਚਾਰ ਦੇ ਖੇਤਰ ਵਿੱਚ ਸਿੱਖ ਪੰਥ ਦੇ ਚਮਕਦੇ ਸਿਤਾਰੇ ਵਾਂਗ ਉੱਭਰ ਰਹੇ ਹਨ। ਜਦੋਂ ਉਹ ਕਥਾ ਕਰਦੇ ਹਨ ਤਾਂ ਆਪਣੇ ਲੈਪਟਾਪ ਤੋਂ ਗੁਰੂ ਘਰ ਦੇ ਐਲ ਸੀ ਡੀ ਪ੍ਰੋਜੈਕਟਰ ਰਾਹੀਂ ਬਹੁਤ ਹੀ ਦਿਲਚਸਪ ਪਾਵਰ ਪੁਆਇਂਟਸ ਸਲਾਈਡਸ ਡਿਸਪਲੇਅ ਕਰਦੇ ਹਨ। ਉਹਨਾਂ ਵੱਲੋਂ ਖੁਦ ਆਪ ਤਿਆਰ ਕੀਤੀਆਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸਲਾਈਡਾਂ ਨੂੰ ਦੇਖ ਕੇ ਸਾਡੇ ਬੱਚੇ ਅਤੇ ਨੌਜਵਾਨ ਬਹੁਤ ਹੀ ਆਕਰਸ਼ਿਕ ਹੁੰਦੇ ਹਨ। ਇੱਥੋਂ ਤੱਕ ਕਿ ਜਿਹਨਾਂ ਨੂੰ ਪੰਜਾਬੀ ਘੱਟ ਆਉਂਦੀ ਹੈ ਜਾਂ ਬਿਲਕੁੱਲ ਨਹੀਂ ਆਉਂਦੀ ਉਹ ਵੀ ਇਸ ਸਲਾਈਡ ਸ਼ੋਅ ਵਾਲੇ ਪ੍ਰਚਾਰ ਤੋਂ ਮੈਂ ਪ੍ਰਭਾਵਿਤ ਹੰਦੇ ਦੇਖੇ।
ਸਾਰੀਆਂ ਸੰਗਤਾਂ ਨੇ ਇਸ ਗੱਲ ਦੀ ਬਹੁਤ ਸ਼ਲਾਘਾ ਕੀਤੀ ਕਿ ਜਦੋਂ ਭਾਈ ਸਾਹਿਬ ਕੋਈ ਵਿਚਾਰ ਜਾਂ ਵਿਸ਼ਾ (ਸਬਜੈਕਟ) ਸ਼ੁਰੂ ਕਰਦੇ ਹਨ ਤਾਂ ਵਿਸ਼ੇਸ਼ਤਾ ਇਹ ਹੈ ਕਿ ਸਾਡੀ ਰੋਜ਼ਾਨਾਂ ਜਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੀਆਂ ਉਦਹਾਰਣਾ ਹੀ ਦਿੰਦੇ ਹਨ। ਜੋ ਘਟਨਾਵਾਂ ਸਾਡੀ ਰੋਜ਼ਮਰਾ ਦੇ ਜੀਵਨ ਵਿੱਚ ਸਾਡਾ ਤਜ਼ਰਬਾ (ਐਕਸਪੀਰੀਐਂਸ) ਬਣ ਚੁੱਕਾ ਹੈ ਉਸ ਨੂੰ ਸਮਝਣਾ ਬਹੁਤ ਸੌਖਾ ਹੋ ਜਾਂਦਾ ਹੈ। ਉਹ ਸਾਡੀਆਂ ਰੋਜ਼ਾਨਾਂ ਦੀਆਂ ਨਿੱਜੀ ਜਿੰਦਗੀ, ਪਰਿਵਾਰਿਕ ਜਿੰਦਗੀ ਅਤੇ ਸਮਾਜਿਕ ਜਿੰਦਗੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ, ਗੁਰਬਾਣੀ ਵਿੱਚੋਂ ਹੀ ‘ਜੀਵਨ ਜੁਗਤ ਦੀ ਸਿੱਖਿਆ’ ਦੇ ਰੂਪ ਵਿੱਚ ਵਿਚਾਰ ਪੇਸ਼ ਕਰਦੇ ਹਨ ਅਤੇ ਨਾਲੋ ਨਾਲ ਪਰਿਵਾਰਾਂ ਵਿੱਚ ਅਤੇ ਸਾਮਜ ਵਿੱਚ ਮਨੁੱਖੀ ਏਕਤਾ ਬਾਰੇ ਵਿਚਾਰ ਬਹੁਤ ਹੀ ਮਿਠਾਸ ਭਰੇ ਅੰਦਾਜ਼ ਵਿੱਚ ਪੇਸ਼ ਕਰਦੇ ਹਨ।
