ਬਾਬਾ ਫ਼ਰੀਦ ਵਿਰਾਸਤੀ ਮੇਲੇ ਦੇ ਦੂਜੇ ਦਿਨ ਲਿਟਰੇਰੀ ਫ਼ੋਰਮ ਵੱਲੋਂ ਆਯੋਜਤ ਕੀਤੇ ਕਵੀ ਦਰਬਾਰ ਵਿਚ ਸਿਰਮੌਰ ਗ਼ਜ਼ਲਗੋ ਪ੍ਰੋ. ਬਰਜਿੰਦਰ ਚੌਹਾਨ ਨੂੰ ਸ਼ੇਖ਼ ਫ਼ਰੀਦ ਸਾਹਿਤਕ ਪੁਰਸਕਾਰ ਅਤੇ ਹਰਮਿੰਦਰ ਕੋਹਾਰਵਾਲਾ ਨੂੰ ਚੰਦ ਸਿੰਘ ਚਾਹਲ ਯਾਦਗਾਰੀ ਪੁਰਸਕਾਰ ਨਾਲ਼ ਸਨਮਾਨਤ ਕੀਤਾ ਗਿਆ। ਲਿਟਰੇਰੀ ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਪੁਰਸਕਾਰਾਂ ਦਾ ਐਲਾਨ ਕੀਤਾ। ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਅਤੇ ਨਵਰਾਹੀ ਘੁਗਿਆਣਵੀ ਨੇ ਸਨਮਾਨਤ ਹੋਏ ਸ਼ਾਇਰਾਂ ਦੇ ਸਨਮਾਨ ਪੱਤਰ ਪੜ੍ਹੇ। ਸਨਮਾਨ ਪ੍ਰਦਾਨ ਕਰਨ ਦੀ ਰਸਮ ਸ਼ਾਇਰ ਡਾ: ਸੁਰਜੀਤ ਪਾਤਰ, ਡਾ. ਐਸ ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਡਾ ਐਸ ਐਸ ਗਿੱਲ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਅਦਾ ਕੀਤੀ।
ਫ਼ਰੀਦਕੋਟ ਵਿਖੇ ਮਨਾਏ ਜਾ ਰਹੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਪਹਿਲੇ ਦਿਨ ਬੀਤੀ ਰਾਤ ਪੰਜਾਬ ਐਂਡ ਸਿੰਧ ਬੈਂਕ ਅਤੇ ਪੰਜਾਬ ਖੇਤੀਬਾੜੀ ਡਿਵੈਲਪਮੈਂਟ ਬੈਂਕ ਦੇ ਵਿਤੀ ਸਹਿਯੋਗ ਨਾਲ ਕੀਤੇ ਜਾ ਰਹੇ ‘ਨੈਸ਼ਨਲ ਪੰਜਾਬੀ ਡਰਾਮਾ ਫੈਸਟੀਵਲ’ ਦੀ ਸ਼ੁਰੂਆਤ ਸਥਾਨਕ ਸਰਕਟ ਹਾਊਸ ਦੇ ਵਿਸ਼ਾਲ ਵਿਹੜੇ ਵਿਚ ਹੋਈ ਜਿਸ ਦੀ ਪ੍ਰਧਾਨਗੀ ਸ੍ਰੀ ਹੁਸਨ ਲਾਲ ਆਈ ਏ ਐਸ ਡਾਇਰੈਕਟਰ ਸੱਭਿਆਚਾਰਕ ਮਾਮਲੇ ਪੰਜਾਬ ਨੇ ਕੀਤੀ। ਉਚੇਚੇ ਤੌਰ ’ਤੇ ਪੁੱਜੇ ਸ੍ਰੀਮਤੀ ਹੁਸਨ ਲਾਲ ਤੋਂ ਇਲਾਵਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਐੱਸ. ਕਰੁਣਾ ਰਾਜੂ, ਸ੍ਰੀ ਮੋਹਨ ਲਾਲ ਵਧੀਕ ਡਿਪਟੀ ਕਮਿਸ਼ਨਰ, ਗੁਰਦਿਆਲ ਸਿੰਘ ਸਕੱਤਰ ਰੈਡ ਕਰਾਸ, ਗੁਰਮੀਤ ਸਿੰਘ ਢੀਂਡਸਾ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਅਤੇ ਗੁਰਮੀਤ ਸਿੰਘ ਬਰਾੜ ਜਨਰਲ ਮੈਨੇਜਰ ਪੰਜਾਬ ਅਤੇ ਹੋਰਨਾਂ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਾਟ ਪ੍ਰੇਮੀ ਹਾਜ਼ਰ ਸਨ। ਇਸ ਨਾਟ ਉਤਸਵ ਦੀ ਸ਼ੁਰੂਆਤ ਸ੍ਰੀ ਹੁਸਨ ਲਾਲ ਨੇ ਰਸਮੀ ਤੌਰ ’ਤੇ ਦੀਪ ਰੋਸ਼ਨ ਕਰਕੇ ਕੀਤੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਆਗਮਨ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਜ਼ਿਲੇ ਨਾਲ ਉਨ੍ਹਾਂ ਦਾ ਖਾਸ ਲਗਾਓ ਹੈ ਕਿਉਂਕਿ ਇਸ ਜ਼ਿਲੇ ਦੇ ਲੋਕ ਅਤੇ ਖਾਸ ਤੌਰ ’ਤੇ ਜ਼ਿਲਾ ਅਧਿਕਾਰੀ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਪੱਖੋਂ ਪ੍ਰਸ਼ੰਸਾ ਦੇ ਪਾਤਰ ਹਨ। ਪੰਜ ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿਚ ਤਿੰਨ ਜ਼ਿਲਿਆਂ ਨੂੰ ਚੁਣਿਆ ਗਿਆ ਜਿਸ ਵਿਚੋਂ ਇਹ ਜ਼ਿਲਾ ਇਕ ਨੰਬਰ ’ਤੇ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਸੱਭਿਆਚਾਰਕ ਮਾਮਲੇ ਅਤੇ ਟੂਰਿਜ਼ਮ ਵਿਕਾਸ ਦੇ ਪ੍ਰਾਜੈਕਟ ਉਸਾਰੇ ਜਾਣਗੇ। ਐਂਗਲੋ ਸਿੱਖ ਥਾਵਾਂ ਦੀ ਪਹਿਚਾਣ ਕਰਕੇ ਉੱਥੇ ਵੱਡੀ ਪੱਧਰ ’ਤੇ ਅਜਾਇਬ ਘਰਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਇਹ ਪ੍ਰਾਜੈਕਟ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਵੀ ਲਾਏ ਜਾਣਗੇ। ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਐਸ. ਕਰੁਣਾ ਰਾਜੂ ਨੇ ਸ੍ਰੀ ਹੁਸਨ ਲਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਗਲੇ ਸਾਲ ਤੋਂ ਆਗਮਨ ਪੁਰਬ ਦੇ ਜ਼ਸ਼ਨਾਂ ’ਚ ਖਾਸ ਤੌਰ ’ਤੇ ਪ੍ਰਵਾਸੀ ਭਾਰਤੀਆਂ ਦੀ ਸ਼ਿਰਕਤ ਵੀ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸ੍ਰੀ ਹੁਸਨ ਲਾਲ ਨੂੰ ਇਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤੇ ਜਾਣ ਤੋਂ ਇਲਾਵਾ ਜ਼ੋਨਲ ਮੈਨੇਜਰ ਅਤੇ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਬੀਤੀ ਰਾਤ ‘ਦਾ ਗੇਮ’, ‘ਕਿਓ ਮਾਂ ਕਰਨੀ ਐਂ ਭਰੂਣ ਹੱਤਿਆ’ ਅਤੇ ‘ਸਾਹਾਂ ਦੀ ਘੁਟਨ’ ਤਿੰਨ ਡਰਾਮਿਆਂ ਦਾ ਸਫ਼ਲ ਪ੍ਰਦਰਸ਼ਨ ਕੀਤਾ ਗਿਆ ਜਿਸ ਦਾ ਦਰਸ਼ਕਾਂ ਨੇ ਦੇਰ ਰਾਤ ਤੱਕ ਆਨੰਦ ਮਾਣਿਆ।
