ਇੰਦਰਾ ਪ੍ਰਿਯਾ ਦਰਸ਼ਨੀ ਕਮਿਊਨਿਟੀ ਹਾਲ, ਕੋਟਕਪੂਰਾ ਵਿਖੇ ਪੀਪਲਜ਼ ਫ਼ੋਰਮ ਵੱਲੋਂ ਲਾਏ ਪਹਿਲੇ ਪੁਸਤਕ ਮੇਲੇ ਦੇ ਪਹਿਲੇ ਦਿਨ ਹੀ ਮਲਵਈ ਪਾਠਕਾਂ ਵੱਲੋਂ ਕੀਤੀ ਗਈ ਵੱਡੀ ਗਿਣਤੀ ਵਿੱਚ ਪੁਸਤਕਾਂ ਦੀ ਖਰੀਦ ਨੇ ਇੱਕ ਵਾਰ ਫੇਰ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕਿ ਮਾਲਵਾ ਇਲਾਕਾ ਹਾਲੇ ਵੀ ਪੰਜਾਬੀ ਪੁਸਤਕਾਂ ਦੀ ਪਸੰਦ ਵਿੱਚ ਮੋਹਰੀ ਸਥਾਨ ਰੱਖਦਾ ਹੈ। ਫ਼ਰੀਦਕੋਟ, ਬਠਿੰਡਾ, ਮੁਕਤਸਰ, ਮੋਗਾ ਅਤੇ ਫ਼ਿਰੋਜਪੁਰ ਜ਼ਿਲਿਆਂ ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਪੰਜਾਬੀ ਪਾਠਕਾਂ ਵੱਲੋਂ ਡੇਢ ਲੱਖ ਰੁਪਏ ਤੋਂ ਵਧੇਰੇ ਮੁੱਲ ਦੀਆਂ ਪੰਜਾਬੀ ਪੁਸਤਕਾਂ ਦੀ ਖ਼ਰੀਦ ਕੀਤੀ ਗਈ। ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਜਨਰਲ ਸਕੱਤਰ ਰਾਜਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੁਸਤਕ- ਪਾਠਕ ਦੇ ਘਰ ਤੱਕ’ ਮੁਹਿੰਮ ਤਹਿਤ ਲਾਏ ਇਸ ਪੁਸਤਕ ਮੇਲੇ ਦੇ ਪਹਿਲੇ ਦਿਨ ਪੰਜਾਬੀ ਪਾਠਕਾਂ ਨੇ ਵੱਖ ਵੱਖ ਵਿਸ਼ਿਆਂ ਨਾਲ ਸੰਬਧਿਤ ਪੁਸਤਕਾਂ ਵਿੱਚ ਗਹਿਰੀ ਦਿਲਚਸਪੀ ਦਿਖਾਈ ਜੋ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸਬੰਧੀ ਸਰੋਕਾਰਾਂ ਪ੍ਰਤੀ ਸ਼ੁਭ-ਸ਼ਗਨ ਹੈ।
ਤਿੰਨ ਦਿਨਾਂ ਪੁਸਤਕ ਮੇਲੇ ਦਾ ਉਦਘਾਟਨ ਪੁਸਤਕ ਪ੍ਰੇਮੀ ਅੱਖਾਂ ਦੇ ਪ੍ਰਸਿਧ ਸਰਜਨ ਡਾ। ਪ੍ਰਭਦੇਵ ਸਿੰਘ ਬਰਾੜ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਉਹਨਾਂ ਮੇਲੇ ਵਿੱਚ ਸ਼ਾਮਲ ਵੱਖ ਵੱਖ ਸਟਾਲਾਂ ’ਤੇ ਪੁਸਤਕਾਂ ਦਾ ਜਾਇਜ਼ਾ ਲੈਂਦਿਆਂ ਮੌਜੂਦਾ ਦੌਰ ਵਿੱਚ ਅਜਿਹੇ ਪੁਸਤਕ ਮੇਲਿਆਂ ਦੇ ਸਾਰਥਿਕ ਰੋਲ ਦੀ ਸ਼ਲਾਘਾ ਕੀਤੀ। ਇਸ ਪੁਸਤਕ ਮੇਲੇ ਵਿੱਚ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ, ਯੂਨੀਸਟਾਰ ਚੰਡੀਗੜ, ਚੇਤਨਾ ਪ੍ਰਕਾਸ਼ਨ ਲੁਧਿਆਣਾ, ਸੰਗਮ ਪਬਲੀਕੇਸ਼ਨਜ਼ ਸਮਾਣਾ, ਲੋਕਗੀਤ ਪ੍ਰਕਾਸ਼ਨ ਚੰਡੀਗੜ, ਤਰਕਭਾਰਤੀ ਬਰਨਾਲਾ, ਮਹਿਰਮ ਗਰੁੱਪ ਨਾਭਾ ਅਤੇ ਹੋਰ ਸਾਹਿਤਕ ਸੰਸਥਾਵਾਂ ਸ਼ਾਮਲ ਹਨ।
ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਦੇ ਵਿਕਰੀ ਅਧਿਕਾਰੀ ਸ਼੍ਰੀ ਰਾਜ ਕੁਮਾਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ ਉਹਨਾਂ ਦੇ ਸਟਾਲ ਤੋਂ ਲੱਗਭੱਗ 25 ਹਜ਼ਾਰ ਦੀਆਂ ਬਾਲ ਪੁਸਤਕਾਂ ਦੀ ਵਿਕਰੀ ਹੋਈ ਹੈ। ਸਾਹਿਤ ਅਕਾਦਮੀ ਇਨਾਮ ਜੇਤੂ ਅਨੁਵਾਦਕ ਸ਼੍ਰੀ ਸ਼ਾਹ ਚਮਨ ਨੇ ਮੇਲੇ ਵਿੱਚ ਪਾਠਕਾਂ ਦੀ ਭਰਪੂਰ ਗਿਣਤੀ ’ਤੇ ਤਸੱਲੀ ਪ੍ਰਗਟ ਕੀਤੀ। ਸਾਹਿਤ ਸਭਾ ਦੇ ਪ੍ਰਧਾਨ ਸ੍ਰ। ਜ਼ੋਰਾ ਸਿੰਘ ਸੰਧੂ ਨੇ ਪਾਠਕਾਂ ਦੇ ਪੁਸਤਕ-ਪਿਆਰ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਲਾ ਮਾਨਸਾ ਦੇ ਪਿੰਡ ਗੰਢੂ ਕਲਾਂ ਦੇ ਸਰਕਾਰੀ ਸਕੂਲ ਤੋਂ ਪਹੁੰਚੇ ਇੱਕ ਅਧਿਆਪਕ ਨੇ ਪੀਪਲਜ਼ ਫ਼ੋਰਮ ਦੇ ਇਸ ਉਪਰਾਲੇ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਵੱਡਮੁੱਲਾ ਤੋਹਫ਼ਾ ਦੱਸਿਆ। ਮੁਕਤਸਰ ਤੋਂ ਆਏ ਸਾਹਿਤਕਾਰ ਹਰਜਿੰਦਰ ਸੂਰੇਵਾਲੀਆ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਲਈ ਦਸ ਹਜ਼ਾਰ ਰੁਪਏ ਦੀਆਂ ਪੁਸਤਕਾਂ ਖਰੀਦੀਆਂ।
ਅੱਜ ਪੁਸਤਕ ਮੇਲੇ ਦੇ ਪਹਿਲੇ ਦਿਨ ਨਾਮਵਰ ਲੇਖਕਾਂ ਅਤੇ ਕਵੀਆਂ ਨੇ ਵੀ ਆਪਣੀ ਹਾਜ਼ਰੀ ਲਵਾਈ ਜਿਹਨਾਂ ਵਿੱਚ ਸ਼੍ਰੀ ਹਰਮਿੰਦਰ ਕੋਹਾਰਵਾਲਾ, ਵਿਸ਼ਵਜਯੋਤੀ ਧੀਰ, ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਪ੍ਰਸਿਧ ਅਨੁਵਾਦਕ ਪਵਨ ਗੁਲਾਟੀ, ਜਰਨੈਲ ਸਿੰਘ ਚਾਹਲ, ਜੰਗਪਾਲ ਸਿੰਘ ਬਰਾੜ, ਸੁਭਾਸ਼ ਪਰਿਹਾਰ, ਹਰਜਿੰਦਰ ਢਿੱਲੋਂ, ਕੁਲਵੰਤ ਗਿੱਲ, ਭੁਪਿੰਦਰ ਬਰਗਾੜੀ, ਅਮਰਜੀਤ ਸਿੰਘ ਢਿੱਲੋਂ, ਜਸਵਿੰਦਰ ਗਿੱਲ, ਅੰਮ੍ਰਿਤਪਾਲ ਵਿਰਕ, ਪਰਮਪਾਲ ਸਿੰਘ, ਮਹਿੰਦਰ ਪਾਲ ਸਿੰਘ, ਗੁਰਦਰਸ਼ਨ ਸਿੰਘ ਬਰਾੜ ਤੋਂ ਇਲਾਵਾ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।
No comments:
Post a Comment