ਪਦਮ ਸ੍ਰੀ ਗੁਰਦਿਆਲ ਸਿੰਘ ਨੇ ਹਰੀ ਸਿੰਘ ਮੋਹੀ ਦਾ ਨਵ-ਪ੍ਰਕਾਸ਼ਿਤ ‘ਰੂਹ ਦਾ ਰਕਸ’ ਕਾਵਿ-ਸੰਗ੍ਰਿਹ ਲੋਕ ਅਰਪਿਤ ਕੀਤਾ

ਕੋਟਕਪੂਰਾ (ਡਾ। ਪਰਮਿੰਦਰ ਸਿੰਘ ਤੱਗੜ) ਪੰਜਾਬੀ ਸ਼ਾਇਰੀ ਦੇ ਨਾਮਵਰ ਹਸਤਾਖ਼ਰ ਹਰੀ ਸਿੰਘ ਮੋਹੀ ਦਾ ਪੰਜਵਾਂ ਕਾਵਿ-ਸੰਗ੍ਰਿਹ ‘ਰੂਹ ਦਾ ਰਕਸ’ ਗਿਆਨਪੀਠ ਪੁਰਸਕਾਰ ਜੇਤੂ ਨਾਵਲਕਾਰ ਪਦਮ ਸ੍ਰੀ ਗੁਰਦਿਆਲ ਸਿੰਘ ਨੇ ਹਰੀ ਸਿੰਘ ਮੋਹੀ ਦੇ ਪੈਂਹਠਵੇਂ ਜਨਮ ਦਿਨ ਦੇ ਮੌਕੇ ’ਤੇ ਇਕ ਬਹੁਤ ਹੀ ਸਾਦੇ ਪਰ ਅਤਿ ਪ੍ਰਸ਼ੰਸਾਯੋਗ ਸਮਾਗਮ ਦੌਰਾਨ ਉਸ ਦੇ ਗ੍ਰਹਿ ਵਿਖੇ ਜੁੜੇ ਅਤਿ ਨਜ਼ਦੀਕੀ ਪਰਿਵਾਰਕ ਮਿੱਤਰਾਂ ਦੀ ਹਾਜ਼ਰੀ ’ਚ ਲੋਕ-ਅਰਪਿਤ ਕੀਤਾ। ਇਸ ਮੌਕੇ ਗਠਿਤ ਪ੍ਰਧਾਨਗੀ ਮੰਡਲ ਵਿਚ ਪਦਮ ਸ੍ਰੀ ਗੁਰਦਿਆਲ ਸਿੰਘ ਤੋਂ ਇਲਾਵਾ ਪ੍ਰਸਿੱਧ ਆਲੋਚਕ ਪ੍ਰੋ। ਬ੍ਰਹਮ ਜਗਦੀਸ਼ ਸਿੰਘ, ਅਜੀਤ ਦੇ ਫ਼ਰੀਦਕੋਟ ਸਥਿਤ ਉਪ-ਦਫ਼ਤਰ ਦੇ ਮੁਖ਼ੀ ਗੁਰਮੀਤ ਸਿੰਘ, ਪ੍ਰੋ। ਲੋਕ ਨਾਥ ਅਤੇ ਸ਼ਾਇਰ ਹਰੀ ਸਿੰਘ ਮੋਹੀ ਸ਼ਾਮਲ ਸਨ। ਕਾਵਿ-ਸੰਗ੍ਰਿਹ ਦੇ ਲੋਕ-ਅਰਪਣ ਦੀ ਰਸਮ ਮੌਕੇ ਮੰਚ ਉ¤ਤੇ ਪ੍ਰਧਾਨਗੀ ਮੰਡਲ ਦੇ ਨਾਲ਼ ਮੋਹੀ ਦੀ ਸੁਪਤਨੀ ਨਿਰੰਜਣ ਕੌਰ ਅਤੇ ਡਾ। ਸੁਭਾਸ਼ ਪਰਿਹਾਰ ਵੀ ਸੁਸ਼ੋਭਿਤ ਸਨ। ਆਏ ਹੋਏ ਮਹਿਮਾਨਾਂ ਨੂੰ ਰਸਮੀ ਜੀ ਆਇਆਂ ਕਹਿੰਦਿਆਂ ਪੱਤਰਕਾਰ ਗੁਰਮੀਤ ਸਿੰਘ ਨੇ ਹਰੀ ਸਿੰਘ ਮੋਹੀ ਦੀ ਕਾਵਿ ਸਿਰਜਣ ਸਮਰਥਾ ਦੀ ਤਾਰੀਫ਼ ਕੀਤੀ ਅਤੇ ਉਸ ਦੇ ਨਵੇਂ ਕਾਵਿ-ਸੰਗ੍ਰਿਹ ਵਿਚੋਂ ਅੰਤਰ ਆਤਮਾ ਨੂੰ ਟੁੰਬਦੀਆਂ ਚੋਣਵੀਆਂ ਕਵਿਤਾਵਾਂ ਵੀ ਮਹਿਮਾਨਾਂ ਨਾਲ ਸਾਂਝੀਆਂ ਕੀਤੀਆਂ। ਸਮਾਗਮ ਦੇ ਮੁੱਖ ਮਹਿਮਾਨ ਨਾਵਲਕਾਰ ਗੁਰਦਿਆਲ ਸਿੰਘ ਨੇ ਕਾਵਿ-ਸੰਗ੍ਰਿਹ ਦੇ ਨਾਂ ਦੇ ਅਰਥਾਂ ਤੋਂ ਗੱਲ ਸ਼ੁਰੂ ਕਰਦਿਆਂ ਅਰਬੀ ਭਾਸ਼ਾ ਦੇ ਸ਼ਬਦ ‘ਰਕਸ’ ਦੇ ਬਹੁਅਰਥਾਂ ਦੀ ਚਰਚਾ ਕੀਤੀ ਤੇ ਇਸ ਕਾਵਿ-ਸੰਗ੍ਰਿਹ ਵਿਚਲੇ ‘ਰਕਸ’ ਦਾ ਭਾਵ ‘ਨਾਚ’ ਸਪੱਸ਼ਟ ਕੀਤਾ ਅਤੇ ਕਿਹਾ ਕਿ ਭਾਸ਼ਾ ਨੂੰ ਅਮੀਰੀ ਬਖ਼ਸ਼ਣ, ਲੋਕ ਮਨਾਂ ਦੇ ਅੰਤਰੀਵੀ ਭਾਵਾਂ ਨੂੰ ਪੇਸ਼ ਕਰਨ ਵਾਲੇ ਇਸ ਕਾਵਿ ਸੰਗ੍ਰਿਹ ਦਾ ਸੁਆਗਤ ਕਰਨਾ ਬਣਦਾ ਹੈ। ਲੋਕ ਅਰਪਣ ਸਮਾਗਮ ਨੂੰ ਗੋਸ਼ਟੀ ਦਾ ਰੁਖ਼ ਪ੍ਰਦਾਨ ਕਰਦਿਆਂ ਪ੍ਰੋ। ਬ੍ਰਹਮ ਜਗਦੀਸ਼ ਸਿੰਘ ਨੇ ਪਿੰਗਲ ਆਰੂਜ਼ ਦੇ ਪਹਿਲੂ ਤੋਂ ਹਰੀ ਸਿੰਘ ਮੋਹੀ ਦੀਆਂ ਪਹਿਲੀਆਂ ਚਾਰ ਕਾਵਿ ਪੁਸਤਕਾਂ ਦੀ ਤੁਲਨਾ ਵਿਚ ਇਸ ਕਾਵਿ ਸੰਗ੍ਰਿਹ ਨੂੰ ਮੁਕਤ ਛੰਦ ਵਿਚ ਲਿਖੀ ਕਵਿਤਾ ਆਖਦਿਆਂ ਇਸ ਵਿਚਲੀਆਂ ਬਹੁਤ ਸਾਰੀਆਂ ਕਵਿਤਾਵਾਂ ਆਪਣਾ ਕਾਵਿ ਸ਼ਾਸਤਰ ਖ਼ੁਦ ਬਿਆਨ ਕਰਦੀਆਂ ਹੋਣ ਦੀ ਪੁਸ਼ਟੀ ਕੀਤੀ। ਵਿਚਾਰ ਚਰਚਾ ਦੇ ਪ੍ਰਵਾਹ ਨੂੰ ਅੱਗੇ ਤੋਰਦਿਆਂ ਅਨੁਵਾਦਕ ਪਵਨ ਗੁਲਾਟੀ ਨੇ ਕਿਹਾ ਕਿ ਕਾਵਿ ਦੀਆਂ ਤਿੰਨੇ ਵੰਨਗੀਆਂ ਗ਼ਜ਼ਲ, ਗੀਤ ਅਤੇ ਕਵਿਤਾ ਨੂੰ ਹਰੀ ਸਿੰਘ ਮੋਹੀ ਨੇ ਆਪਣੇ ਤਿੰਨ ਬੱਚੇ ਸਮਝਿਆ ਤੇ ਪਿਆਰਿਆ ਹੈ। ਇਹਨਾਂ ਨੂੰ ਖ਼ੂਬਸੂਰਤੀ ਪ੍ਰਦਾਨ ਕਰਨ ਲਈ ਪੁਰਜ਼ੋਰ ਯਤਨਸ਼ੀਲ ਰਿਹਾ ਹੈ ਤੇ ਇਸ ਪੱਖ ਤੋਂ ਕਾਮਯਾਬ ਵੀ ਹੋਇਆ ਹੈ। ਕਾਲਮ ਨਵੀਸ ਗੁਰਦੀਪ ਸਿੰਘ ਢੁੱਡੀ ਨੇ ਕਵਿਤਾ ਨੂੰ ਤੀਜਾ ਨੇਤਰ ਬਿਆਨ ਕਰਦਿਆਂ ਮੋਹੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿਚ ਸਮਾਜਿਕ ਚੇਤਨਾ ਦੇ ਪ੍ਰਗਟਾਵੇ ਦੀ ਪਛਾਣ ਕਰਵਾਈ। ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਹਸਤੀ ਪ੍ਰੋ। Ñਲੋਕ ਨਾਥ ਨੇ ਮੋਹੀ ਨੂੰ ਇਸ ਮੌਕੇ ਵਧਾਈ ਦਿੰਦਿਆਂ ਮੋਹੀ ਨਾਲ਼ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਹਰੀ ਸਿੰਘ ਮੋਹੀ ਨੇ ਆਪਣੀਆਂ ਅਸਲੋਂ ਤਾਜ਼ਾ ਅਤੇ ਅਣਛਪੀਆਂ ਰਚਨਾਵਾਂ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ। ਮੋਹੀ ਦੀ ਵੱਡੀ ਬੇਟੀ ਰਵਿੰਦਰ ਰਵੀ ਨੇ ਸੁਰੀਲੇ ਅੰਦਾਜ਼ ਵਿਚ ਆਪਣੇ ਪਿਤਾ ਦੀਆਂ ਚੋਣਵੀਆਂ ਰਚਨਾਵਾਂ ਦਾ ਗਾਇਨ ਕੀਤਾ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ। ਨਰਾਇਣ ਸਿੰਘ ਮੰਘੇੜਾ, ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ।ਅਮਨਦੀਪ ਸਿੰਘ ਤੇ ਪ੍ਰੋ। ਸੰਦੀਪ ਰਾਣਾ , ਵਿਅੰਗਕਾਰ ਰਾਜਿੰਦਰ ਜੱਸਲ, ਨਾਟਕਕਾਰ ਪ੍ਰਿੰਸ ਕੰਵਲਜੀਤ ਸਿੰਘ, ਕੁਲਦੀਪ ਮਾਣੂੰਕੇ, ਸੁਰਜੀਤ ਸਿੰਘ ਹੰਸ, ਗੁਰਨਾਮ ਸਿੰਘ ਦਰਸ਼ੀ, ਮੇਘ ਰਾਜ ਸ਼ਰਮਾਂ, ਨੀਰਜ ਸ਼ਰਮਾਂ, ਫ਼ੋਟੋ ਆਰਟਿਸਟ ਚਿਮਨ ਲਾਲ ਗਰਗ, ਗੁਰਦੀਪ ਸਿੰਘ, ਸੁਖਦੀਪ ਸਿੰਘ, ਅਰਵਿੰਦ ਕੌਰ (ਕੈਂਡੀ), ਪਰਮਿੰਦਰ ਕੌਰ, ਨਵਜੀਤ ਕੌਰ, ਅਤੇ ਕਮਲਜੀਤ ਕੌਰ ਸ਼ਾਮਲ ਸਨ।

No comments:

Post a Comment