ਅਜ਼ੀਮ ਸ਼ਾਇਰ ਸੁਰਜੀਤ ਪਾਤਰ ਹੋਏ ਸਿਖਿਆਰਥੀਆਂ ਦੇ ਰੂ-ਬ-ਰੂ.......... ਰੂਬਰੂ / ਪਰਮਿੰਦਰ ਸਿੰਘ ਤੱਗੜ (ਡਾ. )


ਆਧੁਨਿਕ ਪੰਜਾਬੀ ਅਦਬ ਦੇ ਅਜ਼ੀਮ ਸ਼ਾਇਰ ਡਾ. ਸੁਰਜੀਤ ਪਾਤਰ ਹੰਸ ਰਾਜ ਕਾਲਜ ਆਫ਼ ਐਜੂਕੇਸ਼ਨ ਬਾਜਾਖਾਨਾ ਦੇ ਬੀ ਐਡ ਸਿਖਿਆਰਥੀਆਂ ਦੇ ਰੂ-ਬ-ਰੂ ਹੋਏ। ਕਾਲਜ ਦੇ ਸੈਮੀਨਾਰ ਹਾਲ ਵਿਚ ਰਚਾਏ ਇਸ ਸਾਹਿਤਕ ਸਮਾਗਮ ਵਿਚ ਮੁੱਖ ਮਹਿਮਾਨ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵਜੋਂ ਪੱਤਰਕਾਰ ਗੁਰਮੀਤ ਸਿੰਘ ਕੋਟਕਪੂਰਾ, ਸ਼ਾਇਰ ਹਰੀ ਸਿੰਘ ਮੋਹੀ, ਅਮਰਜੀਤ ਸਿੰਘ ਉਪ ਜ਼ਿਲਾ ਸਿਖਿਆ ਅਫ਼ਸਰ ਫ਼ਰੀਦਕੋਟ, ਜਗਜੀਤ ਸਿੰਘ ਚਾਹਲ ਸਹਾਇਕ ਨਿਰਦੇਸ਼ਕ ਯੁਵਕ ਸੇਵਾਵਾਂ ਫ਼ਰੀਦਕੋਟ ਸ਼ਾਮਲ ਸਨ। ਇਸ ਸਮਾਗਮ ਦੇ ਪਹਿਲੇ ਸੈਸ਼ਨ ਦਾ ਆਗ਼ਾਜ਼ ਲਖਵੀਰ ਸਿੰਘ ਦੁਆਰਾ ਸ਼ਾਇਰ ਪਾਤਰ ਦੀ ਖ਼ੂਬਸੂਰਤ ਗ਼ਜ਼ਲ ‘ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ’ ਦੇ ਗਾਇਨ ਨਾਲ਼ ਹੋਇਆ। ਸੁਪ੍ਰਸਿਧ ਪੱਤਰਕਾਰ ਗੁਰਮੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਆਏ ਪਤਵੰਤਿਆਂ ਦਾ ਹਾਰਦਿਕ ਅਭਿਨੰਦਨ ਕੀਤਾ। ੳਹਨਾਂ ਕਿਹਾ ਕਿ ਕਾਲਜ ਦੇ ਸਿਖਿਆਰਥੀਆਂ ਨਾਲ਼ ਸ਼ਾਇਰ ਸੁਰਜੀਤ ਪਾਤਰ ਦਾ ਇਹ ਸਾਖਿਆਤਕਾਰ ਸਿਖਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਅਤੇ ਸਾਹਿਤ ਪ੍ਰਤੀ ਲਗਾਅ ਵਿਚ ਹੋਰ ਵਾਧਾ ਕਰੇਗਾ ਇਸ ਸੁਭਾਗੇ ਸਮਾਗਮ ਦੌਰਾਨ ਸ਼ਾਇਰ ਸੁਰਜੀਤ ਪਾਤਰ ਨੇ ਸਿਖਿਆਰਥੀਆਂ ਦੇ ਰੂ-ਬ’-ਰੂ ਹੁੰਦਿਆਂ ਆਪਣੀ ਸ਼ਾਇਰੀ ਦੀ ਸਿਰਜਣਾ ਨਾਲ਼ ਜੁੜੇ ਅਹਿਮ ਪਹਿਲੂ ਸਾਂਝੇ ਕੀਤੇ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਰਸੇ ਵਿਚ ਸੰਗੀਤਕ ਮਾਹੌਲ ਮਿਲਿਆ ਕਿਉਂਕਿ ਪਿਤਾ ਜੀ ਗੁਰਬਾਣੀ ਕੀਰਤਨ ਵਿਚ ਰੁਚੀ ਰੱਖਦੇ ਸਨ ਅਤੇ ਵਧੀਆ ਕੀਰਤਨੀਏ ਸਨ ਇਸ ਕਰਕੇ ਉਹ ਜ਼ਿੰਦਗੀ ਦੇ ਮੁਢਲੇ ਪੜਾਅ ਵਿਚ ਸੰਗੀਤਕਾਰ ਬਨਣ ਦੇ ਇਛੁਕ ਸਨ ਅਤੇ ਜਾਂ ਫ਼ਿਰ ਸ਼ਾਇਰ। ਇਕ ਪੁਖ਼ਤਾ ਸੰਗੀਤਕਾਰ ਭਾਵੇਂ ਉਹ ਨਹੀਂ ਬਣ ਸਕੇ ਪਰ ਸ਼ਾਇਰ ਜ਼ਰੂਰ ਬਣ ਗਏ। ਸਿਖਿਆਰਥੀਆਂ ਨਾਲ਼ ਸਾਹਿਤਕ ਗੱਲਾਂ ਸਾਂਝੀਆਂ ਕਰਨ ਸਮੇਂ ਨਾਲ਼ੋ ਨਾਲ਼ ਆਪਣੀਆਂ ਚੋਣਵੀਆਂ ਰਚਨਾਵਾਂ ਬਾ-ਤਰੱਨੁਮ ਸਾਂਝੀਆਂ ਕਰਦੇ ਗਏ ਅਤੇ ਉਹਨਾਂ ਰਚਨਾਵਾਂ ਦੀ ਸਿਰਜਣਾ ਨਾਲ਼ ਜੁੜੀਆਂ ਯਾਦਾਂ ਦਾ ਸਿਮਰਨ ਵੀ ਕਰਦੇ ਗਏ। ਉਹਨਾਂ ਸੰਸਥਾ ਦੁਆਰਾ ਰਚਾਏ ਸਾਹਿਤਕ ਸਮਾਗਮ ’ਤੇ ਸੰਤੁਸ਼ਟੀ ਅਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਵਿਦਿਆਰਥੀਆਂ ਨੂੰ ਸਾਹਿਤ ਨਾਲ਼ ਜੋੜਨ ਦਾ ਜ਼ਰੀਆ ਬਣਦੇ ਹਨ ਉਥੇ ਸਾਹਿਤਕਾਰਾਂ ਲਈ ਵੀ ਮਾਣ ਦਾ ਸਬੱਬ ਬਣਦੇ ਨੇ।
ਸਮਾਗਮ ਦੇ ਦੂਜੇ ਦੌਰ ਦੀ ਸ਼ੁਰੂਆਤ ਕਰਮਜੀਤ ਕੌਰ ਲੈਕਚਰਰ ਅਤੇ ਜਗਜੀਤ ਸਿੰਘ ਦੁਆਰਾ ਪੇਸ਼ ਗਾਇਨ ਵੰਨਗੀਆਂ ਨਾਲ਼ ਹੋਈ। ਉਪਰੰਤ ਸ਼ਾਇਰ ਪਾਤਰ ਫ਼ਿਰ ਤੋਂ ਸਿਖਿਆਰਥੀਆਂ ਦੇ ਰੂ-ਬ-ਰੂ ਹੋਏ। ਸਿਖਿਆਰਥੀਆਂ ਦੁਆਰਾ ਤੋਰੀ ਜਾਣ ਵਾਲੀ ਸਾਹਿਤਕ ਗੱਲਬਾਤ ਤੋਂ ਪਹਿਲਾਂ ਸਰੋਤਿਆਂ ਦੀ ਫ਼ਰਮਾਇਸ਼ ’ਤੇ ‘ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ’ ਬਾਤਰੱਨੁਮ ਪੇਸ਼ ਕੀਤੀ। ਪਾਤਰ ਦੁਆਰਾ ਹਿੰਦ ਪਾਕ ਰਿਸ਼ਤਿਆਂ ਦੀ ਤਰਜ਼ਮਾਨੀ ਤਹਿਤ ਭਾਰਤ-ਪਾਕ ਖੇਡਾਂ ਸਮੇਂ ਸਭਿਆਚਾਰ ਸਮਾਗਮ ’ਚ ਪੇਸ਼ ਕੀਤੇ ਗੀਤ ਨੂੰ ਸੁਣਕੇ ਸਰੋਤੇ ਮੰਤਰ ਮੁਗ਼ਧ ਹੋ ਗਏ। ਜਿਸ ਦੇ ਬੋਲ ਸਨ-
ਕਹੇ ਸਤਲੁਜ ਦਾ ਪਾਣੀ ਆਖ਼ੇ ਬਿਆਸ ਦੀ ਰਵਾਨੀ
ਸਾਡਾ ਜਿਹਲਮ ਚਨਾਬ ਨੂੰ ਸਲਾਮ ਆਖਣਾ
ਅਸੀਂ ਮੰਗਦੇ ਹਾਂ ਖ਼ੈਰਾਂ ਸੁਬਾਹ ਸ਼ਾਮ ਆਖਣਾ
ਜੀ ਸਲਾਮ ਆਖਣਾ-ਜੀ ਸਲਾਮ ਆਖਣਾ
