ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਵਲੋਂ ਸ਼ਾਇਰ ਹਰਮੀਤ ਵਿਦਿਆਰਥੀ ਨਾਲ਼ ਰੂਬਰੂ

ਸਾਹਿਤਕ ਸਰਗਰਮੀਆਂ ਨਾਲ਼ ਸ਼ਿੱਦਤ ਨਾਲ਼ ਜੁੜੀ ਸੰਸਥਾ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਵਲੋਂ ਇਸ ਵਾਰ ਪ੍ਰਸਿੱਧ ਸ਼ਾਇਰ ਹਰਮੀਤ ਵਿਦਿਆਰਥੀ ਨਾਲ਼ ਰੂਬਰੂ ਕਰਵਾਇਆ ਗਿਆ, ਜਿਸ ਵਿਚ ਐਡਵੋਕੇਟ ਸੋਹਨ ਸਿੰਘ ਜੌਹਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਹਨਾਂ ਤੋਂ ਇਲਾਵਾ ਜ਼ਿਲ੍ਹਾ ਲਿਖਾਰੀ ਸਭਾ ਦੇ ਪ੍ਰਧਾਨ ਸ. ਬਲਦੇਵ ਸਿੰਘ ਕੋਰੇ, ਆਲ ਇੰਡੀਆ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਜੁਆੰਿੲੰਟ ਸਕੱਤਰ ਸੁਖਿੰਦਰ ਸਿੰਘ ਬੌਬੀ ਬੋਲ਼ਾ, ਜ਼ਿਲ੍ਹਾ ਬਾਰ ਐਸ਼ੋਸ਼ੀਏਸ਼ਨ ਰੂਪਨਗਰ ਦੇ ਜਨਰਲ ਸਕੱਤਰ ਐਡਵੋਕੇਟ ਵਰਿੰਦਰ ਸਿੰਘ ਅਤੇ ਮੈਂਬਰ ਪੰਚਾਇਤ ਸੰਮਤੀ ਕੁਲਵੰਤ ਸਿੰਘ ਵੀ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ।
ਸਭ ਤੋਂ ਪਹਿਲਾਂ ਸਿਰਮੌਰ ਪੰਜਾਬੀ ਲੇਖਕਾਂ ਡਾ. ਜੋਗਿੰਦਰ ਸਿੰਘ ਰਾਹੀ ਅਤੇ ਡਾ. ਟੀ ਆਰ. ਵਿਨੋਦ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ੳਪਰੰਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਮਸ਼ੇਰ ਮੋਹੀ ਨੇ ਫ਼ਿਰੋਜ਼ਪੁਰ ਤੋਂ ਆਏ ਚਰਚਿਤ ਪੰਜਾਬੀ ਸ਼ਾਇਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਹਰਮੀਤ ਵਿਦਆਰਥੀ ਦਾ ਸੰਖੇਪ ਪਰ ਭਾਵਪੂਰਤ ਲਫ਼ਜ਼ਾਂ ਨਾਲ਼ ਤੁਆਰਫ਼ ਕਰਵਾਇਆ।ਸ਼ਾਇਰ ਹਰਮੀਤ ਵਿਦਿਆਰਥੀ ਨੇ ਲਿਖਾਰੀ ਸਭਾ ਦੇ ਰੋਪੜ ਸਥਿਤ ਦਫ਼ਤਰ ਵਿਚਲੇ ਖਚਾਖਚ ਭਰੇ ਹਾਲ ਵਿਚ ਹਾਜ਼ਰ ਲੇਖਕਾਂ ਤੇ ਪੰਜਾਬੀ ਪ੍ਰੇਮੀਆਂ ਦੇ ਰੂਬਰੂ ਹੁੰਦਿਆਂ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ਪੇਸ਼ ਕਰਨ ਤੋਂ ਬਾਦ ਕਿਹਾ ਕਿ ਅੱਜ ਕਵਿਤਾ ਮਨੋਰੰਜਨ ਦਾ ਸਾਧਨ ਨਾ ਹੋ ਕੇ ਇਕ ਜ਼ਿੰਮੇਵਾਰੀ ਵਾਲ਼ਾ ਕਾਰਜ ਬਣ ਗਿਆ ਹੈ।ਵਿਦਿਆਰਥੀ ਨੇ ਸਮਕਾਲੀ ਕਵਿਤਾ ਦੀ ਦਿਸ਼ਾ ਤੇ ਦਸ਼ਾ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਕਵਿਤਾ ਪੰਜਾਬੀਆਂ ਦੇ ਸੁਭਾਅ ਵਾਗ ਅਮਾਨਵੀ ਸੱਤਾ ਨਾਲ਼ ਦਸਤਪੰਜਾ ਲੈਂਦੀ ਹੋਈ ਸਮਕਾਲੀ ਸਮੱਸਿਆਵਾਂ ਨੂੰ ਆਪਣੀ ਚਿੰਤਾ ਤੇ ਚਿੰਤਨ ਬਣਾਉਂਦਿਆ ਆਪਣੀ ਹੋਂਦ ਗ੍ਰਹਿਣ ਕਰਦੀ ਹੈ।
ਸ਼ਾਇਰ ਹਰਮੀਤ ਵਿਦਿਆਰਥੀ ਨੇ ਪੰਜਾਬੀ ਮਨੁੱਖ ਦੇ ਹੋਂਦ ਦੇ ਮਸਲਿਆਂ ਨੂੰ ਸਾਹਿਤ ਦਾ ਅੰਗ ਬਣਾਉਣ ਦੇ ਨਾਲ਼ ਨਾਲ਼ ਜਨ-ਮਾਨਸ ਦੀ ਸੋਚ ਦਾ ਅੰਗ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਲੇਖਕਾਂ-ਬੁੱਧੀਜੀਵੀਆਂ ਨੂੰ ਸਮਾਜਕ ਚੇਤਨਾ ਫੈਲਾਉਣ ਲਈ ਆਪਣੀਆਂ ‘ਰਿਆਸਤਾਂ ਦੀ ਮਲਕੀਅਤ’ ਛੱਡ ਕੇ ਆਮ ਲੋਕਾਂ ਨਾਲ਼ ਜੁੜਨਾ ਚਾਹੀਦਾ ਹੈ।ਇਸ ਮੌਕੇ ਪ੍ਰੋ. ਨਿਰਮਲ ਸਿੰਘ, ਪ੍ਰੇਮ ਪ੍ਰਕਾਸ਼ ਨਾਜ਼, ਡਾ. ਗੁਰਚਰਨ ਕੌਰ ਗੰਭੀਰ, ਗੁਰਨਾਮ ਸਿੰਘ ਬਿਜਲੀ, ਗੁਗਇੰਦਰ ਸਿੰਘ ਪ੍ਰੀਤ, ਡਾ. ਅਜਮੇਰ ਸਿੰਘ, ਪਿੰ. ਯਤਿੰਦਰ ਕੌਰ ਮਾਹਲ. ਤਜਿੰਦਰ ਸਿੰਘ ਖਿਜ਼ਰਾਬਾਦੀ, ਕੇਸਰ ਸਿੰਘ ਕੰਗ ਅਤੇ ਸੁਰਜੀਤ ਮੰਡ ਆਦਿ ਲੇਖਕਾਂ ਨੇ ਹਰਮੀਤ ਵਿਦਿਆਰਥੀ ਨੂੰ ਕੀਤੇ ਸੁਆਲਾਂ ਨਾਲ਼ ਰੂਬਰੂ ਸਮਾਗਮ ਨੂੰ ਹੋਰ ਵੀ ਗਹਿਰ-ਗੰਭੀਰ ਬਣਾਇਆ।
ਇਸ ਮੌਕੇ ’ਤੇ ਇਕ ਸੰਖੇਪ ਜਿਹਾ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿਚ ਗੁਰਚਰਨ ਕੌਰ ਗੰਭੀਰ, ਇੰਦਰਜੀਤ ਸਿੰਘ ਬਾਲਾ, ਨਿਰਮਲ ਪ੍ਰਸੰਨ, ਦੀਦਾਰ ਸਿੰਘ ਬਾਗ਼ੀ, ਪ੍ਰੇਮ ਪ੍ਰਕਾਸ਼ ਨਾਜ਼, ਮਹਿੰਦਰ ਸਿੰਘ ਭਲਿਆਣ, ਬਲਜਿੰਦਰ ਕੌਰ, ਅਮਨ ਇਸ਼ਾਕ, ਸੁਰੇਸ਼ ਕੁਮਾਰ ਐਡਵੋਕੇਟ ਅਤੇ ਸੋਹਨ ਸਿੰਘ ਜੌਹਲ ਆਦਿ ਨੇ ਚੰਗਾ ਰੰਗ ਬੰਨ੍ਹਿਆ।
ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਐਡਵੋਕੇਟ ਸੋਹਨ ਸਿੰਘ ਜੌਹਲ ਨੇ ਸਭਾ ਦੀਆਂ ਸਰਗਰਮੀਆਂ ਦੀ ਤਾਰੀਫ਼ ਕਰਦਿਆਂ ਸਭਾ ਨੂੰ 2100 ਰੁਪਏ ਦੀ ਮਾਇਕ ਸਹਾਇਤਾ ਵੀ ਕੀਤੀ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਸਭਾ ਦੀ ਜਨਰਲ ਸਕੱਤਰ ਪਿੰ੍ਰ. ਯਤਿੰਦਰ ਕੌਰ ਮਾਹਲ ਨੇ ਬਾਖ਼ੂਬੀ ਕੀਤਾ।

No comments:

Post a Comment