ਬਾਬਾ ਫ਼ਰੀਦ ਵਿਰਾਸਤੀ ਮੇਲੇ ਵਿਚ ਅਮਰ ਆਸ਼ਰਮ ਵਿਖੇ ਕਰਵਾਏ ਗਏ ਤਰਕਸ਼ੀਲ ਨਾਟਕ ਮੇਲੇ ਨੇ ਹਜ਼ਾਰਾਂ ਦਰਸ਼ਕਾਂ ਨੂੰ ਪੂਰਾ ਦਿਨ ਕੀਲੀ ਰੱਖਿਆ। ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਫ਼ਰੀਦਕੋਟ ਵੱਲੋਂ ਕਰਵਾਏ ਗਏ ਇਸ ਨਾਟਕ ਮੇਲੇ ਵਿਚ ਲੋਕ ਕਲਾ ਮੰਚ ਮੁੱਲਾਂਪੁਰ, ਕਲਪਨਾ ਚਾਵਲਾ ਸੈਂਟਰ, ਸਾਦਿਕ, ਜਾਦੂਗਰ ਸੁਖਦੇਵ ਮਲੂਕਪੁਰੀ, ਮਾਲਵਾ ਹੇਕ ਗਰੁੱਪ ਲਹਿਰਾਗਾਗਾ ਅਤੇ ਜੋਤਿਸ਼ ਵਿੱਦਿਆ ਦੀ ਮੁਹਾਰਤ ਰੱਖਣ ਵਾਲੇ ਤਰਕਸ਼ੀਲ ਆਗੂ ਸੁਰਜੀਤ ਦੋਧਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਦਰਸ਼ਕਾਂ ਸਾਹਮਣੇ ਆਪਣੀਆਂ ਜਾਣਕਾਰੀ ਭਰਪੂਰ ਵੰਨਗੀਆਂ ਪੇਸ਼ ਕੀਤੀਆਂ। ਲੋਕ ਕਲਾ ਮੰਚ ਮੁੱਲਾਂਪੁਰ ਨੇ ਆਪਣੇ ਨਾਟਕ ‘ਇੱਕੋ ਰਾਹ ਸਵਲੜਾ’ ਅਤੇ ਕੋਰਿਓਗ੍ਰਾਫੀ ‘ਮਾਂ ਧਰਤੀ ਏ ਤੇਰੀ ਗੋਦ ਨੂੰ’ ਪੇਸ਼ ਕਰਕੇ ਦਰਸ਼ਕਾਂ ਨੂੰ ਇਨਕਲਾਬੀ ਸੁਨੇਹਾ ਦਿੱਤਾ ਅਤੇ ਲੁੱਟੇ ਜਾ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਕ ਮੁੱਠ ਹੋਣ ਦਾ ਸੱਦਾ ਦਿੱਤਾ। ਕਲਪਨਾ ਚਾਵਲਾ ਆਰਟ ਸੈਂਟਰ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਧਮ ਸਿੰਘ ਦੀ ਬਹਾਦਰੀ ਬਾਰੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਸੁਖਦੇਵ ਮਲੂਕਪੁਰੀ ਨੇ ਦਰਸ਼ਕਾਂ ਨੂੰ ਹੈਰਾਨੀ ਜਣਕ ਜਾਦੂ ਦੇ ਟ੍ਰਿਕ ਕਰਕੇ ਦਿਖਾਏ। ਫ਼ਰੀਦਕੋਟ ਇਕਾਈ ਵੱਲੋਂ ਅੱਖਾਂ ਦੇ ਮਾਹਰ ਡਾਕਟਰ ਆਨੰਦ, ਡਾ: ਹਿਨਾ, ਡਾ: ਗੁਰਪਾਲ ਅਤੇ ਜਿਹੜੇ ਵਿਅਕਤੀਆਂ ਨੇ ਸ਼ਰੀਰ ਅਤੇ ਅੱਖਾਂ ਦਾਨ ਕੀਤੇ ਹਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਤਰਕਸ਼ੀਲ ਸਹਿਤ ਅਤੇ ਵਿਗਿਆਨਕ ਵਿਚਾਰਾਂ ਵਾਲੀ ਇਕ ਵਿਸ਼ਾਲ ਪ੍ਰਦਰਸ਼ਨੀ ਵੀ ਲਾਈ ਗਈ ਜਿਸ ’ਤੇ ਹਜ਼ਾਰਾਂ ਪਾਠਕਾਂ ਅਤੇ ਦਰਸ਼ਕਾਂ ਨੇ ਆਪਣੀ ਹਾਜ਼ਰੀ ਲਾਈ। ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਅਵਤਾਰ ਗੋਂਦਾਰਾ, ਤਰਕਸ਼ੀਲ ਮੈਂਬਰ ਨਿਰਮਲ ਪਟਵਾਰੀ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਰਿੰਦਰ ਕੁਮਾਰ ਗੁਪਤਾ, ਅਡਵਾਂਸ ਇੰਸਟੀਚਿਊਟ ਦੇ ਮਾਲਕ ਸੁਰਿੰਦਰ ਪੁਰੀ ਆਦਿ ਵੀ ਹਾਜ਼ਰ ਸਨ।
No comments:
Post a Comment