ਉਹਨਾਂ ਦੀ ਕਥਾ ਸ਼ੈਲੀ ਵਿੱਚ ਆਮ ਪ੍ਰਚਾਰਕਾਂ ਨਾਲੋਂ ਵੱਖਰਾਪਣ ਇਹ ਹੈ ਕਿ ਉਹ ਵਿਵਾਦਪੂਰਣ ਵਿਸ਼ਿਆਂ ਨੂੰ ਸਟੇਜ ਤੋਂ ਨਹੀਂ ਕਹਿੰਦੇ ਅਤੇ ਨਾਂ ਹੀ ਕਿਸੇ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਕੋਈ ਚੋਟ ਮਾਰਦੇ ਹਨ। ਗੁਰਬਾਣੀ ਗਿਆਨ ਨੂੰ ਗਲੋਬਲ ਐਸਪੈਕਟ ਨੂੰ ਮੱਦੇ ਨਜ਼ਰ ਰੱਖ ਕੇ ‘ਪਿਆਰ ਦਾ ਸੰਦੇਸ਼, ਹੰਕਾਰ, ਨਫਰਤ ਅਤੇ ਗੁੱਸੇ ਤੋਂ ਬਚਣ ਲਈ’ ਗੁਰਬਾਣੀ ਵਿੱਚੋਂ ਦਲੀਲਾਂ ਦੇ ਕੇ ਪ੍ਰਚਾਰ ਨੂੰ ਅੱਜ ਦੇ ਸਮੇਂ ਦਾ ਹਾਣੀ ਬਣਾਉਂਦੇ ਹਨ। ਉਹ ਕੇਵਲ ਕਥਾ ਵਿਚਾਰ ਹੀ ਨਹੀਂ ਕਰਦੇ ਸਗੋਂ ਬੱਚਿਆਂ ਤੇ ਨੌਜਵਾਨਾਂ ਦੇ ਗੁਰਮਤਿ ਕੈਂਪ, ਕੁਇਜ਼ ਮੁਕਾਬਲੇ, ਡਾਇਲਾਗ ਸ਼ੈਸ਼ਨ ਅਤੇ ਗੁਰਮਤਿ ਸ਼ੈਸ਼ਨ ਵੀ ਅਯੋਜਿਤ ਕਰਦੇ ਹਨ। ਇਸ ਦੇ ਨਾਲੋ ਨਾਲ ਉਹ ਇੰਟਰਨੈੱਟ ਵਰਗੇ ਮੌਜ਼ੂਦਾ ਸਾਧਨਾਂ ਦੀ ਵਰਤੋਂ ਕਰਦਿਆਂ ਫੇਸਬੁੱਕ ਆਦਿ ਤੇ ਵੀ ਸੰਸਾਰ ਭਰ ਦੇ ਚਾਰ ਹਜ਼ਾਰ ਤੋਂ ਉੱਪਰ ਨੌਜਵਾਨਾਂ ਨਾਲ ਸ਼ਾਂਝ ਰੱਖਦੇ ਹਨ। ਉਹਨਾਂ ਕਥਾਂ ਲੈਕਚਰ ਡਬਲਿਊ ਡਬਲਿਊ ਡਬਲਿਊ ਡਾਟ ਗੁਰੁ ਗਿਆਨ ਡਾਟ ਗੁਰਮਤ ਚਾਨਣ ਡਾਟ ਕੌਮ ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ।
ਰਿਵਰਲੈਂਡ ਸੇਵਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਗੁਰੁ ਘਰਾਂ ਦੇ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਸਹਿਯੋਗ ਦੇਣ ਲਈ ਹੋਰ ਵੀ ਵਧੇਰੇ ਜਾਗਣ ਦੀ ਲੋੜ ਹੈ ਅਤੇ ਆਪਣਾ ਧੜੇਬੰਦੀਆਂ ਵਾਲਾ ਅਤੇ ਅਵੇਸਲੇਪਣ ਵਾਲਾ ਆਲਸੀ ਵਰਤੀਰਾ ਤਿਆਗ ਕੇ ਸਰਬੱਤ ਦੀ ਭਲੇ ਲਈ ਲਹਿਰ ਪੈਦਾ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਸੰਗਤਾਂ ਵੱਲੋਂ ਆਈ ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇ ਕਿ ਸਾਲ ਵਿੱਚ ਦੋ ਬਾਰੀ ਬੱਚਿਆਂ ਦੀਆਂ ਛੁੱਟੀਆਂ ਵਾਲੇ ਦਿਨਾਂ ਵਿੱਚ ਹਫਤੇ ਹਫਤੇ ਦੇ ਕੈਂਪ ਅਯੌਜਿਤ ਕੀਤੇ ਜਾਣ।
***
No comments:
Post a Comment