ਸਿਖਿਆਰਥੀਆਂ ਨੇ ਆਪਣੇ ਪਿਆਰੇ ਸ਼ਾਇਰ ਨੂੰ ਧੁਰ ਅੰਦਰੋਂ ਜਾਨਣ ਦੀ ਇੱਛਾ ਨਾਲ਼ ਸੁਆਲ-ਜੁਆਬ ਸ਼ੈਲੀ ਵਿਚ ਗੱਲਬਾਤ ਨੂੰ ਅੱਗੇ ਤੋਰਿਆ। ਜਿਸ ਤਹਿਤ ਅਨੇਕਾਂ ਸੁਆਲ ਪਾਤਰ ਸਾਹਬ ਨੂੰ ਕੀਤੇ ਗਏ ਅਤੇ ਜਿਹਨਾਂ ਦੇ ਬੜੇ ਸਹਿਜ ਤਰੀਕੇ ਨਾਲ਼ ਉਹਨਾਂ ਵੱਲੋਂ ਦਿੱਤੇ ਜਵਾਬ ਜਿੱਥੇ ਮਾਹੌਲ ਨੂੰ ਸਾਹਿਤਕਤਾ ਬਖ਼ਸ਼ਦੇ ਰਹੇ ਉਥੇ ਸ਼ਾਇਰ ਦੀ ਅੰਤਰੀਵ ਆਤਮਾ ਦੀ ਨਿਸ਼ਾਨਦੇਹੀ ਵੀ ਕਰਦੇ ਰਹੇ। ਨਾਲ਼ੋ ਨਾਲ਼ ‘ਆਇਆ ਨੰਦ ਕਿਸ਼ੋਰ’ ਵਰਗੀਆਂ ਕਈ ਹੋਰ ਚਰਚਿਤ ਰਚਨਾਵਾਂ ਵੀ ਸਾਂਝੀਆਂ ਹੁੰਦੀਆਂ ਗਈਆਂ। ‘ਜਗਾ ਦੇ ਮੋਮਬੱਤੀਆਂ’ ਦੀ ਪੇਸ਼ਕਾਰੀ ਨਾਲ਼ ਪਾਤਰ ਸਾਹਬ ਨੇ ਸਿਖਿਆਰਥੀਆਂ ਨਾਲ਼ ਆਪਣੀ ਗੱਲਬਾਤ ਨੂੰ ਆਸ਼ਾਵਾਦੀ ਵਿਰਾਮ ਦਿੱਤਾ। ਸੰਸਥਾ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨਾਂ ਨੇ ਸੰਸਥਾ ਵੱਲੋਂ ਸੁਰਜੀਤ ਪਾਤਰ ਨੂੰ ਸ਼ਾਲ ਅਤੇ ਯਾਦ ਨਿਸ਼ਾਨੀ ਰਾਹੀਂ ਸਨਮਾਨ ਦਿੱਤਾ। ਧੰਨਵਾਦ ਦੀ ਰਸਮ ਪ੍ਰਿੰ. ਮੱਖਣ ਲਾਲ ਗੋਇਲ ਨੇ ਨਿਭਾਈ।
ਇਸ ਖ਼ੂਬਸੂਰਤ ਰ’ੂ-ਬ’-ਰੂ ਸਮਾਗਮ ਵਿਚ ਸਿਖਿਆਰਥੀਆਂ ਸਣੇ ਹੰਸ ਰਾਜ ਵਿਦਿਅਕ ਸੰਸਥਾਵਾਂ ਦਾ ਸਮੁੱਚੇ ਸਟਾਫ਼ ਤੋਂ ਇਲਾਵਾ ਪ੍ਰੋ. ਰਾਜਪਾਲ ਸਿੰਘ ਸੋਹੀ, ਪ੍ਰੋ.ਰੋਸ਼ਨ ਲਾਲ,ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ.(ਡਾ.) ਅਮਨਦੀਪ ਸਿੰਘ, ਪਵਨ ਗੁਲਾਟੀ, ਅਮਰਜੀਤ ਢਿੱਲੋਂ, ਜਸਬੀਰ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ, ਅੰਗਰੇਜ ਸਿੰਘ, ਰਾਜਿੰਦਰ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸ਼ਰਮਾ ਅਰਸ਼ੀ, ਚਰਨਜੀਵ ਸ਼ਰਮਾ, ਗੁਰਨਾਮ ਸਿੰਘ, ਚਿੱਤਰਕਾਰ ਪ੍ਰੀਤ ਭਗਵਾਨ, ਖੁਸ਼ਵੰਤ ਬਰਗਾੜੀ, ਬਲਦੇਵ ਬੰਬੀਹਾ ਅਤੇ ਜੀਵਨ ਗਰਗ ਵੀ ਸ਼ਾਮਲ ਸਨ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।


No comments:

Post a Comment